(ਰਾਜਸਥਾਨੀ ਲੋਕ ਕਥਾ)
ਇੱਕ ਸੀ ਕਾਂ ਤੇ ਇੱਕ ਸੀ ਮੋਰ। ਇਕੱਠੇ ਜੰਗਲ ਵਿਚੋਂ ਲੱਕੜੀਆਂ ਲੈਣ ਵਾਸਤੇ ਜਾਂਦੇ ਤਾਂ ਕਿ ਚੁੱਲ੍ਹਾ ਬਲਦਾ ਰਹੇ, ਖਾਣਾ ਬਣਾਇਆ ਜਾ ਸਕੇ। ਦੋਵੇਂ ਜਣੇ ਦੋ ਭਰੀਆਂ ਬੰਨ੍ਹਦੇ ਤੇ ਸ਼ਾਮ ਪਈ ਘਰ ਵਾਪਸ ਪਰਤਦੇ। ਮੋਰ ਲੈ ਕੇ ਆਉਂਦਾ ਵੱਡਾ ਭਾਰ ਅਤੇ ਕਾਂ ਦੀ ਹੁੰਦੀ ਛੋਟੀ ਭਰੀ। ਕਾਂ ਦੀਆਂ ਸੱਤ ਭੈਣਾਂ ਸਨ। ਛੇ ਭੈਣਾਂ ਮੋਰ ਨੂੰ ਬੁਰਾ-ਭਲਾ ਬੋਲਦੀਆਂ ਰਹਿੰਦੀਆਂ, ਪਰ ਸਭ ਤੋਂ ਛੋਟੀ ਸੱਤਵੀਂ ਉਸ ਤੋਂ ਖੁਸ਼ ਰਹਿੰਦੀ। ਗੁਸੈਲੀਆਂ ਭੈਣਾਂ ਆਖਦੀਆਂ, “ਸਾਡੇ ਭਾਈ ਨਾਲ ਜਾਂਦਾ ਹੈ, ਇਹ ਮਰ ਜਾਣਾ ਮੋਰ! ਸਾਡਾ ਕਾਗ ਭਰਾ ਲੱਕੜਾਂ ਚੁਗ-ਚੁਗ ਢੇਰ ਲਾਉਂਦਾ ਰਹਿੰਦੈ, ਤੇ ਇਹ ਕ੍ਰਿਤਘਣ ਸਾਰੀਆਂ ਚੁੱਕ ਲਿਆਉਂਦੈ। ਚੌਗੁਣੀਆਂ ਲੱਕੜਾਂ ਵਿਚੋਂ ਸਾਨੂੰ ਇੱਕ ਡੱਕਾ ਨੀ ਦਿੰਦਾ।”
ਛੋਟੀ ਭੈਣ ਬਾਕੀਆਂ ਨੂੰ ਸਮਝਾਉਂਦੀ, “ਆਪਣਾ ਕੀ ਲੈਂਦੈ ਇਹ ਵਿਚਾਰਾ? ਆਪਣੇ ਸਿਰ ਉਪਰ ਚੁੱਕ ਕੇ ਲਿਆਉਂਦੈ। ਮਿਹਨਤ ਕਰ ਕਰ ਚੁਣ-ਚੁਣ ਲੱਕੜਾਂ ‘ਕੱਠੀਆਂ ਕਰਦੈ। ਇਹ ਜੰਗਲ ਸਾਡੇ ਬਾਪੂ ਦੀ ਜੱਦੀ ਜਾਇਦਾਦ ਤਾਂ ਕੋਈ ਹੈ ਨਹੀਂ।”
ਜਦੋਂ ਕਦੀ ਮੰਗਦੀ, ਛੋਟੀ ਨੂੰ ਮੋਰ ਕੁਝ ਲੱਕੜਾਂ ਦੇ ਵੀ ਦਿੰਦਾ। ਉਹ ਵੀ ਕਿਹੜਾ ਹੱਕ ਰੱਖਦੀ? ਕਦੀ ਖਾਣਾ ਖੁਆਉਂਦੀ। ਕਦੀ ਦੁੱਧ ਪਿਲਾ ਦਿੰਦੀ, ਕਦੇ ਮਾਲ੍ਹ-ਪੂੜੇ ਬਣਾ ਦਿੰਦੀ।
ਇੱਕ ਦਿਨ ਲੱਕੜੀਆਂ ਲੈਣ ਗਏ ਮੋਰ ਦੇ ਪੈਰ ਵਿਚ ਕੰਡਾ ਚੁਭ ਗਿਆ। ਮੋਰ ਨੇ ਕਿਹਾ, “ਕਾਗ ਭਾਈ, ਕਾਗ ਭਾਈ! ਮੇਰੇ ਪੈਰ ਵਿਚ ਕੰਡਾ ਲੱਗਿਆ, ਜ਼ਰਾ ਕੱਢ ਈ ਦੇਹ!” ਕਾਂ ਨੇ ਗੱਲ ਅਣਸੁਣੀ ਕਰ ਦਿੱਤੀ। ਮੋਰ ਨੇ ਦੂਜੀ ਵਾਰ ਕਿਹਾ ਤਾਂ ਕਾਂ ਨੇ ਬੜਾ ਰੁੱਖਾ ਜਵਾਬ ਦਿੱਤਾ, “ਤੈਨੂੰ ਪਤਾ ਤਾਂ ਹੈ ਮੇਰੀ ਇੱਕ ਅੱਖ ਹੈ। ਠੀਕ ਤਰ੍ਹਾਂ ਦਿਸਦਾ ਨਹੀਂ। ਮੋਰ ਭਾਈ ਦੋਵੇਂ ਅੱਖਾਂ ਠੀਕ ਹੋਣ, ਕੰਡਾ ਤਾਂ ਫੇਰ ਵੀ ਔਖਾ ਨਿਕਲਦੈ, ਕਾਣੇ ਤੋਂ ਨ੍ਹੀਂ ਨਿਕਲਦਾ।” ਇਹ ਕਹਿ ਕੇ ਚੁੱਕੀ ਲੱਕੜਾਂ ਦੀ ਭਰੀ, ਕਾਂ ਅਹੁ ਗਿਆ, ਅਹੁ ਗਿਆ, ਉਡ ਗਿਆ।
ਬਾਣੀਏ ਦੇ ਬੇਟੇ ਦੀ ਬਰਾਤ ਵਾਪਸ ਪਰਤਦੀ ਉਧਰੋਂ ਦੀ ਨਿਕਲੀ। ਮੋਰ ਨੇ ਉਡਾਰੀ ਮਾਰੀ, ਟੱਪ ਕਰ ਕੇ ਰੱਥ ਉਪਰ ਬੈਠ ਗਿਆ ਤੇ ਲਾੜੇ ਨੂੰ ਕਿਹਾ, “ਮੇਰੇ ਸਿਰ ਕਲਗੀ…, ਤੇਰੇ ਸਿਰ ਕਲਗੀ… ਤਰਸ ਕਰ ਕੇ ਮੇਰੇ ਪੈਰ ਵਿਚੋਂ ਕੰਡਾ ਕੱਢ ਦੇਹ ਲਾੜੇ ਭਾਈ?” ਲਾੜੇ ਨੇ ਪਰ੍ਹੇ ਮੂੰਹ ਫੇਰ ਲਿਆ, ਪੈਰ ਵਿਚ ਚੁਭਿਆ ਕੰਡਾ ਨਾ ਕੱਢਿਆ। ਫਿਰ ਮੋਰ ਨੇ ਲਾੜੀ ਵੱਲ ਮੂੰਹ ਕਰ ਕੇ ਕਿਹਾ, “ਮੇਰੇ ਸਿਰ ਕਲਗੀ…, ਤੇਰੇ ਸਿਰ ਸੱਗੀ…, ਵਹੁਟੀਏ ਰਾਣੀਏ, ਮੇਰੇ ਪੈਰ ਵਿਚ ਚੁਭਿਆ ਕੰਡਾ ਈ ਕੱਢ ਦੇਹ!”
ਲਾੜੀ ਝਿੜਕ ਕੇ ਬੋਲੀ, “ਹਟ ਪਰ੍ਹੇ। ਮਿੱਟੀ ਨਾਲ ਲਿੱਬੜੇ ਤੇਰੇ ਪੈਰ, ਮੈਂ ਮਹਿੰਦੀ ਰੰਗੇ ਹੱਥ ਕਿਉਂ ਲਾਵਾਂ? ਮੈਨੂੰ ਕੀ ਮੁਸੀਬਤ ਪਈ ਹੈ?”
ਸੁਮੱਤ ਜਾਂ ਕੁਮੱਤ ਬੱਦਲਾਂ ਵਿਚੋਂ ਤਾਂ ਨਹੀਂ ਬਰਸਦੀ ਹੁੰਦੀ, ਉਹ ਤਾਂ ਸਿਰ ਵਿਚ ਆਪੇ ਪੈਦਾ ਹੁੰਦੀ ਹੈ। ਲਾਚਾਰ ਹੋ ਕੇ ਮੋਰ ਰੱਥ ‘ਤੇ ਬੈਠਾ ਰਿਹਾ। ਲਾੜੇ ਦੇ ਮਨ ਵਿਚ ਥੋੜ੍ਹੀ ਦੇਰ ਬਾਅਦ ਕੀ ਖਿਆਲ ਆਇਆ ਕਿ ਇਸ ਮੋਰ ਨੂੰ ਗਹਿਣੇ ਪਹਿਨਾ ਕੇ ਦੇਖੀਏ, ਕਿਵੇਂ ਲੱਗੇ! ਪੈਰ ‘ਚ ਕੰਡਾ ਚੁਭਣ ਕਰ ਕੇ ਭੱਜ ਤਾਂ ਸਕਦਾ ਨਹੀਂ। ਲਾੜੇ ਲਾੜੀ ਨੇ ਰਲ-ਮਿਲ ਕੇ ਮੋਰ ਨੂੰ ਗਹਿਣੇ ਪਹਿਨਾ ਦਿੱਤੇ। ਗਲ ਵਿਚ ਸੁੱਚੇ ਮੋਤੀਆਂ ਦਾ ਕੈਂਠਾ, ਨਗ-ਜੜਾਊ ਸੋਨੇ ਦੀਆਂ ਝਾਂਜਰਾਂ ਪੈਰਾਂ ਵਿਚ। ਸਾਰੇ ਗਹਿਣੇ ਮੋਰ ਨੂੰ ਪੂਰੇ ਜਚ ਰਹੇ ਸਨ। ਸੁਹਾਗ ਪਟਾਰੀ ਖੋਲ੍ਹੀ, ਬਾਕੀ ਸਾਰੇ ਗਹਿਣੇ ਪਹਿਨਾ ਦਿੱਤੇ।
ਲਾੜਾ-ਲਾੜੀ ਸੋਹਣੇ ਮੋਰ ਨੂੰ ਦੇਖ-ਦੇਖ ਖੁਸ਼ ਹੋਣ ਲੱਗੇ। ਕੰਡਾ ਤਾਂ ਪੈਰ ਵਿਚ ਚੁਭਿਆ ਸੀ, ਖੰਭਾਂ ਵਿਚ ਤਾਂ ਨਹੀਂ। ਮੋਰ ਨੇ ਢੇਂਕੂੰ-ਢੇਂਕੂੰ ਕੀਤਾ, ਉਡ ਕੇ ਅਹੁ ਗਿਆ, ਅਹੁ ਗਿਆ! ਪਤੀ-ਪਤਨੀ ਉਚੀ-ਉਚੀ ਅਵਾਜ਼ਾਂ ਮਾਰਨ ਲੱਗੇ, “ਮੋਰ ਭਾਈ, ਮੋਰ ਭਾਈ! ਵਾਪਸ ਮੁੜ ਆ! ਆ ਜਾ ਤੇਰਾ ਕੰਡਾ ਕੱਢ ਦੇਈਏ।”
ਲਾੜਾ ਵਹੁਟੀ ਦੇ ਮੂੰਹ ਵੱਲ ਦੇਖਣ ਲੱਗਾ ਤੇ ਵਹੁਟੀ ਲਾੜੇ ਵੱਲ। ਦੇਖਦੇ-ਦੇਖਦੇ ਮੋਰ ਅੱਖਾਂ ਤੋਂ ਓਹਲੇ ਹੋ ਗਿਆ ਤਾਂ ਦੋਵਾਂ ਦੇ ਰੰਗ ਉਡ ਗਏ। ਬੇਵਸ ਹੋ ਕੇ ਆਸਮਾਨ ਵੱਲ ਦੇਖਦੇ ਰਹੇ।
ਮੋਰ ਅਜੇ ਘਰ ਪਹੁੰਚਿਆ ਨਹੀਂ ਸੀ ਕਿ ਪਹਿਲਾਂ ਹੀ ਬਰਸਾਤ ਆ ਗਈ। ਬੇਰਾਂ ਜਿੱਡੇ-ਜਿੱਡੇ ਗੜੇ ਪੈਣ ਲੱਗੇ। ਹਵਾ ਇੰਨੀ ਤੇਜ਼ ਕਿ ਬੱਸ ਪੁੱਛੋ ਕੁਝ ਨਾ। ਸਭ ਤੋਂ ਪਹਿਲਾਂ ਮੋਰ ਨੇ ਵੱਡੀ ਭੈਣ ਦੇ ਘਰ ਦਾ ਦਰਵਾਜਾ ਖਵਕਾਇਆ, “ਭੈਣ, ਭੈਣ! ਦਰਵਾਜਾ ਖੋਲ੍ਹੀਂ! ਗੜਿਆਂ ਦੀ ਮਾਰ ਹੇਠ ਤੇਰਾ ਭਾਈ ਮਰ ਜਾਏਗਾ।”
ਭੈਣ ਬੋਲੀ, “ਕਿਉਂ? ਮੈਂ ਕਿਉਂ ਖੋਲ੍ਹਾਂ ਦਰਵਾਜਾ? ਮੈਂ ਕੀ ਲੈਣੈ ਤੈਥੋਂ?”
