ਸਾਹਿਤਕ ਸੱਥਵਿਸ਼ੇਸ਼ ਲੇਖ

  ਮੜ੍ਹੀ ਦਾ ਦੀਵਾ ਜਗਾਉਣ ਵਾਲੇ ਪ੍ਰੋ. ਗੁਰਦਿਆਲ ਸਿੰਘ

(ਅੱਜ ਜਨਮ ਦਿਨ ’ਤੇ ਵਿਸ਼ੇਸ਼)

ਅਸੀਂ ਇਹ ਤਾਂ ਜਾਣਦੇ ਹਾਂ ਕਿ ਉੱਘੇ ਨਾਵਲਕਾਰ ਪ੍ਰੋ. ਗੁਰਦਿਆਲ ਸਿੰਘ ਦਾ ਜਨਮ 10 ਜਨਵਰੀ 1933 ਨੂੰ ਹੋਇਆ ਤੇ ਉਹ 16 ਅਗਸਤ 2016 ਨੂੰ ਸਾਨੂੰ ਸਰੀਰਕ ਰੂਪ ਵਿਚ ਅਲਵਿਦਾ ਕਹਿ ਗਏ ਪਰ ਉਨ੍ਹਾਂ ਦੀ ਵਿਚਾਰਧਾਰਕ ਉਮਰ ਸਾਡੀਆਂ ਗਿਣਤੀਆਂ ਮਿਣਤੀਆਂ ’ਚ ਨਹੀਂ ਆਉਂਦੀ। ਸਾਡੇ ਸਾਰਿਆਂ ਦੇ ਤੁਰ ਜਾਣ ਤੋਂ ਬਾਅਦ ਵੀ ਉਨ੍ਹਾਂ ਵਿਚਾਰਧਾਰਕ ਤੌਰ ’ਤੇ ਕਿੰਨਾ ਚਿਰ ਜਿਊਣਾ ਹੈ ਤੇ ਆਉਣ ਵਾਲੀਆਂ ਕਿੰਨੀਆਂ ਪੀੜ੍ਹੀਆਂ ਨੇ ਉਨ੍ਹਾਂ ਦੀ ਸਾਹਿਤਕ ਦੇਣ ’ਤੇ ਸੰਵਾਦ ਰਚਾਉਣਾ ਹੈ, ਇਸ ਬਾਰੇ ਅਸੀਂ ਕੋਈ ਪੁਖਤਾ ਨਿਰਣਾ ਨਹੀਂ ਦੇ ਸਕਦੇ। ਕਿਸੇ ਲੇਖਕ, ਚਿੰਤਕ ਜਾਂ ਵਿਦਵਾਨ ਦੇ ਵਿਚਾਰਧਾਰਕ ਫਲਸਫ਼ੇ ਦੀ ਮਹਾਨਤਾ ਦਾ ਅਸਲ ਮਾਪਦੰਡ ਇਹੀ ਹੁੰਦਾ ਹੈ ਕਿ ਉਹ ਸਰੀਰਕ ਤੌਰ ’ਤੇ ਖ਼ਤਮ ਹੋ ਜਾਣ ਤੋਂ ਬਾਅਦ ਵੀ ਸਦੀਆਂ ਤਕ ਜੀਵੇ ਤੇ ਆਪਣੇ ਜਿਉਂਦੇ ਜੀਅ ਆਪਣੀ ਵਿਚਾਰਧਾਰਾ ਦੀ ਸੰਭਾਲ ਕਰਨ ਵਾਲੇ ਵਾਰਿਸ ਪੈਦਾ ਕਰ ਕੇ ਜਾਵੇ। ਜੇ ਪ੍ਰੋ. ਗੁਰਦਿਆਲ ਸਿੰਘ ਦੇ ਤੁਰ ਜਾਣ ਤੋਂ ਬਾਅਦ ਵੀ ਉਸ ਦਾ ਜਨਮ ਦਿਨ ਮਨਾਉਣ ਦੀ ਪਰੰਪਰਾ ਨੂੰ ਕੁਝ ਜਾਗਰੂਕ ਲੋਕਾਂ ਨੇ ਜਾਰੀ ਰੱਖਿਆ ਹੋਇਆ ਹੈ ਤਾਂ ਇਸ ਦਾ ਅਰਥ ਇਹੀ ਹੈ ਕਿ ਉਹ ਇਹ ਦੋਹੇਂ ਕਾਰਜ ਪੂਰੀ ਤਨਦੇਹੀ ਨਾਲ ਕਰ ਕੇ ਹੀ ਦੁਨੀਆ ਤੋਂ ਰੁਖ਼ਸਤ ਹੋਇਆ ਹੈ ਅਤੇ ਉਸ ਦੀ ਵਿਚਾਰਧਾਰਕ ਵਿਰਾਸਤ ਚਿਰਜੀਵੀ ਤੇ ਸਰਬ ਮਨੁੱਖ ਜਾਤੀ ਲਈ ਕਲਿਆਣਕਾਰੀ ਹੈ। ਪੰਜਾਬੀ ਨਾਵਲ ਦੀ ਜਿਹੜੀ ਕਲਾਸਿਕ ਪਛਾਣ ਗੁਰਦਿਆਲ ਸਿੰਘ ਦੇ ਨਾਵਲ ‘ਮੜ੍ਹੀ ਦਾ ਦੀਵਾ’ ਦੇ ਹਿੱਸੇ ਆਈ ਹੈ ਉਹ ਅਜੇ ਤਕ ਕਿਸੇ ਪੰਜਾਬੀ ਦੇ ਕਿਸੇ ਵੀ ਹੋਰ ਪੰਜਾਬੀ ਨਾਵਲ ਨੂੰ ਨਸੀਬ ਨਹੀਂ ਹੋਈ। ਸੰਨ 1964 ਵਿਚ ਪ੍ਰਕਾਸ਼ਿਤ ਹੋਏ ਉਸਦੇ ਇਸ ਪਹਿਲੇ ਨਾਵਲ ਨੇ ਇਕ ਦਮ ਉਸਦੀ ਪਛਾਣ ਇਕ ਕਹਾਣੀਕਾਰ ਤੋਂ ਸੰਸਾਰ ਪੱਧਰ ਦੇ ਕਲਾਸਿਕ ਨਾਵਲਕਾਰ ਵਜੋਂ ਬਣਾ ਦਿੱਤੀ। ਜਿੰਨਾ ਇਹ ਨਾਵਲ ਪੰਜਾਬੀ ਭਾਸ਼ਾ ਦੇ ਪਾਠਕਾਂ ਵੱਲੋਂ ਪੜ੍ਹਿਆ ਗਿਆ, ਉਸ ਤੋਂ ਵੱਧ ਇਹ ਰੂਸੀ ਤੇ ਹੋਰ ਵਿਦੇਸ਼ੀ ਭਾਸ਼ਾਵਾਂ ਦੇ ਪਾਠਕਾਂ ਵੱਲੋਂ ਪੜ੍ਹਿਆ ਗਿਆ। ਇਸ ਨਾਵਲ ਨੂੰ ਸੋਵੀਅਤ ਰੂਸ ਦੇ ਪਰਚੇ ‘ਵਿਦੇਸ਼ੀ ਸਾਹਿਤ’ ਵਿਚ ਛਪਣ ਦਾ ਮਾਣ ਵੀ ਹਾਸਿਲ ਹੋਇਆ, ਜਿਸ ਦੀਆਂ ਉਸ ਵੇਲੇ ਚਾਰ ਲੱਖ ਕਾਪੀਆਂ ਛਪਦੀਆਂ ਤੇ ਸਾਰੀ ਦੁਨੀਆ ਵਿਚ ਪਹੁੰਚਦੀਆਂ ਸਨ। ਸਾਡੇ ਪੰਜਾਬੀ ਲੋਕਾਂ ਦੀ ਮਾਨਸਿਕਤਾ ਹੀ ਇਸ ਕਿਸਮ ਦੀ ਹੈ ਕਿ ਜਦੋਂ ਤਕ ਸਾਡਾ ਕੋਈ ਲੇਖਕ ਵਿਦੇਸ਼ੀ ਪਾਠਕਾਂ ਵੱਲੋਂ ਪ੍ਰਵਾਨ ਨਾ ਕਰ ਲਿਆ ਜਾਵੇ ਤੇ ਜਾਂ ਉਸ ਨੂੰ ਕੌਮੀ ਜਾਂ ਕੌਮਾਂਤਰੀ ਪੱਧਰ ’ਤੇ ਕੋਈ ਵੱਡਾ ਇਨਾਮ ਸਨਮਾਨ ਨਾ ਮਿਲ ਜਾਵੇ, ਉਦੋਂ ਤਕ ਅਸੀਂ ਉਸ ਨੂੰ ਵੱਡਾ ਜਾਂ ਮਹਾਨ ਲੇਖਕ ਹੀ ਨਹੀਂ ਮੰਨਦੇ। ਇਸ ਸੰਦਰਭ ਵਿਚ ਪ੍ਰੋ. ਗੁਰਦਿਆਲ ਸਿੰਘ ਦੀ ਇਹ ਖ਼ਾਸ ਪ੍ਰਾਪਤੀ ਹੈ ਕਿ ਉਸ ਨੂੰ ਸਰੀਰਕ ਤੌਰ ’ਤੇ ਜਿਉਂਦੇ ਜੀਅ ਵੀ ਦੇਸੀ ਤੇ ਵਿਦੇਸ਼ੀ ਪਾਠਕਾਂ ਦੀ ਵੱਧ ਤੋਂ ਵੱਧ ਸਵਕਿ੍ਰਤੀ ਹਾਸਿਲ ਰਹੀ ਤੇ ਸਰੀਰਕ ਤੌਰ ’ਤੇ ਤੁਰ ਜਾਣ ਤੋਂ ਬਾਅਦ ਵੀ ਇਹ ਸਵੀਕਿ੍ਰਤੀ ਉਸਦੀ ਵਿਚਾਰਧਾਰਕ ਉਮਰ ਨੂੰ ਲੰਮਿਆਂ ਕਰ ਰਹੀ ਹੈ। ਉਸ ਨੂੰ ਸਾਹਿਤਕ ਖੇਤਰ ਦਾ ਸਭ ਤੋਂ ਵੱਡਾ ਇਨਾਮ ਗਿਆਨਪੀਠ ਅਵਾਰਡ ਸਮੇਤ ਸੋਵੀਅਤ ਨਹਿਰੂ ਅਵਾਰਡ ਤੇ ਸਾਹਿਤ ਅਕਾਦਮੀ ਅਵਾਰਡ ਵੀ ਪ੍ਰਾਪਤ ਹੋਏ ਤੇ ਭਾਰਤ ਸਰਕਾਰ ਵੱਲੋਂ ਉਸਨੂੰ ਪਦਮਸ੍ਰੀ ਦੀ ਉਪਾਧੀ ਵੀ ਦਿੱਤੀ ਗਈ ਪਰ ਏਨੀ ਪ੍ਰਸਿੱਧੀ ਤੇ ਮਾਨਤਾ ਮਿਲਣ ਦੇ ਬਾਵਜੂਦ ਉਸ ਆਪਣੇ ਅੰਦਰਲੇ ਸਧਾਰਨ ਤੇ ਕਿਰਤੀ ਬੰਦੇ ਨੂੰ ਜਿਉਂਦਾ ਰੱਖਿਆ। ਹੁਣ ਅਸੀਂ ਇੰਟਰਨੈੱਟ ਦੇ ਯੁੱਗ ਵਿਚ ਜਿਉੂ ਰਹੇ ਹਾਂ, ਇਸ ਲਈ ਸਾਡੇ ਵਿੱਚੋਂ ਹਰ ਕੋਈ ਵਿਦੇਸ਼ੀ ਪਰਚਿਆਂ ਵਿਚ ਛਪਣ ਦਾ ਮਾਣ ਹਾਸਿਲ ਕਰ ਸਕਦਾ ਹੈ ਪਰ 1964 ਵਿਚ ਜਦੋਂ ਉਸਦਾ ਪਹਿਲਾ ਨਾਵਲ ‘ਮੜ੍ਹੀ ਦਾ ਦੀਵਾ’ ਛਪਿਆ ਤਾਂ ਉਸ ਵੇਲੇ ਟੈਲੀਫੋਨ ਦੀ ਸਹੂਲਤ ਵੀ ਨਹੀਂ ਸੀ ਹੁੰਦੀ। ਜੇ ਕੋਈ ਸਾਡਾ ਲੇਖਕ ਉਦੋਂ ਲੱਖਾਂ ਦੀ ਗਿਣਤੀ ਵਿਚ ਵਿਦੇਸ਼ੀ ਪਾਠਕਾਂ ਤਕ ਪਹੁੰਚਦਾ ਹੈ ਤਾਂ ਕਲਪਣਾ ਕਰੋ ਕਿ ਉਹ ਕਿੰਨਾ ਵੱਡਾ ਤੇ ਕਿੰਨਾ ਮਹਾਨ ਲੇਖਕ ਹੋਵੇਗਾ। ਜੇ ਕੌਮੀ ਪੱਧਰ ਦੇ ਵਿਸ਼ਲੇਸ਼ਕਾਂ ਨੇ ਇਸ ਨਾਵਲ ਦੀ ਤੁਲਨਾ ਭਾਰਤ ਦੇ ਪ੍ਰਸਿੱਧ ਲੇਖਕ ਮੁਨਸ਼ੀ ਪ੍ਰੇਮ ਚੰਦ ਦੇ ਸੰਸਾਰ ਪ੍ਰਸਿੱਧ ਨਾਵਲ ‘ਗੋ ਦਾਨ’ ਤੇ ਫਰਨੇਸ਼ਵਰ ਰੇਣੂ ਦੇ ਨਾਵਲ ‘ਮੈਲਾ ਆਂਚਲ’ ਨਾਲ ਕੀਤੀ ਹੈ ਤਾਂ ਇਸ ਨਾਲ ਕੇਵਲ ਗੁਰਦਿਆਲ ਸਿੰਘ ਦਾ ਨਹੀਂ ਸਮੁੱਚੇ ਪੰਜਾਬੀ ਸਾਹਿਤ ਦਾ ਮਾਣ ਵਧਿਆ ਹੈ। ਜਦੋਂ ਗੁਰਦਿਆਲ ਸਿੰਘ ਦੇ ਨਾਵਲ ‘ਮੜੀ ਦਾ ਦੀਵਾ’ ਨੇ ਪੰਜਾਬੀ ਨਾਵਲ ਵਿਚਲੀ ਆਦਰਸ਼ਵਾਦੀ ਤੇ ਰੁਮਾਂਸਵਾਦੀ ਪਰੰਪਰਾ ਦੇ ਬਰਾਬਰ ਯਥਾਰਥਵਾਦੀ ਪਰੰਪਰਾ ਲਿਆਂਦੀ ਤਾਂ ਜਗਸੀਰ ਵਰਗੇ ਮਿਹਨਤਕਸ਼ ਲੋਕਾਂ ਨੂੰ ਵੀ ਸਾਹਿਤ ਦੇ ਖੇਤਰ ਵਿਚ ਇਕ ਨਵੀਂ ਪਛਾਣ ਮਿਲੀ। ਕੌਮੀ ਪੱਧਰ ’ਤੇ ਸਾਹਿਤ ਚਿੰਤਕਾਂ ਵੱਲੋਂ ਇਸ ਗੱਲ ਦਾ ਉਚੇਚਾ ਨੋਟਿਸ ਲਿਆ ਗਿਆ ਕਿ ਗੁਰਦਿਆਲ ਸਿੰਘ ਨੇ ਪਹਿਲੀ ਵਾਰ ਦਲਿਤ ਜਮਾਤ ਵਿੱਚੋਂ ਕੋਈ ਹੀਰੋ ਲਿਆ ਹੈ। ਇਸ ਨਾਵਲ ਦੇ ਪ੍ਰਕਾਸ਼ਿਤ ਹੋਣ ਨਾਲ ਖੇਤ ਮਜ਼ਦੂਰ ਜਗਸੀਰ ਕੇਵਲ ਇਕ ਨਾਵਲ ਦਾ ਪਾਤਰ ਨਾ ਹੋ ਕੇ ਸਮੁੱਚੀ ਖੇਤ ਮਜ਼ਦੂਰ ਜਮਾਤ ਦਾ ਪ੍ਰਤੀਨਿੱਧ ਪਾਤਰ ਬਣ ਗਿਆ ਤੇ ਨਾਵਲ ਨੇ ਸਮਾਜ ਸਾਹਮਣੇ ਇਕ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਕਿ ਉਸ ਵਰਗੇ ਮਿਹਨਤਕਸ਼ ਲੋਕ ਜਗ ਵਿਚ ਆ ਕੇ ਵੀ ਜਗ ਵਿਚ ਸੀਰ ਕਿਉਂ ਨਹੀਂ ਪਾ ਸਕਦੇ? ਹੁਣ ਜਦੋਂ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣ ਤੋਂ ਬਾਅਦ ਕਿਸਾਨ ਦਿੱਲੀ ਤੋਂ ਪਰਤੇ ਹਨ ਤਾਂ ਲੱਗਦਾ ਹੈ ਕਿ ਉਸਦੇ ਨਾਵਲ ‘ਅਣਹੋਏ’ ਦਾ ਪਾਤਰ ਬਿਸ਼ਨਾ ਵੀ ਉਨ੍ਹਾਂ ਵਿਚ ਸ਼ਾਮਿਲ ਹੋ ਕੇ ਉੱਚੀ-ਉੱਚੀ ਬੋਲ ਰਿਹਾ ਹੈ,“ਵੇਖ ਲੈ ਸਰਕਾਰੇ, ਹੁਣ ਮੈਂ ਵੀ ਅਣਹੋਏ ਤੋਂ ਹੋਏ ਵਿਚ ਸ਼ਾਮਿਲ ਹੋ ਗਿਆ ਹਾਂ।’’ ਉਸ ਦੇ ਨਾਵਲਾਂ ਤੇ ਕਹਾਣੀਆਂ ਦੇ ਨਾਇਕ ਭਾਵੇਂ ਅਜੇ ਸ਼ਕਤੀਸ਼ਾਲੀ ਪੂੰਜੀਵਾਦੀ ਵਿਵਸਥਾ ਨਾਲ ਟਕਰਾਉਣ ਵੇਲੇ ਹਾਰਾਂ ਦਾ ਸਾਹਮਣਾ ਵੀ ਕਰਦੇ ਹਨ ਪਰ ਉਨ੍ਹਾਂ ਵਿਚ ਦੁੱਲੇ ਭੱਟੀ ਵਾਂਗ ਹਾਰ ਕੇ ਵੀ ਹਾਰ ਨਾ ਮੰਨਣ ਵਾਲੀ ਨਾਬਰੀ ਤੇ ਰੜਕ ਜ਼ਰੂਰ ਮੌਜੂਦ ਹੈ। ਮੈਂ ਆਪਣੇ ਚਾਰ ਦਹਾਕਿਆਂ ਦੇ ਸਾਹਿਤਕ ਸਫ਼ਰ ਦੌਰਾਨ ਜੇ ਕਿਸੇ ਨਾਵਲਕਾਰ ਦੀ ਨਾਵਲ ਕਲਾ ਦੇ ਸਭ ਤੋਂ ਵੱਧ ਲੰਮੀ ਤੇ ਭੱਖਵੀਂ ਚਰਚਾ ਵੇਖੀ ਸੁਣੀ ਤੇ ਪੜ੍ਹੀ ਹੈ ਤਾਂ ਉਹ ਹੈ ਗੁਰਦਿਆਲ ਸਿੰਘ ਦੇ ਨਾਵਲਾਂ ਤੇ ਬਾਘਾਪੁਰਾਣਾ ਵਿਖੇ ਹੋਈ ਇਕ ਗੋਸ਼ਟੀ ਨਾਲ ਸਬੰਧਤ ਚਰਚਾ ਹੀ ਹੈ। ਸੰਨ 1980 ਦੇ ਨੇੜ ਤੇੜ ਮੈਂ ਸਾਹਿਤ ਸਭਾ ਬਾਘਾ ਪੁਰਾਣਾ ਦਾ ਜਨਰਲ ਸਕੱਤਰ ਸਾਂ ਤਾਂ ਸਾਡੀ ਸਭਾ ਨੇ ‘ਗੁਰਦਿਆਲ ਸਿੰਘ ਦੇ ਨਾਵਲਾਂ ਦਾ ਨਾਇਕ’ ਵਿਸ਼ੇ ’ਤੇ ਇਹ ਚਰਚਾ ਕਰਵਾਈ। ਇਸ ਗੋਸ਼ਟੀ ਵਿਚ ਪਰਚਾ ਡਾ. ਤੇਜਵੰਤ ਮਾਨ ਵੱਲੋਂ ਪੜ੍ਹਿਆ ਗਿਆ ਤੇ ਸੰਤ ਸਿੰਘ ਸੇਖੋਂ ਸਮੇਤ ਪੰਜਾਬੀ ਦੇ ਬਹੁਤ ਸਾਰੇ ਨਾਮਵਰ ਲੇਖਕਾਂ ਤੇ ਆਲੋਚਕਾਂ ਨੇ ਇਸ ’ਤੇ ਏਨੀ ਭਖਵੀਂ ਬਹਿਸ ਕੀਤੀ ਕਿ ਇਹ ਬਹਿਸ ਮੇਰੀ ਨਜ਼ਰ ਵਿੱਚੋਂ ਲੰਘੀ ਸਭ ਤੋਂ ਭਖਵੀ ਤੇੇ ਲੰਮੀ ਬਹਿਸ ਬਣ ਗਈ। ਬਾਅਦ ਵਿਚ ਇਹ ਪਰਚਾ ਉਸ ਸਮੇਂ ਦੇ ਪ੍ਰਸਿੱਧ ਪਰਚੇ ‘ਸੇਧ’ ਵਿਚ ਛਪਿਆ ਤਾਂ ਇੱਥੇ ਵੀ ਪੰਜਾਬੀ ਦੇ ਪ੍ਰਮੁੱਖ ਚਿੰਤਕ ਤੇ ਲੇਖਕ ਪ੍ਰੋ. ਗੁਰਦਿਆਲ ਸਿੰਘ ਬਾਰੇ ਡਾਕਟਰ ਤੇਜਵੰਤ ਮਾਨ ਵੱਲੋਂ ਪ੍ਰਗਟਾਏ ਵਿਚਾਰਾਂ ਨੂੰ ਲੈ ਕੇ ਦੋ ਸਾਲ ਤਕ ਆਪਸ ਵਿਚ ਭਿੜਦੇ ਰਹੇ। ਭਾਵੇਂ ਉਹ ਉਸ ਗੋਸ਼ਟੀ ਵਿਚ ਆਪ ਹਾਜ਼ਰ ਨਹੀਂ ਸਨ ਹੋਏ ਪਰ ਗ਼ੈਰ ਹਾਜ਼ਰ ਰਹਿ ਕੇ ਵੀ ਆਪਣੀ ਜ਼ਬਰਦਸਤ ਹਾਜ਼ਰੀ ਲਵਾਉਣੀ ਗੁਰਦਿਆਲ ਸਿੰਘ ਵਰਗੇ ਲੇਖਕਾਂ ਦੇ ਹਿੱਸੇ ਹੀ ਆਉਂਦੀ ਹੈ। ਉਸ ਦੀ ਕਲਮ ਤੋਂ ਦਸ ਨਾਵਲਾਂ ਤੇ ਦਸ ਹੀ ਕਹਾਣੀਆਂ ਦੀਆਂ ਪੁਸਤਕਾਂ ਨੇ ਜਨਮ ਲਿਆ ਹੈ। ਉਸ ਦੀਆਂ ਪ੍ਰਕਾਸ਼ਿਤ ਪੁਸਤਕਾਂ ਦੀ ਗਿਣਤੀ ਚਾਲੀ ਬਣਦੀ ਹੈ। ਪੰਜਾਬੀ ਦੇ ਨਵੇਂ ਲੇਖਕ ਗੁਰਦਿਆਲ ਸਿੰਘ ਦੀਆਂ ਲਿਖਤਾਂ ਪੜ੍ਹ ਕੇ ਸਿੱਖ ਸਕਦੇ ਹਨ ਕਿ ਨਿੱਕੀ ਤੋਂ ਨਿੱਕੀ ਘਟਨਾ ਨੂੰ ਕਿਵੇਂ ਗੰਭੀਰ ਅਰਥ ਪ੍ਰਦਾਨ ਕੀਤੇ ਜਾ ਸਕਦੇ ਹਨ। ਮਲਵਈ ਸੱਭਿਆਚਾਰ ਤੇ ਮਲਵਈ ਭਾਸ਼ਾ ਦੀ ਅਮੀਰੀ ਵਿਚ ਵਾਧਾ ਕਰਨ ਲਈ ਜਿਹੜਾ ਯੋਗਦਾਨ ਪ੍ਰੋ. ਗੁਰਦਿਆਲ ਸਿੰਘ ਤੇ ਰਾਮ ਸਰੂਪ ਅਣਖੀ ਨੇ ਪਾਇਆ ਹੈ, ਮੈਨੂੰ ਲੱਗਦਾ ਹੈ ਉਸ ਕਾਰਨ ਹੀ ਅੱਜ ਪੰਜਾਬੀ ਸਾਹਿਤ ਵਿਚ ਸਭ ਤੋਂ ਵੱਧ ਬੋਲਬਾਲਾ ਮਲਵਈ ਲੇਖਕਾਂ ਦਾ ਹੈ।

– ਨਿਰੰਜਣ ਬੋਹਾ

Comment here