ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਯੂਕਰੇਨ ਨਿਰਪੱਖ ਹੋਵੇ, ਜੰਗ ਤਾਂ ਰੋਕਾਂਗੇ: ਵਲਾਦੀਮੀਰ ਪੁਤਿਨ

ਮਾਸਕੋ  : ਯੂਕਰੇਨ-ਰੂਸੀ ਜੰਗ ਦਾ ਅੱਜ 11ਵਾਂ ਦਿਨ ਹੈ ਅਤੇ ਅਜੇ ਤੱਕ ਲੜਾਈ ਨੂੰ ਰੋਕਣ ਦਾ ਕੋਈ ਵੀ ਹੱਲ ਨਹੀਂ ਨਿਕਲ ਪਾਈਆ ਜਦਕਿ ਕਾਫੀ ਵਾਰ ਇਸ ਉਪਰ ਮੀਟਿੰਗ ਵੀ ਹੋ ਚੁੱਕੀ ਹੈ। ਜੰਗਬੰਦੀ ਲਈ ਲਗਾਤਾਰ ਕੋਸ਼ਿਸ਼ ਹੋ ਰਹੀ ਹੈ ਪਰ ਉਹ ਸਫਲ ਨਹੀਂ ਹੋ ਰਹੀ। ਕੱਲ੍ਹ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਤੇ ਤੁਰਕੀ ਦੇ ਰਾਸ਼ਟਰਪਤੀ ਰੀਸੈਪ ਅਰਦੋਗਨ ਨੇ ਫੋਨ ’ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲ ਕੀਤੀ। ਰਾਤ ਮਾਸਕੋ ਪੁੱਜੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਾਫਤਾਲੀ ਬੈਨੇਟ ਨੇ ਰਾਸ਼ਟਰਪਤੀ ਪੁਤਿਨ ਨੂੰ ਮਿਲ ਕੇ ਜੰਗਬੰਦੀ ਦੀ ਅਪੀਲ ਕੀਤੀ ਸੀ ਪਰ ਸਾਰਿਆਂ ਨੂੰ ਪੁਤਿਨ ਨੇ ਜਵਾਬ ਦਿੱਤਾ ਕਿ ਯੂਕਰੇਨ ਦੇ ਹਥਿਆਰ ਮੁਕਤ ਹੋਣ ਤੇ ਨਿਰਪੱਖ ਭੂਮਿਕਾ ਵਾਲਾ ਦੇਸ਼ ਬਣਨ ਨੂੰ ਤਿਆਰ ਹੋਵੇ ਤਾਂ ਜੰਗ ਰੋਕ ਦਿੱਤੀ ਜਾਵੇਗੀ। ਜਦਕਿ ਯੂਕਰੇਨ ਦੇ ਰਾਸ਼ਟਰਪਤੀ ਵੋਲਦੋਮੀਰ ਜ਼ੇਲੈਂਸਕੀ ਹਮਲੇ ਰੋਕੇ ਜਾਣ ਦੀ ਮੰਗ ਕਰਦਿਆਂ ਲੜਾਈ ਜਾਰੀ ਰੱਖਣ ਲਈ ਅਮਰੀਕਾ ਤੇ ਸਮਰਥਕ ਦੇਸ਼ਾਂ ਤੋਂ ਹਥਿਆਰ ਵੀ ਮੰਗ ਰਹੇ ਹਨ।  ਉਨ੍ਹਾਂ ਨੇ ਰੂਸ ਤੇ ਹੋਰ ਸਖ਼ਤ ਪਾਬੰਦੀਆਂ ਲਾਉਣ ਦੀ ਮੰਗ ਕੀਤੀ ਹੈ। ਇਸ ਦਰਮਿਆਨ ਰਾਜਧਾਨੀ ਕੀਵ ਸਮੇਤ ਯੂਕਰੇਨ ਦੇ ਜ਼ਿਆਦਾਤਰ ਸ਼ਹਿਰਾਂ ’ਚ ਰੂਸ ਦੇ ਹਮਲਿਆਂ ਨਾਲ ਤਬਾਹੀ ਜਾਰੀ ਹੈ। ਜ਼ਮੀਨੀ ਤੇ ਹਵਾਈ ਹਮਲਿਆਂ ਦਰਮਿਆਨ ਲੋਕ ਘਰਾਂ ’ਚ ਫਸੇ ਹੋਏ ਹਨ। ਸਪਲਾਈ ਵਿਵਸਥਾ ਭੰਗ ਹੋਣ ਨਾਲ ਉਨ੍ਹਾਂ ਨੂੰ ਖਾਣ-ਪੀਣ ਦੇ ਸਾਮਾਨ ਤੇ ਹੋਰ ਜ਼ਰੂਰੀ ਵਸਤਾਂ ਦੀ ਕਿੱਲਤ ਮਹਿਸੂਸ ਹੋ ਰਹੀ ਹੈ। ਜ਼ਬਰਦਸਤ ਠੰਢ ਦੇ ਮੌਸਮ ’ਚ ਬਿਜਲੀ ਤੇ ਗੈਸ ਦੀ ਕਮੀ ਬੱਚਿਆਂ ਤੇ ਬਜ਼ੁਰਗਾਂ ਲਈ ਜਾਨ ਨੂੰ ਖ਼ਤਰਾ ਪੈਦਾ ਕਰ ਰਹੀ ਹੈ। ਕਈ ਸ਼ਹਿਰਾਂ ’ਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ। ਮਾਰੀਪੋਲ ’ਚ ਫਸੇ ਲੋਕਾਂ ਨੂੰ ਸੁਰੱਖਿਅਤ ਲਾਂਘਾ ਬਣਾ ਕੇ ਕੱਢਣ ਦੀ ਕੋਸ਼ਿਸ਼ ਸੋਮਵਾਰ ਨੂੰ ਵੀ ਹੋਈ ਪਰ ਇਸ ਵਿਚ ਸਫਲਤਾ ਨਹੀਂ ਮਿਲੀ। ਸਮਝੌਤਾ ਹੋਣ ਤੋਂ ਕੁਝ ਦੇਰ ਬਾਅਦ ਮੁੜ ਦੋਵੇਂ ਪਾਸਿਓਂ ਫਾਇਰਿੰਗ ਹੋਣੀ ਸ਼ੁਰੂ ਹੋ ਗਈ। ਮਾਰੀਪੋਲ ਤੋਂ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਸ਼ਨਿਚਰਵਾਰ ਨੂੰ ਵੀ ਹੋਈ ਸੀ ਪਰ ਅਸਫਲ ਰਹੀ ਸੀ। ਰੂਸ ਤੇ ਯੂਕਰੇਨ ਸੋਮਵਾਰ ਨੂੰ ਬੇਲਾਰੂਸ ’ਚ ਹੋਣ ਵਾਲੀ ਮੀਟਿੰਗ ’ਚ ਜੰਗਬੰਦੀ ਨੂੰ ਪ੍ਰਭਾਵੀ ਬਣਾਉਣ ਦੇ ਖਰੜੇ ’ਤੇ ਗੱਲ ਕਰ ਸਕਦੇ ਹਨ। ਹਮਲਿਆਂ ਦਰਮਿਆਨ ਰੂਸੀ ਸਰਕਾਰ ਨੇ ਯੂਕਰੇਨ ਤੇ ਆਜ਼ਾਦ ਐਲਾਨੇ ਪੂਰਬੀ ਯੂਕਰੇਨ ਦੇ ਨਾਗਰਿਕਾਂ ਨੂੰ ਬਿਨਾਂ ਵੀਜ਼ਿਓਂ ਰੂਸ ’ਚ ਆਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਦਰਮਿਆਨ ਵੀਜ਼ਾ ਤੇ ਮਾਸਟਰ ਕਾਰਡ ਨੇ ਰੂਸ ’ਚ ਕੰਮ ਨਾ ਕਰਨ ਦਾ ਐਲਾਨ ਕੀਤਾ ਹੈ। ਜੰਗ ਦੇ 11ਵੇਂ ਦਿਨ ਯੂਕਰੇਨ ਤੋਂ ਹਿਜਰਤ ਕਰ ਕੇ ਗੁਆਂਢੀ ਦੇਸ਼ਾਂ ’ਚ ਜਾਣ ਵਾਲਿਆਂ ਦੀ ਗਿਣਤੀ ਵੱਧ ਕੇ 15 ਲੱਖ ਤੋਂ ਟੱਪ ਗਈ ਹੈ। ਯੂਕਰੇਨ ਛੱਡ ਕੇ ਸੁਰੱਖਿਅਤ ਟਿਕਾਣਿਆਂ ’ਤੇ ਜਾਣ ਵਾਲਿਆਂ ’ਚ ਜ਼ਿਆਦਾਤਰ ਔਰਤਾਂ, ਬਜ਼ੁਰਗ, ਬੱਚੇ ਤੇ ਬਿਮਾਰ ਹਨ। ਇਸ ਦਰਮਿਆਨ ਜੰਗ ਦੇ ਹਾਲਾਤ ’ਤੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ, ਅਮਰੀਕੀ ਸੰਸਦ ਮੈਂਬਰਾਂ ਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਾਫਤਾਲੀ ਬੈਨੇਟ ਨਾਲ ਗੱਲ ਕੀਤੀ ਹੈ। ਜ਼ੇਲੈਂਸਕੀ ਨੇ ਜੰਗ ਲਈ ਸਮਰਥਕ ਦੇਸ਼ਾਂ ਤੋਂ ਹੋਰ ਹਥਿਆਰ ਮੰਗੇ ਹਨ।

Comment here