ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆ

ਯੂਕਰੇਨ ਦੇ ਰਾਸ਼ਟਰਪਤੀ ਨੇ ਕਬੂਲੀ ਰੂਸ ਦੀ ਗੱਲਬਾਤ ਦੀ ਪੇਸ਼ਕਸ਼!

ਕੀਵ : ਯੂਕਰੇਨ-ਰੂਸ ਦਰਮਿਆਨ ਲਗਾਤਾਰ ਤਿੰਨ ਦਿਨਾਂ ਤੋਂ ਯੁੱਧ ਹੋ ਰਿਹਾ ਹੈ, ਜਿਸ ਦੇ ਚੱਲਦੇ ਲਗਾਤਾਰ ਨੁਕਸਾਨ ਯੂਕਰੇਨ ਨੂੰ ਝੱਲਣਾ ਪੈ ਰਿਹਾ ਹੈ। ਇਸੇ ਨੂੰ ਦੇਖਦੇ ਹੋਏ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਰੂਸ ਦੀ ਗੱਲਬਾਤ ਦੀ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ ਹੈ ਜੋ ਕਿ ਪੂਰੀ ਦੁਨੀਆ ਲਈ ਵੱਡੀ ਰਾਹਤ ਹੈ। ਟਾਸ ਏਜੰਸੀ ਮੁਤਾਬਕ ਇਸ ਵਾਰਤਾਲਾਪ ਲਈ ਸਿਰਫ ਸਮਾਂ ਅਤੇ ਸਥਾਨ ‘ਤੇ ਚਰਚਾ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਰੂਸ ਵੱਲੋਂ ਕਿਹਾ ਗਿਆ ਸੀ ਕਿ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸ਼ਾਂਤੀ ਵਾਰਤਾ ਸ਼ੁਰੂ ਕਰਨ ਦਾ ਸੱਦਾ ਦਿੱਤਾ ਸੀ। ਪਰ ਦੋਵਾਂ ਵਿਚਾਲੇ ਗੱਲਬਾਤ ਸ਼ੁਰੂ ਨਹੀਂ ਹੋ ਸਕੀ ਕਿਉਂਕਿ ਜ਼ੇਲੈਂਸਕੀ ਇਹ ਗੱਲਬਾਤ ਪੋਲਿਸ਼ ਸ਼ਹਿਰ ਵਰਸਾ ‘ਚ ਕਰਵਾਉਣਾ ਚਾਹੁੰਦੇ ਸਨ, ਜਦਕਿ ਰੂਸ ਚਾਹੁੰਦਾ ਸੀ ਕਿ ਇਹ ਵਾਰਤਾ ਬੇਲਾਰੂਸ ਦੇ ਮਿਨਸਕ ‘ਚ ਹੋਵੇ। ਰੂਸ ਨੇ ਇਹ ਵੀ ਕਿਹਾ ਸੀ ਕਿ ਇਹ ਗੱਲਬਾਤ ਸਿਰਫ਼ ਯੂਕਰੇਨ ਨੂੰ ਨਿਰਪੱਖ ਸੂਬਾ ਐਲਾਨ ਕਰਨ ਬਾਰੇ ਹੋਵੇਗੀ। ਹੁਣ ਜ਼ੇਲੈਂਸਕੀ ਦੇ ਗੱਲਬਾਤ ਲਈ ਸਹਿਮਤ ਹੋਣ ਦੇ ਨਾਲ ਉਮੀਦ ਹੈ ਕਿ ਸ਼ਾਇਦ ਇਹ ਜੰਗ ਜਲਦੀ ਹੀ ਖਤਮ ਹੋ ਜਾਵੇਗੀ। ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਦੇ ਪ੍ਰੈਸ ਸਕੱਤਰ ਸਰਗੇਈ ਨਿਕੀਫੋਰੋਵ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ ਹੈ ਅਤੇ ਉਹ ਸ਼ਾਂਤੀ ਅਤੇ ਜੰਗਬੰਦੀ ਲਈ ਗੱਲਬਾਤ ਕਰਨ ਲਈ ਤਿਆਰ ਹਨ। ਉਨ੍ਹਾਂ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਲਿਖਿਆ ਕਿ ਮੈਂ ਉਨ੍ਹਾਂ ਦੋਸ਼ਾਂ ਨੂੰ ਨਕਾਰਦਾ ਹਾਂ ਕਿ ਅਸੀਂ ਗੱਲ ਕਰਨ ਤੋਂ ਇਨਕਾਰ ਕੀਤਾ ਹੈ। ਯੂਕਰੇਨ ਹਮੇਸ਼ਾ ਸ਼ਾਂਤੀ ਅਤੇ ਜੰਗਬੰਦੀ ‘ਤੇ ਗੱਲਬਾਤ ਲਈ ਤਿਆਰ ਰਿਹਾ ਹੈ। ਇਹ ਸਾਡੀ ਸਥਾਈ ਸਥਿਤੀ ਹੈ। ਅਸੀਂ ਰੂਸੀ ਰਾਸ਼ਟਰਪਤੀ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ। ਨਿਕੋਫੋਰੋਵ ਅਨੁਸਾਰ ਗੱਲਬਾਤ ਦੇ ਸਥਾਨ ਅਤੇ ਸਮੇਂ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਜਿੰਨੀ ਜਲਦੀ ਗੱਲਬਾਤ ਸ਼ੁਰੂ ਹੋਵੇਗੀ, ਆਮ ਜਨਜੀਵਨ ਬਹਾਲ ਹੋਣ ਦੀ ਓਨੀ ਹੀ ਜ਼ਿਆਦਾ ਸੰਭਾਵਨਾ ਹੈ। ਰੂਸੀ ਰਾਸ਼ਟਰਪਤੀ ਦੇ ਪ੍ਰੈੱਸ ਸਕੱਤਰ ਦਮਿਤਰੀ ਪੇਸਕੋਵ ਨੇ ਪਹਿਲਾਂ ਕਿਹਾ ਸੀ ਕਿ ਪੁਤਿਨ ਯੂਕਰੇਨ ਨਾਲ ਗੱਲਬਾਤ ਲਈ ਮਿੰਸਕ ਵਿੱਚ ਵਫ਼ਦ ਭੇਜਣ ਲਈ ਤਿਆਰ ਹਨ। ਬਾਅਦ ਵਿੱਚ, ਉਸਨੇ ਕਿਹਾ ਕਿ ਬੇਲਾਰੂਸ ਦੀ ਰਾਜਧਾਨੀ ਵਿੱਚ ਗੱਲਬਾਤ ਕਰਨ ਦੀ ਪਹਿਲਕਦਮੀ ਦੇ ਜਵਾਬ ਵਿੱਚ, ਯੂਕਰੇਨੀ ਪੱਖ ਨੇ ਵਰਸਾ ਨੂੰ ਇੱਕ ਸੰਭਾਵਿਤ ਸਥਾਨ ਵਜੋਂ ਸੁਝਾਅ ਦਿੱਤਾ।

Comment here