ਬਠਿੰਡਾ- ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੌੜ ਮੰਡੀ ਵਿਚ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦੀ ਜਨਤਕ ਮੀਟਿੰਗ ਦੌਰਾਨ ਕਾਰ ਵਿਚ ਹੋਏ ਧਮਾਕਾ ਕੇਸ ਸਬੰਧੀ ਥਾਣਾ ਤਲਵੰਡੀ ਸਾਬੋ ਦੀ ਅਦਾਲਤ ਨੇ ਉਦੋਂ ਦੇ ਐੱਸਐੱਚਓ ਸ਼ਿਵ ਚੰਦ ਦੇ ਨਾਂ ’ਤੇ ਗ੍ਰਿਫ਼ਤਾਰੀ ਵਰੰਟ ਜਾਰੀ ਕੀਤੇ ਹਨ। ਮੌਜੂਦਾ ਡੀਐੱਸਪੀ ਸ਼ਿਵ ਚੰਦ ਇਸੇ ਸਮੇਂ ਮਾਮਲੇ ਦੀ ਜਾਂਚ ਕਰ ਰਹੇ ਸਨ। ਉਹ ਕਾਫ਼ੀ ਸਮੇਂ ਤੋਂ ਗਵਾਹੀ ਵਾਲੇ ਦਿਨ ਅਦਾਲਤ ਵਿਚ ਹਾਜ਼ਰ ਨਹੀਂ ਹੋ ਰਹੇ ਸਨ। ਇਸ ਕਾਰਨ ਅਦਾਲਤ ਨੂੰ ਹੁਣ ਉਸ ਦੇ ਗ੍ਰਿਫਤਾਰੀ ਵਰੰਟ ਜਾਰੀ ਕਰਨੇ ਪਏ। ਤਲਵੰਡੀ ਸਾਬੋ ਅਦਾਲਤ ਨੇ ਉਦੋਂ ਦੇ ਐੱਸਐੱਚਓ ਸ਼ਿਵ ਚੰਦ ਨੂੰ ਚਾਰ ਵਾਰ 21 ਦਸੰਬਰ, 14 ਫਰਵਰੀ, 26 ਅਪ੍ਰੈਲ ਤੇ ਫਿਰ 13 ਮਈ ਨੂੰ ਸੰਮਨ ਜਾਰੀ ਕੀਤੇ ਸਨ। ਉਹ ਕਿਸੇ ਵੀ ਤਰੀਕ ’ਤੇ ਅਦਾਲਤ ਵਿਚ ਪੇਸ਼ ਨਹੀਂ ਹੋਏ। ਅਗਲੀ ਕੇਸ ਦੀ ਸੁਣਵਾਈ 16 ਜੁਲਾਈ ਨੂੰ ਹੋਵੇਗੀ। ਕਾਬਿਲੇ ਜ਼ਿਕਰ ਹੈ ਕਿ ਮੌੜ ਪੁਲਿਸ ਵੱਲੋਂ 2017 ਵਿਚ ਦਰਜ ਕੀਤੀ ਗਈ 14 ਨੰਬਰ ਐੱਫਆਰਆਈ ਵਿਚ ਲਿਖਿਆ ਹੈ ਕਿ ਮੀਟਿੰਗ ਵਿਚ ਜ਼ੋਰਦਾਰ ਧਮਾਕਾ ਹੋਇਆ ਸੀ ਤੇ ਪੁਲਿਸ ਨੇ ਟਰੱਕ ਯੂਨੀਅਨ ਵੱਲ ਅੱਗ ਫੈਲਦੀ ਵੇਖੀ। ਇਸ ਤੋਂ ਬਾਅਦ ਐੱਸਐੱਚਓ ਆਪਣੇ ਸਾਥੀਆਂ ਸਮੇਤ ਮੌਕੇ ’ਤੇ ਪਹੁੰਚ ਗਿਆ, ਜਿੱਥੋਂ ਪਤਾ ਲੱਗਾ ਹੈ ਕਿ ਧਮਾਕੇ ਵਿਚ 3 ਜਣਿਆਂ ਦੀ ਮੌਤ ਹੋ ਗਈ ਸੀ ਤੇ 10 ਤੋਂ 12 ਜਣੇ ਜ਼ਖਮੀ ਹੋ ਗਏ ਸਨ। ਇਸ ਤੋਂ ਬਾਅਦ ਧਮਾਕੇ ਵਾਲੀ ਥਾਂ ’ਤੇ ਅੱਗ ’ਤੇ ਕਾਬੂ ਪਾ ਲਿਆ ਗਿਆ ਸੀ। ਧਮਾਕੇ ਵਾਲੀ ਥਾਂ ’ਤੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਸੀ।
Comment here