ਖਬਰਾਂਖੇਡ ਖਿਡਾਰੀ

ਮੈਡਲ ਨਹੀਂ ਦਿਲ ਜਿੱਤੇ ਕਮਲਪ੍ਰੀਤ ਨੇ

ਸ੍ਰੀ ਮੁਕਤਸਰ ਸਾਹਿਬ-ਟੋਕੀਓ ਓਲੰਪਿਕ ਦੇ ਡਿਸਕਸ ਥ੍ਰੋਅ ਮੁਕਾਬਲੇ ’ਚ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਕਬਰਵਾਲਾ ਦੀ ਧੀ ਕਮਲਪ੍ਰੀਤ ਕੌਰ ਤਮਗੇ ਤੋਂ ਖੁੰਝ ਗਈ, ਪਰ ਉਸ ਨੇ ਖੇਡ ਪ੍ਰੇਮੀਆਂ ਦੇ ਦਿਲ ਜਿੱਤ ਲਏ, ਛੋਟੇ ਜਿਹੇ ਪਿੰਡ ਚੋਂ ਅਤ ਦੀਆਂ ਤੰਗੀਆਂ ਤੁਰਸ਼ੀਆਂ ਝੱਲਦਿਆਂ ਇਸ ਮੁਕਾਮ ਤੱਕ ਅਪੜਨਾ ਹੀ ਛੋਟੀ ਗੱਲ ਨਹੀਂ ਹੈ। ਉਹ ਪਹਿਲੀ ਵਾਰ ਓਲੰਪਿਕ ’ਚ ਪਹੁੰਚ ਕੇ ਉਹ ਛੇਵੇਂ ਸਥਾਨ ’ਤੇ ਰਹੀ। ਸਾਰੇ ਦੇਸ਼ ਦੀ ਉਸ ਤੇ ਨਜ਼ਰ ਲੱਗੀ ਹੋਈ ਸੀ, ਮੈਡਲ ਝੋਲੀ ਨਾ ਪੈਣ ਨਾਲ ਨਿਰਾਸ਼ਾ ਜ਼ਰੂਰ ਹੋਈ ਪਰ ਉਸ ਨੂੰ ਸ਼ਾਬਾਸ਼ੇ ਦਿੱਤੀ ਜਾ ਰਹੀ ਹੈ, ਕਿਉਂ ਕਿ ਉਸ ਨੇ ਆਪਣਾ ਸਰਬੋਤਮ ਪ੍ਰਦਰਸ਼ਨ ਕਰਕੇ ਸਿੱਧਾ ਫਾਈਨਲ ਚ ਪ੍ਰਵੇਸ਼ ਕੀਤਾ ਸੀ। ਫਾਈਨਲ ਖਤਮ ਹੁੰਦਿਆਂ ਹੀ ਕਮਲਪ੍ਰੀਤ ਦੀ ਮਾਤਾ ਰਜਿੰਦਰ ਕੌਰ ਭਾਵੁਕ ਹੋ ਗਏ। ਪਿਤਾ ਕੁਲਦੀਪ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਮਲਪ੍ਰੀਤ ਨੇ ਬਹੁਤ ਸਖਤ ਮਿਹਨਤ ਕੀਤੀ। ਉਹ ਬੀਤੇ ਦੋ ਦਿਨ ਤੋਂ ਨਰਵਸ ਵੀ ਸੀ ਅਤੇ ਬਾਰਿਸ਼ ਨੇ ਵੀ ਰੁਕਾਵਟ ਖੜ੍ਹੀ ਕੀਤੀ, ਜਿਸ ਕਾਰਨ ਕਮਲਪ੍ਰੀਤ ਕੌਰ ਆਪਣਾ ਬੈਸਟ ਨਹੀਂ ਦੇ ਸਕੀ। ਉਨ੍ਹਾਂ ਕਿਹਾ ਕਿ ਉਹ ਇਸੇ ਤਰ੍ਹਾਂ ਹੀ ਮਿਹਨਤ ਕਰਦੀ ਰਹੇਗੀ, ਭਾਵੇਂ ਉਹ ਤਮਗਾ ਨਹੀਂ ਲਿਆ ਸਕੀ ਪਰ ਪਹਿਲੀ ਵਾਰ ਓਲੰਪਿਕ ’ਚ ਜਾ ਕੇ ਛੇਵੇਂ ਸਥਾਨ ’ਤੇ ਰਹਿਣਾ ਵੀ ਪ੍ਰਾਪਤੀ ਹੈ। ਸਾਰਾ ਪਿੰਡ ਆਪਣੀ ਧੀ ਤੇ ਮਾਣ ਕਰ ਰਿਹਾ ਹੈ।

Comment here