ਚੰਡੀਗੜ੍ਹ-ਮੋਹਾਲੀ ਆਰਪੀਜੀ ਹਮਲੇ ਨੂੰ ਲੈ ਕੇ ਖ਼ਬਰ ਸਾਹਮਣੇ ਆਈ ਹੈ। ਮੋਹਾਲੀ ਸਥਿਤ ਸਟੇਟ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਆਰ.ਪੀ.ਜੀ. ਹਮਲੇ ਦੇ ਮੁਲਜ਼ਮ ਦੀਪਕ ਰੰਗਾ ਨੂੰ ਐੱਨ.ਆਈ.ਏ. ਦੀ ਟੀਮ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੀ ਗ੍ਰਿਫ਼ਤਾਰੀ ਨੇਪਾਲ ਬਾਰਡਰ ਤੋਂ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਮੋਹਾਲੀ ਸਥਿਤ ਪੰਜਾਬ ਪੁਲਸ ਦੇ ਖੁਫ਼ੀਆ ਮੁੱਖ ਦਫ਼ਤਰ ’ਤੇ ਪਿਛਲੇ ਸਾਲ ਮਈ ਵਿਚ ਹੋਏ ਰਾਕੇਟ ਪ੍ਰੋਪੇਲਡ ਗ੍ਰੇਨੇਡ ਹਮਲੇ ਦੇ ਮੁੱਖ ਹਮਲਾਵਰ ਨੂੰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਉਤਰ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਹਾਲਾਂਕਿ ਉਹ ਮੂਲ ਤੌਰ ’ਤੇ ਹਰਿਆਣਾ ਦੇ ਝੱਜਰ ਜ਼ਿਲੇ ਦਾ ਰਹਿਣ ਵਾਲਾ ਹੈ, ਪਰ ਹਮਲੇ ਦੇ ਤੁਰੰਤ ਬਾਅਦ ਤੋਂ ਹੀ ਗ੍ਰਿਫ਼ਤਾਰੀ ਤੋਂ ਬਚਣ ਲਈ ਲੁਕ ਕੇ ਰਹਿ ਰਿਹਾ ਸੀ। ਐੱਨ.ਆਈ.ਏ. ਵਲੋਂ ਉਕਤ ਆਤੰਕ ਮੁਲਜ਼ਮ ਦੀ ਪਹਿਚਾਣ ਦੀਪਕ ਰੰਗਾ ਦੇ ਤੌਰ ’ਤੇ ਦੱਸੀ ਗਈ ਹੈ।
ਨੈਸ਼ਨਲ ਇੰਟੈਲੀਜੈਂਸ ਏਜੰਸੀ (ਐੱਨ.ਆਈ.ਏ.) ਮੁਤਾਬਿਕ ਹਰਿਆਣਾ ਦੇ ਝੱਜਰ ਜਿਲੇ ਦੇ ਸੁਰਕਪੁਰ ਨਿਵਾਸੀ ਦੀਪਕ ਰੰਗਾ ਨੂੰ ਬੁੱਧਵਾਰ ਸਵੇਰੇ ਗੋਰਖਪੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਦੀਪਕ ਰੰਗਾ ਪੰਜਾਬ ਪੁਲਸ ਇੰਟੈਲੀਜੈਂਸ ਹੈੱਡਕੁਆਰਟਰ ’ਤੇ ਹੋਏ ਹਮਲੇ ਤੋਂ ਬਾਅਦ ਤੋਂ ਹੀ ਫਰਾਰ ਸੀ ਅਤੇ ਵੱਖ-ਵੱਖ ਜਗ੍ਹਾਵਾਂ ’ਤੇ ਲੁਕਦਾ ਰਿਹਾ ਸੀ। ਜਾਣਕਾਰੀ ਮੁਤਾਬਿਕ ਰੰਗਾ ਕੈਨੇਡਾ ਵਿਚ ਰਹਿ ਰਹੇ ਅੱਤਵਾਦੀ ਲਖਬੀਰ ਸਿੰਘ ਉਰਫ਼ ਲਖਬੀਰ ਲੰਡਾ ਅਤੇ ਪਾਕਿਸਤਾਨ ਵਿਚ ਰਹਿ ਰਹੇ ਅੱਤਵਾਦੀ ਹਰਵਿੰਦਰ ਸਿੰਘ ਸੰਧੂ ਉਰਫ਼ ਰਿੰਦਾ ਦਾ ਕਰੀਬੀ ਸਾਥੀ ਹੈ। ਮਈ, 2022 ਵਿਚ ਹੋਏ ਆਰ.ਪੀ.ਜੀ. ਹਮਲੇ ਤੋਂ ਇਲਾਵਾ ਰੰਗਾ ਹੱਤਿਆਵਾਂ ਸਮੇਤ ਕਈ ਹੋਰ ਅੱਤਵਾਦੀ ਅਤੇ ਆਪਰਾਧਿਕ ਮਾਮਲਿਆਂ ਵਿਚ ਸ਼ਾਮਲ ਰਿਹਾ ਹੈ। ਐੱਨ.ਆਈ.ਏ. ਅਧਿਕਾਰੀਆਂ ਮੁਤਾਬਿਕ ਦੀਪਕ ਰੰਗਾ ਨੂੰ ਲਖਬੀਰ ਅਤੇ ਹਰਵਿੰਦਰ ਵਲੋਂ ਆਤੰਕ ਲਈ ਫੰਡਿੰਗ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੀ ਸਥਾਨਕ ਮਦਦ ਲਗਾਤਾਰ ਉਪਲੱਬਧ ਕਰਵਾਈ ਜਾ ਰਹੀ ਸੀ।
ਧਿਆਨ ਰਹੇ ਕਿ ਪੰਜਾਬ ਵਿਚ ਚੁਨਿੰਦਾ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਹੱਤਿਆ ਕਰਨ ਅਤੇ ਹਿੰਸਕ ਆਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਆਤੰਕੀ ਸੰਗਠਨਾਂ ਅਤੇ ਆਪਰਾਧਿਕ ਗਤੀਵਿਧੀਆਂ ਵਿਚ ਸ਼ਾਮਲ ਅਨਸਰਾਂ ਵਿਚ ਗਠਜੋੜ ਦਾ ਪਤਾ ਲੱਗਣ ’ਤੇ ਐੱਨ.ਆਈ.ਏ. ਨੇ ਪਿਛਲੇ ਸਾਲ 20 ਸਤੰਬਰ ਨੂੰ ਮਾਮਲਾ ਦਰਜ ਕੀਤਾ ਸੀ। ਪੰਜਾਬ ਪੁਲਸ ਇਸ ਤੋਂ ਪਹਿਲਾਂ ਇਸ ਕੇਸ ਵਿਚ 9 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ, ਜਿਨ੍ਹਾਂ ਵਿਚ ਮੁੰਬਈ ਤੋਂ ਗ੍ਰਿਫ਼ਤਾਰ ਕੀਤਾ ਗਿਆ ਚੜ੍ਹਤ ਸਿੰਘ ਵੀ ਸ਼ਾਮਲ ਹੈ।
Comment here