ਸਿਆਸਤਚਲੰਤ ਮਾਮਲੇਦੁਨੀਆਵਿਸ਼ੇਸ਼ ਲੇਖ

ਮੋਦੀ-ਪੁਤਿਨ ਦੀ ਗੱਲਬਾਤ ਦੇ ਸਿਆਸੀ ਮਾਅਨੇ…

ਉਜ਼ਬੇਕਿਸਤਾਨ ਦੇ ਇਤਿਹਾਸਕ ਸ਼ਹਿਰ ਸਮਰਕੰਦ ‘ਚ ਸ਼ੰਘਾਈ ਸਹਿਯੋਗ ਸੰਗਠਨ ਦੇ 22ਵੇਂ ਸਿਖ਼ਰ ਸੰਮੇਲਨ ਦੇ ਅਵਸਰ ‘ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਾਲੇ ਹੋਈ ਦੁਵੱਲੀ ਗੱਲਬਾਤ ਕਾਫ਼ੀ ਅਹਿਮ ਰਹੀ ਹੈ। ਇਸ ਮੁਲਾਕਾਤ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਪੱਸ਼ਟ ਤੌਰ ‘ਤੇ ਪੁਤਿਨ ਨੂੰ ਇਹ ਕਿਹਾ ਕਿ ਰੂਸ ਤੇ ਯੂਕਰੇਨ ਨੂੰ ਆਪਣੇ ਮਸਲੇ ਯੁੱਧ ਛੱਡ ਕੇ ਗੱਲਬਾਤ ਰਾਹੀਂ ਹੱਲ ਕਰਨ ਵੱਲ ਵਧਣਾ ਚਾਹੀਦਾ ਹੈ। ਇਸ ਮੁਲਾਕਾਤ ਦੇ ਮੱਦੇਨਜ਼ਰ ਭਾਰਤ ਤੇ ਰੂਸ ਵਿਚਾਲੇ ਦਹਾਕਿਆਂ ਪੁਰਾਣੇ ਵਿਸ਼ਵਾਸ ਆਧਾਰਿਤ ਸੰਬੰਧਾਂ ਦੀ ਵੀ ਪੁਸ਼ਟੀ ਹੁੰਦੀ ਹੈ ਅਤੇ ਇਸ ਤਾਜ਼ਾ ਘਟਨਾਕ੍ਰਮ ਤੋਂ ਬਾਅਦ ਵਿਸ਼ਵ ਪੱਧਰ ‘ਤੇ ਭਾਰਤ ਦੀ ਵਧਦੀ ਮਹੱਤਤਾ ਅਤੇ ਜ਼ਿੰਮੇਵਾਰੀ ਦਾ ਵੀ ਸਹਿਜੇ ਹੀ ਪਤਾ ਲਗਦਾ ਹੈ। ਪ੍ਰਧਾਨ ਮੰਤਰੀ ਮੋਦੀ ਵਲੋਂ ਰਾਸ਼ਟਰਪਤੀ ਪੁਤਿਨ ਨੂੰ ਯੂਕਰੇਨ ਯੁੱਧ ਨਾਲ ਵਧਦੀ ਤਬਾਹੀ ਦੇ ਮੱਦੇਨਜ਼ਰ ਇਸ ਨੂੰ ਤੁਰੰਤ ਰੋਕਣ ਲਈ ਕਹਿਣਾ ਬਿਨਾਂ ਸ਼ੱਕ ਇਸ ਤੱਥ ਨੂੰ ਦਰਸਾਉਂਦਾ ਹੈ ਕਿ ਵਿਸ਼ਵ ਪੱਧਰ ‘ਤੇ ਭਾਰਤ ਦੀ ਮਹੱਤਤਾ ਅਤੇ ਸਰਗਰਮੀ ਕਿੰਨੀ ਵਧੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਅਟੱਲ ਦਾਅਵੇ ਕਿ ਅੱਜ ਦਾ ਯੁੱਗ ਜੰਗ ਦਾ ਨਹੀਂ, ਸਗੋਂ ਗੱਲਬਾਤ ਦਾ ਹੈ, ਪ੍ਰਤੀ ਰਾਸ਼ਟਰਪਤੀ ਪੁਤਿਨ ਦੀ ਪ੍ਰਤੀਕਿਰਿਆ ਵੀ ਕਾਫ਼ੀ ਸਾਰਥਿਕ ਸੀ। ਅਸੀਂ ਸਮਝਦੇ ਹਾਂ ਕਿ ਯੁੱਧ ਨਾਲ ਨਾ ਸਿਰਫ਼ ਸਮੱਸਿਆਵਾਂ ਵਧਦੀਆਂ ਹਨ, ਸਗੋਂ ਨਵੀਆਂ ਦੁਸ਼ਮਣੀਆਂ ਵੀ ਪੈਦਾ ਹੁੰਦੀਆਂ ਹਨ, ਜਿਸ ਨਾਲ ਪੂਰੀ ਦੁਨੀਆ ਅਤੇ ਸਮੁੱਚੀ ਮਨੁੱਖਤਾ ਤਬਾਹੀ ਵੱਲ ਵਧਦੀ ਹੈ। ਯੂਕਰੇਨ ਯੁੱਧ ਦੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਦੋਵਾਂ ਦੇਸ਼ਾਂ ਵਲੋਂ ਇਕ-ਦੂਜੇ ਖ਼ਿਲਾਫ਼ ਕੀਤੇ ਗਏ ਨਵੇਂ ਮਾਰੂ ਹਮਲਿਆਂ ਨਾਲ ਜੰਗ ਦੀ ਪੂਰੀ ਤਸਵੀਰ ਹੋਰ ਵੀ ਡਰਾਉਣੀ ਹੋ ਕੇ ਉਭਰੀ ਹੈ, ਪਰ ਰਾਸ਼ਟਰਪਤੀ ਪੁਤਿਨ ਦੀ ਇਹ ਟਿੱਪਣੀ ਵੀ ਸਾਰਥਿਕ ਰਹੀ ਹੈ ਕਿ ਉਹ ਵੀ ਚਾਹੁੰਦੇ ਹਨ ਕਿ ਜੰਗ ਜਲਦ ਖ਼ਤਮ ਹੋ ਜਾਵੇ।

ਇਸੇ ਸਾਲ 24 ਫਰਵਰੀ ਨੂੰ ਯੂਕਰੇਨ ਦੇ ਕਈ ਸ਼ਹਿਰਾਂ ‘ਤੇ ਅਚਾਨਕ ਰੂਸੀ ਹਵਾਈ ਹਮਲਿਆਂ ਤੋਂ ਬਾਅਦ ਸ਼ੁਰੂ ਹੋਏ ਰੂਸ-ਯੂਕਰੇਨ ਯੁੱਧ ਨੇ ਬਿਨਾਂ ਸ਼ੱਕ ਪੂਰੀ ਦੁਨੀਆ ਨੂੰ ਪਰਮਾਣੂ ਯੁੱਧ ਦੇ ਕੰਢੇ ‘ਤੇ ਪਹੁੰਚਾ ਦਿੱਤਾ ਹੈ ਅਤੇ ਜੇਕਰ ਪਰਮਾਣੂ ਯੁੱਧ ਦਾ ਤੀਰ ਇਕ ਵਾਰ ਛੱਡਿਆ ਗਿਆ ਤਾਂ ਫਿਰ ਪੂਰੀ ਦੁਨੀਆ ਦੀ ਤਬਾਹੀ ਹੋਣ ਤੋਂ ਕੋਈ ਨਹੀਂ ਰੋਕ ਸਕੇਗਾ। ਇਸ ਖ਼ਦਸ਼ੇ ਦੇ ਮੱਦੇਨਜ਼ਰ ਵਿਗਿਆਨੀਆਂ ਅਤੇ ਮਾਹਿਰਾਂ ਵਲੋਂ ਦਿੱਤੀ ਗਈ ਇਹ ਚਿਤਾਵਨੀ ਵੀ ਬਹੁਤ ਗੰਭੀਰ ਮਹੱਤਵ ਰੱਖਦੀ ਹੈ ਕਿ ਇਕ ਛੋਟਾ ਜਿਹਾ ਸੀਮਤ ਪਰਮਾਣੂ ਯੁੱਧ ਵੀ ਦੁਨੀਆ ਦੇ ਹੁਣ ਤੱਕ ਦੇ ਵਿਕਾਸ ਤੇ ਤਰੱਕੀ ਦੇ ਨਾਲ-ਨਾਲ ਪੂਰੀ ਮਨੁੱਖਤਾ ਦੇ ਇਕ ਵੱਡੇ ਹਿੱਸੇ ਨੂੰ ਤਬਾਹ ਕਰਨ ਦੀ ਸਮਰੱਥਾ ਰੱਖਦਾ ਹੈ। ਇਸ ਤੱਥ ‘ਚ ਕੋਈ ਸ਼ੱਕ ਨਹੀਂ ਕਿ ਅਮਰੀਕਾ ਅਤੇ ਹੋਰ ਪੱਛਮੀ ਦੇਸ਼ਾਂ ਦੀ ਮਦਦ ਦੇ ਜ਼ੋਰ ‘ਤੇ ਯੂਕਰੇਨ ਵਲੋਂ ਰੂਸੀ ਕਬਜ਼ਾਧਾਰੀ ਫ਼ੌਜਾਂ ਉੱਤੇ ਕੀਤੇ ਗਏ ਤਾਜ਼ਾ ਹਮਲਿਆਂ ਨਾਲ ਰਾਸ਼ਟਰਪਤੀ ਪੁਤਿਨ ਦੇ ਸ਼ਕਤੀਸ਼ਾਲੀ ਦਿਖਣ ਵਾਲੇ ਅਕਸ ਨੂੰ ਢਾਹ ਲੱਗੀ ਹੈ ਅਤੇ ਇਸੇ ਦੇ ਮੱਦੇਨਜ਼ਰ ਉਨ੍ਹਾਂ ਵਲੋਂ ਕਿਸੇ ਵੱਡੇ ਹਮਲੇ ਦਾ ਆਦੇਸ਼ ਦਿੱਤੇ ਜਾਣ ਦੀ ਵੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਯੂਕਰੇਨੀ ਫ਼ੌਜ ਵਲੋਂ ਆਪਣਾ ਹਜ਼ਾਰਾਂ ਕਿੱਲੋਮੀਟਰ ਖੇਤਰ ਰੂਸੀ ਫ਼ੌਜ ਤੋਂ ਛੁਡਵਾ ਲੈਣ ਅਤੇ ਰੂਸੀ ਫ਼ੌਜ ਨੂੰ ਖਦੇੜੇ ਜਾਣ ਦੀਆਂ ਖ਼ਬਰਾਂ ਨੂੰ ਵੀ ਰਾਸ਼ਟਰਪਤੀ ਪੁਤਿਨ ਦੀ ਹਉਮੈ ‘ਤੇ ਨਮਕ ਛਿੜਕਣ ਵਾਲੀਆਂ ਮੰਨਿਆ ਜਾ ਸਕਦਾ ਹੈ। ਯੂਕਰੇਨੀ ਰਾਸ਼ਟਰਪਤੀ ਜ਼ੇਲੇਂਸਕੀ ਵਲੋਂ ਯੂਰਪੀਅਨ ਯੂਨੀਅਨ ਦੀ ਸਿੱਧੀ ਮੈਂਬਰਸ਼ਿਪ ਲਈ ਮੁੜ ਅਰਜ਼ੀ ਦਿੱਤੇ ਜਾਣ ਨਾਲ ਰੂਸ ਹੋਰ ਵੀ ਭੜਕ ਸਕਦਾ ਹੈ। ਇਨ੍ਹਾਂ ਸਾਰੀਆਂ ਸੰਭਾਵਨਾਵਾਂ ਅਤੇ ਖ਼ਦਸ਼ਿਆਂ ਦੇ ਵਿਚਕਾਰ ਇਹ ਜੰਗ ਆਉਣ ਵਾਲੇ ਸਮੇਂ ਵਿਚ ਹੋਰ ਵੀ ਗੰਭੀਰ ਹੋਣ ਦੀ ਸੰਭਾਵਨਾ ਹੈ।
ਇਸੇ ਦੇ ਮੱਦੇਨਜ਼ਰ ਅਸੀਂ ਸ਼ੰਘਾਈ ਸਹਿਯੋਗ ਸੰਗਠਨ ਦੇ ਮੰਚ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਪੁਤਿਨ ਦੀ ਇਸ ਸੰਖੇਪ ਮੁਲਾਕਾਤ ਨੂੰ ਵਿਆਪਕ ਪੱਧਰ ‘ਤੇ ਮਹੱਤਵਪੂਰਨ ਕਰਾਰ ਦਿੱਤਾ ਹੈ ਕਿਉਂਕਿ ਇਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਪੱਸ਼ਟ ਤੌਰ ‘ਤੇ ਰੂਸ ਤੇ ਯੂਕਰੇਨ ਦੋਵਾਂ ਧਿਰਾਂ ਨੂੰ ਜੰਗ ਛੱਡ ਕੇ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਲਈ ਕਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੌਕੇ ਦਾ ਪੂਰਾ ਲਾਭ ਉਠਾਇਆ। ਹਾਲਾਂਕਿ ਉਨ੍ਹਾਂ ਨੇ ਹੋਰ ਮੈਂਬਰ ਦੇਸ਼ਾਂ ਦੇ ਮੁਖੀਆਂ ਨਾਲ ਵੀ ਦੁਵੱਲੇ ਸੰਬੰਧਾਂ ਅਤੇ ਹੋਰ ਆਲਮੀ ਮਸਲਿਆਂ ਨੂੰ ਹੱਲ ਕਰਨ ਸੰਬੰਧੀ ਗੱਲਬਾਤ ਕੀਤੀ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਯਾਤਰਾ ਦੀ ਮੁੱਖ ਉਪਲਬਧੀ ਰਾਸ਼ਟਰਪਤੀ ਪੁਤਿਨ ਦੇ ਨਾਲ ਹੋਈ ਉਨ੍ਹਾਂ ਦੀ ਗੱਲਬਾਤ ਰਹੀ। ਯੂਕਰੇਨ ਯੁੱਧ ਸ਼ੁਰੂ ਹੋਣ ਤੋਂ ਬਾਅਦ ਦੋਵਾਂ ਨੇਤਾਵਾਂ ‘ਚ ਇਹ ਪਹਿਲੀ ਗੱਲਬਾਤ ਸੀ। ਬਿਨਾਂ ਸ਼ੱਕ ਵਿਗਿਆਨ ਅਤੇ ਤਕਨੀਕ ਦੀ ਤਰੱਕੀ ਨਾਲ ਜੇਕਰ ਅੱਜ ਵਿਸ਼ਵ ਵਿਕਾਸ, ਤਰੱਕੀ ਅਤੇ ਖ਼ੁਸ਼ਹਾਲੀ ਦੀਆਂ ਸਿਖ਼ਰਾਂ ‘ਤੇ ਪਹੁੰਚਿਆ ਹੈ, ਤਾਂ ਤਬਾਹੀ ਦੀ ਭਿਆਨਕਤਾ ਵੀ ਇਸ ਦੇ ਪੈਰਾਂ ਦੇ ਨਿਸ਼ਾਨਾਂ ਨੂੰ ਮਾਪਣ ਦੇ ਨਾਲ-ਨਾਲ ਚੱਲੀ ਹੈ। ਜਾਪਾਨ ਦੇ ਸ਼ਹਿਰਾਂ ਹੀਰੋਸ਼ੀਮਾ ਅਤੇ ਨਾਗਾਸਾਕੀ ‘ਚ ਵਾਪਰੀ ਤਬਾਹੀ ਦੀਆਂ ਯਾਦਾਂ ਅੱਜ ਵੀ ਦਿਮਾਗ ‘ਚ ਤਾਜ਼ਾ ਹਨ। ਅਜਿਹੀ ਸਥਿਤੀ ‘ਚ ਅਸੀਂ ਸਮਝਦੇ ਹਾਂ ਕਿ ਵਿਸ਼ਵ ਪੱਧਰ ‘ਤੇ ਕਿਸੇ ਵੀ ਤਰ੍ਹਾਂ ਦੇ ਯੁੱਧ ਖ਼ਾਸ ਤੌਰ ‘ਤੇ ਪਰਮਾਣੂ ਤਬਾਹੀ ਵਾਲੇ ਯੁੱਧ ਨੂੰ ਰੋਕਣ ਦੀ ਬਹੁਤ ਜ਼ਰੂਰਤ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਪੁਤਿਨ ਦੀ ਸਮਰਕੰਦ ‘ਚ ਹੋਈ ਇਹ ਇਕ ਛੋਟੀ ਜਿਹੀ ਮੁਲਾਕਾਤ ਇਸੇ ਉਦੇਸ਼ ਦੇ ਰਾਹ ‘ਤੇ ਇਕ ਵੱਡਾ ਕਦਮ ਮੰਨੀ ਜਾ ਸਕਦੀ ਹੈ। ਇਹ ਮੁਲਾਕਾਤ ਯੁੱਧ ਅਤੇ ਤਬਾਹੀ ਦੇ ਸੰਘਣੇ ਹੁੰਦੇ ਜਾਂਦੇ ਕਾਲੇ ਬੱਦਲਾਂ ਵਿਚਾਲੇ ਆਸ ਦੀ ਇਕ ਕਿਰਨ ਬਣ ਸਕਦੀ ਹੈ। ਅਸੀਂ ਸਮਝਦੇ ਹਾਂ ਕਿ ਹੋਰਨਾਂ ਦੂਜੇ ਦੇਸ਼ਾਂ ਨੂੰ ਵੀ ਰੂਸ ਤੇ ਯੂਕਰੇਨ ਨੂੰ ਜੰਗ ਖ਼ਤਮ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਅਸੀਂ ਸਮਝਦੇ ਹਾਂ ਕਿ ਅਜਿਹਾ ਜਿੰਨੀ ਇਮਾਨਦਾਰੀ ਅਤੇ ਵਚਨਬੱਧਤਾ ਦੇ ਨਾਲ ਕੀਤਾ ਜਾਵੇਗਾ, ਓਨਾ ਹੀ ਇਹ ਵਿਸ਼ਵ ਮਨੁੱਖਤਾ ਦੇ ਹਿੱਤ ‘ਚ ਹੋਵੇਗਾ।

Comment here