ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆ

ਯੂਕਰੇਨ ਦੇ ਦੱਖਣੀ ਪੂਰਬ ਇਲਾਕੇ ‘ਚ ਰੂਸ ਵੱਲੋਂ ਹਮਲਾ ਤੇਜ਼ ਕਰਨ ਦੀ ਤਿਆਰੀ

ਬੁਚਾ-ਯੂਕਰੇਨ ਦਾ ਯੁੱਧ ਪੂਰੀ ਦੁਨੀਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਬਹੁਤ ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਯੂਕਰੇਨ ਦੇ ਬੁਚਾ ‘ਚ ਕਤਲੇਆਮ ਦੀਆਂ ਡਰਾਊਣੀਆਂ ਤਸਵੀਰਾਂ ਸਾਹਮਣੇ ਆਈਆਂ ਜਿਸ ਤੋਂ ਬਾਅਦ ਬੀਤੇ ਦਿਨ ਯੂਕਰੇਨ ਦੇ ਰਾਸ਼ਟਰਪਤੀ ਵਲੋਦੋਮੀਰ ਜ਼ੇਲੈਂਸਕੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ‘ਚ ਆਪਣੀ ਫ਼ਰਿਆਦ ਰੱਖਣ ਦੀ ਤਿਆਰੀ ਕਰ ਰਹੇ ਹਨ ਉੱਥੇ ਹੀ ਰੂਸੀ ਫ਼ੌਜ ਯੂਕਰੇਨ ਦੇ ਦੱਖਣ-ਪੂਰਬ ‘ਚ ਜ਼ੋਰਦਾਰ ਹਮਲੇ ਦੀ ਤਿਆਰੀ ਕਰ ਰਹੀ ਸੀ। ਬੁਚਾ ‘ਚ ਰੂਸੀ ਫ਼ੌਜ ਵੱਲੋਂ ਕਥਿਤ ਤੌਰ ‘ਤੇ ਵੱਡੇ ਪੱਧਰ ‘ਤੇ ਮਾਰੇ ਜਾਣ ਨਾਲ ਦੁਨੀਆ ਭਰ ‘ਚ ਭਾਰੀ ਰੋਹ ਪੈਦਾ ਹੋ ਗਿਆ ਹੈ। ਕਈ ਦੇਸ਼ਾਂ ਨੇ ਰੂਸ ‘ਤੇ ਪਾਬੰਦੀ ਹੋਰ ਵਧਾਉਣ ਦਾ ਐਲਾਨ ਕੀਤਾ ਹੈ। ਜਾਣਕਾਰੀ ਮੁਤਾਬਕ ਰੂਸ ਦੀ ਪੁਤਿਨ ਸਰਕਾਰ ਡੋਨਬਾਸ ਨਾਂ ਦੇ ਸਨਅਤੀ ਗੜ੍ਹ ‘ਤੇ ਕੰਟਰੋਲ ਹਾਸਲ ਕਰਨ ਲਈ ਯੂਕਰੇਨ ਦੇ ਪੂਰਬ ‘ਚ ਫ਼ੌਜੀਆਂ ਦੀ ਤਾਇਨਾਤੀ ਵਧਾ ਰਹੀ ਹੈ। ਇਹੀ ਕਾਰਨ ਹੈ ਕਿ ਰਾਜਧਾਨੀ ਕੀਵ ਦੇ ਆਲੇ ਦੁਆਲੇ ਦੇ ਸ਼ਹਿਰਾਂ ਤੋਂ ਰੂਸੀ ਫ਼ੌਜ ਵਾਪਸ ਜਾ ਰਹੀ ਹੈ। ਰੂਸੀ ਫ਼ੌਜ ਦੇ ਜਾਣ ਤੋਂ ਬਾਅਦ ਹੀ ਇਨ੍ਹਾਂ ਇਲਾਕਿਆਂ ‘ਚ ਨਾਗਰਿਕਾਂ ਦੀਆਂ ਲਾਸ਼ਾਂ ਨਜਰ ਆਈਆਂ। ਜਨਰਲ ਸਟਾਫ ਨੇ ਆਪਣੇ ਫੇਸਬੁੱਕ ਪੇਜ ‘ਤੇ ਕਿਹਾ ਕਿ ਰੂਸੀ ਫ਼ੌਜ ਨੇ ਹੁਣ ਡੋਨੈਸਕ ਤੇ ਲੁਹਾਂਸਕ ਖੇਤਰਾਂ ‘ਚ ਪੋਪਾਸਨਾਤੇ ਰੁਬੀਝਨੇ ਸ਼ਹਿਰ ਤੇ ਮਾਰੀਉਪੋਲ ਦੇ ਕਾਲਾ ਸਾਗਰ ਬੰਦਰਗਾਹ ਨੂੰ ਨਿਸ਼ਾਨਾ ਬਣਾਉਣ ਤੇ ਫੋਕਸ ਕਰ ਰਹੇ ਹਨ। ਬਿਆਨ ‘ਚ ਕਿਹਾ ਗਿਆ ਹੈ ਕਿ ਦੁਸ਼ਮਣ ਫ਼ੌਜਾਂ ਨੂੰ ਫਿਰ ਤੋਂ ਇਕੱਠਾ ਕਰ ਰਿਹਾ ਹੈ ਤੇ ਸਾਡੇ ਦੇਸ਼ ਦੇ ਪੂਰਬ ‘ਚ ਇਕ ਹਮਲਾਵਰ ਮੁਹਿੰਮ ਸ਼ੁਰੂ ਕਰਨ ਦੇ ਯਤਨਾਂ ‘ਤੇ ਧਿਆਨ ਕੇਂਦਰਤ ਕਰ ਰਿਹਾ ਹੈ। ਉਸ ਦਾ ਟੀਚਾ ਡੋਨੈਸਕ ਤੇ ਲੁਹਾਂਸਕ ਖੇਤਰਾਂ ਦੇ ਖੇਤਰ ‘ਤੇ ਪੂਰਾ ਕੰਟਰੋਲ  ਕਰਨਾ ਹੈ। ਬੀਤੇ ਦਿਨ ਜ਼ੇਲੈਂਸਕੀ ਨੇ ਕਿਹਾ ਕਿ ਬੁਚਾ ‘ਚ ਜੋ ਹੋਇਆ ਉਹ ਮਾਫ਼ੀ ਯੋਗ ਨਹੀਂ, ਪਰ ਜੰਗ ਖ਼ਤਮ ਕਰਨ ਲਈ ਯੂਕਰੇਨ ਕੋਲ ਰੂਸ ਨਾਲ ਗੱਲਬਾਤ ਕਰਨ ਤੋਂ ਇਲਾਵਾ ਹੋਰ ਕੋਈ ਰਾਸਤਾ ਨਹੀਂ ਹੈ। ਜੰਗ ਹੁਣ ਛੇਵੇਂ ਹਫ਼ਤੇ ‘ਚ ਦਾਖ਼ਲ ਹੋ ਚੁੱਕੀ ਹੈ। ਰਾਸ਼ਟਰੀ ਟੈਲੀਵਿਜ਼ਨ ‘ਤੇ ਪ੍ਰਸਾਰਿਤ ਇਕ ਇੰਟਰਵਿਊ ‘ਚ ਜ਼ੇਲੈਂਸਕੀ ਨੇ ਕਿਹਾ ਕਿ ਅਜੇ ਇਹ ਸਪਸ਼ਟ ਨਹੀਂ ਹੈ ਕਿ ਕੀ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਉਨ੍ਹਾਂ ਨਾਲ ਸਿੱਧੀ ਗੱਲ ਕਰਨਗੇ। ਜਰਮਨੀ, ਫਰਾਂਸ ਤੇ ਡੈਨਮਾਰਕ ਨੇ ਦਰਜਨਾਂ ਰੂਸੀ ਸਫ਼ਾਰਤਕਾਰਾਂ ਨੂੰ ਜਾਸੂਸ ਦੱਸ ਕੇ ਕੱਢ ਦਿੱਤਾ। ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਪੁਤਿਨ ‘ਤੇ ਜੰਗੀ ਅਪਰਾਧਾਂ ਲਈ ਕੇਸ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਆਦਮੀ ਕਰੂਰ ਹੈ, ਤੇ ਬੁਚਾ ‘ਚ ਜੋ ਹੋ ਰਿਹਾ ਹੈ ਉਹ ਨਿੰਦਣਯੋਗ ਹੈ। ਓਧਰ ਇਕਜੁੱਟਤਾ ਦਾ ਸੰਦੇਸ਼ ਦੇਣ ਲਈ ਯੂਰਪੀ ਸੰਘ ਕਮਿਸ਼ਨ ਦੀ ਮੁਖੀ ਉਰਸੁਲਾ ਵਾਨਡੇਰ ਲੇਯੇਨ ਨੇ ਇਸ ਹਫ਼ਤੇ ਜ਼ੇਲੈਂਸਕੀ ਨੂੰ ਮਿਲਣ ਲਈ ਕੀਵ ਦੀ ਯਾਤਰਾ ਕਰਨ ਦੀ ਯੋਜਨਾ ਬਣਾਈ ਹੈ। । ਸੁਰੱਖਿਆ ਪ੍ਰਰੀਸ਼ਦ ‘ਚ ਜ਼ੇਲੈਂਸਕੀ ਦੇ ਬੋਲਣ ਤੋਂ ਪਹਿਲਾਂ, ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਤਰਸ, ਉਨ੍ਹਾਂ ਦੇ ਸਿਆਸੀ ਮੁਖੀ, ਰੋਜ਼ਮੈਰੀ ਡਿਕਾਰਲੋ ਤੇ ਸੰਯੁਕਤ ਰਾਸ਼ਟਰ ਹਿਊਮੈਨੇਟੇਰੀਅਨ ਦੇ ਮੁਖੀ ਮਾਰਟਿਨ ਗਿ੍ਫਿਥਸ ਵੀ ਸੁਰੱਖਿਆ ਪ੍ਰਰੀਸ਼ਦ ਨੂੰ ਸੰਬੋਧਨ ਕਰਨਗੇ। ਜੰਗਬੰਦੀ ਦੀ ਵਿਵਸਥਾ ਕਰਨ ਦੀ ਡਿਕਾਰਲੋ ਤੇ ਗਿ੍ਫਿਥਸ ਯਤਨ ਕਰ ਰਹੇ ਹਨ। ਗਿ੍ਫਿਥਸ ਨੇ ਸੋਮਵਾਰ ਨੂੰ ਮਾਸਕੋ ‘ਚ ਰੂਸੀ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਤੇ ਯੂਕਰੇਨ ਦਾ ਦੌਰਾ ਕਰਨ ਵਾਲੇ ਹਨ। ਬੁਚਾ ‘ਚ ਮੌਕੇ ‘ਤੇ ਪੁੱਜੇ ਵਿਦੇਸ਼ੀ ਪੱਤਰਕਾਰਾਂ ਨੇ ਇਕ ਇਮਾਰਤ ਦੇ ਆਸ-ਪਾਸ ਵੱਡੀ ਗਿਣਤੀ ‘ਚ ਲਾਸ਼ਾਂ  ਦਾ ਮੰਜਰ ਦੇਖਿਆ। ਸਥਾਨਕ ਲੋਕਾਂ ਨੇ ਦੱਸਿਆ ਕਿ ਇਹ ਇਮਾਰਤ ਰੂਸੀ ਫੌਜੀਆਂ ਅੱਡਾ ਸੀ।

ਪੱਤਰਕਾਰਾਂ ਨੇ ਬੁਚਾ ਚਰਚਯਾਰਡ ‘ਚ ਸਾਮੂਹਿਕ ਕਬਰ ਦੇ ਇਕ ਸਿਰੇ ‘ਤੇ ਕਈ ਲਾਸ਼ਾਂ ਕਾਲੇ ਪਲਾਸਟਿਕ ‘ਚ ਲਿਪਟੀਆਂ ਦੇਖੀਆਂ। ਇਨ੍ਹਾਂ ‘ਚੋਂ ਕਈਆਂ ਨੂੰ ਕਾਰਾਂ ‘ਚ ਗੋਲ਼ੀ ਮਾਰੀ ਗਈ ਜਾਂ ਕਈ ਸ਼ਹਿਰ ਤੋਂ ਭੱਜਣ ਦੀ ਕੋਸ਼ਿਸ਼ ‘ਚ ਧਮਾਕਿਆਂ ‘ਚ ਮਾਰੇ ਗਏ। ਇਸ ਖੂਨੀ ਮਾਹੌਲ ਨੂੰ ਦੇਖਦਿਆ ਕੀਵ ਦੇ ਮੇਅਰ ਵਿਟਾਲੀ ਕਲਿਟਸਕੋ ਨੇ ਪੱਛਮੀ ਦੇਸ਼ਾਂ ਨੂੰ ਰੂਸ ਪ੍ਰਤੀ ਹੋਰ ਸਖ਼ਤ ਕਦਮ ਚੁੱਕਣ ਦੀ ਮੰਗ ਕੀਤੀ ਹੈ ਅਤੇ  ਕਿਹਾ ਕਿ ਰੂਸ ਕੋਲ ਜਾਣ ਵਾਲਾ ਖੂਨ ਨਾਲ ਰੰਗਿਆ ਇਕ-ਇਕ ਪੈਸਾ ਬੰਦ ਹੋਣਾ ਚਾਹੀਦਾ ਹੈ। ਮੇਅਰ ਨੇ ਕਿਹਾ ਕਿ ਹਰ ਯੂਰੋ ਜਾਂ ਹਰ ਸੈਂਟ ਜੋ ਆਪ ਰੂਸ ਤੋਂ ਪ੍ਰਰਾਪਤ ਕਰਦੇ ਹਨ ਜਾਂ ਉਹ ਆਪ ਰੂਸ ਤੋਂ ਹਾਸਲ ਕਰਦਾ ਹੈ ਉਸ ਨੂੰ ਬੰਦ ਕਰ ਦਿਓ। ਇਹ ਖ਼ੂਨੀ ਪੈਸਾ ਹੈ।

Comment here