ਮੋਰ ਨੇ ਵਾਰੀ-ਵਾਰੀ ਸਾਰੀਆਂ ਭੈਣਾਂ ਦੇ ਦਰਵਾਜੇ ਖੜਕਾਏ। ਕਿਸੇ ਨੇ ਦਰਵਾਜਾ ਤਾਂ ਕੀ ਖੋਲ੍ਹਣਾ ਸੀ, ਗੱਲ ਤੱਕ ਨਹੀਂ ਕੀਤੀ। ਆਖਰ ਉਹ ਸਭ ਤੋਂ ਛੋਟੀ ਭੈਣ ਦੇ ਘਰ ਗਿਆ, ਬੋਲਿਆ, “ਬਾਈ ਬਾਈ, ਜਲਦੀ ਦਰਵਾਜਾ ਖੋਲ੍ਹ, ਤੇਰਾ ਮੋਰ ਭਾਈ ਗੜਿਆਂ ਵਿਚ ਮਰ ਜਾਏਗਾ।”
ਪੂਰੀ ਗੱਲ ਤਾਂ ਅਜੇ ਸੁਣੀ ਵੀ ਨਹੀਂ ਸੀ, ਤੁਰੰਤ ਦਰਵਾਜਾ ਖੋਲ੍ਹ ਦਿੱਤਾ। ਮੋਰ ਅੰਦਰ ਲੰਘ ਆਇਆ, ਠੰਢ ਨਾਲ ਕੰਬ ਰਿਹਾ ਸੀ। ਭੈਣ ਨੇ ਨਿੱਘ ਲਈ ਕੰਬਲੀ ਦਿੱਤੀ। ਹੁਣ ਮੋਰ ਨੂੰ ਕਿਤੇ ਆਰਾਮ ਆਇਆ। ਫਿਰ ਕਿਹਾ, “ਪੈਰ ਵਿਚ ਕੰਡਾ ਚੁਭਿਆ ਹੈ ਬੀਬੀ, ਕੱਢ ਦੇਹ।” ਗੱਲ ਸੁਣਨ ਸਾਰ ਭੈਣ ਨੇ ਮਹਿੰਦੀ ਰੰਗੇ ਹੱਥਾਂ ਨਾਲ ਕੰਡਾ ਕੱਢ ਦਿੱਤਾ।
ਫਿਰ ਮੋਰ ਨੇ ਕਿਹਾ, “ਭੈਣ ਭੈਣ, ਰਤਾ ਬਿਸਤਰਾ ਹੀ ਵਿਛਾ ਦੇ।” ਬਿਸਤਰਾ ਵਿਛਾ ਦਿੱਤਾ। ਮੋਰ ਫਿਰ ਬੋਲਿਆ, “ਕਿੰਨੀ ਦੇਰ ਹੋ ਗਈ ਘਰ ਲਿੱਪੇ ਨੂੰ, ਘਰ ਤਾਂ ਲਿੱਪ ਦੇਹ।” ਭੈਣ ਨੇ ਤੁਰੰਤ ਘਰ ਲਿੱਪ ਦਿੱਤਾ। ਫਿਰ ਮੋਰ ਨੇ ਕਿਹਾ, “ਭੈਣ ਗੀਤ ਤਾਂ ਗਾ।” ਭੈਣ ਨੇ ਮਿੱਠੇ ਸੁਰ ਵਿਚ ਗੀਤ ਗਾਇਆ। ਫੇਰ ਘਿਉ ਖੰਡ ਨਾਲ ਚੂਰੀ ਕੁੱਟ ਕੇ ਖਵਾਈ। ਚੂਰੀ ਖਾ ਕੇ ਮੋਰ ਢੇਂਕੂੰ-ਢੇਂਕੂੰ ਕਰ ਕੇ ਬੋਲਿਆ, “ਸੱਜਾ ਖੰਭ ਫੜਫੜਾਵਾਂ ਕਿ ਖੱਬਾ ਭੈਣ?” ਭੈਣ ਨੇ ਕਿਹਾ, “ਤੇਰੀ ਮਰਜ਼ੀ।”
