ਕੀਵ: ਰੂਸ ਯੁਕਰੇਨ ਸੰਕਟ ਕਾਰਨ ਯੁਕਰੇਨ ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਮੋਦੀ ਸਰਕਾਰ ਵਲੋਂ ਅਪਰੇਸ਼ਨ ਗੰਗਾ ਚਲਾਇਆ ਗਿਆ ਹੈ, ਹਵਾਈ ਫੌਜ ਦੀ ਵੀ ਮਦਦ ਲਈ ਜਾ ਰਹੀ ਹੈ। ਭਾਰਤ ਜੰਗ ਪ੍ਰਭਾਵਿਤ ਯੂਕਰੇਨ ਵਿੱਚ ਫਸੇ ਆਪਣੇ ਨਾਗਰਿਕਾਂ ਨੂੰ ਪੋਲੈਂਡ, ਮੋਲਡੋਵਾ, ਰੋਮਾਨੀਆ ਰਾਹੀਂ ਬਾਹਰ ਕੱਢ ਰਿਹਾ ਹੈ। ਹੁਣ ਭਾਰਤੀ ਦੂਤਾਵਾਸ ਨੇ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਦੀ ਮਦਦ ਲਈ ਗੂਗਲ ਫਾਰਮ ਜਾਰੀ ਕੀਤਾ ਹੈ। ਯੂਕਰੇਨ ਦੇ ਭਾਰਤੀ ਦੂਤਾਵਾਸ ਨੇ ਵੀਰਵਾਰ ਸ਼ਾਮ ਨੂੰ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇੱਕ ਟਵੀਟ ਕੀਤਾ। ਇਸ ਵਿੱਚ ਲਿਖਿਆ ਹੈ, “ਪਿਸੋਚਿਨ ਨੂੰ ਛੱਡ ਕੇ ਖਾਰਕੀਵ ਵਿੱਚ ਰਹਿਣ ਵਾਲੇ ਸਾਰੇ ਭਾਰਤੀ ਨਾਗਰਿਕ, ਕਿਰਪਾ ਕਰਕੇ ਤੁਰੰਤ ਪ੍ਰਭਾਵ ਨਾਲ ਹੇਠਾਂ ਦਿੱਤੇ ਫਾਰਮ ਵਿੱਚ ਸਾਰੇ ਲੋੜੀਂਦੇ ਵੇਰਵੇ ਭਰੋ।” ਇਸ ਟਵੀਟ ਦੇ ਨਾਲ ਇੱਕ ਗੂਗਲ ਫਾਰਮ ਨੱਥੀ ਕੀਤਾ ਗਿਆ , ਜਿਸ ਵਿੱਚ ਈਮੇਲ ਪਤਾ, ਬਿਨੈਕਾਰ ਦਾ ਨਾਮ, ਪਾਸਪੋਰਟ ਨੰਬਰ, ਖਾਰਕਿਵ ਵਿੱਚ ਉਸਦਾ ਪਤਾ, ਮੋਬਾਈਲ ਨੰਬਰ ਅਤੇ ਹੋਰਾਂ ਦਾ ਵੇਰਵਾ ਮੰਗਿਆ ਗਿਆ ਹੈ। ਭਾਰਤੀ ਅਧਿਕਾਰੀ ਫਾਰਮ ਵਿਚ ਵੇਰਵੇ ਭਰਨ ਵਾਲਿਆਂ ਨੂੰ ਖਾਰਕਿਵ ਤੋਂ ਛੁਡਾਉਣ ਦਾ ਪ੍ਰਬੰਧ ਕਰਨਗੇ। ਹੁਣ ਤੱਕ ਲਗਭਗ 17000 ਭਾਰਤੀ ਨਾਗਰਿਕ ਯੂਕਰੇਨ ਛੱਡ ਚੁੱਕੇ ਹਨ, ਪਰ ਕੁਝ ਅਜੇ ਵੀ ਖਾਰਕਿਵ ਵਿੱਚ ਫਸੇ ਹੋਏ ਹਨ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਭਾਰਤੀ ਦੂਤਾਵਾਸ ਨੇ ਟਵੀਟ ਕਰਕੇ ਆਪਣੇ ਨਾਗਰਿਕਾਂ ਨੂੰ ਤੁਰੰਤ ਪ੍ਰਭਾਵ ਨਾਲ ਖਾਰਕੀਵ ਛੱਡਣ ਦੀ ਸਲਾਹ ਦਿੱਤੀ ਸੀ। ਉਨ੍ਹਾਂ ਨੂੰ ਜਲਦੀ ਤੋਂ ਜਲਦੀ ਪੇਸੋਚਿਨ, ਬਾਬੇ ਅਤੇ ਬੇਜ਼ਲਿਉਡੋਵਕਾ ਪਹੁੰਚਣ ਲਈ ਕਿਹਾ ਗਿਆ। ਭਾਰਤੀ ਦੂਤਘਰ ਨੇ ਕਿਹਾ ਕਿ ਕਿਸੇ ਵੀ ਹਾਲਤ ਵਿੱਚ ਉਨ੍ਹਾਂ ਨੂੰ ਯੂਕਰੇਨ ਦੇ ਸਮੇਂ ਮੁਤਾਬਕ ਸ਼ਾਮ 6 ਵਜੇ ਤੱਕ ਇਨ੍ਹਾਂ ਥਾਵਾਂ ‘ਤੇ ਪਹੁੰਚ ਜਾਣਾ ਚਾਹੀਦਾ ਹੈ। ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਗਈ ਸੀ ਕਿ ਜੇਕਰ ਕੋਈ ਵਾਹਨ ਉਪਲਬਧ ਨਹੀਂ ਹੈ, ਤਾਂ ਉਨ੍ਹਾਂ ਨੂੰ ਪੈਦਲ ਹੀ ਨਿਰਧਾਰਤ ਸਥਾਨਾਂ ‘ਤੇ ਜਾਣਾ ਚਾਹੀਦਾ ਹੈ।
Comment here