ਮਾਸਕੋ- ਕੱਲ੍ਹ ਸਵੇਰੇ ਯੂਕਰੇਨ ‘ਤੇ ਰੂਸ ਦੇ ਹਮਲੇ ਦੀ ਕਈ ਗਲੋਬਲ ਨੇਤਾਵਾਂ ਅਤੇ ਸੰਯੁਕਤ ਰਾਸ਼ਟਰ ਦੁਆਰਾ ਵਿਆਪਕ ਤੌਰ ‘ਤੇ ਨਿੰਦਾ ਕੀਤੀ ਗਈ। ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਅਤੇ ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਟੇਰੇਸ ਨੇ ਮਨੁੱਖੀ ਜਾਨਾਂ ਦੇ ਸੰਭਾਵੀ ਵਿਨਾਸ਼ਕਾਰੀ ਨੁਕਸਾਨ ਦੀ ਚੇਤਾਵਨੀ ਦਿੱਤੀ ਅਤੇ ਗੁਟੇਰੇਸ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ‘ਮਨੁੱਖਤਾ ਦੇ ਨਾਮ’ ‘ਤੇ ਰੋਕਣ ਦੀ ਅਪੀਲ ਕੀਤੀ। ਜਾਪਾਨ, ਸਪੇਨ, ਫਰਾਂਸ, ਆਸਟ੍ਰੇਲੀਆ, ਇਟਲੀ ਤੇ ਯੂਰਪੀ ਸੰਘ ਸਮੇਤ ਹੋਰ ਦੇਸ਼ਾਂ ਨੇ ਵੀ ਰੂਸੀ ਹਮਲੇ ਦੀ ਨਿਖੇਧੀ ਕੀਤੀ ਹੈ। ਜਰਮਨੀ ਤੇ ਤੁਰਕੀ ਨੇ ਯੂਕ੍ਰੇਨ ਦੇ ਨਾਗਰਿਕਾਂ ਨੂੰ ਚੌਕਸ ਕਰਦੇ ਹੋਏ ਸੁਰੱਖਿਅਤ ਸਥਾਨ ’ਤੇ ਰਹਿਣ ਲਈ ਕਿਹਾ ਹੈ। ਲੰਬੇ ਸਮੇਂ ਤੋਂ ਜਿਸ ਹਮਲੇ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ, ਉਸ ਦੀ ਸ਼ੁਰੂਆਤ ਹੋ ਜਾਣ ’ਤੇ ਯੂਰਪ ਤੋਂ ਲੈ ਕੇ ਏਸ਼ੀਆ ਤਕ ਇਸ ਦਾ ਅਸਰ ਦੇਖਣ ਨੂੰ ਮਿਲਿਆ। ਸਟਾਕ ਬਾਜ਼ਾਰ ’ਚ ਗਿਰਾਵਟ ਤੇ ਤੇਲ ਦੀਆਂ ਕੀਮਤਾਂ ’ਚ ਉਛਾਲ ਦੇਖਿਆ ਗਿਆ। ਉੱਥੇ ਹੀ ਯੂਰਪੀ ਹਵਾਬਾਜ਼ੀ ਅਧਿਕਾਰੀਆਂ ਨੇ ਖ਼ਬਰਦਾਰ ਕੀਤਾ ਕਿ ਯੂਕ੍ਰੇਨ ਦੇ ਉੱਪਰੋਂ ਉਡਾਣ ਭਰਨ ਵਾਲੇ ਹਵਾਈ ਜਹਾਜ਼ਾਂ ਨੂੰ ਖ਼ਤਰਾ ਹੈ। ਹਵਾਈ ਜਹਾਜ਼ ਸੰਚਾਲਕਾਂ ਨੂੰ ਇਕ ਵਾਰ ਫਿਰ ਯਾਦ ਦਿਵਾਇਆ ਗਿਆ ਕਿ ਯੂਕ੍ਰੇਨ ਹੁਣ ਇਕ ਸਰਗਰਮ ਸੰਘਰਸ਼ ਖੇਤਰ ਹੈ।
ਨਿਊਯਾਰਕ ’ਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਯੂਕ੍ਰੇਨ ’ਚ ਫ਼ੌਜੀ ਭੇਜਣ ਨਾਲ ਰੂਸ ਨੂੰ ਰੋਕਣ ਲਈ ਗ਼ੈਰ ਸਧਾਰਨ ਐਮਰਜੈਂਸੀ ਬੈਠਕ ਬੁਲਾਈ। ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਤਰਸ ਨੇ ਸ਼ਾਂਤੀ ਦੀ ਅਪੀਲ ਕੀਤੀ ਹੈ। ਯੂਰਪੀ ਪ੍ਰੀਸ਼ਦ ਦੇ ਮੁਖੀ ਚਾਰਲਸ ਮਿਸ਼ੇਲ ਤੇ ਯੂਰਪੀ ਕਮਿਸ਼ਨ ਮੁਖੀ ਉਰਸੁਲਾ ਵੋਨਡੇਰ ਲੇਯੇਨ ਨੇ ਟਵੀਟ ਕੀਤਾ ਕਿ ਇਸ ਸਿਆਹ ਸਮੇਂ ’ਚ ਸਾਡੀ ਸੰਵੇਦਨਾ ਯੂਕ੍ਰੇਨ ਤੇ ਨਿਰਦੋਸ਼ ਮਹਿਲਾਵਾਂ ਤੇ ਬੱਚਿਆਂ ਨਾਲ ਹੈ, ਕਿਉਂਕਿ ਬਗ਼ੈਰ ਉਕਸਾਵੇ ਦੇ ਕੀਤੇ ਗਏ ਇਸ ਹਮਲੇ ਕਾਰਨ ਉਨ੍ਹਾਂ ਦੇ ਜੀਵਨ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਅਸੀਂ ਕ੍ਰੈਮਲਿਨ ਨੂੰ ਜ਼ਿੰਮੇਵਾਰ ਠਹਿਰਾਵਾਂਗੇ। ਯੂਰਪੀ ਸੰਘ ਦੇ ਦੇ ਮੁਖੀ ਨੇ ਵੀਰਵਾਰ ਨੂੰ ਕਿਹਾ ਕਿ ਯੂਕ੍ਰੇਨ ’ਤੇ ਹਮਲੇ ਬਾਰੇ ਰੂਸ ’ਤੇ ਬਹੁਤ ਵੱਡੇ ਪੱਧਰ ’ਤੇ ਗੰਭੀਰ ਪਾਬੰਦੀਆਂ ਲਗਾਈਆਂ ਜਾਣਗੀਆਂ। 27 ਦੇਸ਼ਾਂ ਦੀ ਮੈਂਬਰਸ਼ਿਪ ਵਾਲਾ ਯੂਰਪੀ ਸੰਘ ਪੂਰਬੀ ਯੂਕ੍ਰੇਨ ਦੇ ਦੋ ਖੇਤਰਾਂ ਨੂੰ ਮਾਨਤਾ ਦੇਣ ਬਾਰੇ ਰੂਸ ’ਤੇ ਪਹਿਲਾਂ ਹੀ ਕੁਝ ਪਾਬੰਦੀਆਂ ਲਗਾ ਚੁੱਕਿਆ ਹੈ। ਜਰਮਨ ਚਾਂਸਲਰ ਓਲਾਫ ਸੋਲਜ ਨੇ ਇਸ ਹਮਲੇ ਨੂੰ ਰੂਸ ਲਈ ਇਕ ਭਿਆਨਕ ਦਿਨ ਤੇ ਯੂਰਪ ਲਈ ਇਕ ਸਿਆਹ ਦਿਨ ਦੱਸਿਆ। ਚਾਂਸਲਰ ਨੇ ਕਿਹਾ ਕਿ ਇਹ ਹਮਲਾ ਕੌਮਾਂਤਰੀ ਕਾਨੂੰਨਾਂ ਦਾ ਬਿਲਕੁਲ ਉਲੰਘਣ ਹੈ।
ਟੋਕੀਓ ਤੇ ਸਿਓਲ ’ਚ ਬਾਜ਼ਾਰ ਦੋ ਫ਼ੀਸਦੀ ਤੱਕ ਡਿੱਗ ਗਿਆ, ਜਦਕਿ ਹਾਂਗਕਾਂਗ ਤੇ ਸਿਡਨੀ ’ਚ ਇਹ ਤਿੰਨ ਫ਼ੀਸਦੀ ਤੋਂ ਵੱਧ ਹੇਠਾਂ ਗਿਆ। ਰੂਸ ਨੇ ਹੋਣ ਵਾਲੀ ਸਪਲਾਈ ’ਚ ਸੰਭਾਵਿਤ ਅੜਿੱਕੇ ਦੇ ਮੱਦੇਨਜ਼ਰ ਤੇਲ ਦੀਆਂ ਕੀਮਤਾਂ ’ਚ ਪ੍ਰਤੀ ਬੈਰਲ ਤਿੰਨ ਡਾਲਰ ਦਾ ਉਛਾਲ ਦਰਜ ਕੀਤਾ ਗਿਆ। ਵਾਲ ਸਟ੍ਰੀਟ ਬੈਂਚਮਾਰਕ ਐੱਸ ਐਂਡ ਪੀ 500 ਵੀ 1.8 ਫ਼ੀਸਦੀ ਡਿੱਗ ਕੇ ਅੱਠ ਮਹੀਨੇ ਦੇ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਿਆ। ਚੈੱਕ ਗਣਰਾਜ ਦੇ ਪ੍ਰਧਾਨ ਮੰਤਰੀ ਪੀਟਰ ਫਿਆਲਾ ਨੇ ਰੂਸੀ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਬਗ਼ੈਰ ਕਿਸੇ ਵਿਵਾਦ ਦੇ ਇਕ ਖ਼ੁਦਮੁਖ਼ਤਿਆਰ ਰਾਸ਼ਟਰ ਖ਼ਿਲਾਫ਼ ਹਮਲੇ ਦੀ ਗ਼ਲਤ ਕਾਰਵਾਈ ਹੈ। ਸਲੋਵਾਕੀਆ ਦੇ ਪ੍ਰਧਾਨ ਮੰਤਰੀ ਏਡੁਅਰਡ ਹੇਗਰ ਨੇ ਇਸ ਨੂੰ ਇਕ ਗ਼ਲਤ ਤੇ ਵਹਿਸ਼ੀ ਕਾਰਾ ਕਰਾਰ ਦਿੱਤਾ।
