ਸਿਆਸਤਖਬਰਾਂਦੁਨੀਆ

ਮੋਦੀ ਸਰਕਾਰ ਨੇ ਇੱਕ ਹੋਰ ਮਾਰੀ ਮੱਲ-ਇਜ਼ਰਾਇਲ ਤੋਂ ਖਰੀਦਿਆ ਸਪਾਈਵੇਅਰ

ਨਵੀਂ ਦਿੱਲੀ- ਦੇਸ਼ ਦੇ ਵਿਕਾਸ ਲਈ ਅਹਿਮ ਯੋਗਦਾਨ ਪਾਉਣ ਵਾਲੀ ਮੋਦੀ ਸਰਕਾਰ ਨੇ ਇੱਕ ਹੋਰ ਮੱਲ ਮਾਰੀ ਹੈ। ਭਾਰਤ ਸਰਕਾਰ ਨੇ 2017 ‘ਚ ਇਜ਼ਰਾਇਲੀ ਕੰਪਨੀ ਐੱਨ ਐੱਸ ਓ ਗਰੁੱਪ ਤੋਂ ਜਾਸੂਸੀ ਸਾਫ਼ਟਵੇਅਰ ਖਰੀਦਿਆ ਸੀ | ਇਸ ਸਾਫ਼ਟਵੇਅਰ ਨੂੰ ਪੰਜ ਸਾਲ ਪਹਿਲਾਂ ਕੀਤੀ ਗਈ 2 ਬਿਲੀਅਨ ਡਾਲਰ (ਕਰੀਬ 15 ਹਜ਼ਾਰ ਕਰੋੜ ਰੁਪਏ) ਡਿਫੈਂਸ ਸਮਝੌਤੇ ‘ਚ ਖਰੀਦਿਆ ਗਿਆ ਸੀ | ਇਸ ਡਿਫੈਂਸ ਸਮਝੌਤੇ ‘ਚ ਭਾਰਤ ਨੇ ਇੱਕ ਮਿਜ਼ਾਇਲ ਸਿਸਟਮ ਅਤੇ ਕੁਝ ਹਥਿਆਰ ਵੀ ਖਰੀਦੇ ਸਨ | ਇਸ ਗੱਲ ਦਾ ਖੁਲਾਸਾ ਅਮਰੀਕੀ ਅਖ਼ਬਾਰ ‘ਨਿਊ ਯਾਰਕ ਟਾਈਮਜ਼’ ਦੀ ਰਿਪੋਰਟ ‘ਚ ਹੋਇਆ ਹੈ | ਸਾਲ ਭਰ ਦੀ ਲੰਮੀ ਜਾਂਚ ਤੋਂ ਬਾਅਦ ਅਖ਼ਬਾਰ ਨੇ ਦੱਸਿਆ, ਅਮਰੀਕੀ ਜਾਂਚ ਏਜੰਸੀ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫ਼ ਬੀ ਆਈ) ਨੇ ਇਹ ਸਾਫ਼ਟਵੇਅਰ ਖਰੀਦਿਆ ਸੀ | ਐੱਫ਼ ਬੀ ਆਈ ਨੇ ਘਰੇਲੂ ਨਿਗਰਾਨੀ ਲਈ ਸਾਲਾਂ ਤੱਕ ਇਸ ਦੀ ਟੈਸਟਿੰਗ ਵੀ ਕੀਤੀ, ਪਰ ਪਿਛਲੇ ਸਾਲ ਇਸ ਦਾ ਇਸਤੇਮਾਲ ਨਾ ਕਰਨ ਦਾ ਫੈਸਲਾ ਲਿਆ | ਰਿਪੋਰਟ ‘ਚ ਦੱਸਿਆ ਗਿਆ ਕਿ ਕਿਸ ਤਰ੍ਹਾਂ ਦੁਨੀਆ ਭਰ ‘ਚ ਇਸ ਸਾਫ਼ਟਵੇਅਰ ਦਾ ਇਸਤੇਮਾਲ ਕੀਤਾ ਗਿਆ | ਮੈਕਸੀਕੋ ਸਰਕਾਰ ਨੇ ਪੱਤਰਕਾਰਾਂ ਅਤੇ ਵਿਰੋਧੀਆਂ ਖਿਲਾਫ਼ ਤਾਂ ਸਾਊਦੀ ਨੇ ਸ਼ਾਹੀ ਪਰਵਾਰ ਦੇ ਆਲੋਚਕ ਰਹੇ ਪੱਤਰਕਾਰ ਜਮਾਲ ਖਸੋਗੀ ਅਤੇ ਉਸ ਦੇ ਸਹਿਯੋਗੀਆਂ ਖਿਲਾਫ਼ ਇਸ ਦਾ ਇਸਤੇਮਾਲ ਕੀਤਾ | ਇਜ਼ਰਾਇਲੀ ਰੱਖਿਆ ਮੰਤਰਾਲੇ ਨੇ ਪੋਲੈਂਡ, ਹੰਗਰੀ ਅਤੇ ਭਾਰਤ ਵਰਗੇ ਕਈ ਦੇਸ਼ਾਂ ‘ਚ ਪੈਗਾਸਸ ਦੇ ਇਸਤੇਮਾਲ ਦੀ ਮਨਜ਼ੂਰੀ ਦਿੱਤੀ ਸੀ | ਪ੍ਰਧਾਨ ਮੰਤਰੀ ਨਰਿੰਦਰ ਮੋਦੀ 2017 ‘ਚ ਇਜ਼ਰਾਇਲ ਪਹੁੰਚੇ ਸਨ | ਇਜ਼ਰਾਇਲ ਦਾ ਦੌਰਾ ਕਰਨ ਵਾਲੇ ਉਹ ਪਹਿਲੇ ਪ੍ਰਧਾਨ ਮੰਤਰੀ ਸਨ | ਇਸ ਦੌਰਾਨ ਦੁਨੀਆ ਭਰ ‘ਚ ਇਹ ਸੰਦੇਸ਼ ਗਿਆ ਸੀ ਕਿ ਭਾਰਤ ਹੁਣ ਇਜ਼ਰਾਇਲ ਨੂੰ ਲੈ ਕੇ ਆਪਣੇ ਪੁਰਾਣੇ ਰਵੱਈਏ ‘ਚ ਬਦਲਾਅ ਲਿਆ ਰਿਹਾ ਹੈ | ਇਸ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ 2 ਬਿਲੀਅਨ ਡਾਲਰ ਦਾ ਡਿਫੈਂਸ ਸਮਝੌਤਾ ਹੋਇਆ ਸੀ, ਜਿਸ ‘ਚ ਪੈਗਾਸਸ ਵੀ ਸ਼ਾਮਲ ਸੀ | ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਦੇ ਕੁਝ ਮਹੀਨੇ ਬਾਅਦ ਹੀ ਬੈਂਜਾਮਿਨ ਨੇਤਨਯਾਹੂ ਵੀ ਭਾਰਤ ਆਏ ਸਨ | ਇਸ ਤੋਂ ਬਾਅਦ 2019 ‘ਚ ਭਾਰਤ ਨੇ ਸੰਯੁਕਤ ਰਾਸ਼ਟਰ ਦੀ ਆਰਥਕ ਅਤੇ ਸਮਾਜਿਕ ਪ੍ਰੀਸ਼ਦ ‘ਚ ਇਜ਼ਰਾਇਲ ਦੇ ਸਮਰਥਨ ‘ਚ ਵੋਟ ਦਿੱਤਾ ਸੀ | ਇਹ ਪਹਿਲੀ ਵਾਰ ਸੀ, ਜਦ ਭਾਰਤ ਇਜ਼ਰਾਇਲ ਨੂੰ ਫਲਸਤੀਨ ‘ਤੇ ਤਵੱਜੋ ਦੇ ਰਿਹਾ ਸੀ | ਮੀਡੀਆ ਸਮੂਹਾਂ ਦੇ ਗਲੋਬਲ ਗਰੁੱਪ ਨੇ ਜੁਲਾਈ 2021 ‘ਚ ਇਹ ਖੁਲਾਸਾ ਕੀਤਾ ਸੀ ਕਿ ਦੁਨੀਆ ਭਰ ਦੀਆਂ ਕਈ ਸਰਕਾਰਾਂ ਨੇ ਵਿਰੋਧੀਆਂ ਅਤੇ ਪੱਤਰਕਾਰਾਂ ਦ ਜਾਸੂਸੀ ਕਰਨ ਲਈ ਸਪਾਈਵੇਅਰ ਦਾ ਇਸਤੇਮਾਲ ਕੀਤਾ ਸੀ | ਭਾਰਤ ‘ਚ ਜਿਨ੍ਹਾਂ ਲੋਕਾਂ ਦੀ ਜਸੂਸੀ ਕੀਤੀ ਗਈ, ਉਨ੍ਹਾਂ ‘ਚ ਕਾਂਗਰਸ ਨੇਤਾ ਰਾਹੁਲ ਗਾਂਧੀ, ਰਾਜਨੀਤਕ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ, ਉਸ ਸਮੇਂ ਦੇ ਚੋਣ ਕਮਿਸ਼ਨਰ ਅਸ਼ੋਕ ਲਵਾਸਾ ਦੇ ਨਾਲ-ਨਾਲ 40 ਤੋਂ ਜ਼ਿਆਦਾ ਪੱਤਰਕਾਰਾਂ ਦੇ ਨਾਂਅ ਸ਼ਾਮਲ ਸਨ | ਹਾਲੇ ਤੱਕ ਨਾ ਤਾਂ ਭਾਰਤ ਅਤੇ ਨਾ ਹੀ ਇਜ਼ਰਾਇਲ ਵੱਲੋਂ ਇਸ ਦੀ ਪੁਸ਼ਟੀ ਹੋਈ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਪੈਗਾਸਸ ਦਾ ਸਮਝੌਤਾ ਹੋਇਆ ਸੀ | 2017 ‘ਚ ਮੀਡੀਆ ਦੇ ਇੱਕ ਸਮੂਹ ਨੇ ਖੁਲਾਸਾ ਕੀਤਾ ਸੀ ਕਿ ਇਹ ਸਪਾਈਵੇਅਰ ਦੁਨੀਆ ਭਰ ਦੇ ਕਈ ਦੇਸ਼ਾਂ ‘ਚ ਪੱਤਰਕਾਰਾਂ, ਵਪਾਰੀਆਂ ਦੀ ਜਸੂਸੀ ਲਈ ਇਸਤੇਮਾਲ ਹੋ ਰਿਹਾ ਹੈ | ਭਾਰਤ ‘ਚ ਵੀ ਇਸ ਦੇ ਜ਼ਰੀਏ ਕਈ ਨੇਤਾਵਾਂ ਅਤੇ ਵੱਡੇ ਨਾਵਾਂ ਵਾਲਿਆਂ ਦੀ ਜਾਸੂਸੀ ਦੀ ਗੱਲ ਕਹੀ ਗਈ ਸੀ | ਪੀ ਟੀ ਆਈ ਨੇ ਨਿਊ ਯਾਰਕ ਦੀ ਇਸ ਖ਼ਬਰ ‘ਤੇ ਸਰਕਾਰ ਤੋਂ ਪ੍ਰਤੀਕਿਰਿਆ ਮੰਗੀ, ਪਰ ਕੋਈ ਜਵਾਬ ਨਾ ਮਿਲਿਆ | ਪਿਛਲੇ ਸਾਲ ਇਸ ਗੱਲ ਨੂੰ ਲੈ ਕੇ ਕਾਫ਼ੀ ਵਿਵਾਦ ਹੋਇਆ ਸੀ ਕਿ ਭਾਰਤ ਨੇ ਇਜ਼ਰਾਇਲ ਸਪਾਈਵੇਅਰ ਪੈਗਾਸਸ ਦਾ ਇਸਤੇਮਾਲ ਕਰਕੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਨਿਗਰਾਨੀ ਕੀਤੀ ਜਾ ਰਹੀ ਹੈ | ਅਕਤੂਬਰ ‘ਚ ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਜਾਂਚ ਲਈ ਇੱਕ ਤਿੰਨ ਮੈਂਬਰੀ ਕਮੇਟੀ ਬਣਾਉਂਦੇ ਹੋਏ ਕਿਹਾ ਸੀ ਕਿ ਸਰਕਾਰ ਹਰ ਵਾਰ ਰਾਸ਼ਟਰੀ ਸੁਰੱਖਿਆ ਦਾ ਖ਼ਤਰਾ ਦੱਸ ਕੇ ਸਵਾਲਾਂ ਤੋਂ ਬਚ ਨਹੀਂ ਸਕਦੀ |

Comment here