ਖਬਰਾਂ

ਮੌਸਮ ਦੇ ਬਦਲੇ ਮਿਜਾਜ਼ ਨਾਲ ਜਨਜੀਵਨ ਪ੍ਰਭਾਵਿਤ, ਤਪਸ਼ ਘਟੀ

ਨਵੀਂ ਦਿੱਲੀ- ਉੱਤਰੀ ਭਾਰਤ ਵਿੱਚ ਹਨੇਰੀ, ਬਾਰਿਸ਼ ਨਾਲ ਗਰਮੀ ਤੋਂ ਕਾਫੀ ਹੱਦ ਤੱਕ ਰਾਹਤ ਮਿਲੀ ਹੈ। ਪੰਜਾਬ ‘ਚ ਐਤਵਾਰ ਅੱਧੀ ਰਾਤ ਨੂੰ ਜਲੰਧਰ, ਲੁਧਿਆਣਾ, ਮੋਗਾ ਸਮੇਤ ਕਈ ਜ਼ਿਲ੍ਹਿਆਂ ‘ਚ ਹਨੇਰੀ ਤੇ ਬਾਰਿਸ਼ ਹੋਈ। ਇਸ ਨਾਲ ਗਰਮੀ ਤੋਂ ਰਾਹਤ ਮਿਲੀ ਅਤੇ ਤਾਪਮਾਨ ‘ਚ ਵੀ ਕਮੀ ਆਈ। ਹਾਲਾਂਕਿ ਤੂਫਾਨ ਕਾਰਨ ਕਈ ਥਾਵਾਂ ‘ਤੇ ਬਿਜਲੀ ਦੇ ਕੱਟ ਲੱਗੇ। ਇਸ ਤੋਂ ਪਹਿਲਾਂ ਦਿਨ ਵਿੱਚ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਤਾਪਮਾਨ 40 ਤੋਂ 41 ਡਿਗਰੀ ਸੈਲਸੀਅਸ ਦੇ ਦਾਇਰੇ ਵਿੱਚ ਰਿਹਾ। ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਸੋਮਵਾਰ ਨੂੰ ਵੀ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੂਫ਼ਾਨ ਆ ਸਕਦਾ ਹੈ ਅਤੇ ਇਸ ਤੋਂ ਬਾਅਦ ਬੂੰਦਾ-ਬਾਂਦੀ ਹੋ ਸਕਦੀ ਹੈ। ਹਿਮਾਚਲ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਕਾਰਨ ਦਿਨ ਦਾ ਤਾਪਮਾਨ ਪੰਜ ਤੋਂ ਸੱਤ ਡਿਗਰੀ ਤੱਕ ਹੇਠਾਂ ਆ ਸਕਦਾ ਹੈ। 24 ਮਈ ਨੂੰ ਵੀ ਤੇਜ਼ ਹਵਾ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ।

ਦਿੱਲੀ ਚ ਉਡਾਣਾਂ ‘ਤੇ ਪਿਆ ਅਸਰ

ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਸੋਮਵਾਰ ਸਵੇਰੇ ਮੌਸਮ ਖ਼ਰਾਬ ਹੋ ਗਿਆ। ਦਿੱਲੀ-ਐਨਸੀਆਰ ਵਿੱਚ ਸਵੇਰ ਤੋਂ ਹੀ ਮੀਂਹ ਦੇ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਇਸ ਦਾ ਅਸਰ ਏਅਰਲਾਈਨਜ਼ ‘ਤੇ ਵੀ ਦੇਖਣ ਨੂੰ ਮਿਲਿਆ ਹੈ। ਖਰਾਬ ਮੌਸਮ ਕਾਰਨ ਦਿੱਲੀ ਏਅਰਪੋਰਟ ‘ਤੇ ਫਲਾਈਟ ਸੇਵਾ ਪ੍ਰਭਾਵਿਤ ਹੋਵੇਗੀ। ਇਹ ਜਾਣਕਾਰੀ ਦਿੱਲੀ ਏਅਰਪੋਰਟ ਤੋਂ ਟਵੀਟ ਕਰਕੇ ਦਿੱਤੀ ਗਈ ਹੈ।ਏਅਰਪੋਰਟ ਅਥਾਰਟੀ ਨੇ ਯਾਤਰੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਹਵਾਈ ਅੱਡੇ ‘ਤੇ ਪਹੁੰਚਣ ਤੋਂ ਪਹਿਲਾਂ ਸਬੰਧਤ ਏਅਰਲਾਈਨ ਤੋਂ ਆਪਣੀ ਉਡਾਣ ਦੀ ਜਾਣਕਾਰੀ ਲੈਣ। ਤਾਂ ਜੋ ਯਾਤਰੀਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਹਵਾਈ ਅੱਡੇ ਦੇ ਸੂਤਰਾਂ ਅਨੁਸਾਰ ਏਅਰਲਾਈਨਾਂ ਨੂੰ ਆਮ ਵਾਂਗ ਕਰਨ ਵਿੱਚ ਸਮਾਂ ਲੱਗੇਗਾ, ਨਿਰਧਾਰਤ ਰਵਾਨਗੀ ਸਮੇਂ ਵਿੱਚ ਦੇਰੀ ਹੋ ਸਕਦੀ ਹੈ। ਖ਼ਰਾਬ ਮੌਸਮ ਕਾਰਨ ਆਈਜੀਆਈ ਹਵਾਈ ਅੱਡੇ ‘ਤੇ ਕਰੀਬ 40 ਜਹਾਜ਼ਾਂ ਦੀ ਉਡਾਣ ਪ੍ਰਭਾਵਿਤ ਹੋਈ ਹੈ। ਇਸ ਦੇ ਨਾਲ ਹੀ ਨਵੀਂ ਦਿੱਲੀ ਵੱਲ ਆ ਰਹੇ ਕੁਝ ਜਹਾਜ਼ਾਂ ਨੂੰ ਹੋਰ ਸ਼ਹਿਰਾਂ ਵੱਲ ਮੋੜ ਦਿੱਤਾ ਗਿਆ ਹੈ।  ਬਾਰਿਸ਼ ਦਿੱਲੀ ਦੇ ਲੋਕਾਂ ਲਈ ਰਾਹਤ ਦੇ ਨਾਲ-ਨਾਲ ਆਫ਼ਤ ਦਾ ਕਾਰਨ ਵੀ ਬਣੀ। ਤੇਜ਼ ਹਨੇਰੀ ਅਤੇ ਮੀਂਹ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਪਰ ਦਿੱਲੀ ਵਾਸੀਆਂ ਨੂੰ ਆਵਾਜਾਈ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿੱਲੀ ‘ਚ ਸਵੇਰ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਆਈਟੀਓ ਨੇੜੇ ਜਾਮ ਦੀ ਸਥਿਤੀ ਬਣੀ ਹੋਈ ਹੈ। ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਜਿਸ ਕਾਰਨ ਲੋਕ ਪਰੇਸ਼ਾਨ ਨਜ਼ਰ ਆਏ।

Comment here