ਜਦੋਂ 24 ਫਰਵਰੀ, 2022 ਨੂੰ ਰੂਸ ਨੇ ਯੂਕਰੇਨ ‘ਤੇ ਪੂਰੀ ਤਿਆਰੀ ਨਾਲ ਫ਼ੌਜੀ ਹਮਲਾ ਕੀਤਾ ਤਾਂ ਕਈ ਲੋਕਾਂ ਅਤੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਖ਼ੁਦ ਸੋਚਿਆ ਸੀ ਕਿ ਇਹ ਰੂਸ ਦੇ ਕ੍ਰੀਮਿਆ ‘ਤੇ ਹਮਲੇ ਵਾਂਗ ਹੀ ਇਕ ਸੌਖਾ ਕਦਮ ਹੋਵੇਗਾ। ਪਰ ਅਜਿਹਾ ਨਹੀਂ ਹੋਇਆ। ਯੂਕਰੇਨੀ ਆਪਣੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੀ ਅਗਵਾਈ ‘ਚ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਤੋਂ ਫ਼ੌਜੀ ਅਤੇ ਵਿੱਤੀ ਮਦਦ ਨਾਲ ਜ਼ੋਰਦਾਰ ਢੰਗ ਨਾਲ ਲੜ ਰਹੇ ਹਨ। 216 ਦਿਨਾਂ ਦੇ ਖ਼ੂਨੀ ਯੁੱਧ ਤੋਂ ਬਾਅਦ ਰੂਸ ਨੂੰ ਖਾਰਕੀਵ ਖੇਤਰ ‘ਚ ਆਪਣੇ ਕਬਜ਼ੇ ਵਾਲੇ ਖੇਤਰ ਤੋਂ ਪਿੱਛੇ ਹਟਣਾ ਪਿਆ ਹੈ।
ਯੂਕਰੇਨੀ ਫ਼ੌਜ ਨੇ ਕਈ ਥਾਵਾਂ ‘ਤੇ ਬਿਜਲੀ ਦੀ ਰਫ਼ਤਾਰ ਨਾਲ ਯੁੱਧ ਦੇ ਮੈਦਾਨ ‘ਚ ਮਾਸਕੋ ਨੂੰ ਪਿੱਛੇ ਵੱਲ ਧੱਕ ਦਿੱਤਾ। ਉਸ ਨੇ ਇਜ਼ਿਅਮ ਅਤੇ ਚਾਕਲੋਵਸਕ ਸ਼ਹਿਰ ਸਮੇਤ ਖਾਰਕੀਵ ਖੇਤਰ ਪੂਰਬੀ ਅਤੇ ਦੱਖਣੀ ਯੂਕਰੇਨ ‘ਤੇ ਰੂਸ ਦੀ ਪਕੜ ਨੂੰ ਕਾਫ਼ੀ ਕਮਜ਼ੋਰ ਕਰ ਦਿੱਤਾ ਹੈ।