ਚੀਨ ਨੇ ਰੂਸ ਖ਼ਿਲਾਫ਼ ਪਾਬੰਦੀਆਂ ਦੀ ਆਲੋਚਨਾ ਕੀਤੀ ਹੈ। ਚੀਨ ਨੇ ਯੂਕ੍ਰੇਨ ’ਚ ਆਪਣੇ ਨਾਗਰਿਕਾਂ ਨੂੰ ਸਲਾਹ ਦਿੱਤੀ ਕਿ ਉਹ ਘਰ ’ਚ ਰਹਿਣ ਤੇ ਜੇਕਰ ਲੰਬੀ ਦੂਰੀ ਦੀ ਯਾਤਰਾ ਕਰਨ ਦੀ ਜ਼ਰੂਰਤ ਪਏ ਤਾਂ ਆਪਣੇ ਵਾਹਨਾਂ ’ਚ ਚੀਨੀ ਝੰਡੇ ਲਗਾਓ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਕਿਹਾ ਕਿ ਰੂਸ ਖ਼ਿਲਾਫ਼ ਪਾਬੰਦੀ ਸ਼ੁੱਕਰਵਾਰ ਤੱਕ ਕਾਨੂੰਨ ਬਣ ਜਾਣਗੇ, ਪਰ ਮਾਰਚ ਤੇ ਅੰਤ ਤੋਂ ਪਹਿਲਾਂ ਅਸਰਦਾਰ ਨਹੀਂ ਹੋਣਗੇ। ਮੌਰਿਸਨ ਨੇ ਕਿਹਾ ਕਿ ਇਹ ਸਭ ਇਸ ਲਈ ਕਰ ਰਹੇ ਹਾਂ ਕਿ ਯੂਕ੍ਰੇਨ ’ਤੇ ਬਗ਼ੈਰ ਉਕਸਾਵੇ ਦੇ, ਗ਼ੈਰ ਕਾਨੂੰਨੀ, ਗ਼ੈਰ ਲੋੜੀਂਦੀ ਤੇ ਗ਼ਲਤ ਹਮਲੇ ਦਾ ਨਤੀਜਾ ਰੂਸ ਨੂੰ ਭੁਗਤਨਾ ਪਵੇ। ਜਾਪਾਨ ਦੇ ਪ੍ਰਧਾਨ ਮੰਤਰੀ ਫੁਮੀਓ ਕਿਸ਼ਿਦਾ ਨੇ ਰੂਸੀ ਹਮਲੇ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦਾ ਦੇਸ਼ ਅਮਰੀਕਾ ਤੇ ਹੋਰ ਸਹਿਯੋਗੀਆਂ ਨਾਲ ਫ਼ੌਰੀ ਪ੍ਰਤੀਕਿਰਿਆ ਪ੍ਰਗਟ ਕਰੇਗਾ। ਕਿਸ਼ਿਦਾ ਨੇ ਕਿਹਾ ਕਿ ਰੂਸੀ ਹਮਲੇ ਨੇ ਕੌਮਾਂਤਰੀ ਕਾਨੂੰਨ ਦੇ ਉਸ ਬੁਨਿਆਦੀ ਸਿਧਾਂਤ ਨੂੰ ਜ਼ੋਖ਼ਮ ’ਚ ਪਾ ਦਿੱਤਾ ਹੈ ਜਿਸ ਤਹਿਤ ਸਥਿਤੀ ਬਦਲਣ ਲਈ ਫ਼ੌਜ ਦੇ ਇਕ ਦੁਵੱਲੇ ਇਸਤੇਮਾਲ ਦੀ ਮਨਾਹੀ ਹੈ। ਕਿਸ਼ਿਦਾ ਨੇ ਕਿਹਾ ਕਿ ਯੂਕ੍ਰੇਨ ’ਚ ਜਾਪਾਨੀ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਅਹਿਮ ਤੇ ਚੁਣੌਤੀ ਭਰਿਆ ਹੈ। ਹਾਲਾਤ ਪੂਰੀ ਤਰ੍ਹਾਂ ਸਮਝਣ ਤੋਂ ਬਾਅਦ ਅਸੀਂ ਮਾਮਲੇ ਨੂੰ ਸਹੀ ਤਰੀਕੇ ਨਾਲ ਹੱਲ ਕਰਾਂਗੇ।
Comment here