ਮੋਰ ਨੇ ਪੂਛ ਦੀ ਛਤਰੀ ਤਾਣ ਲਈ ਅਤੇ ਪੈਲਾਂ ਪਾਉਂਦਾ ਨੱਚਣ ਲੱਗਾ। ਸਾਰੇ ਗਹਿਣੇ, ਹੀਰੇ ਮੋਤੀ ਘਰ ਅੰਦਰ ਥਾਂ-ਥਾਂ ਖਿੰਡ ਗਏ। ਮਸਤੀ ਵਿਚ ਮੋਰ ਨੱਚਦਾ ਰਿਹਾ, ਭੈਣ ਗਹਿਣਾ ਗੱਟਾ ਇਕੱਠਾ ਕਰਦੀ ਸਾਂਭਦੀ ਰਹੀ। ਸਾਰੇ ਗਹਿਣੇ ਮੋਰ ਨੇ ਆਪਣੀ ਭੈਣ ਨੂੰ ਦੇ ਦਿੱਤੇ।
ਅਗਲੇ ਦਿਨ ਬਾਕੀ ਭੈਣਾਂ ਨੂੰ ਇਸ ਸਭ ਕੁਝ ਦਾ ਪਤਾ ਲੱਗਾ ਤਾਂ ਉਸੇ ਸਮੇਂ ਉਡਦੀਆਂ-ਉਡਦੀਆਂ ਆਪਣੇ ਭਰਾ ਕਾਂ ਕੋਲ ਪੁੱਜੀਆਂ। ਈਰਖਾ ਅਤੇ ਗੁੱਸੇ ਵਿਚ ਸਾਰੀ ਗੱਲ ਦੱਸੀ। ਕਾਂ ਨੇ ਸੋਚਿਆ, ਬਾਣੀਏ ਦੇ ਰੱਥ ਉਪਰ ਬੈਠਣ ਨਾਲ ਇੰਨੇ ਗਹਿਣੇ ਹੱਥ ਲੱਗ ਜਾਂਦੇ ਨੇ, ਫੇਰ ਮੇਰੇ ਲਈ ਵੀ ਇਹ ਕਿਹੜੀ ਵੱਡੀ ਗੱਲ ਹੈ? ਮੈਂ ਵੀ ਲੈ ਆਉਨਾਂ ਸਾਰਾ ਮਾਲ ਧਨ।
ਇਸ ਉਮੀਦ ਨਾਲ ਕਿ ਸ਼ਾਇਦ ਮੋਰ ਵਾਪਸ ਆ ਜਾਵੇ, ਬਰਾਤ ਰਸਤੇ ਵਿਚ ਰੁਕ ਗਈ ਸੀ। ਗਹਿਣਿਆਂ ਦਾ ਮੋਰ ਕਰੇਗਾ ਕੀ? ਉਮੀਦ ਅਨੁਸਾਰ ਮੋਰ ਤਾਂ ਨਹੀਂ ਆਇਆ, ਉਸ ਦੀ ਥਾਂ ਕਾਂ ਆ ਗਿਆ। ਉਡਦਾ-ਉਡਦਾ ਉਹ ਰੱਥ ਦੀ ਛੱਤ ਉਤੇ ਉਸੇ ਥਾਂ ਬੈਠ ਗਿਆ, ਜਿੱਥੇ ਮੋਰ ਬੈਠਾ ਸੀ। ਬਰਾਤੀ ਤਾਂ ਪਹਿਲਾਂ ਹੀ ਦੁਖੀ ਬੈਠੇ ਸਨ। ਮੋਰ ਦੀ ਕਰਤੂਤ ਕਾਰਨ ਉਨ੍ਹਾਂ ਦੇ ਦਿਲਾਂ ਵਿਚ ਅੱਗ ਭੜਕ ਰਹੀ ਸੀ। ਇੱਕ ਜਣੇ ਨੇ ਖਿੱਚ ਕੇ ਬੈਂਤ ਮਾਰੀ, ਕਾਂ ਥਾਂ ‘ਤੇ ਹੀ ਢੇਰੀ ਹੋ ਗਿਆ। ਦਰਵਾਜਿਆਂ ਵਿਚ ਬੈਠੀਆਂ ਉਸ ਦੀਆਂ ਭੈਣਾਂ ਉਡੀਕਦੀਆਂ ਰਹੀਆਂ। ਨਾ ਕਾਂ ਆਪ ਆਇਆ, ਨਾ ਗਹਿਣੇ ਆਏ।