ਪਿਛਲੇ ਕਈ ਦਿਨਾਂ ਤੋਂ ਯੂਕਰੇਨ ਦੀ ਧੱਕਾ-ਮੁੱਕੀ ਦੀ ਤੇਜ਼ ਗਤੀ ਨੇ ਇਕ ਲੰਬੇ ਗਤੀਰੋਧ ਨੂੰ ਤੋੜ ਦਿੱਤਾ ਹੈ। ਇਕ ਰਾਸ਼ਟਰ ਦੀ ਭਾਵਨਾ ਨੂੰ ਉਤਸ਼ਾਹਿਤ ਕੀਤਾ ਹੈ ਅਤੇ ਇਸ ਤੋਂ ਵੀ ਵੱਧ ਪੱਛਮੀ ਦੇਸ਼ਾਂ ਨੂੰ ਫ਼ੌਜ ਅਤੇ ਵਿੱਤੀ ਸਹਾਇਤਾ ਲਈ ਪ੍ਰੇਰਿਤ ਕੀਤਾ ਹੈ। ਯੁੱਧ ਦੀ ਸ਼ੁਰੂਆਤ ਤੋਂ ਬਾਅਦ ਰੂਸ ਦਾ ਪਿੱਛੇ ਹਟਣਾ ਰਾਸ਼ਟਰਪਤੀ ਪੁਤਿਨ ਲਈ ਸ਼ਰਮਿੰਦਗੀ ਵਾਲੀ ਗੱਲ ਹੈ। ਰੂਸੀ ਫ਼ੌਜ ਦੇ ਪ੍ਰਦਰਸ਼ਨ ਨੇ ਕ੍ਰੇਮਲਿਨ ਸਮਰਥਕ ਬਲਾਗਰਜ਼ ਅਤੇ ਪੁਤਿਨ ਦੇ ਕੱਟੜ ਵਫ਼ਾਦਾਰਾਂ ‘ਚ ਘਬਰਾਹਟ ਪੈਦਾ ਕੀਤੀ ਹੈ, ਜਿਸ ਨਾਲ ਰੂਸੀ ਨੇਤਾ ਲਈ ਨਵੀਆਂ ਚੁਣੌਤੀਆਂ ਪੈਦਾ ਹੋ ਗਈਆਂ ਹਨ।
ਇਨ੍ਹਾਂ ਸਾਰੀਆਂ ਚੁਣੌਤੀਆਂ ਨੂੰ ਮੁੱਖ ਰੱਖਦਿਆਂ ਪੁਤਿਨ ਨੇ ਆਪਣੀਆਂ ਜੰਗੀ ਕੋਸ਼ਿਸ਼ਾਂ ਨੂੰ ਮੁੜ ਮਜ਼ਬੂਤ ਕਰਨ ਲਈ ਰਣਨੀਤਕ ਯੋਜਨਾ ‘ਚ ਖ਼ੁਦ ਨੂੰ ਸ਼ਾਮਿਲ ਕੀਤਾ ਅਤੇ ਆਪਣੇ ਕਮਾਂਡਰਾਂ ਦੀ ਅਪੀਲ ਨੂੰ ਖ਼ਾਰਜ ਕਰ ਦਿੱਤਾ ਕਿ ਉਨ੍ਹਾਂ ਨੂੰ ਖੇਰਸਾਨ ਦੇ ਮਹੱਤਵਪੂਰਨ ਦੱਖਣੀ ਸ਼ਹਿਰ ਤੋਂ ਪਿੱਛੇ ਹਟਣ ਦਾ ਹੁਕਮ ਦਿੱਤਾ ਜਾਵੇ। ਕੁਝ ਦਿਨ ਪਹਿਲਾਂ ਪੁਤਿਨ ਨੇ ਫ਼ੌਜ ਨੂੰ ਇਕ ਹੁਕਮ ਜਾਰੀ ਕੀਤਾ ਸੀ, ਜਿਸ ‘ਚ ਕਿਹਾ ਗਿਆ ਸੀ ਕਿ ਜੋ ਰੂਸੀ ਫ਼ੌਜੀ ਦੁਸ਼ਮਣ ਨਾਲ ਲੜਨ, ਤੋਂ ਨਾਂਹ ਕਰਨਗੇ, ਫ਼ੌਜ ਛੱਡ ਕੇ ਜਾਣਗੇ, ਹਾਕਮਾਂ ਦੀ ਅਣਦੇਖੀ ਕਰਨਗੇ ਜਾਂ ਤਾਇਨਾਤੀ ਤੋਂ ਇਨਕਾਰ ਕਰਨਗੇ, ਉਨ੍ਹਾਂ ਨੂੰ 15 ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ।
