// ਵਿਸ਼ੇਸ਼ ਰਿਪੋਰਟ //
ਯੂਕਰੇਨ ‘ਤੇ ਹਮਲੇ ਦੀ ਸ਼ੁਰੂਆਤ ਨੂੰ ਇੱਕ ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਰੂਸੀ ਰਾਸ਼ਟਰਪਤੀ ਪੁਤਿਨ ਦੀ ਤਾਕਤ ਘੱਟ ਨਹੀਂ ਹੋਈ ਹੈ। ਜਰਮਨੀ ਦੀ ਖੁਫੀਆ ਏਜੰਸੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਯੂਕਰੇਨ ‘ਤੇ ਹਮਲਾ 15 ਮਹੀਨੇ ਪਹਿਲਾਂ ਸ਼ੁਰੂ ਹੋਇਆ ਸੀ। ਰੂਸੀ ਰਾਸ਼ਟਰਪਤੀ ਨੇ ਇਸ ਨੂੰ ‘ਸਪੈਸ਼ਲ ਮਿਲਟਰੀ ਆਪਰੇਸ਼ਨ’ ਦਾ ਨਾਂ ਦਿੱਤਾ ਸੀ ਤਾਂ ਸ਼ਾਇਦ ਉਨ੍ਹਾਂ ਨੂੰ ਵੀ ਅੰਦਾਜ਼ਾ ਨਹੀਂ ਸੀ ਕਿ ਇਹ ਅਪਰੇਸ਼ਨ ਇੰਨਾ ਲੰਬਾ ਚੱਲੇਗਾ।ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨ ਤੋਂ ਬਾਅਦ ਯੂਕਰੇਨ ਨਾਟੋ ਦੇ ਸਹਿਯੋਗ ਨਾਲ ਰੂਸ ਦਾ ਸਾਹਮਣਾ ਕਰ ਰਿਹਾ ਹੈ। ਇਸ ਦੌਰਾਨ, ਅੰਤਰਰਾਸ਼ਟਰੀ ਪਾਬੰਦੀਆਂ ਅਤੇ ਯੁੱਧ ਨੂੰ ਲੈ ਕੇ ਰੂਸੀ ਲੋਕਾਂ ਦੇ ਵਿਰੋਧ ਦੀਆਂ ਆਵਾਜ਼ਾਂ ਦੇ ਵਿਚਾਲੇ ਸਮੇਂ-ਸਮੇਂ ‘ਤੇ ਪੁਤਿਨ ਦੇ ਕਮਜ਼ੋਰ ਹੋਣ ਦੀਆਂ ਖਬਰਾਂ ਆਉਂਦੀਆਂ ਰਹੀਆਂ ਹਨ। ਪਰ ਇਨ੍ਹਾਂ ਖ਼ਬਰਾਂ ਦੀ ਕਦੇ ਪੁਸ਼ਟੀ ਨਹੀਂ ਹੋ ਸਕੀ।ਯੁੱਧ ਤੋਂ ਤੁਰੰਤ ਬਾਅਦ ਦੇ ਦਿਨਾਂ ਵਿੱਚ ਰੂਸੀ ਮੁਦਰਾ ਦੇ ਮੁੱਲ ਵਿੱਚ ਮਹੱਤਵਪੂਰਨ ਗਿਰਾਵਟ ਆਈ ਸੀ, ਪਰ ਅਗਲੇ ਮਹੀਨਿਆਂ ਵਿੱਚ ਪਹਿਲਾਂ ਨਾਲੋਂ ਮਜ਼ਬੂਤ ਉਭਾਰ ਆਇਆ ਹੈ। ਇਸੇ ਤਰ੍ਹਾਂ, ਕਈ ਹੋਰ ਮਾਮਲਿਆਂ ਵਿੱਚ, ਰੂਸ ਨੇ ਆਪਣੇ ਆਪ ਨੂੰ ਕਮਜ਼ੋਰ ਨਹੀਂ ਦਿਖਾਇਆ ਹੈ।ਅੰਤਰਰਾਸ਼ਟਰੀ ਪੱਧਰ ‘ਤੇ ਵੀ ਪੁਤਿਨ ਦੇ ਦੋਸਤ ਦੇਸਾਂ ਨੇ ਅੱਜ ਤੱਕ ਉਸ ਦਾ ਸਾਥ ਨਹੀਂ ਛੱਡਿਆ।ਇਸ ਸਮੇਂ ਕੋਈ ਵੀ ਅੰਦਾਜ਼ਾ ਨਹੀਂ ਲਗਾ ਸਕਦਾ ਕਿ ਯੁੱਧ ਦਾ ਨਤੀਜਾ ਕੀ ਹੋਵੇਗਾ ਜਾਂ ਇਹ ਕਦੋਂ ਖਤਮ ਹੋਵੇਗਾ, ਪਰ ਪੁਤਿਨ ਨੇ ਜਿਸ ਤਰ੍ਹਾਂ ਦੇਸ਼ ਨੂੰ ਆਪਣੇ ਨਾਲ ਰੱਖਿਆ ਹੈ, ਉਸ ਦੇ ਸਮਰਥਨ ਨੂੰ ਲੈ ਕੇ ਰੂਸੀ ਜਨਤਾ ਵਿਚ ਕੋਈ ਖਦਸ਼ਾ ਨਹੀਂ ਹੈ।
ਪੁਤਿਨ ਕਮਜ਼ੋਰ ਨਹੀਂ ਹੋਏ
ਹੁਣ ਜਰਮਨ ਦੀ ਵਿਦੇਸ਼ੀ ਖੁਫੀਆ ਏਜੰਸੀ ਬੀਐਨਡੀ ਦਾ ਕਹਿਣਾ ਹੈ ਕਿ ਪੁਤਿਨ ਦੇ ਸਿਸਟਮ ਵਿੱਚ ਕੋਈ ਦਰਾੜ ਨਹੀਂ ਆਈ ਹੈ। ਬੀਐਨਡੀ ਦੇ ਮੁਖੀ ਬਰੂਨੋ ਕਾਲ ਨੇ ਬੀਤੇ ਦਿਨੀਂ ਬਰਲਿਨ ਵਿੱਚ ਫੈਡਰਲ ਅਕੈਡਮੀ ਫਾਰ ਸਕਿਓਰਿਟੀ ਪਾਲਿਸੀ ਵਿੱਚ ਇਹ ਗੱਲ ਕਹੀ। ਕਾਲ ਦਾ ਕਹਿਣਾ ਹੈ ਕਿ ਰੰਗਰੂਟਾਂ ਦੀ ਨਵੀਂ ਭਰਤੀ ਦੇ ਨਾਲ ਰੂਸ ਅਜੇ ਵੀ ਯੁੱਧ ਨੂੰ ਲੰਮਾ ਕਰਨ ਦੀ ਸਥਿਤੀ ਵਿੱਚ ਹੈ। ਕਾਲ ਨੇ ਹਥਿਆਰਾਂ ਅਤੇ ਗੋਲਾ ਬਾਰੂਦ ਲਈ ਵੀ ਇਹੀ ਗੱਲ ਕਹੀ।ਉਸ ਦਾ ਕਹਿਣਾ ਸੀ ਕਿ ਰਣਨੀਤਕ ਪ੍ਰਮਾਣੂ ਹਥਿਆਰਾਂ ਕਾਰਣ ਉਹ ਯੂਕਰੇਨ ਉਪਰ ਭਾਰੂ ਪੈ ਸਕਦਾ ਹੈ।ਚੀਨ ਦੀ ਮਦਦ ਕਾਰਣ ਉਹ ਯੁਰਪ ਤੇ ਅਮਰੀਕਾ ਨੂੰ ਪ੍ਰਮਾਣੂ ਜੰਗ ਦੀਆਂ ਧਮਕੀਆਂ ਦੇ ਰਿਹਾ ਹੈ।
ਯੂਰਪੀ ਮਾਮਲਿਆਂ ਦੇ ਮਾਹਿਰ ਅਤੇ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸੈਂਟਰ ਫਾਰ ਯੂਰਪੀਅਨ ਸਟੱਡੀਜ਼ ਦੇ ਪ੍ਰੋਫੈਸਰ ਗੁਲਸ਼ਨ ਸਚਦੇਵਾ ਜਰਮਨ ਖੁਫੀਆ ਏਜੰਸੀ ਦੇ ਦਾਅਵਿਆਂ ਨਾਲ ਸਹਿਮਤ ਹਨ। ਉਸ ਨੇ ਦੱਸਿਆ, “ਪੁਤਿਨ ਦੀ ਸ਼ਕਤੀ ਬਾਰੇ ਜਰਮਨ ਖੁਫੀਆ ਮੁਖੀ ਦਾ ਮੁਲਾਂਕਣ ਸਹੀ ਹੈ।” ਬੇਮਿਸਾਲ ਆਰਥਿਕ ਪਾਬੰਦੀਆਂ ਦੇ ਬਾਵਜੂਦ ਰੂਸ ਦੀ ਆਰਥਿਕਤਾ ਚੱਲ ਰਹੀ ਹੈ। ਊਰਜਾ ਉਤਪਾਦਨ ਅਤੇ ਨਿਰਯਾਤ ਵੱਧ ਰਹੇ ਹਨ। ਰੂਸ ਦੇ ਆਮ ਲੋਕ ਡਰੇ ਹੋਏ ਹਨ ਪਰ ਪੁਤਿਨ ਦੀ ਸੱਤਾ ਦਾ ਕੋਈ ਗੰਭੀਰ ਵਿਰੋਧ ਨਹੀਂ ਹੋ ਰਿਹਾ।”
