ਸਿਆਸਤਖਬਰਾਂ

ਮੈਨੂੰ ਤਾਂ ਬੀਜੇਪੀ ਵਾਲੇ ਸੱਦੀ ਜਾਂਦੇ ਆ-ਭਗਵੰਤ ਮਾਨ

ਅਸੀਂ ਕੋਈ ਨੀਂ ਸੱਦਾ ਦਿੱਤਾ, ਕੇਜਰੀਵਾਲ ਤੇ ਦਬਾਅ ਪਾਉਣ ਲਈ ਝੂਠ ਬੋਲ ਰਿਹੈ-ਭਾਜਾਪ

ਚੰਡੀਗੜ੍ਹ-ਅਗਲੇ ਵਰੇ ਹੋਣ ਵਾਲੀਆਂ ਪੰਜਾਬ  ਚੋਣਾਂ ਲਈ ਤਕਰੀਬਨ ਸਾਰੀਆਂ ਹੀ ਸਿਆਸੀ ਪਾਰਟੀਆਂ ਸਰਗਰਮ ਹੋ ਚੁੱਕੀਆਂ ਹਨ, ਜੋੜ ਤੋੜ ਦੀ ਸਿਆਸਤ ਵੀ ਚੱਲ ਰਹੀ ਹੈ। ਇਸ ਦਰਮਿਆਨ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੂੰ ਬੀਜੇਪੀ  ਦੇ ਸੀਨੀਅਰ ਲੀਡਰ ਨੇ ਪਾਰਟੀ ਚ ਆਉਣ ਦੀ ਪੇਸ਼ਕਸ਼ ਕੀਤੀ ਅਤੇ ਇਸ ਵਾਸਤੇ ਮੁੱਲ ਦੱਸਣ ਲਈ ਕਿਹਾ। ਮਾਨ ਨੇ ਕਿਹਾ,” ਮੈਨੂੰ ਚਾਰ ਦਿਨ ਪਹਿਲਾਂ ਫੋਨ ਆਇਆ ਸੀ ਕਿ ਮਾਨ ਸਾਹਿਬ ਬੀਜੇਪੀ ਵਿੱਚ ਆਉਣ ਦਾ ਕੀ ਲਾਉਂਗੇ। ਕੋਈ ਰਕਮ ਲਵੋਗੇ? ਜਾਂ ਤੁਹਾਨੂੰ ਕੋਈ ਕੈਬਨਿਟ ਰੈਂਕ ਦੇ ਦਈਏ। ਮੈਂ ਕਿਹਾ ਕਿ ਮੈਂ ਮਿਸ਼ਨ ‘ਤੇ ਹਾਂ ਕਮਿਸ਼ਨ ‘ਤੇ ਨਹੀਂ। ਮੈਂ ਪੈਸੇ ਕਮਾਉਣ ਵਾਲਾ ਪੇਸ਼ਾ ਛੱਡ ਕੇ ਆਪ ਵਿੱਚ ਆਇਆ ਹਾਂ।” ਮਾਨ ਨੇ ਕਿਹਾ ਜੋ ਵਿਸ਼ਵਾਸ ਮੈਂ ਪੰਜਾਬ ਦੇ ਲੋਕਾਂ ਦੇ ਦਿਲਾਂ ਵਿੱਚ ਬਣਾਇਆ ਹੈ ਬੀਜੇਪੀ ਉਹ ਵਿਸ਼ਵਾਸ ਖਰੀਦਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਨੂੰ ਇਹ ਗਲ਼ਤਫਹਿਮੀ ਛੱਡ ਦੇਣੀ ਚਾਹੀਦੀ ਹੈ। ਅਸੀਂ ਪੰਜਾਬ ਦਾ ਸਿਰ ਨਹੀਂ ਝੁੱਕਣ ਦੇਵਾਂਗੇ। ਮੈਨੂੰ ਖਰੀਦਣ ਵਾਲੇ ਨੋਟ ਨਹੀਂ ਬਣੇ। ਉਨ੍ਹਾਂ ਕਿਹਾ ਕਿ ਬੀਜੇਪੀ ਨੂੰ ਹੋਰਸ ਟ੍ਰੇਡਿੰਗ ਦੀ ਰਾਜਨੀਤੀ ਆਉਂਦੀ ਹੈ। ਆਪ ਦੇ ਬਹੁਤ ਸਾਰੇ ਲੀਡਰਾਂ ਨੂੰ ਫੋਨ ਆ ਰਹੇ ਹਨ ਪਰ ਮੈਨੂੰ ਪੈਸਾ ਜਾਂ ਲਾਲਚ ਦੇ ਕੇ ਖਰੀਦ ਨਹੀਂ ਸਕਦੇ। ਸਹੀ ਸਮੇਂ ‘ਤੇ ਉਸ ਲੀਡਰ ਦਾ ਨਾਮ ਵੀ ਦੱਸਾਂਗਾ।

ਅਸੀਂ ਕੋਈ ਪੇਸ਼ਕਸ਼ ਨਹੀਂ ਕੀਤੀ-ਭਾਜਪਾ

ਇਸ ਮਾਮਲੇ ਵਿਚ ਪੰਜਾਬ ਬੀਜੇਪੀ ਦੇ ਲੀਡਰ ਅਨਿਲ ਸਰੀਨ ਨੇ ਕਿਹਾ ਹੈ ਕਿ ਭਗਵੰਤ ਮਾਨ ਦਾ ਦਾਅਵਾ ਮਨਘੜਤ ਹੈ। ਆਮ ਆਦਮੀ ਪਾਰਟੀ ਵਿੱਚ ਭਗਵੰਤ ਮਾਨ ਦਾ ਕੋਈ ਮੁੱਲ ਨਹੀਂ। ਇਸ ਲਈ ਭਗਵੰਤ ਮਾਨ ਅਜਿਹੇ ਬਿਆਨ ਦੇ ਕੇ ਕੇਜਰੀਵਾਲ ‘ਤੇ ਦਬਾਅ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਚਾਹੁੰਦੇ ਹਨ ਕਿ ਅਰਵਿੰਦ ਕੇਜਰੀਵਾਲ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ। ਇਸ ਲਈ ਦਬਾਅ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਅਜਿਹਾ ਕਦੇ ਨਹੀਂ ਕਰਦੀ। ਅਨਿਲ ਸਰੀਨ ਨੇ ਸਵਾਲ ਕੀਤਾ ਕਿ ਤੁਹਾਡੇ 10 ਵਿਧਾਇਕ ਦੂਜੀਆਂ ਪਾਰਟੀਆਂ ਵਿੱਚ ਚਲੇ ਗਏ, ਤੁਸੀਂ ਉਨ੍ਹਾਂ ਨੂੰ ਸੰਭਾਲ ਕਿਉਂ ਨਹੀਂ ਸਕੇ?

 

 

Comment here