ਅਪਰਾਧਸਿਆਸਤਖਬਰਾਂਚਲੰਤ ਮਾਮਲੇਦੁਨੀਆ

ਯੂਕਰੇਨ ਦੀ ਮਦਦ ਲਈ ਬ੍ਰਿਟੇਨ ਹੋਰ ਮਿਜ਼ਾਈਲਾਂ ਦੇਣ ਦੀ ਤਿਆਰੀ ’ਚ

ਲੰਡਨ: ਬ੍ਰਿਟੇਨ ਯੁੱਧ ਪ੍ਰਭਾਵਿਤ ਯੂਕਰੇਨ ਦੀ ਮਦਦ ਲਈ ਕਈ ਹਜ਼ਾਰ ਹੋਰ ਮਿਜ਼ਾਈਲਾਂ ਦੀ ਸਪਲਾਈ ਕਰਨ ਦੀ ਯੋਜਨਾ ਬਣਾ ਰਿਹਾ ਹੈ । ਦਰਅਸਲ, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਪੱਛਮੀ ਦੇਸ਼ਾਂ ਦੇ ਨੇਤਾਵਾਂ ਨੂੰ ਯੂਕਰੇਨ ਨੂੰ ਫੌਜੀ ਸਾਜ਼ੋ-ਸਾਮਾਨ ਦੀ ਸਪਲਾਈ ਵਧਾਉਣ ਦੀ ਅਪੀਲ ਕੀਤੀ ਹੈ। ਇਸ ਤਹਿਤ ਯੂਕਰੇਨ ਸਰਕਾਰ ਨੂੰ ਕਈ ਹਜ਼ਾਰ ਮਿਜ਼ਾਈਲਾਂ ਦੀ ਸਪਲਾਈ ਕੀਤੀ ਜਾਵੇਗੀ। ਬੋਰਿਸ ਜਾਨਸਨ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਅਤੇ ਸੱਤ ਵਿਕਸਤ ਦੇਸ਼ਾਂ ਦੇ ਸਮੂਹ, ਜੀ -7 ਦੇ ਨੇਤਾਵਾਂ ਨਾਲ ਗੱਲਬਾਤ ਕਰਨ ਲਈ ਵੀਰਵਾਰ ਨੂੰ ਬ੍ਰਸੇਲਜ਼ ਜਾ ਰਹੇ ਹਨ। ਇਸ ਦੌਰੇ ਦੌਰਾਨ ਉਨ੍ਹਾਂ ਤੋਂ ਯੂਕਰੇਨ ਨੂੰ ਬ੍ਰਿਟੇਨ ਦੀ ਫੌਜੀ ਸਹਾਇਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇਣ ਦੀ ਉਮੀਦ ਹੈ। ਇਸ ਤਹਿਤ ਯੂਕਰੇਨ ਨੂੰ ਟੈਂਕ ਵਿਰੋਧੀ ਅਤੇ ਉੱਚ ਵਿਸਫੋਟਕ ਹਥਿਆਰਾਂ ਨਾਲ ਲੈਸ 6,000 ਹੋਰ ਮਿਜ਼ਾਈਲਾਂ ਦਿੱਤੀਆਂ ਜਾਣਗੀਆਂ। ਜੌਹਨਸਨ ਨੇ ਕਿਹਾ, “ਯੂਕੇ, ਆਪਣੇ ਸਹਿਯੋਗੀਆਂ ਦੇ ਨਾਲ, ਯੂਕਰੇਨ ਨੂੰ ਫੌਜੀ ਅਤੇ ਵਿੱਤੀ ਸਹਾਇਤਾ ਪ੍ਰਦਾਨ ਕਰੇਗਾ। ਅਸੀਂ ਇਸ ਲੜਾਈ ਵਿੱਚ ਯੂਕਰੇਨ ਦੀ ਫੌਜ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਾਂ।” ਜ਼ਿਕਰਯੋਗ ਹੈ ਕਿ ਬ੍ਰਿਟੇਨ ਪਹਿਲਾਂ ਹੀ ਯੂਕਰੇਨ ਨੂੰ 4,000 ਤੋਂ ਜ਼ਿਆਦਾ ਐਂਟੀ-ਟੈਂਕ ਹਥਿਆਰ ਭੇਜ ਚੁੱਕਾ ਹੈ। ਯੂਕੇ ਸਰਕਾਰ ਨੇ ਕਿਹਾ ਕਿ ਉਹ ਰੂਸ ਅਤੇ ਯੂਕਰੇਨ ਵਿੱਚ ਫੈਲਾਈ ਜਾ ਰਹੀ ਗਲਤ ਜਾਣਕਾਰੀ ਦੇ ਪ੍ਰਭਾਵਾਂ ਦਾ ਮੁਕਾਬਲਾ ਕਰਨ ਲਈ ਬੀਬੀਸੀ ਨੂੰ $5.3 ਮਿਲੀਅਨ ਵੀ ਪ੍ਰਦਾਨ ਕਰੇਗੀ।

Comment here