ਸਿਆਸਤਖਬਰਾਂ

ਮੋਦੀ ਦੀ ਪੰਜਾਬ ਫੇਰੀ, ਸੁਰੱਖਿਆ ਚ ਵੱਡੀ ਕੁਤਾਹੀ, ਕੇਂਦਰੀ ਗ੍ਰਹਿ ਮੰਤਰਾਲਾ ਸਖਤ ਨਰਾਜ਼

ਪੰਜਾਬ ਸਰਕਾਰ ਤੋਂ ਮੰਗਿਆ ਜਵਾਬ, ਮੁਖ ਮੰਤਰੀ ਚੰਨੀ ਸਫਾਈ ਦੇਣ ਚ ਲੱਗੇ
ਬੰਦੇ ਘੱਟ ਆਉਣ ਕਰਕੇ ਰੈਲੀ ਰੱਦ ਹੋਈ-ਚੰਨੀ
ਐਸ ਐਸ ਪੀ ਫਿਰੋਜ਼ਪੁਰ ਮੁਅੱਤਲ
ਜਾਖੜ ਤੇ ਸੁਖਬੀਰ ਵੱਲੋਂ ਚੰਨੀ ਸਰਕਾਰ ਵੱਲ ਉੰਗਲ
ਚੰਡੀਗੜ੍ਹ-ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ  ਪੰਜਾਬ ਫੇਰੀ ਉੱਤੇ ਸਨ, ਇਸ ਦੌਰਾਨ ਉਹਨਾਂ ਦੀ ਸੁਰੱਖਿਆ ਵਿੱਚ ਵੱਡੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਪੀਐੱਮ ਨੇ ਫਿਰੋਜ਼ਪੁਰ ਦਾ ਆਪਣਾ ਦੌਰਾ ਰੱਦ ਕਰ ਦਿੱਤਾ, ਜਿੱਥੇ ਉਹ ਕਈ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣ ਵਾਲੇ ਸਨ। ਪ੍ਰਧਾਨ ਮੰਤਰੀ ਨੇ ਰੈਲੀ ਨੂੰ ਸੰਬੋਧਨ ਕਰਨਾ ਸੀ।
ਕੇਂਦਰੀ ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਅੱਜ ਸਵੇਰੇ ਪ੍ਰਧਾਨ ਮੰਤਰੀ ਬਠਿੰਡਾ ਪੁੱਜੇ ਜਿੱਥੋਂ ਉਨ੍ਹਾਂ ਨੇ ਹੈਲੀਕਾਪਟਰ ਰਾਹੀਂ ਹੁਸੈਨੀਵਾਲਾ ਸਥਿਤ ਕੌਮੀ ਸ਼ਹੀਦ ਸਮਾਰਕ ‘ਤੇ ਜਾਣਾ ਸੀ। ਮੀਂਹ ਅਤੇ ਖ਼ਰਾਬ ਦਿੱਖ ਕਾਰਨ, ਪ੍ਰਧਾਨ ਮੰਤਰੀ ਨੇ ਮੌਸਮ ਸਾਫ਼ ਹੋਣ ਲਈ ਲਗਭਗ 20 ਮਿੰਟ ਉਡੀਕ ਕੀਤੀ। ਜਦੋਂ ਮੌਸਮ ਵਿੱਚ ਸੁਧਾਰ ਨਾ ਹੋਇਆ ਤਾਂ ਫੈਸਲਾ ਕੀਤਾ ਗਿਆ ਕਿ ਉਹ ਸੜਕੀ ਰਸਤੇ ਨੈਸ਼ਨਲ ਮੈਰੀਟੋਰੀਅਸ ਮੈਮੋਰੀਅਲ ਦਾ ਦੌਰਾ ਕਰਨਗੇ, ਜਿਸ ਵਿੱਚ 2 ਘੰਟੇ ਤੋਂ ਵੱਧ ਸਮਾਂ ਲੱਗੇਗਾ। ਡੀਜੀਪੀ ਪੰਜਾਬ ਪੁਲਿਸ ਵੱਲੋਂ ਲੋੜੀਂਦੇ ਸੁਰੱਖਿਆ ਪ੍ਰਬੰਧਾਂ ਦੀ ਪੁਸ਼ਟੀ ਕਰਨ ਤੋਂ ਬਾਅਦ ਉਹ ਸੜਕ ਰਾਹੀਂ ਯਾਤਰਾ ਲਈ ਰਵਾਨਾ ਹੋ ਗਏ। ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਜਦੋਂ ਪ੍ਰਧਾਨ ਮੰਤਰੀ ਦਾ ਕਾਫਲਾ ਹੁਸੈਨੀਵਾਲਾ ਸਥਿਤ ਰਾਸ਼ਟਰੀ ਸ਼ਹੀਦ ਸਮਾਰਕ ਤੋਂ ਲਗਭਗ 30 ਕਿਲੋਮੀਟਰ ਦੂਰ ਫਲਾਈਓਵਰ ‘ਤੇ ਪਹੁੰਚਿਆ ਤਾਂ ਪਤਾ ਲੱਗਾ ਕਿ ਕੁਝ ਪ੍ਰਦਰਸ਼ਨਕਾਰੀਆਂ ਨੇ ਸੜਕ ਜਾਮ ਕਰ ਦਿੱਤੀ ਸੀ। ਪੀਐੱਮ 15-20 ਮਿੰਟ ਤੱਕ ਫਲਾਈਓਵਰ ‘ਤੇ ਫਸੇ ਰਹੇ। ਇਹ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਇੱਕ ਵੱਡੀ ਲਾਪਰਵਾਹੀ ਸੀ।
ਪੰਜਾਬ ਸਰਕਾਰ ਨੂੰ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਅਤੇ ਯਾਤਰਾ ਯੋਜਨਾਵਾਂ ਬਾਰੇ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ। ਪ੍ਰਕਿਰਿਆ ਅਨੁਸਾਰ ਉਨ੍ਹਾਂ ਨੂੰ ਸੁਰੱਖਿਆ ਦੇ ਲੋੜੀਂਦੇ ਪ੍ਰਬੰਧ ਕਰਨ ਦੇ ਨਾਲ-ਨਾਲ ਸੰਕਟਕਾਲੀਨ ਯੋਜਨਾ ਵੀ ਤਿਆਰ ਰੱਖਣੀ ਸੀ। ਮੰਤਰਾਲੇ ਨੇ ਕਿਹਾ ਕਿ ਅਚਨਚੇਤੀ ਯੋਜਨਾ ਦੇ ਮੱਦੇਨਜ਼ਰ, ਪੰਜਾਬ ਸਰਕਾਰ ਨੂੰ ਸੜਕ ਦੁਆਰਾ ਕਿਸੇ ਵੀ ਆਵਾਜਾਈ ਨੂੰ ਸੁਰੱਖਿਅਤ ਕਰਨ ਲਈ ਵਾਧੂ ਸੁਰੱਖਿਆ ਤਾਇਨਾਤ ਕਰਨੀ ਸੀ, ਜੋ ਸਪੱਸ਼ਟ ਤੌਰ ‘ਤੇ ਤਾਇਨਾਤ ਨਹੀਂ ਕੀਤੀ ਗਈ ਸੀ। ਇਸ ਸੁਰੱਖਿਆ ਕੁਤਾਹੀ ਤੋਂ ਬਾਅਦ ਬਠਿੰਡਾ ਹਵਾਈ ਅੱਡੇ ‘ਤੇ ਵਾਪਸ ਜਾਣ ਦਾ ਫੈਸਲਾ ਕੀਤਾ ਗਿਆ। ਗ੍ਰਹਿ ਮੰਤਰਾਲੇ ਨੇ ਇਸ ਸਾਰੀ ਘਟਨਾ ਦਾ ਨੋਟਿਸ ਲੈਂਦਿਆਂ ਸੂਬਾ ਸਰਕਾਰ ਨੇ ਵਿਸਥਾਰਤ ਰਿਪੋਰਟ ਮੰਗੀ ਹੈ। ਸੂਬਾ ਸਰਕਾਰ ਨੂੰ ਇਸ ਕੁਤਾਹੀ ਲਈ ਜ਼ਿੰਮੇਵਾਰ ਵਿਅਕਤੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।
ਕੇਂਦਰੀ ਗ੍ਰਹਿ ਵਿਭਾਗ ਵਲੋਂ ਪੰਜਾਬ ਸਰਕਾਰ ਨੂੰ ਪਾਈ ਝਾੜ ਤੋਂ ਬਾਅਦ ਸੂਬਾ ਸਰਕਾਰ ਨੇ ਫ਼ਿਰੋਜ਼ਪੁਰ ਦੇ ਐੱਸ.ਐੱਸ.ਪੀ. ਹਰਮਨਦੀਪ ਸਿੰਘ ਹਾਂਸ ਨੂੰ ਮੁਅੱਤਲ ਕਰ ਦਿੱਤਾ।