ਫਿਰ ਸਾਰੀਆਂ ਭੱਜੀਆਂ-ਭੱਜੀਆਂ ਮੋਰ ਕੋਲ ਗਈਆਂ। ਕਿਹੜੀ ਆਪਣੇ ਘਰ ਪਹਿਲਾਂ ਲੈ ਕੇ ਜਾਏਗੀ, ਇਹੋ ਖਿੱਚ ਧੂਹ ਹੁੰਦੀ ਰਹੀ। ਇੱਕ ਕਹੇ, ਮੇਰੇ ਘਰ ਚੱਲ। ਦੂਜੀ ਕਹੇ, ਨਹੀਂ ਮੇਰੇ। ਇੱਕ ਕਹਿੰਦੀ, ਕੱਲ੍ਹ ਮੇਰਾ ਸਿਰ ਦੁਖ ਰਿਹਾ ਸੀ। ਦੂਜੀ ਕਹਿੰਦੀ, ਮੇਰੇ ਢਿੱਡ ਵਿਚ ਦਰਦ ਸੀ। ਤੀਜੀ ਕਹਿੰਦੀ, ਨੇੜੇ ਆ ਕੇ ਦੇਖ ਲੈ, ਮੇਰੀਆਂ ਅੱਖਾਂ ਦੁਖਣੀਆਂ ਆਈਆਂ ਪਈਆਂ ਨੇ। ਚੌਥੀ ਕਹਿੰਦੀ, ਮੈਂ ਤਾਂ ਸੁੱਤੀ ਪਈ ਸੀ, ਮੈਨੂੰ ਨ੍ਹੀਂ ਪਤਾ ਕਦੋਂ ਬੂਹਾ ਖੜਕਾਇਆ, ਕਦ ‘ਵਾਜ ਮਾਰੀ। ਮੈਨੂੰ ਤਾਂ ਸੁਣੀ ਨ੍ਹੀਂ, ਤੂੰ ਇਹ ਸੋਚ, ਮੈਂ ਮੋਰ ਭਾਈ ਵਾਸਤੇ ਦਰਵਾਜਾ ਨਾ ਖੋਲ੍ਹਾਂਗੀ ਤਾਂ ਫੇਰ ਕਿਸ ਵਾਸਤੇ ਖੋਲ੍ਹਾਂਗੀ? ਤੂੰ ਤਾਂ ਵੱਡਾ ਹੋਣ ਕਰ ਕੇ ਪਿਤਾ ਸਮਾਨ ਹੈ।
ਮੋਰ ਨੇ ਕਿਹਾ, “ਜੰਗਲ ਵਿਚ ਜਾ ਕੇ ਸ਼ਾਮੀਂ ਵਾਪਸ ਆਊਂਗਾ।” ਦਿਨ ਢਲੇ ਤੋਂ ਹੀ ਸਾਰੀਆਂ ਮੋਰ ਦਾ ਰਸਤਾ ਦੇਖਣ ਲੱਗੀਆਂ। ਦਿਨ ਛਿਪਿਆ ਤਾਂ ਮੋਰ ਆਇਆ। ਬਚਨ ਦਾ ਪੱਕਾ ਹੋਵੇ ਕੋਈ, ਇਸ ਤਰ੍ਹਾਂ ਦਾ ਹੋਵੇ। ਵੱਡੀ ਭੈਣ ਦੇ ਦਰਵਾਜੇ ਕੋਲ ਜਾ ਕੇ ਕਿਹਾ, “ਭੈਣ ਭੈਣ, ਦਰਵਾਜਾ ਖੋਲ੍ਹ।” ਭੈਣ ਤਾਂ ਕੌਲੇ ਨਾਲ ਹੀ ਲੱਗੀ ਖਲੋਤੀ ਸੀ। ਫੱਟ ਦਰਵਾਜਾ ਖੋਲ੍ਹ ਦਿੱਤਾ। ਅੰਦਰ ਬਾਹਰ ਸਾਰਾ ਘਰ ਦਿਨ ਵਿਚ ਲਿੱਪ ਪੋਚ ਦਿੱਤਾ ਸੀ, ਕੰਧਾਂ ਉਤੇ ਵੇਲ ਬੂਟੇ ਚਿਤਰ ਦਿੱਤੇ ਸਨ। ਮੋਰ ਅੰਦਰ ਆ ਕੇ ਖਲੋ ਗਿਆ, ਕਿਹਾ, “ਭੈਣ ਭੈਣ ਪਾਣੀ ਓ ਪਿਲਾ ਦੇ।”