ਇਸ ਜੰਗ ਦਾ ਇੰਨੇ ਦਿਨਾਂ ਤੱਕ ਖਿਚਣਾ ਵੀ ਪੁਤਿਨ ਦੀ ਰੂਸ ਉਪਰ ਮਜ਼ਬੂਤ ਪਕੜ ਦਾ ਸੰਕੇਤ ਹੈ। ਰੂਸੀ ਲੋਕਾਂ ਨੇ ਸਥਾਨਕ ਤੌਰ ‘ਤੇ ਕੁਝ ਸਮੱਸਿਆਵਾਂ ਦੇਖੀਆਂ ਹਨ ਪਰ ਇਹ ਸ਼ੁਰੂਆਤੀ ਦਿਨਾਂ ਦੀ ਗਲ ਹੈ। ਇਸ ਤੋਂ ਬਾਅਦ ਦੇ ਮਹੀਨਿਆਂ ਵਿੱਚ ਅਜਿਹੀ ਕੋਈ ਖ਼ਬਰ ਸਾਹਮਣੇ ਨਹੀਂ ਆਈ ਹੈ। ਸਚਦੇਵਾ ਕਹਿੰਦੇ ਹਨ, “ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਸਥਾਈ ਸੀਟ, ਪ੍ਰਮਾਣੂ ਹਥਿਆਰਾਂ ਅਤੇ ਕੁਦਰਤੀ ਸਰੋਤਾਂ ਦੇ ਵਿਸ਼ਾਲ ਭੰਡਾਰ ਵਾਲੇ ਦੇਸ਼ ਨੂੰ ਰੋਕਣਾ ਆਸਾਨ ਨਹੀਂ ਹੁੰਦਾ ।”
ਬੇਲਾਰੂਸ ਵਿਚ ਰਣਨੀਤਕ ਪ੍ਰਮਾਣੂ ਹਥਿਆਰ ਤਾਇਨਾਤ
ਰੂਸ ਨੇ ਬੇਲਾਰੂਸ ਵਿਚ ਰਣਨੀਤਕ ਪ੍ਰਮਾਣੂ ਹਥਿਆਰਾਂ ਦੀ ਤਾਇਨਾਤੀ ਸ਼ੁਰੂ ਕਰ ਦਿੱਤੀ ਹੈ। ਇਹ ਜਾਣਕਾਰੀ ਬੇਲਾਰੂਸ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਲੁਕਾਸ਼ੈਂਕੋ ਨੇ ਦਿੱਤੀ। ਅਮਰੀਕਾ ਨੇ ਇਸ ਕਦਮ ਦੀ ਆਲੋਚਨਾ ਕੀਤੀ ਸੀ ਪਰ ਇਸ ਨੂੰ ਹਥਿਆਰਾਂ ਦੀ ਵਰਤੋਂ ਦਾ ਸੰਕੇਤ ਨਹੀਂ ਮੰਨਿਆ ਹੈ।ਅਲੈਗਜ਼ੈਂਡਰ ਲੂਕਾਸ਼ੈਂਕੋ ਮੁਤਾਬਕ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਹੋਣ ਤੋਂ ਬਾਅਦ ਹਥਿਆਰਾਂ ਦੀ ਗਿਣਤੀ ਅਤੇ ਤਾਇਨਾਤੀ ਦੇ ਸਥਾਨ ਦਾ ਫੈਸਲਾ ਕੀਤਾ ਗਿਆ। ਬੇਲਾਰੂਸ ਦੇ ਰਾਸ਼ਟਰਪਤੀ ਨੇ ਦੱਸਿਆ ਕਿ ਪੁਤਿਨ ਨੇ ਇਸ ਸਬੰਧ ਵਿਚ ਠੋਸ ਫੈਸਲੇ ਲਏ ਸਨ ਅਤੇ ਇਸ ਦੇ ਲਈ ਆਰਡੀਨੈਂਸ ‘ਤੇ ਦਸਤਖਤ ਕੀਤੇ ਸਨ।