ਸੁਰੱਖਿਆ ‘ਚ ਕੋਈ ਕੁਤਾਹੀ ਨਹੀਂ ਹੋਈ-ਚੰਨੀ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਪ੍ਰਧਾਨ ਮੰਤਰੀ ਦੀ ਸੁਰੱਖਿਆ ‘ਚ ਕੋਈ ਕੁਤਾਹੀ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਪੀਐਮ ਮੋਦੀ ਬਿਨਾਂ ਦੱਸੇ ਸੜਕ ਰਾਹੀਂ ਆਏ। ਪੀਐੱਮ ਦਾ ਹਵਾਈ ਜਹਾਜ਼ ਰਾਹੀਂ ਆਉਣ ਦਾ ਪਲਾਨ ਸੀ। ਮੈਂ ਪ੍ਰਦਰਸ਼ਨਕਾਰੀਆਂ ਨੂੰ ਸੜਕ ਖਾਲੀ ਕਰਨ ਦੀ ਬੇਨਤੀ ਕੀਤੀ ਸੀ। ਉਨ੍ਹਾਂ ਕਿਹਾ ਕਿ 70 ਹਜ਼ਾਰ ਕੁਰਸੀ ਲਾਈ ਸੀ ਤੇ ਬੰਦਾ 700 ਨਹੀਂ ਆਇਆ, ਤਾਂ ਕਰਕੇ ਮੋਦੀ ਨੂੰ ਰੈਲੀ ਰੱਦ ਕਰਨੀ ਪਈ। ਸੁਰੱਖਿਆ ‘ਚ ਕੋਈ ਕੁਤਾਹੀ ਨਹੀਂ ਹੋਈ। ਚੰਨੀ ਨੇ ਕਿਹਾ ਕਿ ਗ੍ਰਹਿ ਮੰਤਰਾਲਾ ਮੋਦੀ ਦੀ ਫਿਰੋਜ਼ਪੁਰ ਰੈਲੀ ਦੇ ਰੱਦ ਹੋਣ ਦਾ ਸਾਰਾ ਭਾਂਡਾ ਪੰਜਾਬ ਸਰਕਾਰ ਸਿਰ ਭੰਨ ਰਿਹਾ ਹੈ। ਮੰਤਰਾਲੇ ਨੇ ਰੈਲੀ ਦੇ ਰੱਦ ਹੋਣ ਦਾ ਕਾਰਨ ਪੰਜਾਬ ਪੀਐੱਮ ਦੀ ਸੁਰੱਖਿਆ ਵਿੱਚ ਕੁਤਾਹੀ ਦੱਸੀ ਜਾ ਰਹੀ ਹੈ।
ਸਿਆਸਤ ਗਰਮਾਈ
ਪੰਜਾਬ ਕਾਂਗਰਸ ਦੇ ਨੇਤਾ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਦੀ ਫਿਰੋਜ਼ਪੁਰ ਰੈਲੀ ਰੱਦ ਹੋਣ ਤੋਂ ਬਾਅਦ ਟਵੀਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਹੈ ਕਿ ਅੱਜ ਜੋ ਹੋਇਆ ਹੈ, ਉਹ ਸਵੀਕਾਰ ਨਹੀਂ ਕੀਤਾ ਜਾ ਸਕਦਾ ਹੈ। ਇਹ ਪੰਜਾਬੀਅਤ ਦੇ ਖ਼ਿਲਾਫ਼ ਹੈ। ਫਿਰੋਜ਼ਪੁਰ ਵਿਚ ਭਾਜਪਾ ਦੀ ਸਿਆਸੀ ਰੈਲੀ ਨੂੰ ਸੰਬੋਧਨ ਕਰਨ ਲਈ ਭਾਰਤ ਦੇ ਪ੍ਰਧਾਨ ਮੰਤਰੀ ਲਈ ਇੱਕ ਸੁਰੱਖਿਅਤ ਰਸਤਾ ਯਕੀਨੀ ਬਣਾਇਆ ਜਾਣਾ ਚਾਹੀਦਾ ਸੀ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਰੈਲੀ ਰੱਦ ਹੋਣ ਤੋਂ ਬਾਅਦ ਟਵੀਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਕੇ ਮੁੱਖ ਮੰਤਰੀ ਚੰਨੀ ਸਰਕਾਰ ‘ਤੇ ਤਨਜ਼ ਕੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਅਮਨ-ਕਾਨੂੰਨ ਪੂਰੀ ਤਰ੍ਹਾਂ ਢਹਿ-ਢੇਰੀ ਹੈ। ਅਸੀਂ ਲੰਬੇ ਸਮੇਂ ਤੋਂ ਇਹ ਕਹਿੰਦੇ ਆ ਰਹੇ ਹਾਂ। ਮੁੱਖ ਮੰਤਰੀ ਰਾਜ ਚਲਾਉਣ ਦੇ ਅਯੋਗ ਹਨ।

Comment here