ਅਪਰਾਧਸਿਆਸਤਖਬਰਾਂ

ਯੁੱਧ ਖ਼ਤਮ ਕਰਨ ਲਈ ਨਹੀਂ ਹੋਵੇਗਾ ਸਮਝੌਤਾ-ਜ਼ੇਲੇਂਸਕੀ

ਵਾਸ਼ਿੰਗਟਨ-ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਅਮਰੀਕਾ ਦੇ ਦੌਰੇ ’ਤੇ ਹਨ। ਉਨ੍ਹਾਂ ਕਿਹਾ ਕਿ ਰੂਸ ਨਾਲ ਜੰਗ ਨੂੰ ਖ਼ਤਮ ਕਰਨ ਲਈ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਸ ਨੇ ਰੂਸ ਦੇ ਹਮਲੇ ਦਾ ਮੁਕਾਬਲਾ ਕਰਨ ਵਿੱਚ ਲਗਾਤਾਰ ਸਮਰਥਨ ਲਈ ਅਮਰੀਕੀ ਨੇਤਾਵਾਂ ਅਤੇ ਜਨਤਾ ਦਾ ਧੰਨਵਾਦ ਵੀ ਕੀਤਾ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਕਾਂਗਰਸ ਨੇ ਯੂਕ੍ਰੇਨ ਨੂੰ ਅਰਬਾਂ ਡਾਲਰ ਦੀ ਹੋਰ ਸਹਾਇਤਾ ਦੇਣ ਦਾ ਐਲਾਨ ਕੀਤਾ ਅਤੇ ਯੂਕ੍ਰੇਨ ਨੂੰ ਸ਼ਾਂਤੀ ਲਈ ਮਦਦ ਕਰਨ ਦਾ ਵਾਅਦਾ ਕੀਤਾ। ਦੌਰੇ ਤੋਂ ਕੁਝ ਸਮਾਂ ਪਹਿਲਾਂ ਅਮਰੀਕਾ ਨੇ ਯੂਕ੍ਰੇਨ ਨੂੰ 1.85 ਬਿਲੀਅਨ ਡਾਲਰ ਦੀ ਫ਼ੌਜੀ ਸਹਾਇਤਾ ਦਾ ਐਲਾਨ ਕੀਤਾ ਸੀ। ਇਸ ਫ਼ੌਜੀ ਸਹਾਇਤਾ ਤਹਿਤ ਪੈਟਰੀਅਟ ਮਿਜ਼ਾਈਲ ਬੈਟਰੀ ਭੇਜਣ ਦਾ ਵੀ ਐਲਾਨ ਕੀਤਾ ਗਿਆ ਹੈ।
ਵ੍ਹਾਈਟ ਹਾਊਸ ਦੇ ਓਵਲ ਦਫਤਰ ਵਿੱਚ ਜ਼ੇਲੇਂਸਕੀ ਦਾ ਸਵਾਗਤ ਕਰਦੇ ਹੋਏ ਬਾਈਡੇਨ ਨੇ ਕਿਹਾ ਕਿ ਅਮਰੀਕਾ ਅਤੇ ਯੂਕ੍ਰੇਨ ਰੱਖਿਆ ਵਿੱਚ ਏਕਤਾ ਦਿਖਾਉਣਾ ਜਾਰੀ ਰੱਖਣਗੇ ਕਿਉਂਕਿ ਰੂਸ ਨੇ ਇੱਕ ਰਾਸ਼ਟਰ ਵਜੋਂ ਯੂਕ੍ਰੇਨ ਦੇ ਹੋਂਦ ਦੇ ਅਧਿਕਾਰ ’ਤੇ ਬੇਰਹਿਮੀ ਨਾਲ ਹਮਲਾ” ਕੀਤਾ ਹੈ। ਇਸ ਸਾਲ ਫਰਵਰੀ ਦੇ ਅਖੀਰ ਵਿੱਚ ਰੂਸ ਵੱਲੋਂ ਯੂਕ੍ਰੇਨ ’ਤੇ ਹਮਲਾ ਕਰਨ ਤੋਂ ਬਾਅਦ ਜ਼ੇਲੇਂਸਕੀ ਪਹਿਲੀ ਵਾਰ ਦੇਸ਼ ਤੋਂ ਬਾਹਰ ਨਿਕਲੇ ਹਨ। ਜ਼ੇਲੇਂਸਕੀ ਨੇ ਕਿਹਾ ਕਿ ਉਹ ਪਹਿਲਾਂ ਵੀ ਦੌਰਾ ਕਰਨਾ ਚਾਹੁੰਦੇ ਸਨ, ਪਰ ਇਸ ਸਮੇਂ ਉਨ੍ਹਾਂ ਦੀ ਫੇਰੀ ਦਰਸਾਉਂਦੀ ਹੈ ਕਿ ਤੁਹਾਡੀ ਮਦਦ ਨਾਲ, ਸਥਿਤੀ ਹੁਣ ਕਾਬੂ ਹੇਠ ਹੈ। ਜ਼ੇਲੇਂਸਕੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਰਾਸ਼ਟਰਪਤੀ ਵਜੋਂ ਉਨ੍ਹਾਂ ਲਈ ਨਿਆਂਪੂਰਨ ਸ਼ਾਂਤੀ ਜ਼ਰੂਰੀ ਹੈ, ਜਿਸ ਲਈ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਸਨੇ ਕਿਹਾ ਕਿ ਯੁੱਧ ਸਿਰਫ ਉਦੋਂ ਹੀ ਖ਼ਤਮ ਹੋਵੇਗਾ ਜਦੋਂ ਯੂਕ੍ਰੇਨ ਦੀ ਪ੍ਰਭੂਸੱਤਾ, ਸੁਤੰਤਰਤਾ ਅਤੇ ਖੇਤਰੀ ਅਖੰਡਤਾ ਬਹਾਲ ਹੋ ਜਾਂਦੀ ਹੈ ਅਤੇ ਨਾਲ ਹੀ ਰੂਸੀ ਹਮਲੇ ਕਾਰਨ ਹੋਏ ਨੁਕਸਾਨ ਲਈ ਮੁਆਵਜ਼ਾ ਮਿਲਦਾ ਹੈ।
ਯੂਕ੍ਰੇਨ ਦੇ ਰਾਸ਼ਟਰਪਤੀ ਨੇ ਬੁੱਧਵਾਰ ਨੂੰ ਕਾਂਗਰਸ ਨੂੰ ਸੰਬੋਧਿਤ ਕਰਦੇ ਹੋਏ ਰੂਸ ਦੇ ਬੇਰਹਿਮ ਹਮਲੇ ਦੇ ਖਿਲਾਫ਼ ਆਪਣੇ ਦੇਸ਼ ਦੀ ਰੱਖਿਆ ਲਈ ਸੰਯੁਕਤ ਰਾਜ ਅਤੇ ਉਸਦੇ ਸਹਿਯੋਗੀਆਂ ਦਾ ਸਮਰਥਨ ਬਰਕਰਾਰ ਰੱਖਣ ਦੀ ਸਹੁੰ ਖਾਧੀ। ਉਸਨੇ ਯੂਕ੍ਰੇਨ ਦਾ ਸਮਰਥਨ ਕਰਨ ਲਈ ਹਰ ਇੱਕ ਅਮਰੀਕੀ” ਦਾ ਧੰਨਵਾਦ ਵੀ ਕੀਤਾ। ਜ਼ੇਲੇਂਸਕੀ ਨੇ ਅਗਲੇ ਸਾਲ ਸੰਘਰਸ਼ ਵਿੱਚ ਇੱਕ ਵੱਡੇ ਮੋੜ ਦੀ ਭਵਿੱਖਬਾਣੀ ਕਰਦੇ ਹੋਏ ਕਿਹਾ ਕਿ ਯੂਕ੍ਰੇਨ ਦੀ ਹਿੰਮਤ ਅਤੇ ਅਮਰੀਕਾ ਦੇ ਸੰਕਲਪ ਨੂੰ ਭਵਿੱਖ ਵਿੱਚ ਸਾਨੂੰ ਆਜ਼ਾਦੀ ਦੀ ਗਾਰੰਟੀ ਦੇਣੀ ਚਾਹੀਦੀ ਹੈ, ਖਾਸ ਤੌਰ ’ਤੇ ਉਨ੍ਹਾਂ ਲਈ ਜੋ ਆਪਣੀਆਂ ਕਦਰਾਂ-ਕੀਮਤਾਂ ਲਈ ਖੜ੍ਹੇ ਹੋਏ ਹਨ। ਇਸ ਦੌਰਾਨ ਰੂਸ ਦੇ ਰਾਸ਼ਟਰਪਤੀ ਦਫਤਰ, ਕ੍ਰੇਮਲਿਨ ਨੇ ਬੁੱਧਵਾਰ ਨੂੰ ਚੇਤਾਵਨੀ ਦਿੱਤੀ ਕਿ ਯੂਕ੍ਰੇਨ ਨੂੰ ਅਮਰੀਕੀ ਹਥਿਆਰਾਂ ਦੀ ਸਪਲਾਈ ਵਿੱਚ ਵਾਧਾ ਵਿਨਾਸ਼ਕਾਰੀ ਯੁੱਧ ਨੂੰ ਹੋਰ ਵਧਾ ਦੇਵੇਗਾ। ਇਸ ਦੇ ਨਾਲ ਹੀ ਰੂਸ ਦੇ ਰੱਖਿਆ ਮੰਤਰੀ ਨੇ ਦੇਸ਼ ਦੀ ਫ਼ੌਜ ਵਿੱਚ ਘੱਟੋ-ਘੱਟ 500,000 ਲੋਕਾਂ ਦੀ ਭਰਤੀ ਕਰਕੇ ਫ਼ੌਜ ਦੇ ਵਿਸਥਾਰ ਦੀ ਮੰਗ ਕੀਤੀ।
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਪਣੇ ਚੋਟੀ ਦੇ ਫ਼ੌਜੀ ਅਧਿਕਾਰੀਆਂ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਸਾਡੀਆਂ ਹਥਿਆਰਬੰਦ ਸੈਨਾਵਾਂ ਨੂੰ ਵਿਕਸਤ ਕਰਨ ਅਤੇ ਸਾਡੇ ਸੈਨਿਕਾਂ ਦੀ ਸਮਰੱਥਾ ਨੂੰ ਵਧਾਉਣ ਲਈ ਸੰਘਰਸ਼ ਵਿੱਚ ਜੋ ਵੀ ਵਾਪਰਿਆ, ਉਸ ਤੋਂ ਸਬਕ ਸਿੱਖਣਗੇ। ਉਸਨੇ ਕਿਹਾ ਕਿ ਪ੍ਰਮਾਣੂ ਬਲਾਂ ਦੇ ਵਿਕਾਸ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ, ਜਿਸ ਨੂੰ ਉਸਨੇ ਰੂਸ ਦੀ ਪ੍ਰਭੂਸੱਤਾ ਦੀ ਮੁੱਖ ਗਾਰੰਟੀ ਕਿਹਾ ਹੈ। ਯੂਕ੍ਰੇਨ ਵਿੱਚ ਲੜਾਈ ਸ਼ੁਰੂ ਹੋਣ ਤੋਂ ਪਹਿਲਾਂ, ਰੂਸੀ ਫ਼ੌਜ ਕੋਲ ਠੇਕੇ ’ਤੇ ਲਗਭਗ 400,000 ਸੈਨਿਕ ਸਨ। ਰੂਸੀ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਨੇ ਕਿਹਾ ਕਿ ਰੂਸੀ ਫ਼ੌਜ ਦੇ ਠੇਕੇ ’ਤੇ 6,95,000 ਸੈਨਿਕਾਂ ਨੂੰ ਸ਼ਾਮਲ ਕਰੇਗੀ, ਜਿਨ੍ਹਾਂ ਵਿੱਚੋਂ 5,21,000 ਨੂੰ 2023 ਦੇ ਅੰਤ ਤੱਕ ਭਰਤੀ ਕੀਤਾ ਜਾਣਾ ਚਾਹੀਦਾ ਹੈ।

Comment here