ਸਿਆਸਤਸਿਹਤ-ਖਬਰਾਂਚਲੰਤ ਮਾਮਲੇਦੁਨੀਆਵਿਸ਼ੇਸ਼ ਲੇਖ

ਮੰਕੀਪਾਕਸ ਤੋਂ ਘਾਬਰਨ ਦੀ ਨਹੀਂ ਸਾਵਧਾਨ ਰਹਿਣ ਦੀ ਲੋੜ

ਕਰੋਨਾ ਤੋਂ ਬਾਅਦ ਅੱਜ ਮੰਕੀਪਾਕਸ ਦੀ ਸਾਰੀ ਦੁਨੀਆ ਵਿਚ ਚਰਚਾ ਹੋ ਰਹੀ ਹੈ। ਹੁਣ ਤੱਕ ਦੁਨੀਆ ਅੰਦਰ 76 ਦੇਸ਼ਾਂ ਵਿਚ 19000 ਕੇਸ ਮਿਲ ਚੁੱਕੇ ਹਨ। ਭਾਰਤ ਵਿਚ ਵੀ ਕੇਸ ਮਿਲ ਰਹੇ ਹਨ। ਇਸ ਬਿਮਾਰੀ ਬਾਰੇ ਦੁਨੀਆ ਵਿਚ ਫ਼ਿਕਰ ਦੀ ਗੱਲ ਇਸ ਕਰਕੇ ਹੋ ਰਹੀ ਹੈ, ਕਿਉਂਕਿ ਹੁਣ ਤੱਕ ਇਹ ਕੇਵਲ ਅਫ਼ਰੀਕਾ ਦੇ ਦੇਸ਼ਾਂ ਵਿਚ ਸੀ, ਪਰ ਹੁਣ ਸਾਰੀ ਦੁਨੀਆ ਵਿਚ ਫੈਲ ਰਹੀ ਹੈ। ਵਿਸ਼ਵ ਸਿਹਤ ਸੰਗਠਨ ਵਲੋਂ ਦਿੱਤੀ ਜਾਣਕਾਰੀ ਮੁਤਾਬਿਕ ਇਸ ਨੂੰ ਫੈਲਾਉਣ ਵਾਲਾ ਵਾਇਰਸ ਚੇਚਕ ਦੇ ਵਾਇਰਸ ਦੇ ਨਾਲ ਮਿਲਦਾ-ਜੁਲਦਾ ਹੈ। ਜਿਸ ਤਰ੍ਹਾਂ ਕਿ ਨਾਂਅ ਦਰਸਾਉਂਦਾ ਹੈ ਇਹ ਬਿਮਾਰੀ ਦੂਸਰੀਆਂ ਪ੍ਰਜਾਤੀਆਂ ਤੋਂ ਮਨੁੱਖਾਂ ਨੂੰ ਹੁੰਦੀ ਹੈ। ਸਭ ਤੋਂ ਪਹਿਲਾ ਕੇਸ 1958 ਵਿਚ ਇਕ ਬਾਂਦਰ ਵਿਚ ਪਾਇਆ ਗਿਆ ਸੀ ਤੇ 1970 ਵਿਚ ਇਕ ਬੱਚੇ ਵਿਚ ਮਿਲਿਆ ਸੀ। ਇਹ ਬਿਮਾਰੀ ਵਧੇਰੇ ਕਰਕੇ ਪੱਛਮੀ ਅਤੇ ਕੇਂਦਰੀ ਅਫ਼ਰੀਕਾ, ਜੋ ਕਿ ਭੂਮੱਧ ਰੇਖਾ ਦੇ ਨੇੜੇ ਹਨ ਅਤੇ ਜਿਥੇ ਜੰਗਲ ਜ਼ਿਆਦਾ ਹੋਣ ਕਰਕੇ ਨਮੀ ਅਧਿਕ ਹੈ, ਵਿਚ ਹੁੰਦੀ ਹੈ। ਕਿਉਂਕਿ ਇਸ ਬਿਮਾਰੀ ਦੇ ਲੱਛਣ ਅਨੇਕਾਂ ਲੋਕਾਂ ਵਿਚ ਸਾਰੀ ਦੁਨੀਆ ਵਿਚ ਪਾਏ ਜਾ ਰਹੇ, ਇਸ ਲਈ ਵਿਸ਼ਵ ਸਿਹਤ ਸੰਗਠਨ ਨੇ ਇਸ ਬਿਮਾਰੀ ਨੂੰ ਚਿੰਤਾਜਨਕ ਬਿਮਾਰੀ ਗਰਦਾਨਿਆ ਹੈ। ਇਸ ਲਈ ਇਸ ਤੋਂ ਹੋਣ ਵਾਲੇ ਲੱਛਣਾਂ ਬਾਰੇ ਤੇ ਬਿਮਾਰੀ ਦੇ ਰੂਪ ਬਾਰੇ ਜਾਣਕਾਰੀ ਜ਼ਰੂਰੀ ਹੈ।
ਜਿਵੇਂ ਕਿ ਸਾਹ ਦੀਆਂ ਬਿਮਾਰੀਆਂ ਲਗਾਉਣ ਵਾਲੇ ਵਾਇਰਸ ਫੈਲਦੇ ਹਨ, ਇਹ ਵੀ ਸਾਡੇ ਸਰੀਰ ਵਿਚ ਆਹਮਣੇ-ਸਾਹਮਣੇ ਸਾਹ ਲੈਣ ਤੋਂ ਫੈਲਦੀ ਹੈ। ਇਸ ਤੋਂ ਇਲਾਵਾ ਰੋਗੀ ਨੂੰ ਛੂਹਣ ਦੇ ਨਾਲ ਅਤੇ ਸਰੀਰ ਵਿਚਲਾ ਤਰਲ ਦੂਸਰੇ ਵਿਅਕਤੀ ਦੇ ਤਰਲ ਨਾਲ ਮਿਲਣ ‘ਤੇ ਵੀ ਇਹ ਰੋਗ ਫੈਲਦਾ ਹੈ। ਸਮਲੈਂਗਿਕ ਪੁਰਸ਼ਾਂ ਵਿਚ ਖ਼ਾਸ ਤੌਰ ‘ਤੇ ਇਸ ਨੂੰ ਦੇਖਿਆ ਗਿਆ ਹੈ। ਬਾਅਦ ਵਿਚ ਜੇ ਅਜਿਹਾ ਪੁਰਸ਼ ਕਿਸੇ ਇਸਤਰੀ ਨਾਲ ਸਰੀਰਕ ਸੰਬੰਧ ਬਣਾਉਂਦਾ ਹੈ ਤਾਂ ਬਿਮਾਰੀ ਇਸਤਰੀਆਂ ਵਿਚ ਵੀ ਫੈਲ ਜਾਂਦੀ ਹੈ। ਵਾਇਰਸ ਦੇ ਸਰੀਰ ਵਿਚ ਦਾਖ਼ਲ ਹੋਣ ਤੋਂ, ਇਕ ਤੋਂ ਤਿੰਨ ਹਫ਼ਤੇ ਦੇ ਸਮੇਂ ਬਾਅਦ ਇਸ ਬਿਮਾਰੀ ਦੇ ਲੱਛਣ ਪੈਦਾ ਹੋ ਸਕਦੇ ਹਨ। ਇਨ੍ਹਾਂ ਲੱਛਣਾਂ ਵਿਚ ਜਿਸ ਤਰ੍ਹਾਂ ਕਿ ਵਾਇਰਸ ਨਾਲ ਹੋਣ ਵਾਲੇ ਦੂਜੇ ਵਿਕਾਰਾਂ ਵਿਚ ਹੁੰਦਾ ਹੈ, ਬੁਖਾਰ, ਜ਼ੁਕਾਮ, ਖਾਂਸੀ, ਸਿਰ ਤੇ ਸਰੀਰ ਦੁਖਣਾ, ਮਾਸਪੇਸ਼ੀਆਂ ਵਿਚ ਦਰਦ ਹੋਣਾ ਆਦਿ ਹੁੰਦੇ ਹਨ ਅਤੇ ਨਾਲ ਹੀ ਸਰੀਰ ਵਿਚ ਗਿਲਟੀਆਂ ਵੀ ਪੈਦਾ ਹੋ ਜਾਂਦੀਆਂ ਹਨ, ਜਿਨ੍ਹਾਂ ਵਿਚ ਦਰਦ ਵੀ ਹੁੰਦਾ ਹੈ। ਬਾਅਦ ਵਿਚ ਸਰੀਰ ‘ਤੇ ਛਾਲੇ ਪੈਦਾ ਹੋ ਜਾਂਦੇ ਹਨ, ਤਲੀਆਂ, ਪੈਰਾਂ ਦੇ ਤਲੇ ਤੇ ਮੂੰਹ ਦੇ ਉੱਪਰ ਤੇ ਅੰਦਰ ਵੀ। ਇਨ੍ਹਾਂ ਛਾਲਿਆਂ ਤੇ ਪੇਪੜੀਆਂ ਜੰਮ ਜਾਂਦੀਆਂ ਹਨ। ਜਦੋਂ ਉਹ ਸੁੱਕ ਜਾਂਦੇ ਹਨ, ਫਿਰ ਉਨ੍ਹਾਂ ਦੀਆਂ ਪੇਪੜੀਆਂ ਉਤਰ ਕੇ ਫੈਲਦੀਆਂ ਹਨ। ਉਨ੍ਹਾਂ ਦੇ ਅੰਦਰ ਵੀ ਇਹ ਵਾਇਰਸ ਹੋ ਸਕਦਾ ਹੈ ਜੋ ਕਿ ਸਾਹ ਦੇ ਰਸਤੇ ਸਰੀਰ ਵਿਚ ਦਾਖ਼ਲ ਹੋ ਸਕਦਾ ਹੈ।
ਜੇ ਇਹ ਲੱਛਣ ਕਿਸੇ ਵਿਅਕਤੀ ਵਿਚ ਹੋਣ ਤਾਂ ਮੰਕੀਪਾਕਸ ਬਾਰੇ ਸ਼ੱਕ ਕਰਨਾ ਚਾਹੀਦਾ ਹੈ। ਇਹ ਬਿਮਾਰੀ ਜ਼ਿਆਦਾਤਰ ਆਪਣੇ-ਆਪ ਠੀਕ ਹੋ ਜਾਂਦੀ ਹੈ। ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਕੇਂਦਰੀ ਅਫ਼ਰੀਕਾ ਦੇ ਵਾਇਰਸ ਨਾਲ 10 ਫ਼ੀਸਦੀ ਅਤੇ ਪੱਛਮੀ ਅਫ਼ਰੀਕਾ ਦੇ ਵਾਇਰਸ ਨਾਲ 3.6 ਫ਼ੀਸਦੀ ਹੈ। ਇਸ ਲਈ ਇਸ ਬਿਮਾਰੀ ਤੋਂ ਬਚਣ ਦੇ ਉਪਾਅ ਸਾਡੇ ਲਈ ਜਾਣਨਾ ਬਹੁਤ ਜ਼ਰੂਰੀ ਹਨ।
ਪਹਿਲਾਂ ਤਾਂ ਇਹ ਕਿ ਜੇ ਕਿਸੇ ਵਿਅਕਤੀ ਨੂੰ ਖੰਘ, ਜ਼ੁਕਾਮ, ਬੁਖਾਰ ਆਦਿ ਹੋਵੇ ਤਾਂ ਉਸ ਦੇ ਨੇੜੇ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਮਾਸਕ ਲਗਾ ਕੇ ਉਸ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਰੋਗੀ ਨੂੰ ਵੀ ਮਾਸਕ ਲਗਾ ਕੇ ਰੱਖਣਾ ਚਾਹੀਦਾ ਹੈ।
