ਸਿਆਸਤਖਬਰਾਂ

ਮੋਦੀ ਸਰਕਾਰ ਕਾਮਨ ਸਿਵਲ ਕੋਡ ਲਾਗੂ ਕਰਨ ਦੀ ਤਿਆਰੀ ਚ

ਭੋਪਾਲ– ਮੋਦੀ ਸਰਕਾਰ ਦੇਸ਼ ਵਿੱਚ ਵੱਡੇ ਵੱਡੇ ਸੁਧਾਰ ਕਰਦੀ ਜਾ ਰਹੀ ਹੈ, ਤਿੰਨ ਤਲਾਕ, ਧਾਰਾ 370 ਖਤਮ ਕਰਨ ਤੋਂ ਬਾਅਦ ਕੇਂਦਰ ਸਰਕਾਰ ਦੇਸ਼ ’ਚ ਕਾਮਨ ਸਿਵਲ ਕੋਡ ਲਾਗੂ ਕਰਨ ਦੀ ਤਿਆਰੀ ’ਚ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭੋਪਾਲ ’ਚ ਭਾਜਪਾ ਦੇ ਪ੍ਰਦੇਸ਼ ਦਫ਼ਤਰ ’ਚ ਪਾਰਟੀ ਦੇ ਨੇਤਾਵਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਸਾਡੀ ਪਾਰਟੀ ਨੇ ਧਾਰਾ 370, ਰਾਮ ਜਨਮਭੂਮੀ, ਤਿੰਨ ਤਲਾਕ ਅਤੇ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਵਰਗੇ ਮੁੱਦਿਆਂ ਨੂੰ ਹੱਲ ਕਰ ਦਿੱਤਾ ਹੈ। ਹੁਣ ਕਾਮਨ ਸਿਵਲ ਕੋਡ ਵਰਗਾ ਮੁੱਦਾ ਬਚਿਆ ਹੈ, ਜੋ ਕਿ ਆਉਣ ਵਾਲੇ ਸਾਲਾਂ ’ਚ ਹੱਲ ਕਰ ਦਿੱਤਾ ਜਾਵੇਗਾ। ਸ਼ਾਹ ਨੇ ਕਿਹਾ ਕਿ ਰਾਮ ਮੰਦਰ, ਧਾਰਾ 370 ਅਤੇ ਕਾਮਨ ਸਿਵਲ ਕੋਡ ਭਾਜਪਾ ਦੇ ਤਿੰਨ ਮੁੱਖ ਮੁੱਦੇ ਰਹੇ ਹਨ। ਰਾਮ ਮੰਦਰ ਬਣਾਉਣਾ ਅਤੇ ਧਾਰਾ 370 ਨੂੰ ਹਟਾਉਣ ਦੇ ਮੁੱਦੇ ਹੱਲ ਹੋ ਚੁੱਕੇ ਹਨ। ਅਜਿਹੇ ’ਚ ਕਾਮਨ ਸਿਵਲ ਕੋਡ ਹੀ ਇਕਮਾਤਰ ਅਜਿਹਾ ਮੁੱਦਾ ਹੈ, ਜੋ ਭਾਜਪਾ ਦੇ ਚੋਣ ਮੈਨੀਫੈਸਟੋ ’ਚ ਪੈਂਡਿੰਗ ਹੈ। ਗ੍ਰਹਿ ਮੰਤਰੀ ਸ਼ਾਹ ਨੇ ਮੱਧ ਪ੍ਰਦੇਸ਼ ਨਾਲ ਜੁੜੇ ਕੇਂਦਰੀ ਮੰਤਰੀਆਂ, ਰਾਸ਼ਟਰੀ ਅਹੁਦਾ ਅਧਿਕਾਰੀਆਂ ਅਤੇ ਹੋਰ ਨੇਤਾਵਾਂ ਦੀ ਮੌਜੂਦਗੀ ’ਚ ਕਿਹਾ ਕਿ ਕਾਮਨ ਸਿਵਲ ਕੋਡ ਦਾ ਇਸਤੇਮਾਲ ਉਤਰਾਖੰਡ ’ਚ ਕੀਤਾ ਜਾਵੇਗਾ।

ਕਾਮਨ ਸਿਵਲ ਕੋਡ ਬਾਰੇ ਜਾਣੀਏ-ਕਾਮਨ ਸਿਵਲ ਕੋਡ ਯਾਨੀ ਕਿ ਸਾਰੇ ਨਾਗਰਿਕਾਂ ਲਈ ਇਕ ਹੀ ਕਾਨੂੰਨ। ਇਸ ਸਮੇਂ ਭਾਰਤ ’ਚ ਵਿਆਹ, ਤਲਾਕ, ਗੋਦ ਲੈਣਾ ਅਤੇ ਜਾਇਦਾਦਾਂ ਦੇ ਉੱਤਰਾਧਿਕਾਰੀ ਨੂੰ ਲੈ ਕੇ ਵੱਖ-ਵੱਖ ਧਰਮਾਂ ਦੇ ਪਰਸਨਲ ਲਾਅ ਲਾਗੂ ਹਨ। ਇਸ ਨੂੰ ਇਕ ਰੂਪ ਦਿੰਦੇ ਹੋਏ ਸਾਰੇ ਨਾਗਰਿਕਾਂ ਲਈ ਸਮਾਨ ਕਾਨੂੰਨ ਦੀ ਗੱਲ ਇਹ ਕੋਡ ਕਰਦਾ ਹੈ। ਸੰਵਿਧਾਨ ’ਚ ਵੀ ਇਸ ਨੂੰ ਲਾਗੂ ਕਰਨ ਦੀ ਗੱਲ ਆਖੀ ਗਈ ਹੈ। ਹਾਲਾਂਕਿ ਵੱਖ-ਵੱਖ ਧਰਮਾਂ ਦੇ ਵਿਰੋਧ ਦੇ ਚੱਲਦੇ ਸਿਆਸੀ ਪਾਰਟੀਆਂ ਇਸ ’ਤੇ ਕੁਝ ਕਰਨ ਤੋਂ ਬਚਦੀਆਂ ਰਹੀਆਂ ਹਨ। ਸੁਪਰੀਮ ਕੋਰਟ ਵੀ ਕਈ ਮਾਮਲਿਆਂ ’ਚ ਦੇਸ਼ ’ਚ ਕਾਮਨ ਸਿਵਲ ਕੋਡ ਦੀ ਜ਼ਰੂਰਤ ਦੱਸ ਚੁੱਕਾ ਹੈ।

Comment here