ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਯੂਕੇ ਚ ਮਹਿੰਗਾਈ ਸਿਖਰ ‘ਤੇ, ਆਮਦਨੀ 2.4 ਫੀਸਦੀ ਘਟਣ ਦਾ ਡਰ

ਲੰਡਨ– ਪਹਿਲਾਂ ਕਰੋਨਾ ਮਹਾਮਾਰੀ ਅਤੇ ਹੁਣ ਰੂਸ ਤੇ ਯੂਕਰੇਨ ਜੰਗ ਕਾਰਨ ਵਿਸ਼ਵ ਭਰ ਵਿੱਚ ਮੰਦੇ ਦਾ ਅਸਰ ਦਿਖ ਰਿਹਾ ਹੈ, ਹੁਣ ਰੂਸ ਯੂਕਰੇਨ ਕਾਰਨ ਕੱਚੇ ਤੇਲ ਦੀ ਕੀਮਤ ਆਪਣੇ ਸਿਖਰ ‘ਤੇ ਪਹੁੰਚ ਗਈ ਹੈ | ਇਸ ਕਾਰਨ ਕਈ ਦੇਸ਼ਾਂ ਵਿਚ ਮਹਿੰਗਾਈ ਨੇ ਕਈ ਦਹਾਕਿਆਂ ਦਾ ਰਿਕਾਰਡ ਤੋੜ ਦਿੱਤਾ ਹੈ | ਯੂ.ਕੇ. ਵਿਚ ਮਹਿੰਗਾਈ 30 ਸਾਲਾਂ ਦੇ ਹੁਣ ਤੱਕ ਦੇ ਰਿਕਾਰਡ ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਈ ਹੈ | ਇਸ ਕਾਰਨ ਲੋਕਾਂ ਨੂੰ 2 ਵਕਤ ਦੀ ਰੋਟੀ ਖਾਣੀ ਵੀ ਔਖੀ ਹੋ ਰਹੀ ਹੈ | ਬਿ੍ਟੇਨ ‘ਚ ਮੰਦੀ ਦੇ ਕਹਿਰ ਦਾ ਅਸਰ ਦੇਸ਼ ‘ਚ ਦਿਖਾਈ ਦੇਣ ਲੱਗ ਪਿਆ ਹੈ | ਇਕ ਨਵੀਂ ਖੋਜ ਮੁਤਾਬਕ ਅਗਲੇ ਇਕ ਸਾਲ ਵਿਚ ਲਗਭਗ 15 ਲੱਖ ਪਰਿਵਾਰ ਖਾਣ-ਪੀਣ ਅਤੇ ਊਰਜਾ (ਬਿਜਲੀ/ਗੈਸ) ਦੇ ਬਿੱਲਾਂ ਦਾ ਭੁਗਤਾਨ ਕਰਨ ਦੀ ਸਥਿਤੀ ਵਿਚ ਨਹੀਂ ਹੋਣਗੇ | ਮਹਿੰਗਾਈ ਅਤੇ ਭਾਰੀ ਟੈਕਸਾਂ ਨੇ ਉਨ੍ਹਾਂ ਦਾ ਬਜਟ ਵਿਗਾੜ ਦਿੱਤਾ ਹੈ | ਨੈਸ਼ਨਲ ਇੰਸਟੀਚਿਊਟ ਆਫ਼ ਇਕਨਾਮਿਕ ਐਂਡ ਸੋਸ਼ਲ ਰਿਸਰਚ (ਐਨ. ਆਈ. ਈ. ਐਸ. ਆਰ.) ਅਨੁਸਾਰ ਬਿ੍ਟੇਨ ਇਸ ਸਾਲ ਮੰਦੀ ਦੀ ਲਪੇਟ ਵਿਚ ਰਹੇਗਾ | ਉਨ੍ਹਾਂ ਨੇ ਵਿੱਤ ਮੰਤਰੀ ਰਿਸ਼ੀ ਸੁਨਾਕ ਨੂੰ ਇਸ ਸਥਿਤੀ ਤੋਂ ਲੋਕਾਂ ਨੂੰ ਬਚਾਉਣ ਲਈ ਹੋਰ ਕਦਮ ਚੁੱਕਣ ਦੀ ਅਪੀਲ ਕੀਤੀ ਹੈ | ਵਿੱਤ ਮੰਤਰਾਲੇ ਦਾ ਕਹਿਣਾ ਹੈ ਕਿ ਸਰਕਾਰ ਲੋਕਾਂ ਦੀ ਹਰ ਸੰਭਵ ਮਦਦ ਕਰ ਰਹੀ ਹੈ | ਐਨ.