ਲੁਕਾਸੇਂਕੋ ਦਾ ਕਹਿਣਾ ਹੈ ਕਿ ਪੁਤਿਨ ਦੇ ਹੁਕਮਾਂ ਅਨੁਸਾਰ ਰਣਨੀਤਕ ਪ੍ਰਮਾਣੂ ਹਥਿਆਰ ਪਹਿਲਾਂ ਹੀ ਤੈਨਾਤੀ ਲਈ ਰਵਾਨਾ ਹੋ ਚੁੱਕੇ ਹਨ। ਜਾਣਕਾਰੀ ਅਨੁਸਾਰ ਇਹ ਪ੍ਰਮਾਣੂ ਹਥਿਆਰ ਪੋਲੈਂਡ ਨਾਲ ਲੱਗਦੀ ਸਰਹੱਦ ‘ਤੇ ਤਾਇਨਾਤ ਕੀਤੇ ਜਾ ਰਹੇ ਹਨ। 1991 ਵਿੱਚ ਸੋਵੀਅਤ ਸੰਘ ਦੇ ਟੁੱਟਣ ਤੋਂ ਬਾਅਦ ਪਹਿਲੀ ਵਾਰ ਰੂਸੀ ਪਰਮਾਣੂ ਹਥਿਆਰ ਦੇਸ਼ ਤੋਂ ਬਾਹਰ ਤਾਇਨਾਤ ਕੀਤੇ ਗਏ ਹਨ।
ਅਮਰੀਕਾ ਦਾ ਪ੍ਰਤੀਕਰਮ
ਅਮਰੀਕੀ ਵਿਦੇਸ਼ ਵਿਭਾਗ ਨੇ ਪ੍ਰਮਾਣੂ ਹਥਿਆਰਾਂ ਦੀ ਤਾਇਨਾਤੀ ਦੀ ਆਲੋਚਨਾ ਕੀਤੀ ਹੈ, ਹਾਲਾਂਕਿ ਅਮਰੀਕਾ ਦਾ ਇਹ ਵੀ ਕਹਿਣਾ ਹੈ ਕਿ ਉਹ ਰਣਨੀਤਕ ਪ੍ਰਮਾਣੂ ਹਥਿਆਰਾਂ ਬਾਰੇ ਆਪਣੀ ਸਥਿਤੀ ਵਿਚ ਬਦਲਾਅ ਨਹੀਂ ਕਰ ਰਿਹਾ । ਅਮਰੀਕਾ ਦਾ ਇਹ ਵੀ ਕਹਿਣਾ ਹੈ ਕਿ ਉਹ ਇਸ ਨੂੰ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਲਈ ਰੂਸ ਦੀ ਤਿਆਰੀ ਦਾ ਸੰਕੇਤ ਨਹੀਂ ਮੰਨ ਰਿਹਾ ਹੈ।
ਅਮਰੀਕਾ ਵਿੱਚ, ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਪ੍ਰਮਾਣੂ ਹਥਿਆਰਾਂ ਨੂੰ ਤੈਨਾਤ ਕਰਨ ਦੀ ਯੋਜਨਾ ਨੂੰ ਇੱਕ ਸਾਲ ਪਹਿਲਾਂ ਯੂਕਰੇਨ ਦੇ ਹਮਲੇ ਨਾਲ ਜੋ”ਰੂਸ ਦਾ ਗੈਰ-ਜ਼ਿੰਮੇਵਾਰਾਨਾ ਰਵੱਈਆ ਸਾਹਮਣੇ ਆਇਆ ਸੀ ਉਸਦਾ ਤਾਜ਼ਾ ਉਦਾਹਰਣ ਕਿਹਾ ਹੈ ।” ਮਿਲਰ ਨੇ ਅਮਰੀਕਾ ਦੀ ਚੇਤਾਵਨੀ ਨੂੰ ਦੁਹਰਾਇਆ ਕਿ ਜੰਗ ਵਿੱਚ ਰਸਾਇਣਕ, ਜੈਵਿਕ ਜਾਂ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਦੇ “ਗੰਭੀਰ ਨਤੀਜੇ” ਹੋਣਗੇ।
ਪੱਛਮ ਦੀ ਅਣਐਲਾਨੀ ਜੰਗ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਕਹਿਣਾ ਹੈ ਕਿ ਅਮਰੀਕਾ ਅਤੇ ਉਸ ਦੇ ਸਹਿਯੋਗੀ 15 ਮਹੀਨੇ ਪਹਿਲਾਂ ਯੂਕਰੇਨ ਵਿੱਚ ਰੂਸੀ ਫੌਜੀਆਂ ਨੂੰ ਭੇਜਣ ਤੋਂ ਬਾਅਦ ਰੂਸ ਦੇ ਖਿਲਾਫ ਇੱਕ ਪ੍ਰੌਕਸੀ ਜੰਗ ਛੇੜ ਰਹੇ ਹਨ ਅਤੇ ਯੁੱਧ ਨੂੰ ਲੰਮਾ ਕਰ ਰਹੇ ਹਨ। ਪ੍ਰਮਾਣੂ ਹਥਿਆਰਾਂ ਨੂੰ ਤੈਨਾਤ ਕਰਨ ਦੀ ਯੋਜਨਾ ਪੁਤਿਨ ਨੇ ਇਸ ਸਾਲ 25 ਮਾਰਚ 2023 ਨੂੰ ਰੂਸ ਦੇ ਸਰਕਾਰੀ ਟੀਵੀ ਚੈਨਲ ਨਾਲ ਗੱਲਬਾਤ ਦੌਰਾਨ ਦੱਸੀ ਸੀ।
ਰੂਸ ਦੇ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਨੇ ਮਿੰਸਕ ਵਿੱਚ ਬੇਲਾਰੂਸ ਦੇ ਰੱਖਿਆ ਮੰਤਰੀ ਨਾਲ ਇੱਕ ਮੀਟਿੰਗ ਵਿੱਚ ਕਿਹਾ, “ਇਸ ਯੂਕਰੇਨ ਯੁਧ ਵਿੱਚ ਸ਼ਾਮਲ ਪੱਛਮ ਅਸਲ ਵਿੱਚ ਸਾਡੇ ਦੇਸ਼ਾਂ ਦੇ ਖਿਲਾਫ ਇੱਕ ਅਣਐਲਾਨੀ ਜੰਗ ਛੇੜ ਰਿਹਾ ਹੈ।” ਸ਼ੋਇਗੂ ਨੇ ਇਹ ਵੀ ਕਿਹਾ ਕਿ ਪੱਛਮੀ ਦੇਸ਼ ਯੂਕਰੇਨ ਦੇ ਨਾਲ ਹਥਿਆਰਬੰਦ ਸੰਘਰਸ਼ ਨੂੰ ਫੈਲਾਉਣ ਅਤੇ ਲੰਮਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਰੂਸ ਤੇ ਉਸਦੇ ਮਿੱਤਰ ਦੇਸਾਂ ਨੂੰ ਆਰਥਿਕ ਨੁਕਸਾਨ ਪਹੁੰਚਾਇਆ ਜਾ ਸਕੇ।ਪੁਤਿਨ ਨੇ ਕਿਹਾ ਕਿ ਪੱਛਮੀ ਦੇਸ਼ ਯੂਕਰੇਨ ਨਾਲ ਜੰਗ ਨੂੰ ਲੰਮਾ ਕਰ ਰਹੇ ਹਨ।
ਪੁਤਿਨ ਵਾਰ-ਵਾਰ ਚੇਤਾਵਨੀ ਦੇ ਰਹੇ ਹਨ ਕਿ ਰੂਸ ਆਪਣੇ ਆਪ ਨੂੰ ਬਚਾਉਣ ਲਈ ਸਾਰੇ ਉਪਾਅ ਕਰੇਗਾ। ਰੂਸ ਕੋਲ ਕਿਸੇ ਵੀ ਦੇਸ਼ ਨਾਲੋਂ ਸਭ ਤੋਂ ਵੱਧ ਪ੍ਰਮਾਣੂ ਹਥਿਆਰ ਹਨ ਅਤੇ ਪੁਤਿਨ ਨੇ ਯੂਕਰੇਨ ਦੀ ਲੜਾਈ ਨੂੰ ਹਮਲਾਵਰ ਪੱਛਮੀ ਦੇਸ਼ਾਂ ਤੋਂ ਰੂਸ ਲਈ ਬਚਾਅ ਤੇ ਹੋਂਦ ਦੀ ਲੜਾਈ ਕਿਹਾ ਹੈ।
ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਦਾ ਕਹਿਣਾ ਹੈ ਕਿ ਉਹ ਯੂਕਰੇਨ ਨੂੰ ਜੰਗ ਦੇ ਮੈਦਾਨ ਵਿਚ ਰੂਸੀ ਫੌਜ ਨੂੰ ਹਰਾਉਂਦੇ ਹੋਏ ਦੇਖਣਾ ਚਾਹੁੰਦੇ ਹਨ। ਹਾਲਾਂਕਿ ਉਹ ਰੂਸ ਨੂੰ ਤਬਾਹ ਕਰਨ ਦੀ ਇੱਛਾ ਤੋਂ ਇਨਕਾਰ ਕਰਦੇ ਹਨ। ਉਹ ਇਸ ਗੱਲ ਤੋਂ ਵੀ ਇਨਕਾਰ ਕਰਦਾ ਹੈ ਕਿ ਯੂਕਰੇਨ ਵਿੱਚ ਜੰਗ ਨਾਟੋ ਦੇ ਵਿਸਥਾਰ ਦਾ ਨਤੀਜਾ ਹੈ। ਬੇਲਾਰੂਸ ਦੀ ਸਰਹੱਦ ਤਿੰਨ ਨਾਟੋ ਮੈਂਬਰ ਪੋਲੈਂਡ, ਲਿਥੁਆਨੀਆ ਅਤੇ ਲਾਤਵੀਆ ਰਾਜਾਂ ਨਾਲ ਲੱਗਦੀ ਹੈ। ਬੇਲਾਰੂਸ ਵਿੱਚ ਤਾਇਨਾਤ ਪ੍ਰਮਾਣੂ ਹਥਿਆਰਾਂ ਦਾ ਕੰਟਰੋਲ ਰੂਸ ਦੇ ਹੱਥ ਵਿੱਚ ਹੋਵੇਗਾ।
ਰਣਨੀਤਕ ਪ੍ਰਮਾਣੂ ਹਥਿਆਰਾਂ ਵਿੱਚ ਰੂਸੀ ਬੋਲਬਾਲਾ
ਰਣਨੀਤਕ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਯੁੱਧ ਦੇ ਮੈਦਾਨ ਵਿਚ ਰਣਨੀਤਕ ਲਾਭ ਲਈ ਕੀਤੀ ਜਾਂਦੀ ਹੈ। ਉਹ ਰੂਸ ਅਤੇ ਅਮਰੀਕਾ ਦੇ ਸ਼ਹਿਰਾਂ ਨੂੰ ਤਬਾਹ ਕਰਨ ਦੇ ਸਮਰੱਥ ਰਣਨੀਤਕ ਪ੍ਰਮਾਣੂ ਹਥਿਆਰਾਂ ਨਾਲੋਂ ਛੋਟੇ ਅਤੇ ਘੱਟ ਸ਼ਕਤੀਸ਼ਾਲੀ ਹਨ। ਇਨ੍ਹਾਂ ਹਥਿਆਰਾਂ ਦੀ ਗਿਣਤੀ ਦੇ ਮਾਮਲੇ ਵਿੱਚ ਰੂਸ ਅਮਰੀਕਾ ਅਤੇ ਯੂਰਪ ਤੋਂ ਅੱਗੇ ਹੈ। ਅਮਰੀਕਾ ਦਾ ਮੰਨਣਾ ਹੈ ਕਿ ਰੂਸ ਕੋਲ 2000 ਅਜਿਹੇ ਰਣਨੀਤਕ ਪ੍ਰਮਾਣੂ ਹਥਿਆਰ ਹਨ। ਅਮਰੀਕਾ ਕੋਲ 200 ਰਣਨੀਤਕ ਪ੍ਰਮਾਣੂ ਹਥਿਆਰ ਹਨ, ਜਿਨ੍ਹਾਂ ਵਿੱਚੋਂ ਅੱਧੇ ਯੂਰਪ ਵਿੱਚ ਅਮਰੀਕੀ ਫੌਜੀ ਠਿਕਾਣਿਆਂ ‘ਤੇ ਤਾਇਨਾਤ ਹਨ।
Comment here