ਸਿਆਸਤਖਬਰਾਂਚਲੰਤ ਮਾਮਲੇ

ਮੋਦੀ ਦੇ ਨਾਮ ‘ਤੇ ਹੀ ਅਗਾਮੀ ਚੋਣ ਲੜੇਗੀ ਭਾਜਪਾ

ਵਿਸ਼ੇਸ਼ ਰਿਪੋਰਟ-ਅਨਿਲ ਜੈਨ
ਅਗਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਸ ਸਾਲ ਅਤੇ ਅਗਲੇ ਸਾਲ ਭਾਵ 2023 ‘ਵਿਚ ਹੋਣ ਵਾਲੀ ਕਿਸੇ ਵੀ ਰਾਜ ਦੀ ਵਿਧਾਨ ਸਭਾ ਚੋਣ ਲਈ ਭਾਰਤੀ ਜਨਤਾ ਪਾਰਟੀ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਪੇਸ਼ ਨਹੀਂ ਕਰੇਗੀ। ਸਾਰੀਆਂ ਚੋਣਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂਅ ਅਤੇ ਚਿਹਰੇ ‘ਤੇ ਹੀ ਲੜੀਆਂ ਜਾਣਗੀਆਂ। ਦੱਸਿਆ ਜਾਂਦਾ ਹੈ ਕਿ ਜਿਨ੍ਹਾਂ ਰਾਜਾਂ ਵਿਚ ਚੋਣ ਹੋਣੀ ਹੈ, ਉਥੇ ਭਾਰੀ ਗੁਟਬਾਜ਼ੀ, ਮੁੱਖ ਮੰਤਰੀਆਂ ਦੇ ਖ਼ਿਲਾਫ਼ ਐਂਟੀ ਇਨਕੁਬੈਂਸੀ (ਸਰਕਾਰ ਵਿਰੋਧੀ ਭਾਵਨਾ) ਅਤੇ ਗੈਰ-ਅਨੁਕੂਲ ਸਾਮਾਜਿਕ ਸਮੀਕਰਨਾਂ ਦੇ ਚਲਦਿਆਂ ਅਤੇ ਕੁਝ ਖੇਤਰੀ ਨੇਤਾਵਾਂ ਨੂੰ ਠਿਕਾਣੇ ਲਗਾਉਣ ਲਈ ਸਿਖਰਲੀ ਲੀਡਰਸ਼ਿਪ ਦੀ ਯੋਜਨਾ ਦੇ ਤਹਿਤ ਪਾਰਟੀ ਬਿਨਾ ਕੋਈ ਚਿਹਰਾ ਪੇਸ਼ ਕੀਤੇ ਚੋਣ ਲੜੇਗੀ। ਭਾਵ ਹਰ ਚੋਣ ਹੁਣ ਮੋਦੀ ਬਨਾਮ ਵਿਰੋਧੀ ਦਲ ਹੋਵੇਗੀ।
ਫਿਲਹਾਲ਼ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੁਲ 11 ਰਾਜਾਂ ਵਿਚ ਵਿਧਾਨ ਸਭਾਵਾਂ ਦੀਆਂ ਚੋਣਾਂ ਹੋਣੀਆਂ ਹਨ। ਇਸ ਸਾਲ ਦੇ ਆਖਿਰ ਵਿਚ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿਚ ਚੋਣਾਂ ਹੋਣੀਆਂ ਹਨ ਅਤੇ ਅਗਲੇ ਸਾਲ ਦੀ ਸ਼ੁਰੂਆਤ ਭਾਵ ਫਰਵਰੀ-ਮਾਰਚ ਵਿਚ ਪੂਰਬ- ਉੱਤਰ ਦੇ ਤਿੰਨ ਰਾਜਾਂ ਮੇਘਾਲਿਆ, ਨਾਗਾਲੈਂਡ ਅਤੇ ਤ੍ਰਿਪੁਰਾ ਵਿਚ ਚੋਣਾਂ ਹੋਣਗੀਆਂ। ਉਸ ਤੋਂ ਬਾਅਦ ਮਈ ਵਿਚ ਕਰਨਾਟਕ ਅਤੇ ਫਿਰ ਸਾਲ ਦੇ ਅੰਤ ਵਿਚ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਤੇਲੰਗਾਨਾ ਅਤੇ ਮਿਜ਼ੋਰਮ ਵਿਚ ਵਿਧਾਨ ਸਭਾ ਚੋਣਾਂ ਹੋਣਗੀਆਂ।
ਇਸ ਸਾਲ ਸਭ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਵਿਚ ਚੋਣਾਂ ਹੋਣੀਆਂ ਹਨ, ਜਿੱਥੇ ਭਾਜਪਾ ਸੱਤਾ ਵਿਚ ਹੈ ਅਤੇ ਮੁੱਖ ਵਿਰੋਧੀ ਪਾਰਟੀ ਕਾਂਗਰਸ ਹੈ। ਰਵਾਇਤੀ ਤੌਰ ‘ਤੇ ਮੁਕਾਬਲਾ ਇਨ੍ਹਾਂ ਦੋਵਾਂ ਪਾਰਟੀਆਂ ਵਿਚ ਹੀ ਹੁੰਦਾ ਦਿਖਾਈ ਦੇ ਰਿਹਾ ਹੈ। ਇਸ ਵਾਰ ਵੀ ਆਮ ਆਦਮੀ ਪਾਰਟੀ ਦੀ ਹਲਚਲ ਦੇ ਬਾਵਜੂਦ ਮੁਕਾਬਲਾ ਭਾਜਪਾ ਬਨਾਮ ਕਾਂਗਰਸ ਵਿਚਾਲੇ ਹੀ ਹੋਵੇਗਾ। ਇਸ ਸੂਬੇ ਵਿਚ ਪਿਛਲੇ ਕਈ ਦਹਾਕਿਆਂ ਤੋਂ ਹਰ ਪੰਜ ਸਾਲ ਵਿਚ ਸੱਤਾ ਬਦਲਣ ਦਾ ਰਿਵਾਜ ਰਿਹਾ ਹੈ, ਜਿਸ ਨੂੰ ਭਾਜਪਾ ਇਸ ਵਾਰ ਬਦਲਣਾ ਚਾਹੁੰਦੀ ਹੈ, ਜਦਕਿ ਕਾਂਗਰਸ ਇਸ ਚੋਣ ਵਿਚ ਮੁੱਖ ਮੰਤਰੀ ਜੈਰਾਮ ਠਾਕੁਰ ਦੇ ਪੰਜ ਸਾਲ ਦੇ ਕੰਮਕਾਜ ਨੂੰ ਮੁੱਦਾ ਬਣਾ ਕੇ ਸੱਤਾ ਹਾਸਲ ਕਰਨਾ ਚਾਹੁੰਦੀ ਹੈ। ਭਾਜਪਾ ਉਸ ਨੂੰ ਇਸ ਤਰ੍ਹਾਂ ਕਰਨ ਤੋਂ ਰੋਕਣ ਦੀ ਕੋਸ਼ਿਸ਼ ਵਿਚ ਜੁਟੀ ਹੋਈ ਹੈ। ਇਨ੍ਹਾਂ ਕੋਸ਼ਿਸ਼ਾਂ ਤਹਿਤ ਉਸ ਨੇ ਹੁਣ ਤੋਂ ਹੀ ਮਾਹੌਲ ਬਣਾ ਦਿੱਤਾ ਹੈ ਕਿ ਚੋਣਾਂ ਬਾਅਦ ਨਵਾਂ ਮੁੱਖ ਮੰਤਰੀ ਵੀ ਬਣ ਸਕਦਾ ਹੈ। ਇਸ ਲਈ ਉਹ ਚੋਣ ਜੈਰਾਮ ਠਾਕੁਰ ਦੇ ਚਿਹਰੇ ‘ਤੇ ਨਹੀਂ, ਸਗੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ‘ਤੇ ਲੜੇਗੀ ਅਤੇ ਮੋਦੀ ਡਬਲ ਇੰਜਣ ਦੀ ਸਰਕਾਰ ਦੀ ਦੁਹਾਈ ਦੇ ਕੇ ਲੋਕਾਂ ਤੋਂ ਭਾਜਪਾ ਲਈ ਵੋਟਾਂ ਮੰਗਣਗੇ।
ਇਹੀ ਹਾਲ ਗੁਜਰਾਤ ਵਿਚ ਹੈ, ਜਿੱਥੇ ਹਿਮਾਚਲ ਪ੍ਰਦੇਸ਼ ਤੋਂ ਬਾਅਦ ਚੋਣਾਂ ਹੋਣੀਆਂ ਹਨ। ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇੇ ਇਸ ਪਿੱਤਰੀ ਸੂਬੇ ਵਿਚ ਠੀਕ ਇਕ ਸਾਲ ਪਹਿਲਾਂ ਭਾਜਪਾ ਨੇ ਮੁੱਖ ਮੰਤਰੀ ਸਮੇਤ ਸਾਰੇ ਮੰਤਰੀ ਬਦਲ ਦਿੱਤੇ ਸਨ। ਵਿਜੈ ਰੂਪਾਨੀ ਦੀ ਜਗ੍ਹਾ ਭੁਪਿੰਦਰ ਪਟੇਲ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ। ਪਿਛਲੀਆਂ ਚੋਣਾਂ ਵਿਚ ਕਾਂਗਰਸ ਨੇ ਭਾਜਪਾ ਨੂੰ ਵੱਡੀ ਟੱਕਰ ਦਿੰਦੇ ਹੋਏ ਮੁਕਾਬਲਾ ਲਗਭਗ ਬਰਾਬਰੀ ਦਾ ਬਣਾ ਦਿੱਤਾ ਸੀ ਪਰ ਭਾਜਪਾ ਜਿਵੇਂ-ਤਿਵੇਂ ਸਰਕਾਰ ਬਣਾਉਣ ਵਿਚ ਸਫ਼ਲ ਹੋ ਗਈ ਸੀ। ਪਿਛਲੇ ਪੰਜ ਸਾਲਾਂ ਦੌਰਾਨ ਉਥੇ ਭਾਜਪਾ ਨੇ ਕਾਂਗਰਸ ਦੇ ਕਈ ਵਿਧਾਇਕਾਂ ਅਤੇ ਹੋਰ ਨੇਤਾਵਾਂ ਕੋਲੋਂ ਦਲਬਦਲ ਕਰਾ ਕੇ ਕਾਂਗਰਸ ‘ਤੇ ਮਨੋਵਿਗਿਆਨਕ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਹਲਚਲ ਵੀ ਕਾਂਗਰਸ ਲਈ ਪ੍ਰੇਸ਼ਾਨੀ ਦਾ ਕਾਰਨ ਬਣੀ ਹੋਈ ਹੈ ਪਰ ਇਸ ਦੇ ਬਾਵਜੂਦ ਮੁੱਖ ਤੌਰ ‘ਤੇ ਮੁਕਾਬਲਾ ਭਾਜਪਾ ਅਤੇ ਕਾਂਗਰਸ ਵਿਚਕਾਰ ਹੀ ਹੋਣਾ ਹੈ। ਕਾਂਗਰਸ ਰਾਜ ਸਰਕਾਰ ਦੇ ਕੰਮਕਾਜ ਨੂੰ ਮੁੱਦਾ ਬਣਾ ਕੇ ਭਾਜਪਾ ਨੂੰ ਚੁਣੌਤੀ ਦੇਣ ਦੀ ਤਿਆਰੀ ਕਰ ਰਹੀ ਹੈ। ਕਾਂਗਰਸ ਨੂੰ ਲੱਗ ਰਿਹਾ ਹੈ ਕਿ ਪਿਛਲੇ ਅੱਠ ਸਾਲ ਤੋਂ ਭਾਜਪਾ ਨੇ ਤਿੰਨ ਮੁੱਖ ਮੰਤਰੀ ਬਦਲੇ ਹਨ। ਉਨ੍ਹਾਂ ਦੇ ਕੰਮਕਾਜ ‘ਤੇ ਜੇਕਰ ਚੋਣ ਲੜੀ ਜਾਵੇਗੀ ਤਾਂ ਉਹ ਭਾਜਪਾ ਨੂੰ ਚੰਗੀ ਟੱਕਰ ਦੇ ਸਕਣਗੇ। ਭਾਜਪਾ ਵੀ ਇਸ ਗੱਲ ਨੂੰ ਸਮਝ ਚੁੱਕੀ ਹੈ, ਇਸ ਲਈ ਉਹ ਸਥਾਨਕ ਨੇਤਾਵਾਂ ਦੀ ਬਜਾਏ ਮੋਦੀ ਦਾ ਚਿਹਰਾ ਅੱਗੇ ਕਰ ਰਹੀ ਹੈ।
ਕਿਉਂਕਿ ਪੂਰੀ ਚੋਣ ਮੋਦੀ ਦੇ ਨਾਂਅ ‘ਤੇ ਹੀ ਲੜੀ ਜਾਣੀ ਹੈ, ਇਸ ਲਈ ਪਾਰਟੀ ਨੇ ਮੁੱਖ ਮੰਤਰੀ ਅਤੇ ਸਾਰੇ ਸਾਬਕਾ ਮੁੱਖ ਮੰਤਰੀਆਂ ਨੂੰ ਛੱਡ ਕੇ ਪੂਰਾ ਧਿਆਨ ਸਿਰਫ਼ ਮੋਦੀ ਦੇ ਚਿਹਰੇ ‘ਤੇ ਹੀ ਬਣਾਇਆ ਹੈ। ਜੁਲਾਈ ਮਹੀਨੇ ਵਿਚ ਮੁੱਖ ਮੰਤਰੀ ਭੁਪਿੰਦਰ ਪਟੇਲ ਨੇ ਚੋਣਾਂ ਦੇ ਮੱਦੇਨਜ਼ਰ 15 ਦਿਨਾ ‘ਵੰਦੇ ਗੁਜਰਾਤ ਵਿਕਾਸ ਯਾਤਰਾ’ ਦੀ ਸ਼ੁਰੂਆਤ ਕੀਤੀ ਸੀ, ਜਿਸ ਵਿਚ ਪ੍ਰਧਾਨ ਮੰਤਰੀ ਮੋਦੀ ਦੀ ਬਜਾਏ ਮੁੱਖ ਮੰਤਰੀ ਮੋਦੀ ਦੇ ਕੰਮ-ਕਾਜ ਦਾ ਹੀ ਗੁਣਗਾਨ ਕੀਤਾ ਗਿਆ। ਧਿਆਨਯੋਗ ਹੈ ਕਿ ਨਰਿੰਦਰ ਮੋਦੀ ਕਰੀਬ 21 ਸਾਲ ਪਹਿਲਾਂ ਗੁਜਰਾਤ ਦੇ ਮੁੱਖ ਮੰਤਰੀ ਬਣੇ ਸਨ। ਉਹ ਕਰੀਬ ਤੇਰਾਂ ਸਾਲ ਤੱਕ ਮੁੱਖ ਮੰਤਰੀ ਰਹੇ ਅਤੇ ਪਿਛਲੇ ਅੱਠ ਸਾਲ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਹਨ। ਭਾਜਪਾ ਵਲੋਂ ਮੋਦੀ ਦੇ ਇਸ ਪੂਰੇ ਕਾਰਜਕਾਲ ਨੂੰ ਹੀ ਚੋਣ ਪ੍ਰਚਾਰ ਦਾ ਮੁੱਖ ਵਿਸ਼ਾ ਬਣਾਇਆ ਗਿਆ। ‘ਵੰਦੇ ਗੁਜਰਾਤ ਵਿਕਾਸ ਯਾਤਰਾ’ ਵਿਚ ਵੰਡੇ ਜਾਣ ਵਾਲੇ ਪਰਚਿਆਂ ਵਿਚ ਵੀ ਇਨ੍ਹਾਂ 21 ਸਾਲਾਂ ਦੌਰਾਨ ਗੁਜਰਾਤ ਲਈ ਕੀਤੇ ਮੋਦੀ ਦੇ ਕੰਮਕਾਜ ਦਾ ਹੀ ਜ਼ਿਕਰ ਕੀਤਾ ਗਿਆ। ਮੋਦੀ ਤੋਂ ਪਹਿਲਾਂ ਮੁੱਖ ਮੰਤਰੀ ਰਹੇ ਕੇਸ਼ੂਭਾਈ ਪਟੇਲ ਅਤੇ ਮੋਦੀ ਤੋਂ ਬਾਅਦ ਮੁੱਖ ਮੰਤਰੀ ਬਣੀ ਆਨੰਦੀ ਬੇਨ ਪਟੇਲ ਅਤੇ ਉਨ੍ਹਾਂ ਤੋਂ ਬਾਅਦ ਮੁੱਖ ਮੰਤਰੀ ਬਣੇ ਵਿਜੈ ਰੂਪਾਨੀ ਦਾ ਵੀ ਇਸ ਵਿਚ ਕੋਈ ਜ਼ਿਕਰ ਨਹੀਂ ਕੀਤਾ ਗਿਆ।
ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਤੋਂ ਬਾਅਦ ਅਗਲੇ ਸਾਲ ਫਰਵਰੀ-ਮਾਰਚ ਵਿਚ ਪੂਰਬ-ਉੱਤਰ ਦੇ ਤਿੰਨ ਰਾਜਾਂ ਮੇਘਾਲਿਆ, ਨਾਗਾਲੈਂਡ ਅਤੇ ਤ੍ਰਿਪੁਰਾ ਵਿਚ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਹਨ। ਇਨ੍ਹਾਂ ਵਿਚੋਂ ਸਿਰਫ਼ ਤ੍ਰਿਪੁਰਾ ਵਿਚ ਭਾਜਪਾ ਦੀ ਸਰਕਾਰ ਹੈ, ਜਿਥੇ ਪਾਰਟੀ ਨੇ ਕੁਝ ਦਿਨ ਪਹਿਲਾਂ ਹੀ ਮੁੱਖ ਮੰਤਰੀ ਬਦਲਿਆ ਹੈ। ਪਾਰਟੀ ਇਥੇ ਵੀ ਮੋਦੀ ਦੇ ਚਿਹਰੇ ‘ਤੇ ਹੀ ਚੋਣ ਲੜੇਗੀ। ਬਾਕੀ ਦੇ ਦੋ ਰਾਜਾਂ ਮੇਘਾਲਿਆ ਅਤੇ ਨਾਗਾਲੈਂਡ ਵਿਚ ਖੇਤਰੀ ਦਲਾਂ ਦੀਆਂ ਸਰਕਾਰਾਂ ਹਨ ਅਤੇ ਭਾਜਪਾ ਦੀ ਮੌਜੂਦਗੀ ਨਾਮਾਤਰ ਹੀ ਹੈ, ਇਸ ਲਈ ਇਨ੍ਹਾਂ ਪ੍ਰਦੇਸ਼ਾਂ ਵਿਚ ਭਾਜਪਾ ਖੇਤਰੀ ਪਾਰਟੀਆਂ ਨਾਲ ਗੱਠਜੋੜ ਕਰਕੇ ਚੋਣ ਲੜੇਗੀ ਅਤੇ ਵਿਧਾਨ ਸਭਾ ਵਿਚ ਆਪਣੀ ਹਾਜ਼ਰੀ ਦਰਜ ਕਰਵਾਉਣ ਦੀ ਕੋਸ਼ਿਸ਼ ਕਰੇਗੀ।
