ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਯੂਕਰੇਨ ‘ਚ ਫਸੇ ਵਿਦਿਆਰਥੀ ਚਾਕਲੇਟ ਤੇ ਬਿਸਕੁਟ ਖਾ ਕੇ ਕਰ ਰਹੇ ਗੁਜ਼ਾਰਾ

ਜਲੰਧਰ : ਰੂਸ ਦੇ ਯੂਕਰੇਨ ਉੱਪਰ ਹਮਲੇ ਕਾਰਨ ਹਰ ਤਰਫ ਤਹਿਸ਼ਤ ਦਾ ਮਾਹੌਲ ਹੈ। ਲੋਕ ਘਰੋਂ ਬੇ-ਘਰ ਹੋ ਰਹੇ ਹਨ ਅਤੇ ਪਲਾਇਨ ਕਰਨ ਲਈ ਮਜ਼ਬੂਰ ਹਨ। ਯੂਕਰੇਨ ਦੇ ਕੀਵ ਸ਼ਹਿਰ ’ਚ ਹਾਲਾਤ ਬਦਤਰ ਹੁੰਦੇ ਜਾ ਰਹੇ ਹਨ। ਖਾਰਕੀਵ ’ਚ ਰੂਸੀ ਫ਼ੌਜ ਲਗਾਤਾਰ ਬੰਬਾਰੀ ਕਰ ਰਹੀ ਹੈ। ਪੋਲੈਂਡ ਤੇ ਰੋਮਾਨੀਆ ਜਾਣ ਲਈ ਹਜ਼ਾਰਾਂ ਵਿਦਿਆਰਥੀ ਸੜਕਾਂ ਉੱਪਰ ਪੈਦਲ ਥੱਕੇ ਖਾ ਰਹੇ ਹਨ। ਕਈ ਵਿਦਿਆਰਥੀਆਂ ਨੇ ਬੰਕਰਾਂ ਤੇ ਮੈਟਰੋ ਦੀ ਬੇਸਮੈਂਟ ’ਚ ਔਖੇ ਹਾਲਾਤ ’ਚ ਸ਼ਰਨ ਲਈ ਹੈ। ਉਨ੍ਹਾਂ ਨੂੰ ਖਾਣ-ਪੀਣ ਦੇ ਸਾਮਾਨ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਠਿੰਡੇ ਦੇ ਪਿੰਡ ਰੋਡ਼ੀ ਦੇ ਗੁਰਪ੍ਰੀਤ ਸਿੰਘ ਆਪਣੇ ਸਾਥੀਆਂ ਸਮੇਤ ਯੂਕਰੇਨ ਦੀ ਰਾਜਧਾਨੀ ਕੀਵ ਤੋਂ ਪੈਦਲ ਚੱਲਦੇ ਹੋਏ ਹਤੋਮਰ ਤੇ ਲਵੀਵ ਨੂੰ ਪਾਰ ਕਰਦਿਆਂ ਚਾਰ ਦਿਨ ’ਚ ਪੋਲੈਂਡ ਦੀ ਸਰਹੱਦ ’ਤੇ ਪੁੱਜੇ। ਗੁਰਪ੍ਰੀਤ ਨੇ ਦੱਸਿਆ ਕਿ ਉਨ੍ਹਾਂ ਨੂੰ ਪੋਲੈਂਡ ’ਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ ਜਦਕਿ ਯੂਕਰੇਨ ਦੇ ਨਾਲ-ਨਾਲ ਹੋਰਨਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਪੋਲੈਂਡ ਆਪਣੇ ਦੇਸ਼ ’ਚ ਦਾਖ਼ਲ ਹੋਣ ਦੇ ਰਿਹਾ ਹੈ। ਉੱਥੇ ਹਜ਼ਾਰਾਂ ਦੀ ਗਿਣਤੀ ਵਿਚ ਭਾਰਤੀ ਵਿਦਿਆਰਥੀ ਖੜੇ ਹਨ ਪਰ ਕੋਈ ਵੀ ਉਨ੍ਹਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਉਨ੍ਹਾਂ ਕੋਲ ਪੈਸੇ ਵੀ ਨਹੀਂ ਹਨ। ਕੀਵ ’ਚ ਸਵਾ ਦੋ ਸੌ ਤੋਂ ਜ਼ਿਆਦਾ ਭਾਰਤੀ ਵਿਦਿਆਰਥੀ ਬੰਕਰਾਂ ’ਚ ਫਸੇ ਹੋਏ ਹਨ। ਬੰਕਰ ’ਚ ਠਹਿਰੇ ਪਟਿਆਲੇ ਦੇ ਨਾਭਾ ਦੇ ਪਿੰਡ ਛੀਂਟਵਾਲਾ ਦੇ ਨਿਵਾਸੀ ਡਾ. ਹਰੀਸ਼ ਬਾਤਿਸ਼ ਦੇ 22 ਸਾਲਾ ਪੁੱਤਰ ਅਰਜੁਨ ਬਾਤਿਸ਼ ਤੇ ਉਸ ਦੇ ਸਹਿਪਾਠੀ ਚੰਦਨ ਅਰੋਡ਼ਾ ਪੁੱਤਰ ਸਤਪਾਲ ਅਰੋਡ਼ਾ ਨੇ ਜਾਗਰਣ ਨੂੰ ਵੀਡੀਓ ਕਾਲ ਜ਼ਰੀਏ ਦੱਸਿਆ ਕਿ ਉਹ 24 ਫਰਵਰੀ ਦੀ ਸਵੇਰ ਅੱਠ ਵਜੇ ਕੀਵ ਸ਼ਹਿਰ ਪੁੱਜ ਗਏ ਸਨ। ਉੱਥੇ ਉਨ੍ਹਾਂ ਨੂੰ ਭਾਰਤੀ ਦੂਤਘਰ ਨੇੜੇ ਇਕ ਸਕੂਲ ਦੀ ਇਮਾਰਤ ’ਚ ਠਹਿਰਾਇਆ ਗਿਆ। ਹਾਲਾਤ ਵਿਗੜਦੇ ਦੇਖ ਸ਼ਨਿਚਰਵਾਰ ਰਾਤ ਉਨ੍ਹਾਂ ਨੂੰ ਕੁਝ ਕਦਮਾਂ ਦੀ ਦੂਰੀ ’ਤੇ ਬੰਕਰ ’ਚ ਸ਼ਿਫਟ ਕਰ ਦਿੱਤਾ ਗਿਆ ਹੈ। ਵਿਦਿਆਰਥੀਆਂ ਨੂੰ ਸਿਰਫ਼ ਇਕ ਵੇਲੇ ਦਾ ਖਾਣਾ ਹੀ ਦਿੱਤਾ ਜਾ ਰਿਹਾ ਹੈ। ਕੁਝ ਵਿਦਿਆਰਥੀ ਚਾਕਲੇਟ ਦੇ ਬਿਸਕੁਟ ਨਾਲ ਕੰਮ ਚਲਾ ਰਹੇ ਹਨ। ਉਧਰ ਖਾਰਕੀਵ ਮੈਟਰੋ ਸਟੇਸ਼ਨ ’ਤੇ 100 ਭਾਰਤੀ ਵਿਦਿਆਰਥੀ ਫਸੇ ਹਨ। ਅੰਮ੍ਰਿਤਸਰ ਦੇ ਮਜੀਠਾ ਰੋਡ ਦੀ ਰਹਿਣ ਵਾਲੀ ਪ੍ਰਭਜੀਤ ਕੌਰ ਨੇ ਖਾਰਕੀਵ ਮੈਟਰੋ ਸਟੇਸ਼ਨ ’ਚ ਸ਼ਰਨ ਲਈ ਹੈ। ਉਸ ਨਾਲ ਰਾਜਸਥਾਨ ਦੇ ਬੀਕਾਨੇਰ ਨਿਵਾਸੀ ਵਿਵੇਕ ਸੋਨੀ, ਹਰਿਆਣੇ ਦੇ ਕੁਰੂਕਸ਼ੇਤਰ ਤੋਂ ਨਿਸ਼ਾ ਤੇ ਫ਼ਤਹਿਗੜ ਸਾਹਿਬ ਦੀ ਸ਼ਰੂਤੀ ਵੀ ਹਨ। ਪ੍ਰਭਜੋਤ ਕੌਰ ਨੇ ਵੀਡੀਓ ਕਾਲ ’ਤੇ ਦੱਸਿਆ ਕਿ ਉਹ ਖਾਰਕੀਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ’ਚ ਤੀਜੇ ਸਾਲ ਦੀ ਵਿਦਿਆਰਥਣ ਹੈ। ਖਾਰਕੀਵ ’ਚ ਤਕਰੀਬਨ ਤਿੰਨ ਹਜ਼ਾਰ ਭਾਰਤੀ ਵਿਦਿਆਰਥੀ ਸਿੱਖਿਆ ਪ੍ਰਾਪਤ ਕਰਨ ਆਏ ਸਨ। ਹੂਸ ਦੇ ਹਮਲੇ ਪਿੱਛੋਂ ਉਨ੍ਹਾਂ ਮੈਟਰੋ ਸਟੇਸ਼ਨ ’ਤੇ ਸ਼ਰਨ ਲਈ ਹੈ। ਇੱਥੇ ਉਨ੍ਹਾਂ ਨੂੰ ਦੋ ਦਿਨ ਕੁਝ ਫਲ ਦਿੱਤੇ ਗਏ। ਇਸ ਤੋਂ ਬਾਅਦ ਦੋ ਦਿਨਾਂ ਤੋਂ ਉਹ ਭੁੱਖੇ ਹਨ। ਉਨ੍ਹਾਂ ਕੋਲ ਪੈਸੇ ਵੀ ਖ਼ਤਮ ਹੋ ਚੁੱਕੇ ਹਨ।

Comment here