ਨਵੀਂ ਦਿੱਲੀ-ਬੀਤੇ ਮਹੀਨੇ ਅਮਰੀਕਾ ਜਾਣ ਤੋਂ ਪਹਿਲਾਂ ਮੋਦੀ ਨੇ ਰਾਸ਼ਟਰਪਤੀ ਭਵਨ ਦੇ ਨਵੇਂ ਬਣੇ ਵਿਸ਼ਾਲ ਹਾਲ ਵਿਚ ਸਾਰੇ 70 ਸਕੱਤਰਾਂ ਅਤੇ ਸਟਾਫ ਦੇ ਮੁੱਖ ਅਧਿਆਪਕ ਦੇ ਰੂਪ ਵਿਚ 6 ਘੰਟੇ ਲੰਬੀ ਕਲਾਸ ਲਈ। ਉਨ੍ਹਾਂ ਇਹ ਹਾਲ ਇਸ ਲਈ ਚੁਣਿਆ ਤਾਂ ਜੋ ਕੋਈ ਅਧਿਕਾਰੀ ਜਾਂ ਕਰਮਚਾਰੀ ਇਸ ਕਲਾਸ ਵਿਚ ਥਾਂ ਦੀ ਕਮੀ ਹੋਣ ਕਾਰਨ ਬਾਹਰ ਨਾ ਰਹਿ ਜਾਵੇ। ਪ੍ਰਧਾਨ ਮੰਤਰੀ ਮੋਦੀ ਇਸ ਹਾਲ ਦਾ 2017 ਤੋਂ ਬਾਅਦ ਤੋਂ ਵਧ ਤੋਂ ਵਧ ਇਸਤੇਮਾਲ ਕਰ ਰਹੇ ਹਨ।
6 ਘੰਟੇ ਲੰਬੀ ਕਲਾਸ ਵਿਚ ਬੁਲਾਏ ਗਏ ਸਾਰੇ ਸਕੱਤਰਾਂ ਤੋਂ ਮੋਦੀ ਨੇ ਵਾਰੀ-ਵਾਰੀ ਗੱਲ ਕੀਤੀ ਅਤੇ ਉਨ੍ਹਾਂ ਦੇ ਕੰਮਕਾਜ ਦੀ ਸਮੀਖਿਆ ਕੀਤੀ। ਇਹ ਬੀਤੇ 2 ਸਾਲਾਂ ਵਿਚ ਪਹਿਲੀ ਵਾਰ ਆਹਮਣੇ-ਸਾਹਮਣੇ ਦੀ ਬੈਠਕ ਸੀ। ਕੋਰੋਨਾ ਮਹਾਮਾਰੀ ਦੇ ਸਮੇਂ ਪ੍ਰਧਾਨ ਮੰਤਰੀ ਆਪਣੇ ਸਕੱਤਰਾਂ ਨਾਲ ਆਹਮਣੇ-ਸਾਹਮਣੇ ਦੀ ਕੋਈ ਵੀ ਬੈਠਕ ਨਹੀਂ ਕਰ ਸਕੇ ਸਨ।
ਸਾਰੇ ਮੰਤਰਾਲਿਆਂ ਅਤੇ ਵਿਭਾਗਾਂ ਦੇ ਪ੍ਰਮੁੱਖ ਸਕੱਤਰਾਂ ਨੂੰ ਬੈਠਕ ’ਚ ਇਹ ਰਿਪੋਰਟ ਕਾਰਡ ਤਿਆਰ ਕਰ ਕੇ ਲਿਆਉਣ ਲਈ ਕਿਹਾ ਗਿਆ ਸੀ ਕਿ ਉਨ੍ਹਾਂ ਨੇ ਆਪਣੇ ਅਹੁਦੇ ’ਤੇ ਰਹਿੰਦੇ ਹੋਏ ਕੀ-ਕੀ ਕੀਤਾ ਅਤੇ ਅਗਲੇ 100 ਦਿਨਾਂ ਵਿਚ ਉਹ ਕੀ ਕਰਨ ਦੀ ਯੋਜਨਾ ਰੱਖਦੇ ਹਨ। ਮੋਦੀ ਨੇ ਆਪਣੇ ਪ੍ਰਧਾਨ ਸਕੱਤਰ ਪੀ. ਕੇ. ਮਿਸ਼ਰਾ ਅਤੇ ਕੈਬਨਿਟ ਸਕੱਤਰ ਰਾਜੀਵ ਗੌਬਾ ਨੂੰ ਨਿਰਦੇਸ਼ ਦੇ ਕੇ ਬੈਠਕ ਵਿਚ ਆਉਣ ਵਾਲੇ ਹਰੇਕ ਸਕੱਤਰ ਦੇ ਪਿਛੋਕੜ, ਸੇਵਾ ਵਿਚ ਆਉਣ ਦੀ ਤਰੀਕ, ਸੇਵਾ ਮੁਕਤੀ ਦੀ ਤਰੀਕ ਅਤੇ ਉਨ੍ਹਾਂ ਹੁਣ ਤੱਕ ਕਿਹੜੇ-ਕਿਹੜੇ ਮੰਤਰਾਲਾ ਵਿਚ ਕੰਮ ਕੀਤਾ, ਇਸ ਦਾ ਪੂਰਾ ਵੇਰਵਾ ਤਿਆਰ ਕਰਵਾ ਲਿਆ ਸੀ।
Comment here