ਸਿਆਸਤਖਬਰਾਂ

ਮੋਦੀ ਨੇ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਦਾ ਕੀਤਾ ਉਦਘਾਟਨ 

ਨਵੀਂ ਦਿੱਲੀ-ਲੰਘੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 100 ਲੱਖ ਕਰੋੜ ਰੁਪਏ ਦਾ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਦਾ ਉਦਘਾਟਨ ਕੀਤਾ। ਇਸ ਮਾਸਟਰ ਪਲਾਨ ’ਚ 1200 ਤੋਂ ਵੱਧ ਸਨਅਤੀ ਕਲਸਟਰ ਤੇ ਦੋ ਰੱਖਿਆ ਕੋਰੀਡੋਰ ਸ਼ਾਮਲ ਹਨ, ਜਿਨ੍ਹਾਂ ਨੂੰ ਆਵਾਜਾਈ ਦੇ ਵੱਖ-ਵੱਖ ਸਾਧਨਾਂ ਨਾਲ ਜੋੜਿਆ ਜਾਵੇਗਾ। ਫ਼ਿਲਹਾਲ ਪੀਐੱਮ ਗਤੀ-ਸ਼ਕਤੀ ਨੈਸ਼ਨਲ ਮਾਸਟਰ ਪਲਾਨ ’ਚ ਬੁਨਿਆਦੀ ਢਾਂਚੇ ਨਾਲ ਜੁੜੇ ਉਨ੍ਹਾਂ ਪ੍ਰਾਜੈਕਟਾਂ ਨੂੰ ਸ਼ਾਮਲ ਕੀਤਾ ਗਿਆ ਜਿਨ੍ਹਾਂ ਨੂੰ 2024-25 ਤਕ ਪੂਰਾ ਕੀਤਾ ਜਾਣਾ ਹੈ। ਇਸ ਮਾਸਟਰ ਪਲਾਨ ਤਹਿਤ ਡਿਜੀਟਲ ਪਲੇਟਫਾਰਮ ਤਿਆਰ ਕੀਤੇ ਜਾਣਗੇ ਜਿਸ ਤਹਿਤ ਕੇਂਦਰ ਸਰਕਾਰ ਦੇ 16 ਮੰਤਰਾਲੇ ਇਕੱਠਿਆਂ ਇਨ੍ਹਾਂ ਪ੍ਰਾਜੈਕਟਾਂ ਦੀ ਯੋਜਨਾ ਤਿਆਰ ਕਰਨਗੇ। ਇਸ ਡਿਜੀਟਲ ਪਲੇਟਫਾਰਮ ਤੋਂ ਸਾਰੇ ਪ੍ਰਾਜੈਕਟਾਂ ਦੀ ਉਪਗ੍ਹਹਿ ਤੋਂ ਲਈ ਗਈ ਤਸਵੀਰ, ਉੱਥੇ ਦੀ ਮੌਜੂਦਾ ਸਮੇਂ ਮੁਤਾਬਕ ਸਥਿਤੀ, ਹੋ ਰਹੇ ਕੰਮ ਦੀ ਤਰੱਕੀ, ਉੱਥੇ ਮੁਹੱਈਆ ਜ਼ਮੀਨ, ਪਾਣੀ ਤੇ ਹੋਰ ਜਾਣਕਾਰੀ ਲਈ ਜਾ ਸਕੇਗੀ।
ਕੈਬਨਿਟ ਸਕੱਤਰ ਦੀ ਅਗਵਾਈ ’ਚ ਸਕੱਤਰਾਂ ਦਾ ਇਕ ਸਮੂਹ ਇਨ੍ਹਾਂ ਸਾਰੇ ਪ੍ਰਾਜੈਕਟਾਂ ਦੀ ਨਿਗਰਾਨੀ ਕਰੇਗਾ। ਸਰਕਾਰ ਦੇ ਪ੍ਰਾਜੈਕਟਾਂ ਨੂੰ ਤੈਅ ਸਮੇਂ ਅੰਦਰ ਪੂਰਾ ਕਰਨ ਲਈ ਇਹ ਗਤੀਸ਼ਕਤੀ ਮਾਸਟਰ ਪਲਾਨ ਸਹੀ ਜਾਣਕਾਰੀ ਤੇ ਸਟੀਕ ਮਾਰਗਦਰਸ਼ਨ ਕਰੇਗਾ।
ਕੀ ਕੀ ਹੋਣਗੇ ਫ਼ਾਇਦਾ
