ਚੰਡੀਗੜ੍ਹ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇਕ ਟਵੀਟ ਇਕ ਵਾਰ ਫਿਰ ਵਿਰੋਧੀਆਂ ਉੱਤੇ ਤੰਜ ਕੱਸ ਰਿਹਾ ਹੈ। ਦਰਅਸਲ, ਸੀਨੀਅਰ ਪੱਤਰਕਾਰ ਬਰਜਿੰਦਰ ਹਮਦਰਦ ਦੇ ਹੱਕ ‘ਚ ਆਏ ਵਿਰੋਧੀ ਧਿਰਾਂ ਦੇ ਲੀਡਰਾਂ ਨੂੰ ਇਹ ਟਵੀਟ ਸੰਬੋਧਨ ਹੈ। ਇਹ ਧਿਰਾਂ ਸੂਬਾ ਸਰਕਾਰ ਅਤੇ ਆਮ ਆਦਮੀ ਪਾਰਟੀ ਦੀ ਖਿਲਾਫਤ ਕਰ ਰਹੀਆਂ ਹਨ। ਇਸ ਟਵੀਟ ਨਾਲ ਭਗਵੰਤ ਮਾਨ ਨੇ ਵਿਰੋਧੀ ਧਿਰਾਂ ਦੇ ਲੀਡਰਾਂ ਖਾਸਕਰਕੇ ਨਵਜੋਤ ਸਿੱਧੂ ਅਤੇ ਬਿਕਰਮ ਮਜੀਠੀਆ ਉੱਤੇ ਨਿਸ਼ਾਨਾਂ ਲਾਇਆ ਹੈ। ਇਹ ਵੀ ਯਾਦ ਰਹੇ ਕਿ ਇਹ ਧਿਰਾਂ ਬਰਜਿੰਦਰ ਹਮਦਰਦ ਉੱਤੇ ਵਿਜੀਲੈਂਸ ਦੀ ਕਾਰਵਾਈ ਤੋਂ ਬਾਅਦ ਸਰਕਾਰ ਖਿਲਾਫ ਇਕਜੁਟਤਾ ਦਿਖਾਉਣ ਲਈ ਜੁੜੀਆਂ ਹਨ।
ਜਦੋਂ … ਜਨਰਲ ਡਾਇਰਾਂ ਨੂੰ ਰੋਟੀਆਂ ਖਵਾਉਣ ਵਾਲੇ ਧਾਰਮਿਕ ਅਸਥਾਨਾਂ ਤੇ ਟੈਂਕ ਚੜਾਉਣ ਵਾਲੇ ਗੁਰੂ ਸਾਹਿਬ ਜੀ ਦੀਆਂ ਬੇਅਦਬੀਆਂ ਕਰਾਉਣ ਵਾਲੇ ਦੇਸ਼ ਨੂੰ ਧਰਮ ਦੇ ਨਾਮ ਤੇ ਲੜਾਉਣ ਵਾਲੇ ਕਿਸਾਨ ਵਿਰੋਧੀ ਕਾਨੂੰਨ ਬਣਾਉਣ ਵਾਲੇ ਸਮਗਲਰਾਂ ਨੂੰ ਗੱਡੀਆਂ ਚ ਬਿਠਾਉਣ ਵਾਲੇ ਗੱਲ ਗੱਲ ਤੇ ਤਾਲ਼ੀ ਠੁਕਵਾਉਣ ਵਾਲੇ ਸ਼ਹੀਦਾਂ ਦੀਆਂ ਯਾਦਗਾਰਾਂ ਚੋਂ ਪੈਸੇ ਕਮਾਉਣ ਵਾਲੇ ਹੋਵਣ ਸਾਰੇ ਕੱਠੇ ਇਹਨੂੰ ਕਹਿੰਦੇ ਆ“ ਇੱਕੋ ਥਾਲ਼ੀ ਦੇ ਚੱਟੇ-ਵੱਟੇ।
ਜ਼ਿਕਰਯੋਗ ਹੈ ਕਿ ਮਾਨ ਨੇ ਆਪਣੇ ਇਸ ਟਵੀਟ ਵਿੱਚ ਸਾਰੀਆਂ ਧਿਰਾਂ ਨੂੰ ਚੋਭਾਂ ਲਾਈਆਂ ਹਨ। ਯਾਦ ਰਹੇ ਕਿ ਵਿਜੀਲੈਂਸ ਬਿਊਰੋ ਵਲੋਂ ਲੰਘੇ ਦਿਨੀਂ ਸੀਨੀਅਰ ਪੱਤਰਕਾਰ ਬਰਜਿੰਦਰ ਸਿੰਘ ਹਮਦਰਦ ਨੂੰ ਸੰਮਨ ਭੇਜੇ ਗਏ ਸਨ। ਵਿਜੀਲੈਂਸ ਜਲੰਧਰ ਤੋਂ 18 ਕਿਲੋਮੀਟਰ ਦੂਰ ਜੰਗ-ਏ-ਆਜ਼ਾਦੀ ਯਾਦਗਾਰ ਦੀ ਉਸਾਰੀ ਲਈ ਫੰਡਾਂ ਦੀ ਵਰਤੋਂ ਸਬੰਧੀ ਜਾਂਚ ਕਰ ਰਹੀ ਹੈ। ਇਹ ਵਿਸ਼ੇਸ਼ ਸਮਾਰਕ ਭਾਜਪਾ-ਅਕਾਲੀ ਸਰਕਾਰ ਵੇਲੇ ਬਣਾਇਆ ਗਿਆ ਸੀ। ਇਹ ਮਰਹੂਮ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦਾ ਪ੍ਰੋਜੈਕਟ ਵੀ ਦੱਸਿਆ ਜਾ ਰਿਹਾ ਹੈ।
ਯਾਦਗਾਰਾਂ ‘ਚੋਂ ਪੈਸੇ ਕਮਾਉਣ ਵਾਲੇ ਇੱਕੋ ਥਾਲੀ ਦੇ ਚੱਟੇ-ਵੱਟੇ-ਭਗਵੰਤ ਮਾਨ

Comment here