ਰੂਸ ਦੇ ਉਪ ਰੱਖਿਆ ਮੰਤਰੀ ਦਿਮਿੱਤਰੀ ਬੁਲਗਾਕੋਵ ਨੂੰ ਉਨ੍ਹਾਂ ਦੇ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ, ਜੋ ਯੂਕਰੇਨ ਯੁੱਧ ਦੀ ਸ਼ੁਰੂਆਤ ਤੋਂ ਇੰਚਾਰਜ ਸਨ ਅਤੇ ਉਨ੍ਹਾਂ ਦੀ ਜਗ੍ਹਾ ਕਰਨਲ ਜਨਰਲ ਮਿਖਾਇਲ ਮਿਜ਼ਿਟਸੇਵ ਨੇ ਲੈ ਲਈ, ਜਿਨ੍ਹਾਂ ਨੇ ਰੂਸ ਦੀ ਮਾਰਿਯੂਪੋਲ ਦੀ ਘੇਰਾਬੰਦੀ ਦੀ ਨਿਗਰਾਨੀ ਕੀਤੀ।
ਰੱਖਿਆ ਮੰਤਰੀ ਸਰਗੇਈ ਸ਼ੋਇਗੂ ਨੇ ਕਿਹਾ ਕਿ ਰੂਸ ਯੂਕਰੇਨ ‘ਚ ਆਪਣੀ ਵਿਸ਼ੇਸ਼ ਫ਼ੌਜੀ ਕਾਰਵਾਈ ਦੇ ਸਮਰਥਨ ਵਿਚ 3,00,000 ਲੋਕਾਂ ਦੀ ਭਰਤੀ ਕਰੇਗਾ। ਯੂਕਰੇਨ ਸਰਕਾਰ ਦੇ ਇਕ ਬੁਲਾਰੇ ਨੇ ਇਸ ਨੂੰ ਰੂਸੀ ਲੋਕਾਂ ਲਈ ਤ੍ਰਾਸਦੀ ਦੱਸਿਆ। ਯੂਕਰੇਨ ਲਈ ਅਮਰੀਕੀ ਰਾਜਦੂਤ ਬ੍ਰਿਜੇਟ ਬ੍ਰਿੰਕ ਨੇ ਟਵੀਟ ਕੀਤਾ ਕਿ ਇਹ ਕਮਜ਼ੋਰੀ ਤੇ ਰੂਸੀ ਅਸਫ਼ਲਤਾਵਾਂ ਦਾ ਸੰਕੇਤ’ ਹੈ।
ਰਾਸ਼ਟਰਪਤੀ ਪੁਤਿਨ ਨੇ ਯੂਕਰੇਨ ਦੇ ਕਬਜ਼ੇ ਵਾਲੇ ਖੇਤਰ ‘ਚ ਰਾਇਸ਼ੁਮਾਰੀ (ਰੈਫ਼ਰੈਂਡਮ) ਕਰਵਾਉਣ ਦਾ ਵੀ ਆਦੇਸ਼ ਦਿੱਤਾ ਸੀ। ਇਹ ਰਾਇਸ਼ੁਮਾਰੀ ਯੂਕਰੇਨ ਦੇ ਦੋਨੇਤਸਤ, ਲੁਹਾਂਸਕ, ਖੇਰਸਾਨ ਅਤੇ ਜ਼ਾਪੋਰਿਜ਼ਿਆ ਪ੍ਰਾਂਤਾਂ ਵਿਚ ਕਰਵਾਈ ਗਈ, ਜਿਸ ਦੇ ਵਾਸੀਆਂ ਨੂੰ ਆਜ਼ਾਦੀ ਦਾ ਐਲਾਨ ਕਰਨ ਅਤੇ ਫਿਰ ਰੂਸ ‘ਚ ਸ਼ਾਮਿਲ ਹੋਣ ਦੇ ਪ੍ਰਸਤਾਵ ‘ਤੇ ਵੋਟਾਂ ਪਾਉਣ ਲਈ ਕਿਹਾ ਗਿਆ। ਕਬਜ਼ੇ ਵਾਲੇ ਖੇਤਰਾਂ ‘ਚ ਰੂਸੀ ਅਧਿਕਾਰੀਆਂ ਨੇ ਕਥਿਤ ਤੌਰ ‘ਤੇ ਮਸੌਦਾ ਨੋਟਿਸ ਦੇਣਾ ਸ਼ੁਰੂ ਕਰ ਦਿੱਤਾ ਹੈ ਅਤੇ ਉਨ੍ਹਾਂ ਮਰਦਾਂ ਨੂੰ ਇਕੱਠਾ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ, ਜਿਨ੍ਹਾਂ ਨੇ ਯੂਕਰੇਨ ਦੀ ਨਾਗਰਿਕਤਾ ਤਿਆਗ ਕੇ ਰੂਸੀ ਪਾਸਪੋਰਟ ਹਾਸਲ ਕੀਤਾ ਹੈ। ਇਸ ਤਰ੍ਹਾਂ ਇਨ੍ਹਾਂ ਯੂਕਰੇਨੀਆਂ ਨੂੰ ਲਾਮਬੰਦ ਕਰਨਾ ਅਤੇ ਉਨ੍ਹਾਂ ‘ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ। ਯੂਕਰੇਨ ਦੇ ਇਨ੍ਹਾਂ ਇਲਾਕਿਆਂ ਨੂੰ ਰੂਸ ‘ਚ ਸ਼ਾਮਿਲ ਕਰਨ ਲਈ ਰੂਸੀ ਪਾਰਲੀਮੈਂਟ ਤੋਂ ਮਤਾ ਪਾਸ ਕਰਵਾ ਕੇ ਇਸ ਸੰਬੰਧੀ ਦਸਤਾਵੇਜ਼ ‘ਤੇ ਪੁਤਿਨ ਨੇ ਦਸਖ਼ਤ ਵੀ ਕਰ ਦਿੱਤੇ ਹਨ।
ਰਾਸ਼ਟਰਪਤੀ ਜ਼ੇਲੇਂਸਕੀ ਨੇ ਕਬਜ਼ੇ ਵਾਲੇ ਖੇਤਰ ‘ਚ ਯੂਕਰੇਨੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਰੂਸੀ ਲਾਮਬੰਦੀ ਤੋਂ ਬਚਣ, ਭਰਤੀ ਪੱਤਰਾਂ ਤੋਂ ਵੀ ਬਚਣ ਅਤੇ ਯੂਕਰੇਨ ਦੇ ਕਬਜ਼ੇ ਵਾਲੇ ਖੇਤਰਾਂ ‘ਚ ਦੌੜ ਜਾਣ। ਜੇਕਰ ਉਹ ਇੰਝ ਨਹੀਂ ਕਰ ਸਕਦੇ ਅਤੇ ਉਨ੍ਹਾਂ ਨੂੰ ਰੂਸੀ ਫ਼ੌਜ ‘ਚ ਭਰਤੀ ਕੀਤਾ ਜਾਂਦਾ ਹੈ ਤਾਂ ਉਹ ਲੜਾਈ ‘ਚ ਅੰਦਰਖਾਤੇ ਯੂਕਰੇਨ ਦਾ ਸਮਰਥਨ ਕਰਨ।
