ਸਿਆਸਤਖਬਰਾਂਦੁਨੀਆ

ਮੌਤ ਤੋਂ ਬਾਅਦ ਪੁਤਿਨ ਨੇ ਯੇਵਗਿਨੀ ਪ੍ਰਿਗੋਜ਼ਿਨ ਨੂੰ ਪ੍ਰਤਿਭਾਸ਼ਾਲੀ ਦੱਸਿਆ

ਮਾਸਕੋ-ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੈਗਨਰ ਗਰੁੱਪ ਦੇ ਮੁਖੀ ਯੇਵਗਿਨੀ ਪ੍ਰਿਗੋਜ਼ਿਨ ਦੀ ਜਹਾਜ਼ ਹਾਦਸੇ ‘ਚ ਮੌਤ ਤੋਂ ਬਾਅਦ ਪ੍ਰਿਗੋਜ਼ਿਨ ਨੂੰ ਪ੍ਰਤਿਭਾਸ਼ਾਲੀ ਦੱਸਿਆ ਹੈ। ਪੁਤਿਨ ਨੇ ਕਿਹਾ ਕਿ ਉਹ ਟੈਲੇਂਟਡ ਸੀ ਪਰ ਗਲਤੀ ਕਰ ਗਿਆ। ਸਿਰਫ਼ ਇਕ ਦਿਨ ਪਹਿਲਾਂ ਬੁੱਧਵਾਰ ਨੂੰ ਪ੍ਰਿਗੋਜ਼ਿਨ ਦਾ ਜੈੱਟ ਮਾਸਕੋ ਤੋਂ ਉਡਾਣ ਭਰਨ ਤੋਂ ਬਾਅਦ ਕ੍ਰੈਸ਼ ਹੋ ਗਿਆ ਸੀ, ਜਿਸ ਵਿੱਚ ਵੈਗਨਰ ਚੀਫ਼ ਸਮੇਤ ਉਸ ਦੇ 10 ਸਾਥੀ ਮਾਰੇ ਗਏ ਸਨ। ਵੈਗਨਰ ਦੇ ਸਮਰਥਕ ਇਸ ਨੂੰ ਦੁਰਘਟਨਾ ਦੀ ਬਜਾਏ ਰੂਸ ਦੁਆਰਾ ਬਦਲੇ ਦੀ ਕਾਰਵਾਈ ਕਹਿ ਰਹੇ ਹਨ। ਦੱਸ ਦੇਈਏ ਕਿ ਪ੍ਰਿਗੋਜ਼ਿਨ 90 ਦੇ ਦਹਾਕੇ ਤੋਂ ਪੁਤਿਨ ਦੇ ਕਰੀਬੀਆਂ ‘ਚੋਂ ਸਨ। ਪ੍ਰਿਗੋਜ਼ਿਨ ਦੀ ਮੌਤ ‘ਤੇ ਪੁਤਿਨ ਨੇ ਕਿਹਾ ਕਿ ਇਸ ਦੀ ਪੂਰੀ ਜਾਂਚ ਕਰਕੇ ਨਤੀਜੇ ‘ਤੇ ਪਹੁੰਚਿਆ ਜਾਵੇਗਾ, ਇਸ ਵਿੱਚ ਕੋਈ ਸ਼ੱਕ ਨਹੀਂ ਹੈ।
ਉਥੇ ਹੀ ਵੈਗਨਰ ਚੀਫ਼ ਬਾਰੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਬੁੱਧਵਾਰ ਨੂੰ ਹੋਏ ਜਹਾਜ਼ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਹਾਦਸਾ ਮਾਸਕੋ ਦੀ ਫ਼ੌਜੀ ਲੀਡਰਸ਼ਿਪ ਦੇ ਖ਼ਿਲਾਫ਼ ਵੈਗਨਰ ਦੇ ਥੋੜ੍ਹੇ ਸਮੇਂ ਲਈ ਬਗਾਵਤ ਦੇ 2 ਮਹੀਨੇ ਬਾਅਦ ਹੋਇਆ ਹੈ। ਪੁਤਿਨ ਨੇ ਜਹਾਜ਼ ਦੁਰਘਟਨਾ ‘ਤੇ ਆਪਣੀ ‘ਸੰਵੇਦਨਾ’ ਜ਼ਾਹਿਰ ਕੀਤੀ, ਜਿਸ ਵਿੱਚ ਵੈਗਨਰ ਦੇ ਮੁਖੀ ਯੇਵਗੇਨੀ ਪ੍ਰਿਗੋਜ਼ਿਨ ਦੀ ਮੌਤ ਹੋ ਗਈ ਹੈ। ਪੁਤਿਨ ਨੇ ਉਨ੍ਹਾਂ ਨੂੰ ਇਕ ਅਜਿਹੇ ਵਿਅਕਤੀ ਵਜੋਂ ਦਰਸਾਇਆ, ਜਿਸ ਨੇ ਗਲਤੀਆਂ ਕੀਤੀਆਂ ਪਰ ‘ਨਤੀਜੇ ਪ੍ਰਾਪਤ ਕੀਤੇ।’ ਪੁਤਿਨ ਨੇ ਇਕ ਟੈਲੀਵਿਜ਼ਨ ਮੀਟਿੰਗ ਵਿੱਚ ਇਸ ਘਟਨਾ ਨੂੰ ‘ਦੁਖਦਾਈ’ ਦੱਸਦਿਆਂ ਕਿਹਾ, “ਸਭ ਤੋਂ ਪਹਿਲਾਂ ਮੈਂ ਸਾਰੇ ਪੀੜਤਾਂ ਦੇ ਪਰਿਵਾਰਾਂ ਪ੍ਰਤੀ ਆਪਣੀ ਦਿਲੀ ਸੰਵੇਦਨਾ ਪ੍ਰਗਟ ਕਰਨਾ ਚਾਹੁੰਦਾ ਹਾਂ।”
ਰਾਸ਼ਟਰਪਤੀ ਨੇ ਕਿਹਾ ਕਿ ਮੈਂ ਪ੍ਰਿਗੋਜ਼ਿਨ ਨੂੰ ਬਹੁਤ ਲੰਬੇ ਸਮੇਂ ਤੋਂ ਜਾਣਦਾ ਸੀ। ਉਹ ਇਕ ਗੁੰਝਲਦਾਰ ਕਿਸਮਤ ਵਾਲਾ ਆਦਮੀ ਸੀ ਅਤੇ ਉਸ ਨੇ ਆਪਣੀ ਜ਼ਿੰਦਗੀ ਵਿੱਚ ਗੰਭੀਰ ਗਲਤੀਆਂ ਕੀਤੀਆਂ। ਇਨ੍ਹਾਂ ਗਲਤੀਆਂ ਦੇ ਬਾਵਜੂਦ ਉਨ੍ਹਾਂ ਨੇ ਸਹੀ ਨਤੀਜੇ ਵੀ ਹਾਸਲ ਕੀਤੇ। ਪੁਤਿਨ ਨੇ ਕਿਹਾ ਕਿ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਵਿੱਚ ਕੁਝ ਸਮਾਂ ਲੱਗੇਗਾ।

Comment here