ਆਈ.ਈ.ਐਸ.ਆਰ. ਨੇ ਯੂ.ਕੇ. ਦੀ ਆਰਥਿਕਤਾ ‘ਤੇ ਆਪਣੇ ਤਾਜ਼ਾ ਤਿਮਾਹੀ ਅਨੁਮਾਨ ‘ਚ ਕਿਹਾ ਹੈ ਕਿ ਗਰੀਬ ਪਰਿਵਾਰ ਮਹਿੰਗਾਈ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ | ਬੈਂਕ ਆਫ ਇੰਗਲੈਂਡ ਦਾ ਕਹਿਣਾ ਹੈ ਕਿ ਮਹਿੰਗਾਈ ਕੁਝ ਮਹੀਨਿਆਂ ‘ਚ 10 ਫੀਸਦੀ ਤੱਕ ਪਹੁੰਚ ਸਕਦੀ ਹੈ | ਰਿਪੋਰਟ ਅਨੁਸਾਰ ਸਰਕਾਰ ਨੂੰ ਮਈ ਅਤੇ ਅਕਤੂਬਰ ਦੇ ਵਿਚਕਾਰ ਹਰ ਹਫ਼ਤੇ ਯੂਨੀਵਰਸਲ ਕ੍ਰੈਡਿਟ ਵਿਚ 25 ਪੌਂਡ ਦਾ ਵਾਧਾ ਕਰਨਾ ਚਾਹੀਦਾ ਹੈ | ਇਸ ਨਾਲ ਸਰਕਾਰ ‘ਤੇ 1.3 ਅਰਬ ਪੌਂਡ ਦਾ ਬੋਝ ਪਵੇਗਾ | ਜੇਕਰ ਲੋੜਵੰਦਾਂ ਨੂੰ ਇਹ ਸਹਿਯੋਗ ਨਾ ਦਿੱਤਾ ਗਿਆ ਤਾਂ ਦੇਸ਼ ‘ਚ ਗਰੀਬੀ ਵਧੇਗੀ | ਇਸ ਕਾਰਨ ਲੱਖਾਂ ਪਰਿਵਾਰਾਂ ਨੂੰ ਭੁੱਖਮਰੀ ਦਾ ਖ਼ਤਰਾ ਪੈਦਾ ਹੋ ਜਾਵੇਗਾ | 2022 ਵਿਚ ਮਹਿੰਗਾਈ ਦਰ 7.8% ਹੋਵੇਗੀ ਅਤੇ 2024 ਤੱਕ ਇਹ 3 ਪ੍ਰਤੀਸ਼ਤ ਤੋਂ ਉੱਪਰ ਰਹੇੇਗੀ | ਬੈਂਕ ਆਫ ਇੰਗਲੈਂਡ ਨੇ ਮਹਿੰਗਾਈ ਦਰ ਦਾ ਟੀਚਾ 2 ਫੀਸਦੀ ਰੱਖਿਆ ਹੈ | ਐਨ.ਆਈ.ਈ.ਐਸ.ਆਰ. ਨੇ 2022 ਵਿਚ ਆਰਥਿਕ ਵਿਕਾਸ ਦਰ 3.5% ਰਹਿਣ ਦਾ ਅਨੁਮਾਨ ਲਗਾਇਆ ਹੈ, ਪਰ ਸਾਲ ਦੀਆਂ ਆਖਰੀ ਦੋ ਤਿਮਾਹੀਆਂ ਵਿਚ ਇਸ ਵਿਚ ਗਿਰਾਵਟ ਆ ਸਕਦੀ ਹੈ | ਐਨ.ਆਈ.ਈ.ਐਸ.ਆਰ. ਦਾ ਕਹਿਣਾ ਹੈ ਕਿ ਸਰਕਾਰੀ ਨੀਤੀਆਂ ਕਾਰਨ ਦੇਸ਼ ਵਿਚ ਲੋਕਾਂ ਦੀ ਅਸਲ ਆਮਦਨ ਘਟੇਗੀ | ਉਨ੍ਹਾਂ ਮੁਤਾਬਕ 2022 ਵਿਚ ਪਰਿਵਾਰਾਂ ਦੀ ਅਸਲ ਆਮਦਨ ‘ਚ 2.4 ਫੀਸਦੀ ਦੀ ਕਮੀ ਆਵੇਗੀ ਅਤੇ ਅਗਲੇ ਸਾਲ ਬੇਰੁਜ਼ਗਾਰੀ ਵਧੇਗੀ |

Comment here