ਅਮਰੀਕਾ ਅਤੇ ਉਸ ਦੇ ਭਾਈਵਾਲ ਦੇਸ਼ਾਂ ਨੇ ਰਾਇਸ਼ੁਮਾਰੀ ‘ਤੇ ਰੂਸੀ ਕਦਮ ਦੀ ਕੜੀ ਨਿੰਦਾ ਕੀਤੀ। ਫ਼ਰਾਂਸ ਦੇ ਰਾਸ਼ਟਰਪਤੀ ਮੈਕਰੋਨ ਨੇ ਕਿਹਾ ਕਿ ਇਹ ਕਦਮ ‘ਸਾਮਰਾਜਵਾਦ ਅਤੇ ਬਸਤੀਵਾਦ ਦੇ ਯੁੱਗ ਵਿਚ ਵਾਪਸੀ’ ਦੀ ਅਗਵਾਈ ਕਰਦਾ ਹੈ। ਜਰਮਨ ਚਾਂਸਲਰ ਓਲਾਫ ਸ਼ੋਟਜ਼ ਨੇ ਰਾਇਸ਼ੁਮਾਰੀ ਨੂੰ ‘ਸ਼ਰਮ ਦੀ ਗੱਲ’ ਕਰਾਰ ਦਿੱਤਾ। ਇਸ ਰਾਇਸ਼ੁਮਾਰੀ ਨੇ ਪੱਛਮੀ ਦੇਸ਼ਾਂ ‘ਚ ਖ਼ਤਰੇ ਦੀ ਘੰਟੀ ਵਜਾ ਦਿੱਤੀ ਹੈ, ਕਿਉਂਕਿ ਰੂਸ, ਦੁਨੀਆ ਦੇ ਸਭ ਤੋਂ ਵੱਡੇ ਪਰਮਾਣੂ ਹਥਿਆਰਾਂ ਵਾਲੇ ਰਾਸ਼ਟਰ ਨੇ ਸੰਕੇਤ ਦਿੱਤਾ ਹੈ ਕਿ ਇਨ੍ਹਾਂ ਇਲਾਕਿਆਂ ਦੇ ਰਲੇਵੇਂ ਤੋਂ ਬਾਅਦ ਹੀ ਰੂਸ ਯੂਕਰੇਨ ‘ਚ ਹਮਲਿਆਂ ‘ਤੇ ਵਿਚਾਰ ਕਰੇਗਾ।
ਜ਼ਬਰਦਸਤੀ ਭਰਤੀ ਤੋਂ ਬਚਣ ਲਈ ਹੁਣ ਤੱਕ 100000 ਤੋਂ ਵੱਧ ਲੋਕ ਸਰਹੱਦ ਪਾਰ ਕਰ ਚੁੱਕੇ ਹਨ। ਪਿਛਲੇ ਹਫਤੇ ਭਰਤੀ ਲਈ ਕੀਤੇ ਜਾ ਰਹੇ ਯਤਨਾਂ ਦੌਰਾਨ ਇਕ ਰੂਸੀ ਨੂੰ ਦਾਗਿਸਤਾਨ ਵਿਚ ਇਕ ਵਿਅਕਤੀ ਨੇ ਗੋਲੀ ਮਾਰ ਦਿੱਤੀ ਸੀ। ਰਾਸ਼ਟਰਪਤੀ ਜ਼ੇਲੇਂਸਕੀ ਨੇ ਭਰਤੀ ਦੀ ਕੋਸ਼ਿਸ਼ ਨੂੰ ‘ਕਬਰ ਲਈ ਲਾਮਬੰਦੀ’ ਕਿਹਾ।
ਯੂਕਰੇਨ ਦੀ ਫ਼ੌਜ ਹੁਣ ਤੱਕ ਅਮਰੀਕਾ ਅਤੇ ਨਾਟੋ ਵਲੋਂ ਦਿੱਤੇ ਗਏ ਹਥਿਆਰਾਂ ਅਤੇ ਉਪਕਰਨਾਂ ਨਾਲ ਆਕਾਸ਼ ਵਿਚ ਆਪਣੀ ਸਭ ਤੋਂ ਵੱਡੀ ਉਪਲਬਧੀ ਦਰਜ ਕਰਵਾਉਣ ‘ਚ ਸਫ਼ਲ ਰਹੀ ਹੈ। ਇਹ ਮੈਦਾਨ ‘ਤੇ ਯੂਕਰੇਨ ਦੀ ਸਫਲਤਾ ਦੇ ਕਾਰਨਾਂ ਵਿਚੋਂ ਇਕ ਹੈ। ਯੂਕਰੇਨ ਦੇ ਆਕਾਸ਼ ‘ਤੇ ਕੰਟਰੋਲ ਤੋਂ ਬਿਨਾਂ ਰੂਸ ਤੇਜ਼ੀ ਨਾਲ ਆਤਮਘਾਤੀ ਡਰੋਨਾਂ ਦੀ ਵਰਤੋਂ ਕਰਦਾ ਹੈ। ਹਾਲ ਹੀ ‘ਚ ਇਸ ਨੇ ਈਰਾਨ ਤੋਂ ਸ਼ਹੀਦ ਅਤੇ ਕੁਦੱਸ ਮਹਾਜੇਰ-6 ਨਾਂਅ ਦੇ ਡਰੋਨ ਦਾ ਇਕ ਬੇੜਾ ਖਰੀਦਿਆ ਹੈ, ਜਿਸ ‘ਚ ਬਹੁਤ ਘੱਟ ਉਡਾਣ ਪ੍ਰਾਜੈਕਟ ਹਨ ਅਤੇ ਭਵਿੱਖ ‘ਚ ਵੀ ਯੂਕਰੇਨ ਵਲੋਂ ਵਰਤੀ ਜਾਣ ਵਾਲੀ ਰਡਾਰ ਨਿਗਰਾਨੀ ਪ੍ਰਣਾਲੀ ਵਲੋਂ ਇਨ੍ਹਾਂ ਡਰੋਨਾਂ ਦਾ ਸਟੀਕ ਰੂਪ ‘ਚ ਪਤਾ ਨਹੀਂ ਲਗਾਇਆ ਜਾ ਸਕਦਾ, ਖ਼ਾਸਕਰ ਰਾਤ ਦੇ ਸਮੇਂ।
ਯੂਕਰੇਨੀ ਫ਼ੌਜੀ ਨੇ ਦਾਅਵਾ ਕੀਤਾ ਕਿ ਉਸ ਨੇ ਪਿਛਲੇ ਹਫ਼ਤੇ 8 ਟੈਂਕ, 11 ਬਖ਼ਤਰਬੰਦ ਗੱਡੀਆਂ, 6 ਆਰਟੀਲਰੀ ਸਿਸਟਮ ਨੂੰ ਨਸ਼ਟ ਕਰ ਦਿੱਤਾ ਅਤੇ ਕਈ ਡਰੋਨ ਸੁੱਟੇ। ਉੱਚਿਤ ਹਥਿਆਰਾਂ ਅਤੇ ਉਪਕਰਨਾਂ ਨਾਲ ਯੂਕਰੇਨ ਆਕਾਸ਼ ‘ਤੇ ਆਪਣਾ ਕੰਟਰੋਲ ਕਾਇਮ ਰੱਖ ਸਕਦਾ ਹੈ। ਅਮਰੀਕਾ ਨੇ ਯੂਕਰੇਨ ਲਈ 457.4 ਮਿਲੀਅਨ ਡਾਲਰ ਦੀ ਨਾਗਰਿਕ ਸਹਾਇਤਾ ਦਾ ਐਲਾਨ ਕੀਤਾ ਹੈ ਅਤੇ ਨਾਟੋ ਨੇ ਬਾਲਟਿਕ ਖੇਤਰ ਵਿਚ ਹਵਾਈ ਫ਼ੌਜੀ ਅਭਿਆਸ ਵੀ ਸ਼ੁਰੂ ਕੀਤਾ ਹੈ।
ਵਾਸ਼ਿੰਗਟਨ ਨੇ ਰੂਸ ਦੇ ਸੰਭਾਵਿਤ ਪਰਮਾਣੂ ਖ਼ਤਰੇ ਦਾ ਜਵਾਬ ਦਿੰਦਿਆਂ ਕਿਹਾ ਕਿ ਅਮਰੀਕਾ ਦੀ ਪ੍ਰਤੀਕਿਰਿਆ ‘ਫ਼ੈਸਲਾਕੁੰਨ’ ਹੋਵੇਗੀ ਅਤੇ ‘ਸਿੱਟੇ ਖ਼ਤਰਨਾਕ ਹੋਣਗੇ’। ਯੂਕਰੇਨੀ ਯੁੱਧ ਵਿਆਪਕ ਅਰਥਾਂ ‘ਵਿਚ ਯੂਰਪ ਅਤੇ ਦੁਨੀਆ ਦੇ ਭਵਿੱਖ ਲਈ ਡੂੰਘਾ ਖ਼ਤਰਾ ਪੈਦਾ ਕਰਦਾ ਹੈ।
ਦੇਵਦੂਤ ਬਿਸ਼ਵਾਸ
Comment here