ਇਨ੍ਹਾਂ ਚੋਣਾਂ ਤੋਂ ਬਾਅਦ ਮਈ ਵਿਚ ਕਰਨਾਟਕਾ ਵਿਧਾਨ ਸਭਾ ਦੀ ਚੋਣ ਹੋਣੀ ਹੈ, ਜਿਥੇ ਭਾਜਪਾ ਨੇ ਇਕ ਸਾਲ ਪਹਿਲਾਂ ਆਪਣੇ ਵੱਡੇ ਨੇਤਾ ਬੀ.ਐਸ. ਯੇਦੀਯੁਰੱਪਾ ਨੂੰ ਹਟਾ ਕੇ ਉਨ੍ਹਾਂ ਦੀ ਹੀ ਸਿਫਾਰਸ਼ ‘ਤੇ ਲਿੰਗਾਇਤ ਭਾਈਚਾਰੇ ਦੇ ਨੇਤਾ ਬਸਵਰਾਜ ਬੋਮਈ ਨੂੰ ਮੁੱਖ ਮੰਤਰੀ ਤਾਂ ਬਣਾ ਦਿੱਤਾ ਸੀ ਪਰ ਉਨ੍ਹਾਂ ਦੀ ਪ੍ਰਸਿੱਧੀ ਅਤੇ ਰਾਜਨੀਤਿਕ ਬਲ ‘ਤੇ ਪਾਰਟੀ ਨੂੰ ਸੰਦੇਹ ਹੈ, ਕਿਉਂਕਿ ਰਾਜ ਵਿਚ ਲਿੰਗਾਇਤ ਭਾਈਚਾਰਾ ਰਾਜਨੀਤਿਕ ਰੂਪ ਤੋਂ ਬੇਹੱਦ ਪ੍ਰਭਾਵਸ਼ਾਲੀ ਹੈ। ਇਸ ਲਈ ਬੋਮੰਈ ਨੂੰ ਬਣਾਈ ਰੱਖਣਾ ਪਾਰਟੀ ਦੀ ਮਜਬੂਰੀ ਹੈ ਪਰ ਚੋਣਾਂ ਤੋਂ ਬਾਅਦ ਵੀ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਉਣ ਦੀ ਘੋਸ਼ਣਾ ਨਹੀਂ ਕੀਤੀ ਜਾਵੇਗੀ ਅਤੇ ਪਾਰਟੀ ਮੋਦੀ ਦੇ ਚਿਹਰੇ ‘ਤੇ ਹੀ ਚੋਣ ਲੜੇਗੀ।
ਅਗਲੇ ਸਾਲ ਦੇ ਅਖੀਰ ਵਿਚ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਤੇਲੰਗਾਨਾ ਅਤੇ ਮਿਜ਼ੋਰਮ ਵਿਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਬਾਕੀ ਹਨ। ਇਨ੍ਹਾਂ ਵਿਚ ਪਹਿਲਾਂ ਤਿੰਨ ਰਾਜਾਂ ਵਿਚ ਭਾਜਪਾ ਨੂੰ ਆਪਣੇ ਤਿੰਨ ਪੁਰਾਣੇ ਚਿਹਰਿਆਂ ਨੂੰ ਕਿਨਾਰੇ ਕਰਨਾ ਪਿਆ ਹੈ। ਇਨ੍ਹਾਂ ਤਿੰਨਾਂ ਰਾਜਾਂ ਵਿਚ ਭਾਜਪਾ ਪਿਛਲੀ ਵਾਰ ਹਾਰ ‘ਕੇ ਸੱਤਾ ਤੋਂ ਬਾਹਰ ਹੋ ਗਈ ਸੀ, ਪਰ ਮੱਧ ਪ੍ਰਦੇਸ਼ ਵਿਚ ਉਹ ਇਕ ਸਾਲ ਬਾਅਦ ਹੀ ਕਾਂਗਰਸ ਵਿਚ ਵੱਡੇ ਪੱਧਰ ‘ਤੇ ਹੋਈ ਬਗ਼ਾਵਤ ਦਾ ਫਾਇਦਾ ਉਠਾ ਕੇ ਕਾਂਗਰਸ ਦੀ ਸਰਕਾਰ ਡੇਗ ਕੇ ਆਪਣੀ ਸਰਕਾਰ ਬਣਾਉਣ ਵਿਚ ਸਫਲ ਹੋ ਗਈ ਸੀ। ਹਾਲਾਂਕਿ ਵਿਸ਼ੇਸ਼ ਸਥਿਤੀ ਵਿਚ ਸਰਕਾਰ ਬਣੀ ਸੀ ਇਸ ਲਈ ਹਾਈਕਮਾਨ ਦੇ ਨਾ ਚਾਹੁੰਦੇ ਹੋਏ ਵੀ ਮਜਬੂਰੀ ਵਿਚ ਫਿਰ ਤੋਂ ਸ਼ਿਵਰਾਜ ਸਿੰਘ ਚੌਹਾਨ ਨੂੰ ਮੁੱਖ ਮੰਤਰੀ ਬਣਾਉਣਾ ਪਿਆ ਸੀ। ਸ਼ਿਵਰਾਜ ਸਿੰਘ ਭਾਜਪਾ ਵਿਚ ਸਭ ਤੋਂ ਵੱਧ ਸਮੇਂ ਤੱਕ ਮੁੱਖ ਮੰਤਰੀ ਰਹਿਣ ਦਾ ਰਿਕਾਰਡ ਆਪਣੇ ਨਾਂਅ ਕਰ ਚੁੱਕੇ ਹਨ ਪਰ ਇਸ ਦੇ ਬਾਵਜੂਦ ਪਿਛਲੇ ਦਿਨੀਂ ਉਨ੍ਹਾਂ ਨੂੰ ਜਿਵੇਂ ਪਾਰਟੀ ਦੇ ਸੰਸਦੀ ਬੋਰਡ ਤੋਂ ਬਾਹਰ ਕੀਤਾ ਗਿਆ ਹੈ, ਉਸ ਤੋਂ ਲੱਗਦਾ ਹੈ ਕਿ ਹੁਣ ਪਾਰਟੀ ਦੀ ਲੀਡਰਸ਼ਿਪ ਉਨ੍ਹਾਂ ਨੂੰ ਕਿਨਾਰੇ ਕਰਨ ਦਾ ਮਨ ਬਣਾ ਚੁੱਕੀ ਹੈ। ਖੁਦ ਸ਼ਿਵਰਾਜ ਸਿੰਘ ਨੂੰ ਵੀ ਇਸ ਗੱਲ ਦਾ ਅਹਿਸਾਸ ਹੋ ਚੁੱਕਾ ਹੈ, ਇਸ ਲਈ ਉਨ੍ਹਾਂ ਨੇ ਆਪਣੇ ਆਪ ਨੂੰ ਸੰਸਦੀ ਬੋਰਡ ਤੋਂ ਬਾਹਰ ਕੀਤੇ ਜਾਣ ਤੋਂ ਬਾਅਦ ਕਿਹਾ ਸੀ ਕਿ ਪਾਰਟੀ ਜੇਕਰ ਉਨ੍ਹਾਂ ਨੂੰ ਝਾੜੂ ਲਗਾਉਣ ਦੀ ਜ਼ਿੰਮੇਵਾਰੀ ਵੀ ਸੌਂਪੇਗੀ ਤਾਂ ਉਹ ਖੁਸ਼ੀ-ਖੁਸ਼ੀ ਸਵੀਕਾਰ ਕਰਨਗੇ। ਫਿਲਹਾਲ ਪਾਰਟੀ ਉਨ੍ਹਾਂ ਨੂੰ ਕੀ ਨਵੀਂ ਜ਼ਿੰਮੇਵਾਰੀ ਦੇਵੇਗੀ, ਇਹ ਅਜੇ ਸਾਫ ਨਹੀਂ ਹੈ ਪਰ ਇਹ ਤੈਅ ਹੈ ਕਿ ਮੱਧ ਪ੍ਰਦੇਸ਼ ਵਿਚ ਪਾਰਟੀ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਣ ਬਿਨਾਂ ਮੋਦੀ ਦੇ ਚਿਹਰੇ ‘ਤੇ ਹੀ ਚੋਣ ਲੜੇਗੀ।
ਰਾਜਸਥਾਨ ਵਿਚ ਭਾਜਪਾ ਨੇ ਪਿਛਲੀ ਚੋਣ ਉਸ ਵੇਲੇ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਦੇ ਚਿਹਰੇ ‘ਤੇ ਲੜੀ ਸੀ ਪਰ ਪਾਰਟੀ ਸੱਤਾ ਤੋਂ ਬਾਹਰ ਹੋ ਗਈ ਸੀ। ਵਸੁੰਧਰਾ ਨੇ ਹੁਣ ਵੀ ਖੁਦ ਨੂੰ ਮੁੱਖ ਮੰਤਰੀ ਅਹੁਦੇ ਦੀ ਉਮੀਦਵਾਰ ਮੰਨਦੇ ਹੋਏ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੇ ਰਾਜ ਵਿਚ ਨਵੀਂ ਲੀਡਰਸ਼ਿਪ ਤਿਆਰ ਕਰਨ ਦਾ ਫ਼ੈਸਲਾ ਕਰ ਲਿਆ ਹੈ। ਇਸ ਗੱਲ ਦਾ ਸੰਕੇਤ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਸਤੀਸ਼ ਪੂਨੀਆ ਵੀ ਦੇ ਚੁੱਕੇ ਹਨ। ਇਸੇ ਤਰ੍ਹਾਂ ਛੱਤੀਸਗੜ੍ਹ ਵਿਚ 15 ਸਾਲ ਤੱਕ ਮੁਖ ਮੰਤਰੀ ਰਹੇ ਰਮਨ ਸਿੰਘ ਹੁਣ ਤੋਂ ਹੀ ਖੁਦ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਮੰਨ ਰਹੇ ਹਨ। ਪਰ ਪਾਰਟੀ ਨੇ ਤੈਅ ਕਰ ਲਿਆ ਹੈ ਕਿ ਚੋਣ ਮੋਦੀ ਦੇ ਚਿਹਰੇ ‘ਤੇ ਹੀ ਲੜੀ ਜਾਵੇਗੀ ਅਤੇ ਮੁੱਖ ਮੰਤਰੀ ਦਾ ਫ਼ੈਸਲਾ ਚੋਣ ਤੋਂ ਬਾਅਦ ਵਿਚ ਹੋਵੇਗਾ। ਤੇਲੰਗਾਨਾ ਵਿਚ ਹਾਲਾਂਕਿ ਭਾਜਪਾ ਦਾ ਸਿਰਫ਼ ਇਕ ਵਿਧਾਇਕ ਹੈ ਅਤੇ ਫਿਲਹਾਲ ਪਾਰਟੀ ਦਾ ਟੀਚਾ ਕਾਂਗਰਸ ਨੂੰ ਪਿੱਛੇ ਛੱਡ ਕੇ ਸੱਤਾਧਾਰੀ ਤੇਲੰਗਾਨਾ ਰਾਸ਼ਟਰ ਸਮਿਤੀ ਦੇ ਖਿਲਾਫ਼ ਆਪਣੇ ਆਪ ਨੂੰ ਮੁੱਖ ਵਿਰੋਧੀ ਪਾਰਟੀ ਦੇ ਰੂਪ ਵਿਚ ਸਥਾਪਿਤ ਕਰਨਾ ਹੈ। ਇਸ ਲਈ ਉਥੇ ਅਜੇ ਇਹ ਸਵਾਲ ਨਹੀਂ ਹੈ ਕਿ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ। ਮਿਜ਼ੋਰਮ ਵਿਚ ਵੀ ਪਾਰਟੀ ਦੀ ਹਾਲਤ ਮਾੜੀ ਹੈ, ਇਸ ਲਈ ਉਥੇ ਵੀ ਇਸ ਤਰ੍ਹਾਂ ਦਾ ਕੋਈ ਸੁਆਲ ਨਹੀਂ ਹੈ। ਮਤਲਬ ਜਿੱਥੇ ਵੀ ਭਾਜਪਾ ਨੂੰ ਜ਼ਰੂਰੀ ਲੱਗਦਾ ਹੈ ਉਨ੍ਹਾਂ ਸਾਰੇ ਰਾਜਾਂ ਵਿਚ ਪਾਰਟੀ ਨਰਿੰਦਰ ਮੋਦੀ ਦੇ ਚਿਹਰੇ ‘ਤੇ ਹੀ ਚੋਣ ਲੜੇਗੀ।

Comment here