ਨਵੀਂ ਦਿੱਲੀ/ਇਸਲਾਮਾਬਾਦ – ਪਾਕਿਸਤਾਨ ਦੇ ਪੰਜਾਬ ਸੂਬੇ ਦੇ ਰਹੀਮਯਾਰ ਖਾਨ ਵਿੱਚ ਸਥਿਤ ਸਿੱਧੀਵਿਨਾਇਕ ਮੰਦਰ ਵਿੱਚ ਭੰਨ-ਤੋੜ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਭਾਰਤ ਨੇ ਨਰਾਜ਼ਗੀ ਜ਼ਾਹਿਰ ਕੀਤੀ ਹੈ। ਕੇਂਦਰ ਸਰਕਾਰ ਨੇ ਦੋ ਟੁਕ ਸ਼ਬਦਾਂ ਚ ਕਿਹਾ ਹੈ ਕਿ ਪਾਕਿਸਤਾਨ ਘੱਟ ਗਿਣਤੀਆਂ ਦੀ ਰੱਖਿਆ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਹੈ। ਘਟਨਾ ਖ਼ਿਲਾਫ਼ ਪਾਕਿਸਤਾਨ ਵਸਦੇ ਹਿੰਦੂਆਂ ਨੇ ਪ੍ਰਦਰਸ਼ਨ ਕਰਦੇ ਹੋਏ ਵਿਰੋਧ ਦਰਜ ਕਰਵਾਇਆ ਸੀ। ਹੁਣ ਪਾਕਿਸਤਾਨ ਦੇ ਚੀਫ ਜਸਟਿਸ ਨੇ ਹਿੰਦੂ ਮੰਦਰ ਨੂੰ ਤੋੜੇ ਜਾਣ ਦਾ ਖੁਦ ਨੋਟਿਸ ਲਿਆ। ਪੰਜਾਬ ਦੇ ਮੁੱਖ ਸਕੱਤਰ ਅਤੇ ਆਈ.ਜੀ. ਨੂੰ ਅੱਜ ਸੁਪਰੀਮ ਕੋਰਟ ਵਿੱਚ ਤਲਬ ਵੀ ਕੀਤਾ ਗਿਆ ਹੈ। ਹਰ ਪਾਸੇ ਥੂ-ਥੂ ਹੋਣ ਤੋਂ ਬਾਅਦ ਆਖ਼ਿਰਕਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਨੀਂਦ ਤੋਂ ਜਾਗਦੇ ਹੋਏ ਘਟਨਾ ਦੀ ਸਖ਼ਤ ਨਿੰਦਿਆ ਕੀਤੀ। ਉਨ੍ਹਾਂ ਕਿਹਾ ਕਿ ਮਾਮਲੇ ਵਿੱਚ ਜੋ ਵੀ ਦੋਸ਼ੀ ਹੈ, ਉਸ ਨੂੰ ਗ੍ਰਿਫਤਾਰ ਕੀਤਾ ਜਾਵੇਗਾ।ਕਿਹਾ ਕਿ ਮੈਂ ਪਹਿਲਾਂ ਹੀ ਪੰਜਾਬ ਆਈ.ਜੀ. ਨੂੰ ਸਾਰੇ ਦੋਸ਼ੀਆਂ ਦੀ ਗ੍ਰਿਫਤਾਰੀ ਯਕੀਨੀ ਕਰਣ ਅਤੇ ਪੁਲਸ ਦੀ ਕਿਸੇ ਵੀ ਲਾਪਰਵਾਹੀ ਖ਼ਿਲਾਫ਼ ਕਾਰਵਾਈ ਕਰਣ ਲਈ ਕਿਹਾ ਹੈ। ਸਰਕਾਰ ਮੰਦਰ ਦੀ ਮੁਰੰਮਤ ਵੀ ਕਰੇਗੀ। ਪਾਕਿਸਤਾਨ ਦੀ ਮੁੱਤਾਹਿਦਾ ਕੌਮੀ ਮੂਵਮੈਂਟ (ਐੱਮ. ਕਿਊ. ਐੱਸ.) ਪਾਰਟੀ ਦੇ ਸੰਸਥਾਪਕ ਅਲਤਾਫ ਹੁਸੈਨ ਨੇ ਪੰਜਾਬ ਸੂਬੇ ਦੇ ਰਹੀਮ ਯਾਰ ਖ਼ਾਨ ਜ਼ਿਲ੍ਹੇ ’ਚ ਸਥਿਤ ਹਿੰਦੂਆਂ ਦੇ ਮੰਦਰ ’ਤੇ ਹੋਏ ਹਮਲੇ ਦੀ ਸਖ਼ਤ ਨਿੰਦਿਆ ਕੀਤੀ ਹੈ। ਟਵਿਟਰ ’ਤੇ ਜਾਰੀ ਇਕ ਬਿਆਨ ’ਚ ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਅਹਿਮਦੀਆ ਭਾਈਚਾਰੇ ਦੇ ਧਾਰਮਿਕ ਸਥਾਨ ’ਤੇ ਵੀ ਇਸੇ ਤਰ੍ਹਾਂ ਨਾਲ ਹਮਲਾ ਕਰਕੇ ਉਸ ਨੂੰ ਅਪਵਿੱਤਰ ਕੀਤਾ ਗਿਆ ਸੀ। ਇਹ ਹਮਲਾ ਫੈਸਲਾਬਾਦ ’ਚ ਹੋਇਆ ਸੀ ਤੇ ਇਸ ਦੇ ਪਿੱਛੇ ਪਾਕਿਸਤਾਨ ਦੀ ਕੱਟੜਪੰਥੀ ਜਮਾਤ ਦਾ ਹੱਥ ਸੀ। ਅਲਤਾਫ ਹੁਸੈਨ ਨੇ ਇਸ ਘਟਨਾ ਨੂੰ ਗੈਰ-ਇਸਲਾਮੀ ਤੇ ਅਸੰਵਿਧਾਨਕ ਦੱਸਿਆ ਹੈ। ਉਨ੍ਹਾਂ ਨੇ ਸਿੱਧੇ ਤੌਰ ’ਤੇ ਇਸ ਦੇ ਪਿੱਛੇ ਪਾਕਿਸਤਾਨ ਦੀ ਫੌਜ ਦਾ ਹੱਥ ਦੱਸਿਆ ਹੈ। ਆਪਣੇ ਬਿਆਨ ’ਚ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਟੱਕੜਪੰਥੀ ਸੰਗਠਨਾਂ ਨੂੰ ਬਣਾਉਣ ਦਾ ਕੰਮ ਪਾਕਿਸਤਾਨ ਦੀ ਫੌਜ ਕਰਦੀ ਹੈ। ਇਸ ’ਚ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ. ਐੱਸ. ਆਈ. ਦੀ ਵੀ ਬਰਾਬਰ ਦੀ ਹਿੱਸੇਦਾਰੀ ਹੁੰਦੀ ਹੈ। ਇਸ ਤਰ੍ਹਾਂ ਦੇ ਸੰਗਠਨਾਂ ਨੂੰ ਸਿਰਫ ਨਫਰਤ ਕਰਨਾ ਤੇ ਨਫਰਤ ਭੜਕਾਉਣਾ ਹੀ ਸਿਖਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਨੂੰ ਗੈਰ-ਇਸਲਾਮੀ ਧਾਰਮਿਕ ਸਥਾਨਾਂ ’ਤੇ ਤੋੜ-ਮਰੋੜ ਕਰਨ ਦੀ ਪੂਰੀ ਟਰੇਨਿੰਗ ਦਿੱਤੀ ਜਾਂਦੀ ਹੈ। ਅਲਤਾਫ ਨੇ ਕਿਹਾ ਕਿ ਗੈਰ-ਇਸਲਾਮਿਕ, ਘੱਟਗਿਣਤੀ ਲੋਕਾਂ ਲਈ ਪਾਕਿਸਤਾਨ ਇਕ ਮੌਤ ਦੀ ਜਗ੍ਹਾ ਬਣ ਗਈ ਹੈ, ਜਿਥੇ ਕੋਈ ਸੁਰੱਖਿਅਤ ਨਹੀਂ ਹੈ।
Comment here