ਇਸ ਵਿਅਕਤੀ ਦੁਆਰਾ ਵਰਤੇ ਜਾਣ ਵਾਲੇ ਕੱਪੜੇ, ਤੌਲੀਆ ਆਦਿ ਤੋਂ ਵੀ ਦੂਰੀ ਬਣਾ ਕੇ ਰੱਖਣੀ ਜ਼ਰੂਰੀ ਹੈ। ਇਨ੍ਹਾਂ ਰੋਗੀਆਂ ਨੂੰ ਬਿਨਾਂ ਦਸਤਾਨਾ ਪਾਏ ਛੂਹਣਾ ਨਹੀਂ ਚਾਹੀਦਾ, ਕਿਉਂਕਿ ਇਨ੍ਹਾਂ ਵਿਚ ਜੀਵਾਣੂ ਹੋ ਸਕਦੇ ਹਨ ਜੋ ਕਿ ਸਾਡੇ ਸਰੀਰ ਵਿਚ ਦਾਖ਼ਲ ਹੋ ਸਕਦੇ ਹਨ। ਇਸ ਲਈ ਇਸ ਕਿਸਮ ਦੇ ਲੱਛਣ ਨਜ਼ਰ ਆਉਣ ਤਾਂ ਜਾਂਚ ਕਰਾ ਲੈਣੀ ਜ਼ਰੂਰੀ ਹੈ। ਜੇਕਰ ਬਿਮਾਰੀ ਸਾਬਤ ਹੋ ਜਾਏ ਤਾਂ ਰੋਗੀ ਨੂੰ 21 ਦਿਨ ਤੱਕ ਵੱਖਰੇ ਰੱਖਣਾ ਜ਼ਰੂਰੀ ਹੈ ਜਦੋਂ ਤੱਕ ਉਸ ਦੇ ਸਰੀਰ ਤੋਂ ਸਾਰੀਆਂ ਪੇਪੜੀਆਂ ਉਤਰ ਕੇ ਉਸ ਦੇ ਸਰੀਰ ਦੀ ਚਮੜੀ ਸਾਫ਼ ਨਹੀਂ ਹੋ ਜਾਂਦੀ। ਕਿਉਂਕਿ ਇਸ ਦਾ ਵਾਇਰਸ ਚੇਚਕ ਦੇ ਵਾਇਰਸ ਨਾਲ ਮਿਲਦਾ-ਜੁਲਦਾ ਹੈ, ਇਸ ਲਈ ਇਹ ਸਮਝਿਆ ਜਾ ਰਿਹਾ ਹੈ ਕਿ ਜਿਨ੍ਹਾਂ ਨੂੰ ਚੇਚਕ ਦੇ ਟੀਕੇ ਲੱਗੇ ਹੋਏ ਹਨ ਉਨ੍ਹਾਂ ਨੂੰ ਇਸ ਬਿਮਾਰੀ ਤੋਂ 87 ਪ੍ਰਤੀਸ਼ਤ ਰੋਕਥਾਮ ਮਿਲਦੀ ਹੈ। ਪਰ ਕਿਉਂਕਿ ਚੇਚਕ ਉਤੇ ਅਸੀਂ 1970ਵਿਆਂ ਵਿਚ ਕਾਬੂ ਪਾ ਲਿਆ ਸੀ, ਇਸ ਲਈ ਜੋ ਉਸ ਤੋਂ ਬਾਅਦ ਪੈਦਾ ਹੋਏ ਹਨ, ਉਨ੍ਹਾਂ ਨੂੰ ਇਹ ਟੀਕੇ ਨਹੀਂ ਲੱਗੇ ਹੋਏ ਤੇ ਉਨ੍ਹਾਂ ਨੂੰ ਮੁਕਾਬਲਤਨ ਵਧੇਰੇ ਸਾਵਧਾਨੀ ਵਰਤਣ ਦੀ ਲੋੜ ਹੈ।
ਸਿਹਤ ਕਰਮੀਆਂ ਨੂੰ ਇਸ ਬਿਮਾਰੀ ਬਾਰੇ ਸਾਵਧਾਨੀਆਂ ਬਾਰੇ ਉਚੇਚੀ ਜਾਣਕਾਰੀ ਦੇਣ ਦੀ ਲੋੜ ਹੈ।
ਰੋਗੀ ਤੋਂ ਡਰਨ ਜਾਂ ਦੂਰ ਭੱਜਣ ਦੀ ਲੋੜ ਨਹੀਂ ਹੈ ਜਿਵੇਂ ਕਿ ਅਸੀਂ ਕੋਰੋਨਾ ਕਾਲ ਵਿਚ ਸ਼ੁਰੂ-ਸ਼ੁਰੂ ਵਿਚ ਦੇਖਿਆ ਸੀ। ਉਦੋਂ ਕਈ ਥਾਵਾਂ ‘ਤੇ ਸਿਹਤ ਕਰਮੀਆਂ ਨਾਲ ਹੀ ਲੋਕਾਂ ਨੇ ਇਸ ਗੱਲ ਤੋਂ ਦੂਰੀ ਬਣਾ ਕੇ ਰੱਖਣੀ ਸ਼ੁਰੂ ਕਰ ਦਿੱਤੀ ਸੀ ਕਿ ਉਹ ਬਿਮਾਰੀ ਫੈਲਾਉਣਗੇ। ਸਾਡੇ ਦੇਸ਼ ਵਿਚ ਵਹਿਮਾਂ-ਭਰਮਾਂ ਦੀ ਭਰਮਾਰ ਹੈ। ਇਸ ਰੋਗ ਬਾਰੇ ਵੀ ਕਈ ਗ਼ੈਰ-ਪ੍ਰਮਾਣਿਤ ਨੁਸਖੇ ਦੱਸੇ ਜਾਣਗੇ, ਜਿਨ੍ਹਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ।
ਘਬਰਾਹਟ ਦੀ ਲੋੜ ਨਹੀਂ ਹੈ, ਸਾਵਧਾਨੀ ਜ਼ਰੂਰੀ ਹੈ, ਸਰਕਾਰ ਵਲੋਂ ਵੀ ਤੇ ਲੋਕਾਂ ਵਲੋਂ ਵੀ। ਹੁਣ ਤੱਕ ਬਹੁਤ ਵੱਡੀ ਗਿਣਤੀ ਵਿਚ ਕੇਸ ਨਹੀਂ ਆਏ ਪਰ ਜੇ ਅਸੀਂ ਚੇਤੰਨ ਹੋਈਏ ਤਾਂ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ।
ਸਾਡੇ ਦੇਸ਼ ਸਾਹਮਣੇ ਅਨੇਕਾਂ ਬਿਮਾਰੀਆਂ ਚੁਣੌਤੀ ਬਣ ਕੇ ਖੜ੍ਹੀਆਂ ਹਨ, ਜਿਨ੍ਹਾਂ ਵਿਚ ਮਲੇਰੀਆ, ਟੀ.ਬੀ., ਪੇਚਿਸ਼ ਆਦਿ ਸ਼ਾਮਿਲ ਹਨ, ਜਿਨ੍ਹਾਂ ਬਾਰੇ ਸਰਕਾਰਾਂ ਨੂੰ ਬਜਟ ਵਿਚ ਕਮੀ ਨਹੀਂ ਕਰਨੀ ਚਾਹੀਦੀ। ਸਿਹਤ ‘ਤੇ ਖ਼ਰਚਾ ਵੱਧ ਕਰਨਾ ਚਾਹੀਦਾ ਹੈ। ਇਸ ਦੇ ਟੀਕੇ ਬਣਾਉਣ ਲਈ ਬਿਨਾਂ ਕਿਸੇ ਮੁਨਾਫ਼ੇ ਵਾਲੇ ਮੰਤਵ ਦੇ, ਸਰਕਾਰੀ ਖੇਤਰ ਵਿਚ ਟੀਕੇ ਤੇ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੂੰ ਮੁੜ ਸੁਰਜੀਤ ਕਰਨਾ ਚਾਹੀਦਾ ਹੈ।

-ਡਾ ਅਰੁਣ ਮਿੱਤਰਾ

Comment here