ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਮੋਹਾਲੀ ਹਮਲਾ ਬੱਬਰ ਖਾਲਸਾ ਤੇ ਗੈਂਗਸਟਰਾਂ ਨੇ ਮਿਲ ਕੇ ਕੀਤਾ

ਮੋਹਾਲੀ-ਬੀਤੇ ਦਿਨੀਂ ਇੱਥੇ ਸਥਿਤ ਪੰਜਾਬ ਪੁਲਸ ਦੇ ਇੰਟੈਲੀਜੈਂਸ ਹੈੱਡਕੁਆਰਟਰ ’ਤੇ ਰਾਕੇਟ ਨਾਲ ਹਮਲਾ ਹੋਇਆ ਸੀ, ਇਸ ਮਾਮਲੇ ਨੂੰ ਪੰਜਾਬ ਪੁਲਸ ਨੇ ਹੱਲ ਕਰਨ ਦਾ ਦਾਅਵਾ ਕੀਤਾ ਹੈ। ਇਸ ਮਾਮਲੇ ਵਿਚ ਡੀ. ਜੀ. ਪੀ. ਵੀ. ਕੇ. ਭਾਵਰਾ ਨੇ ਵੱਡਾ ਖੁਲਾਸਾ ਕਰਦਿਆਂ ਕਿਹਾ ਹੈ ਕਿ ਇਹ ਹਮਲਾ ਅੱਤਵਾਦੀਆਂ ਅਤੇ ਗੈਂਗਸਟਰਾਂ ਦੇ ਗਠਜੋੜ ਨਾਲ ਹੋਇਆ ਹੈ। ਇਸ ਨੂੰ ਖਾਲਿਸਤਾਨੀ ਅੱਤਵਾਦੀ ਜਥੇਬੰਦੀ ਬੱਬਰ ਖਾਲਸਾ ਇੰਟਰਨੈਸ਼ਨਲ ਨੇ ਕਰਵਾਇਆ ਹੈ ਅਤੇ ਇਸ ਦਾ ਮਾਸਟਰ ਮਾਈਂਡ ਕੈਨੇਡਾ ਬੈਠਾ ਗੈਂਗਸਟਰ ਲਖਬੀਰ ਸਿੰਘ ਲੰਡਾ ਹੈ। ਲੰਡਾ ਪਾਕਿਸਤਾਨ ਵਿਚ ਬੈਠੇ ਗੈਂਗਸਟਰ ਹਰਵਿੰਦਰ ਰਿੰਦਾ ਦਾ ਕਰੀਬੀ ਹੈ। ਇਹ ਹਮਲਾ ਪਾਕਿਸਤਾਨ ਦੀ ਖ਼ੁਫੀਆ ਏਜੰਸੀ ਆਈ. ਐੱਸ. ਈ. ਦੇ ਕਹਿਣ ’ਤੇ ਕੀਤਾ ਗਿਆ ਹੈ। ਜਿਸ ਆਰ. ਪੀ. ਜੀ. ਦੇ ਰਾਹੀਂ ਇਹ ਰਾਕੇਟ ਦਾਗਿਆ ਗਿਆ ਹੈ, ਉਹ ਵੀ ਪਾਕਿਸਤਾਨ ਤੋਂ ਹੀ ਆਇਆ ਸੀ। ਡੀ. ਜੀ. ਪੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਹੁਣ ਤਕ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਹਾਲਾਂਕਿ ਰਾਕੇਟ ਦਾਗਣ ਵਾਲੇ 3 ਮੁੱਖ ਹਮਲਾਵਰ ਅਜੇ ਵੀ ਪੁਲਸ ਦੀ ਗ੍ਰਿਫਤ ਤੋਂ ਬਾਹਰ ਹਨ। ਗ੍ਰਿਫ਼ਤਾਰ ਮੁਲਜ਼ਮਾਂ ਵਿਚ ਤਰਨਤਾਰਨ ਦਾ ਕੰਵਰ ਬਾਠ, ਬਲਜੀਤ ਕੌਰ, ਬਲਜਿੰਦਰ ਰੈਂਬੋ, ਅਨੰਤਦੀਪ ਸੋਨੂੰ ਅਤੇ ਜਗਦੀਪ ਕੰਗ ਸ਼ਾਮਲ ਹਨ। ਛੇਵਾਂ ਮੁਲਜ਼ਮ ਨਿਸ਼ਾਨ ਸਿੰਘ ਹੈ, ਜਿਸ ਨੂੰ ਫਰੀਦਕੋਟ ਪੁਲਸ ਨੇ ਦੂਜੇ ਕੇਸ ਵਿਚ ਗ੍ਰਿਫ਼ਤਾਰ ਕੀਤਾ ਹੈ। ਉਸ ਨੂੰ ਵੀ ਇਸ ਕੇਸ ਵਿਚ ਗ੍ਰਿਫ਼ਤਾਰ ਕੀਤਾ ਜਾਵੇਗਾ।