ਮਿਸਰੀ ਵਰਗੀ ਮਿੱਠੀ ਅਵਾਜ਼ ਵਿਚ ਬੋਲੀ, “ਕਿਉਂ? ਆਪਣੇ ਮੋਰ ਭਾਈ ਨੂੰ ਫਿਕਾ ਪਾਣੀ ਕਿਉਂ ਪਿਲਾਵਾਂ?” ਘਿਉ ਖੰਡ ਦੁੱਧ ਦਾ ਕਟੋਰਾ ਭਰਿਆ ਤਿਆਰ ਪਿਆ ਸੀ। ਪਾਣੀ ਦੀ ਥਾਂ ਹਾਜ਼ਰ ਕਰ ਦਿੱਤਾ। ਦੁੱਧ ਪੀ ਕੇ ਮੋਰ ਨੇ ਪੁੱਛਿਆ, “ਸੱਜਾ ਖੰਭ ਫੜਫੜਾਵਾਂ ਭੈਣ ਕਿ ਖੱਬਾ?” ਆਤਮ ਵਿਸ਼ਵਾਸ ਨਾਲ ਭੈਣ ਬੋਲੀ, “ਦੋਵੇਂ ਵੀਰ, ਦੋਵੇਂ।”
ਮੋਰ ਨੇ ਢੇਂਕੂੰ-ਢੇਂਕੂੰ ਕੀਤਾ, ਛਤਰੀ ਤਾਣ ਲਈ। ਖੰਭ ਖੋਲ੍ਹਣ ਸਾਰ ਭਰਿੰਡਾਂ, ਬਿੱਛੂ, ਕੰਨਖਜੂਰੇ, ਸਪੋਲੀਏ ਨਿਕਲ ਕੇ ਭੱਜਣ ਲੱਗੇ, ਕਉਣੀ ਨੂੰ ਚਾਰੇ ਪਾਸਿਓਂ ਘੇਰ ਲਿਆ। ਕਉਣੀ ਨੇ ਬਥੇਰੀ ਕਾਂ-ਕਾਂ ਕੀਤੀ, ਰੌਲਾ ਪਾਇਆ, ਉਲਾਂਭੇ ਦਿੱਤੇ। ਇਸੇ ਤਰ੍ਹਾਂ ਬਾਕੀ ਭੈਣਾਂ ਦੇ ਘਰ ਵਾਰੀ-ਵਾਰੀ ਗਿਆ। ਹਰ ਕਿਸੇ ਨੇ ਦੋਵੇਂ ਖੰਭ ਫੜਫੜਾਉਣ ਨੂੰ ਕਿਹਾ ਤੇ ਗਹਿਣਿਆਂ ਦੇ ਲੋਭ ਵਿਚ ਸਾਰੀਆਂ ਮਾਰੀਆਂ ਗਈਆਂ। ਮੋਰ ਸਭ ਤੋਂ ਛੋਟੀ ਭੈਣ ਨਾਲ ਖੁਸ਼ ਰਹਿਣ ਲੱਗਾ। ਸਾਰੀ ਉਮਰ ਸੁੱਖ ਸ਼ਾਂਤੀ ਨਾਲ ਭਾਈ-ਭੈਣ ਰਹਿੰਦੇ ਰਹੇ।
-ਮੂਲ ਲੇਖਕ: ਵਿਜੇਦਾਨ ਦੇਥਾ
(ਅਨੁਵਾਦਕ: ਹਰਪਾਲ ਸਿੰਘ ਪੰਨੂ)
Comment here