ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆ

ਯੂਕਰੇਨ ਦੇ ਮਿਲਟਰੀ ਬੇਸ ‘ਤੇ ਰੂਸ ਦਾ ਹਮਲਾ

ਕੀਵ- ਪਿਛਲੇ ਛੇ ਦਿਨਾਂ ਤੋਂ ਰੂਸ ਦੇ ਭਿਆਨਕ ਹਮਲਿਆਂ ਦੀ ਮਾਰ ਝੱਲ ਰਹੇ ਯੂਕਰੇਨ ਦੇ ਮਿਲਟਰੀ ਬੇਸ ਤੇ ਰੂਸੀ ਫੌਜੀ ਹਮਲੇ ‘ਚ 70 ਤੋਂ ਜ਼ਿਆਦਾ ਯੂਕਰੇਨੀ ਫੌਜੀ ਮਾਰੇ ਗਏ । ਰੂਸੀ ਸੈਨਿਕਾਂ ਨੇ ਤੋਪਾਂ ਨਾਲ Okhtyrka ਵਿਚ ਸਥਿਤ ਮਿਲਟਰੀ ਬੇਸ ਨੂੰ ਨਿਸ਼ਾਨਾ ਬਣਾਇਆ। Okhtyrka ਸ਼ਹਿਰ ਖਾਰਕੀਵ ਅਤੇ ਕੀਵ ਦੇ ਵਿਚਕਾਰ ਸਥਿਤ ਹੈ। ਸਪੁਤਨਿਕ ਦੀ ਰਿਪੋਰਟ ਮੁਤਾਬਕ ਰੂਸੀ ਫੌਜ ਤੇਜ਼ੀ ਨਾਲ ਕੀਵ ਵੱਲ ਵਧ ਰਹੀ ਹੈ। ਯੂਕਰੇਨ ਦੀ ਰਾਜਧਾਨੀ ਕੀਵ ‘ਤੇ ਕਬਜ਼ਾ ਕਰਨ ਲਈ ਹੁਣ ਰੂਸ ਦੁਆਰਾ ਇੱਕ ਵਿਸ਼ਾਲ ਫੌਜੀ ਕਾਫਲਾ ਭੇਜਿਆ ਗਿਆ ਹੈ। ਰੂਸ ਦਾ 40 ਮੀਲ (64 ਕਿਲੋਮੀਟਰ) ਲੰਬਾ ਕਾਫਲਾ ਕੀਵ ਵੱਲ ਵਧ ਰਿਹਾ ਹੈ। ਰੂਸੀ ਹਮਲੇ ਤੋਂ ਬਾਅਦ ਯੂਕਰੇਨ ਨੂੰ ਭੇਜਿਆ ਗਿਆ ਇਹ ਸਭ ਤੋਂ ਲੰਬਾ ਫੌਜੀ ਕਾਫਲਾ ਹੈ। ਇਸ ਤੋਂ ਪਹਿਲਾਂ ਭੇਜੇ ਗਏ ਰੂਸੀ ਕਾਫਲਿਆਂ ਦਾ ਆਕਾਰ 3 ਮੀਲ ਤੱਕ ਸੀ। ਰੂਸੀ ਸੈਨਿਕਾਂ ਦੇ ਕੀਵ ਵੱਲ ਵਧਣ ਦੀਆਂ ਰਿਪੋਰਟਾਂ ਦੇ ਵਿਚਕਾਰ ਕਈ ਬਸਤੀਆਂ ਵਿੱਚ ਅੱਗ ਲੱਗਣ ਦੀਆਂ ਖਬਰਾਂ ਵੀ ਆਈਆਂ ਹਨ। ਸੈਟੇਲਾਈਟ ਚਿੱਤਰਾਂ ਵਿੱਚ ਕਈ ਬਸਤੀਆਂ ਸੜਦੀਆਂ ਦਿਖਾਈ ਦਿੰਦੀਆਂ ਹਨ। ਦੂਜੇ ਪਾਸੇ ਖਾਰਕਿਵ ਵਿੱਚ ਵੀ ਸੰਘਰਸ਼ ਚੱਲ ਰਿਹਾ ਹੈ। ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੇ ਅੰਤਰਰਾਸ਼ਟਰੀ ਅਦਾਲਤ ਨੂੰ ਅਪੀਲ ਕੀਤੀ ਹੈ, ਤਾਂ ਜੋ ਰੂਸੀ ਫੌਜ ਦੇ ਹਮਲਿਆਂ ਨੂੰ ਜਲਦੀ ਤੋਂ ਜਲਦੀ ਰੋਕਿਆ ਜਾ ਸਕੇ। ਪੱਛਮੀ ਦੇਸ਼ ਹੁਣ ਲਗਾਤਾਰ ਰੂਸ ਵਿਰੁੱਧ ਲਾਮਬੰਦ ਹੋ ਰਹੇ ਹਨ। ਕੈਨੇਡਾ ਨੇ ਯੂਕਰੇਨ ਨੂੰ ਐਂਟੀ-ਟੈਂਕ ਹਥਿਆਰਾਂ ਦੀ ਸਪਲਾਈ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਕੈਨੇਡਾ ਨੇ ਰੂਸ ਤੋਂ ਤੇਲ ਖਰੀਦਣ ਤੋਂ ਵੀ ਇਨਕਾਰ ਕਰ ਦਿੱਤਾ ਹੈ। ਅਮਰੀਕਾ ਨੇ ਰੂਸ ਦੇ 12 ਡਿਪਲੋਮੈਟਾਂ ਨੂੰ ਕੱਢਣ ਦਾ ਐਲਾਨ ਕੀਤਾ ਹੈ। ਅਮਰੀਕਾ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਇਹ ਕਦਮ ਚੁੱਕਿਆ ਹੈ। ਯੂਐਨਐਚਆਰਸੀ ਵਿੱਚ ਯੂਕਰੇਨ ਦੇ ਮੁੱਦੇ ਨੂੰ ਲੈ ਕੇ ਐਮਰਜੈਂਸੀ ਮੀਟਿੰਗ ਬੁਲਾਉਣ ਲਈ ਵੀ ਵੋਟਿੰਗ ਹੋਈ। ਇਸ ਮੀਟਿੰਗ ਨੂੰ ਬੁਲਾਉਣ ਦੇ ਹੱਕ ਵਿੱਚ 29 ਵੋਟਾਂ ਪਈਆਂ, ਜਦੋਂ ਕਿ 5 ਨੇ ਵਿਰੋਧ ਕੀਤਾ। ਭਾਰਤ ਸਮੇਤ 13 ਦੇਸ਼ਾਂ ਨੇ ਇਸ ਮਾਮਲੇ ‘ਚ ਨਿਰਪੱਖ ਰਹਿਣ ਦਾ ਫੈਸਲਾ ਕੀਤਾ ਹੈ।

Comment here