ਡੀ. ਜੀ. ਪੀ. ਮੁਤਾਬਕ ਤਰਨਤਾਰਨ ਦਾ ਰਹਿਣ ਵਾਲਾ ਲਖਬੀਰ ਸਿੰਘ ਲੰਡਾ ਇਸ ਸਮੇਂ ਕੈਨੇਡਾ ਵਿਚ ਹੈ। ਉਹ 2017 ਵਿਚ ਕੈਨੇਡਾ ਚਲਾ ਗਿਆ ਸੀ ਅਤੇ ਹੁਣ ਉਥੋਂ ਹੀ ਆਪਣੀਆਂ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਹੈ। ਲੰਡਾ ਨੇ ਹੀ ਨਿਸ਼ਾਨ ਸਿੰਘ ਤੱਕ ਆਰ. ਪੀ. ਜੀ. ਪਹੁੰਚਾਇਆ ਸੀ। ਨਿਸ਼ਾਨ ਸਿੰਘ ਨੇ ਇਸ ਨੂੰ ਅੱਗੇ ਹਮਲਵਰਾਂ ਨੂੰ ਦੇ ਦਿੱਤਾ ਸੀ। ਡੀ. ਜੀ. ਪੀ. ਨੇ ਅੱਗੇ ਦੱਸਿਆ ਕਿ ਜਿਨ੍ਹਾਂ ਮੁਲਜ਼ਮਾਂ ਨੇ ਹੈੱਡਕੁਆਰਟਰ ’ਤੇ ਹਮਲਾ ਕੀਤਾ ਸੀ ਉਨ੍ਹਾਂ ਨੂੰ ਕੰਵਰ ਬਾਠ ਅਤੇ ਬਲਜੀਤ ਕੌਰ ਨੇ ਸ਼ੈਲਟਰ ਦਿੱਤਾ। ਨਿਸ਼ਾਨ ਸਿੰਘ ਨੇ ਉਨ੍ਹਾਂ ਨੂੰ ਆਰ. ਪੀ. ਜੀ. ਉਪਲੱਬਧ ਕਰਵਾਇਆ ਸੀ। ਉਥੋਂ ਬਲਜਿੰਦਰ ਰੈਂਬੋ ਨੇ ਏ. ਕੇ. 47 ਦਿੱਤੀ। ਨਿਸ਼ਾਨ ਸਿੰਘ ਜਦੋਂ ਪਨਾਹ ਦੇਣ ਲਈ ਟਿਕਾਣੇ ਲੱਭ ਰਿਹਾ ਸੀ ਤਾਂ ਉਸ ਦੇ ਅੰਮ੍ਰਿਤਸਰ ਦੇ ਰਹਿਣ ਵਾਲੇ ਸਾਲੇ ਅਨੰਤਦੀਪ ਉਰਫ ਸੋਨੂੰ ਨੇ ਵੀ ਨਿਸ਼ਾਨ ਦੀ ਮਦਦ ਕੀਤੀ। ਇਸ ਤੋਂ ਬਾਅਦ ਜਗਦੀਪ ਕੰਗ ਇਸ ਦਾ ਲੋਕਲ ਮਦਦਗਾਰ ਬਣਿਆ। ਉਹ ਮੋਹਾਲੀ ਵਿਚ ਹੀ ਰਹਿੰਦਾ ਹੈ।
ਸਾਰੇ ਹਮਲਾਵਰ 15 ਦਿਨ ਤੋਂ ਹਮਲੇ ਦੀ ਤਿਆਰੀ ਕਰ ਰਹੇ ਸਨ। ਉਹ 15 ਦਿਨ ਪਹਿਲਾਂ ਹੀ ਅੰਮ੍ਰਿਤਸਰ ਵਿਚ ਆ ਕੇ ਲੁੱਕ ਗਏ ਸਨ। 7 ਮਈ ਨੂੰ ਉਹ ਤਰਨਤਾਰਨ ਤੋਂ ਤੁਰੇ। 9 ਮਈ ਨੂੰ ਇਨ੍ਹਾਂ ਨੇ ਹਮਲਾ ਕੀਤਾ। ਇਸ ਤੋਂ ਪਹਿਲਾਂ ਦੁਪਹਿਰ ਸਮੇਂ ਜਗਦੀਪ ਕੰਗ ਅਤੇ ਹਮਲਾਵਰਾਂ ਵਿਚ ਸ਼ਾਮਲ ਚੜ੍ਹਤ ਸਿੰਘ ਨੇ ਇਥੇ ਰੇਕੀ ਕੀਤੀ। ਉਨ੍ਹਾਂ ਨੇ ਰਾਕਟ ਦਾਗਣ ਅਤੇ ਫਿਰ ਭੱਜਣ ਦੇ ਰਸਤੇ ਦੀ ਜਾਂਚ ਕੀਤੀ। ਇਸ ਤੋਂ ਬਾਅਦ ਸ਼ਾਮ ਨੂੰ ਚੜ੍ਹਤ ਸਿੰਘ ਅਤੇ ਉਸ ਦੇ ਨਾਲ ਦੋ ਹਮਲਾਵਰ ਸਵਿੱਫਟ ਕਾਰ ਵਿਚ ਆਏ। ਜਿਥੋਂ ਉਨ੍ਹਾਂ ਨੇ ਇੰਟੈਲੀਜੈਂਸ ਹੈੱਡਕੁਆਰਟਰ ’ਤੇ ਹਮਲਾ ਕੀਤਾ। ਚੜ੍ਹਤ ਸਿੰਘ ਅਤੇ ਦੋਵੇਂ ਹਮਲਾਵਰ ਫਰਾਰ ਹਨ। ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇਸ ਮਾਮਲੇ ਵਿਚ ਪੁਲਸ ਨੇ ਨੋਇਡਾ ਤੋਂ ਮੁਹੰਮਦ ਨਸੀਮ ਆਲਮ ਅਤੇ ਮੁਹੰਮਦ ਸਰਫਰਾਜ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ, ਇਹ ਦੋਵੇਂ ਬਿਹਾਰ ਦੇ ਰਹਿਣ ਵਾਲੇ ਹਨ। ਬੇਸ਼ਕ ਮਾਮਲੇ ਨੂੰ ਹੱਲ ਕਰਨ ਦਾ ਦਾਅਵਾ ਕੀਤਾ ਗਿਆ ਹੈ, ਪਰ ਹਾਲੇ ਹੋਰ ਵੀ ਸੰਪਰਕ ਟਟੋਲੇ ਜਾ ਰਹੇ ਹਨ।

Comment here