ਸੰਗਰੂਰ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੜ੍ਹਬਾ ਵਿਖੇ ਸਬ ਤਹਿਸੀਲ ਦਾ ਨੀਂਹ ਪੱਥਰ ਰੱਖਿਆ। ਇਸ ਸਮਾਗਮ ਵਿੱਚ ਭਗਵੰਤ ਮਾਨ ਨੇ ਜਿੱਥੇ ਦਿੜ੍ਹਬਾ ਵਾਸੀਆਂ ਨੂੰ ਵਧਾਈ ਦਿੱਤੀ, ਉੱਥੇ ਹੀ ਵਿਰੋਧੀਆਂ ਉੱਤੇ ਤੰਜ ਕੱਸਦੇ ਨਜ਼ਰ ਆਏ। ਇਸ ਮੌਕੇ ਉਨ੍ਹਾਂ ਨੇ ਸਟੇਜ ਤੋਂ ਇਕ ਵਾਰ ਫਿਰ ਸਾਰੇ ਚੈਨਲਾਂ ਉੱਤੇ ਗੁਰਬਾਣੀ ਪ੍ਰਸਾਰਣ ਹੋਣ ਦੀ ਗੱਲ ਕਹੀ ਅਤੇ ਸ਼੍ਰੋਮਣੀ ਕਮੇਟ ਤੇ ਅਕਾਲੀ ਦਲ ਉੱਤੇ ਨਿਸ਼ਾਨੇ ਸਾਧੇ। ਭਗਵੰਤ ਮਾਨ ਨੇ ਕਿਹਾ ਕਿ ਗੁਰਬਾਣੀ ਸਰਬ ਸਾਂਝੀ ਹੈ, ਪਰ ਇਸ ਦਾ ਪ੍ਰਸਾਰਣ ਸਿਰਫ਼ ਬਾਦਲਾਂ ਦੇ ਚੈਨਲ ਉੱਤੇ ਹੀ ਕਿਉਂ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਬਾਦਲ ਦਾ ਚੈਨਲ ਸਭ ਤੋਂ ਮਹਿੰਗਾ ਚੈਨਲ ਬਣਾ ਰੱਖਿਆ ਹੈ। ਚੈਨਲ ਦੇਖਣ ਲਈ ਕੈਨੇਡਾ-ਅਮਰੀਕਾ ਦੇ ਲੋਕ ਕਈ ਡਾਲਰਾਂ ਦਾ ਭੁਗਤਾਨ ਕਰਦੇ ਹਨ, ਕਿਉਂਕਿ ਉੱਥੇ ਵੀ ਲੋਕ ਬਾਣੀ ਸੁਣਦੇ ਹਨ। ਇਸ ਲਈ ਮੈਂ ਕਿਹਾ ਕਿ ਸਭ ਨੂੰ ਬਾਣੀ ਪ੍ਰਸਾਰਣ ਫ੍ਰੀ ਹੋਣਾ ਚਾਹੀਦਾ ਹੈ, ਫਿਰ ਚਾਹੇ ਜਿਹੜਾ ਮਰਜ਼ੀ ਚੈਨਲ ਦਿਖਾਵੇ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਦੋ ਮੈਂ ਬਾਣੀ ਪ੍ਰਸਾਰਣ ਫ੍ਰੀ ਚਲਾਉਣ ਦੀ ਗੱਲ ਕੀਤੀ ਤਾਂ, ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਮੈਨੂੰ ਕਹਿੰਦੇ ਕਿ ਧਾਰਮਿਕ ਮਾਮਲਿਆਂ ਵਿੱਚ ਦਖ਼ਲ ਨਾ ਦਿਓ। ਮਾਨ ਨੇ ਨਿਸ਼ਾਨਾ ਸਾਧਦਿਆ ਕਿਹਾ ਕਿ, “ਜੇਕਰ ਕੋਈ ਬਾਦਲਾਂ ਦੇ ਚੈਨਲਾਂ ਤੋਂ ਪਵਿੱਤਰ ਗੁਰਬਾਣੀ ਦਾ ਕਬਜ਼ਾ ਛੁਡਵਾਉਣ ਦੀ ਗੱਲ ਕਰੇ, ਤਾਂ ਦਖ਼ਲ ਹੋ ਗਿਆ। ਪਰ, ਜੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹਰਜਿੰਦਰ ਧਾਮੀ ਜਲੰਧਰ ਜਾ ਕੇ ਤੱਕੜੀ ਲਈ ਵੋਟ ਮੰਗੇ, ਤਾਂ ਉਹ ਨਿੱਜੀ ਫੈਸਲਾ।”
ਭਗਵੰਤ ਮਾਨ ਨੇ ਸ਼੍ਰੋਮਣੀ ਕਮੇਟੀ ਨੂੰ ਨਿਸ਼ਾਨੇ ਉੱਤੇ ਲੈਂਦਿਆ ਕਿਹਾ ਕਿ ਹੁਣ ਮੇਰੀ ਇਸ ਗੱਲ ਦਾ ਜਵਾਬ ਵੀ ਬਾਦਲਾਂ ਨੂੰ ਪੁੱਛ ਕੇ ਦਈਓ, ਕਿਉਂਕਿ ਮੈਨੂੰ ਪਤਾ ਹੈ ਕਿ ਸਾਰਾ ਕੁਝ ਉਧਰੋ ਹੀਂ ਆਉਂਦਾ। ਉਹ ਜਿੰਨਾ ਕੁ ਡਾਊਨਲੋਡ ਕਰਦੇ ਨੇ, ਉਨ੍ਹਾਂ ਕੁ ਤੁਸੀ ਬੋਲਦੇ ਹੋ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਕੰਮ ਹੈ, ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਕਰਨਾ ਹੈ, ਤਾਂ ਫਿਰ ਉਹ ਰਾਜਨੀਤੀ ਵਿੱਚ ਦਖ਼ਲ ਕਿਉਂ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਹ ਬਾਦਲ ਦੇ ਚੈਨਲ ਨੂੰ ਗੁਰਬਾਣੀ ਪ੍ਰਸਾਰਣ ਜਾ ਰਾਈਟ ਦਿੰਦੇ ਹਨ, ਪਰ ਇਹ ਕੌਣ ਹੁੰਦੇ ਹਨ ਗੁਰੂ ਦੀ ਬਾਣੀ ਉੱਤੇ ਕਬਜ਼ਾ ਕਰਨ ਵਾਲੇ, ਗੁਰਬਾਣੀ ਗੁਰੂਆਂ-ਭਗਤਾਂ ਦੀ ਹੈ। ਇਹ ਸਾਰੇ ਚੈਨਲਾਂ ਉੱਤੇ ਆਉਣੀ ਚਾਹੀਦੀ ਹੈ।
Comment here