ਲੁਹਾਂਸਕ : ਜਿਥੇ ਰੂਸ ਦਾ ਯੂਕਰੇਨ ਉਪਰ ਹਮਲੇ ਦਾ ਡਰ ਮੰਡਰਾ ਰਿਹਾ ਹੈ ਉਥੇ ਹੀ ਹੁਣ ਯੂਕਰੇਨ ਤੋਂ ਵੱਖ ਖੁਦ ਨੂੰ ਸੁਤੰਤਰ ਦੇਸ਼ ਘੋਸ਼ਿਤ ਕਰਨ ਵਾਲੇ ਲੁਹਾਂਸਕ ਪੀਪਲਜ਼ ਰੀਪਬਲਿਕ (ਐੱਲ.ਪੀ.ਆਰ.) ਨੇ ਕਿਹਾ ਹੈ ਕਿ ਯੂਕਰੇਨੀ ਫ਼ੌਜ ਨੇ ਉਸ ਦੇ ਖੇਤਰ ਵਿਚ ਹਮਲਾ ਕੀਤਾ ਹੈ, ਜਿਸ ਵਿਚ ਜੇਲੇਨਾਯਾ ਰੋਸ਼ਾ ਵੀ ਸ਼ਾਮਲ ਹੈ। ਦਰਅਸਲ ਐੱਲ.ਪੀ.ਆਰ. ਨੂੰ ਹਾਲਾਂਕਿ ਅੰਤਰਰਾਸ਼ਟਰੀ ਤੌਰ ‘ਤੇ ਯੂਕਰੇਨ ਦੇ ਹਿੱਸੇ ਦੇ ਰੂਪ ਵਿਚ ਮਾਨਤਾ ਮਿਲੀ ਹੋਈ ਹੈ। ਜੁਆਇੰਟ ਸੈਂਟਰ ਆਨ ਕੰਟਰੋਲ ਐਂਡ ਕਮਾਂਡ (ਜੀਸੀਸੀਸੀ) ਵਿਚ ਐੱਲ.ਪੀ.ਆਰ. ਪ੍ਰਤੀਨਿਧੀ ਦਫਤਰ ਨੇ ਕੱਲ੍ਹ ਸਪੂਤਨਿਕ ਨੂੰ ਇਸ ਸਬੰਧ ਵਿਚ ਜਾਣਕਾਰੀ ਦਿੱਤੀ। ਜੇਸੀਸੀਸੀ ਲਈ ਐੱਲ.ਪੀ.ਆਰ. ਮਿਸ਼ਨ ਦੇ ਬੁਲਾਰੇ ਨੇ ਯੂਕਰੇਨ ਉਪਰ ਦੋਸ਼ ਲਗਾਉਂਦੇ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਯੂਕਰੇਨੀ ਮਿਲਟਰੀ ਬਲਾਂ ਨੇ 29ਵੀਂ ਵਾਰ ਜੰਗਬੰਦੀ ਦੀ ਉਲੰਘਣਾ ਕੀਤੀ ਹੈ, ਜਿਸ ਵਿਚ ਉਹਨਾਂ ਨੇ ਤੋਪਾਂ ਅਤੇ ਮੋਟਾਰ ਤੋਂ ਗੋਲੇ ਦਾਗਣ ਦੇ ਨਾਲ-ਨਾਲ ਟੈਂਕਰੋਧੀ ਮਿਜ਼ਾਈਲਾਂ ਤੋਂ ਵੀ ਹਮਲਾ ਕੀਤਾ ਹੈ। ਯੂਕਰੇਨੀ ਫ਼ੌਜ ਸ਼ਰੇਆਮ ਜੰਗਬੰਦੀ ਸਮਝੌਤੇ ਦੀ ਉਲੰਘਣਾ ਕਰ ਰਹੀ ਹੈ ਅਤੇ ਨਾਲ ਹੀ ਹਮਲੇ ਵਿਚ ਭਾਰੀ ਹਥਿਆਰਾਂ ਦੀ ਵੀ ਵਰਤੋਂ ਕਰ ਰਹੀ ਹੈ। ਯੂਕਰੇਨੀ ਫ਼ੌਜ ਨੇ ਲੁਹਾਂਸਕ ਦੇ ਉਪ ਨਗਰੀ ਇਲਾਕੇ ਜੇਲੇਨਾਯਾ ਰੋਸ਼ਾ ਦੇ ਨਾਲ-ਨਾਲ ਮੋਲੋਕਨੀ ਅਤੇ ਵੇਸੇਲੇਂਕੋ ਵਿਚ ਵੀ ਹਮਲੇ ਕੀਤੇ।
Comment here