-ਲਾਜਿਸਟਿਕ (ਟਰਾਂਸਪੋਰਟ) ਲਾਗਤ ਘੱਟ ਹੋਵੇਗੀ ਜਿਸ ਨਾਲ ਬਰਾਮਦ ਵਧੇਗੀ ਤੇ ਘਰੇਲੂ ਪੱਧਰ ’ਤੇ ਵੀ ਲੋਕਾਂ ਨੂੰ ਸਸਤਾ ਸਾਮਾਨ ਮਿਲੇਗਾ।
-ਕਿਸਾਨਾਂ ਦੀ ਖੇਤੀ ਲਾਗਤ ’ਚ ਵੀ ਕਮੀ ਆਵੇਗੀ। ਹਰ ਤਰ੍ਹਾਂ ਦੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟ ਦੂਸਰੇ ਪ੍ਰਾਜੈਕਟਾਂ ਦੀ ਮਦਦ ਕਰਨਗੇ ਤੇ ਇਕ-ਦੂਜੇ ਦੇ ਪੂਰਕ ਬਣਨਗੇ।
-ਸਰਕਾਰ ਨੂੰ ਅਸਰਦਾਰ ਯੋਜਨਾ ਤੇ ਨੀਤੀ ਬਣਾਉਣ ’ਚ ਮਦਦ ਮਿਲੇਗੀ। ਸਰਕਾਰ ਦਾ ਗ਼ੈਰ-ਜ਼ਰੂਰੀ ਖ਼ਰਚਾ ਬਚੇਗਾ ਤੇ ਉੱਦਮੀਆਂ ਨੂੰ ਵੀ ਕਿਸੇ ਪ੍ਰਾਜੈਕਟ ਨਾਲ ਜੁੜੀ ਜਾਣਕਾਰੀ ਮਿਲਦੀ ਰਹੇਗੀ।
-ਨਿਵੇਸ਼ਕਾਂ ਨੂੰ ਸਰਕਾਰ ਤੈਅ ਸਮੇਂ ’ਚ ਆਪਣੀ ਵਚਨਬੱਧਤਾ ਦਿਖਾ ਸਕੇਗੀ ਜਿਸ ਨਾਲ ਭਾਰਤ ਨਵੇਂ ਨਿਵੇਸ਼ ਸਥਾਨ ਦੇ ਰੂਪ ’ਚ ਉਭਰੇਗਾ।
-ਲੋਕ ਘੱਟ ਕੀਮਤ ’ਤੇ ਬਿਹਤਰ ਜ਼ਿੰਦਗੀ ਜੀਅ ਸਕਣਗੇ ਤੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।
2024-25 ਤਕ ਕੀ-ਕੀ ਹੋਣਾ ਹੈ
-ਰਾਸ਼ਟਰੀ ਰਾਜਮਾਰਗ ਨੂੰ 2 ਲੱਖ ਕਿਲੋਮੀਟਰ ਤਕ ਲਿਜਾਣਾ
-17000 ਕਿਲੋਮੀਟਰ ਦੀ ਗੈਸ ਪਾਈਪਲਾਈਨ ਵਿਛਾਉਣਾ
-ਸੌਰ ਊਰਜਾ ਦੀ ਉਤਪਾਦਨ ਸਮਰੱਥਾ ਨੂੰ 87.7 ਗੀਗਾਵਾਟ ਤੋਂ ਵਧਾ ਕੇ 225 ਗੀਗਾਵਾਟ ਤਕ ਲਿਜਾਣਾ
-ਰੇਲਵੇ ਦੀ ਕਾਰਗੋ ਆਵਾਜਾਈ ਸਮਰੱਥਾ ਨੂੰ 121 ਕਰੋੜ ਟਨ ਤੋਂ ਵਧਾ ਕੇ 160 ਕਰੋੜ ਟਨ ਤਕ ਪਹੁੰਚਾਉਣਾ
-11 ਸਨਅਤੀ ਕੋਰੀਡੋਰ ਤੇ ਦੋ ਅਦਦ ਰੱਖਿਆ ਕੋਰੀਡੋਰ ਦਾ ਨਿਰਮਾਣ
-ਸਾਰੇ ਪਿੰਡਾਂ ਤਕ 4ਜੀ ਕੁਨੈਕਟੀਵਿਟੀ ਪਹੁੰਚਾਉਣਾ
-ਟਰਾਂਸਮਿਸ਼ਨ ਲਾਈਨ ਨੂੰ 4,54,200 ਕਿਲੋਮੀਟਰ ਤਕ ਲਿਜਾਣਾ
-202 ਫਿਸ਼ਿੰਗ ਕਲਸਟਰਾਂ ਦਾ ਨਿਰਮਾਣ ਕਰਨਾ

Comment here