ਸਰਦੂਲਗੜ੍ਹ– ਯੂਕਰੇਨ ਰੂਸ ਯੁੱਧ ਕਾਰਨ ਬਹੁਤ ਸਾਰੇ ਭਾਰਤੀ ਵਿਦਿਆਰਥੀਆਂ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਕਾਫੀ ਸਮੇਂ ਤੋਂ ਮੈਟਰੋ ਵਿੱਚ ਹੀ ਰਹਿ ਰਹੇ ਹਨ। ਸਰਦੂਲਗੜ੍ਹ ਦੇ ਨੇੜਲੇ ਪਿੰਡ ਝੰਡਾ ਕਲਾਂ ਦੇ ਗੁਰਮੀਤ ਸਿੰਘ ਦੀ ਲੜਕੀ ਅਮਨਦੀਪ ਕੌਰ 12 ਦਸੰਬਰ 2020 ਨੂੰ ਐੱਮਬੀਬੀਐੱਸ ਦੀ ਪੜ੍ਹਾਈ ਕਰਨ ਲਈ ਯੂਕਰੇਨ ਗਈ ਸੀ ਤੇ ਹੁਣ ਐੱਮਬੀਬੀਐੱਸ ਦੇ ਦੂਸਰੇ ਸਾਲ ਦੀ ਵਿਦਿਆਰਥਣ ਹੈ। ਵਟਸਐਪ ’ਤੇ ਗੱਲ ਕਰਦਿਆਂ ਅਮਨਦੀਪ ਕੌਰ ਨੇ ਦੱਸਿਆ ਕਿ ਸਰਕਾਰ ਵਲੋਂ ਚੌਕਸ ਕਰਨ ਤੋਂ ਬਾਅਦ ਉਨ੍ਹਾਂ ਨੂੰ ਮੈਟਰੋ ਸਟੇਸ਼ਨ ਦੀ ਬੇਸਮੈਂਟ ਵਿਚ ਰੱਖਿਆ ਹੈ, ਜਿੱਥੇ ਉਹ ਤਕਰੀਬਨ 800 ਦੇ ਕਰੀਬ ਵਿਦਿਆਰਥੀ ਹਨ। ਉਨ੍ਹਾਂ ਕੋਲ ਖਾਣ-ਪੀਣ ਦੀਆਂ ਸੀਮਤ ਵਸਤਾਂ ਹਨ। ਉਨ੍ਹਾਂ ਭਾਰਤ ਸਰਕਾਰ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਉਹ ਜਲਦੀ ਤੋਂ ਜਲਦੀ ਉਨ੍ਹਾਂ ਨੂੰ ਆਪਣੇ ਦੇਸ਼ ਲਿਆਉਣ ਲਈ ਲੋੜੀਂਦੇ ਪ੍ਰਬੰਧ ਕਰਨ। ਅਮਨਦੀਪ ਕੌਰ ਦੇ ਪਿਤਾ ਗੁਰਮੀਤ ਸਿੰਘ ਨੇ ਕਿਹਾ ਕਿ ਉਹ ਬਹੁਤ ਪ੍ਰੇਸ਼ਾਨ ਹਨ ਅਤੇ ਭਾਰਤ ਸਰਕਾਰ ਤੋਂ ਮੰਗ ਕਰਦੇ ਹਨ ਕਿ ਉਨ੍ਹਾਂ ਦੀ ਲੜਕੀ ਦੇ ਨਾਲ-ਨਾਲ ਦੂਸਰੇ ਬੱਚਿਆਂ ਨੂੰ ਵੀ ਭਾਰਤ ਚ ਲਿਆਉਣ ਦੇ ਪ੍ਰਬੰਧ ਕੀਤੇ ਜਾਣੇ।
Comment here