ਚੰਡੀਗੜ- ਕਾਂਗਰਸ ਤੋਂ ਅਸਤੀਫਾ ਦੇਣ ਤੋੰ ਬਾਅਦ ਆਪਣੀ ਵੱਖਰੀ ਪਾਰਟੀ ਬਣਾ ਰਹੇ ਕੈਪਟਨ ਅਮਰਿੰਦਰ ਸਿੰਘ ਪੂਰੇ ਉਤਸ਼ਾਹਿਤ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਐਲਾਨ ਤੋਂ ਬਾਅਦ ਪੰਜਾਬ ਭਾਜਪਾ ਨੇ ਕਿਸਾਨਾਂ ‘ਚ ਪੀ.ਐੱਮ. ਮੋਦੀ ਦਾ ਅਕਸ ਸੁਧਾਰਨ ਲਈ ਫਿਰ ਤੋਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ ਅਤੇ ਕਿਆਸ ਲਗਾਏ ਜਾ ਰਹੇ ਹਨ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਪਾਰਟੀ ਨਾਲ ਮਿਲ ਕੇ ਭਾਜਪਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲੜ ਸਕਦੀ ਹੈ। ਹਾਲਾਂਕਿ ਅਜੇ ਤੱਕ ਕੈਪਟਨ ਦੀ ਪਾਰਟੀ ਪੂਰੀ ਤਰ੍ਹਾਂ ਹੋਂਦ ਵਿੱਚ ਨਹੀਂ ਆਈ ਹੈ ਅਤੇ ਨਾ ਹੀ ਕੋਈ ਵੱਡਾ ਕਾਂਗਰਸੀ ਆਗੂ ਉਨ੍ਹਾਂ ਨਾਲ ਖੜ੍ਹਨ ਲਈ ਆਇਆ ਹੈ।ਪਰ ਹਾਲ ਹੀ ਵਿੱਚ ਇੱਕ ਮੀਡੀਆ ਇੰਟਰਵਿਊ ਦੌਰਾਨ ਜਦੋਂ ਕੈਪਟਨ ਨੂੰ ਪੁੱਛਿਆ ਗਿਆ ਕਿ ਤੁਸੀਂ ਲਗਭਗ ਪੰਜ ਦਹਾਕਿਆਂ ਤੋਂ ਰਾਜਨੀਤੀ ਵਿੱਚ ਹੋ ਅਤੇ ਦੋ ਵਾਰ ਮੁੱਖ ਮੰਤਰੀ ਰਹਿ ਚੁੱਕੇ ਹੋ ਤਾਂ ਕੋਈ ਵੱਡਾ ਕਾਂਗਰਸੀ ਆਗੂ ਜਾਂ ਵਿਧਾਇਕ ਜਾਂ ਜ਼ਿਲ੍ਹਾ ਪ੍ਰਧਾਨ ਤੁਹਾਡੇ ਨਾਲ ਕਿਉਂ ਨਹੀਂ ਆਇਆ? ਤਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਇਕੱਲਾ ਨਹੀਂ , ਸਾਰੇ ਜ਼ਿਲ੍ਹਿਆਂ ਵਿੱਚ ਮੇਰਾ ਸੈੱਟਅੱਪ ਹੋ ਗਿਆ ਹੈ। ਅਸੀਂ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰ ਰਹੇ ਹਾਂ। ਇਹ ਕਹਿਣਾ ਬਹੁਤ ਆਸਾਨ ਹੈ ਕਿ ਕਾਂਗਰਸ ਦਾ ਕੋਈ ਵੀ ਮੇਰੇ ਨਾਲ ਕਿਉਂ ਨਹੀਂ ਜੁੜ ਰਿਹਾ। ਕੈਪਟਨ ਨੇ ਕਿਹਾ ਕਿ ਜੇਕਰ ਕੋਈ ਕਾਂਗਰਸੀ ਮੇਰੇ ਨਾਲ ਜੁੜਿਆ ਤਾਂ ਉਹ (ਹਾਈਕਮਾਂਡ) ਉਸ ਨੂੰ ਬਰਖਾਸਤ ਕਰ ਦੇਣਗੇ। ਜਿਵੇਂ ਹੀ ਕੋਈ ਵਿਧਾਇਕ ਲਾਈਨ ਤੋਂ ਬਾਹਰ ਨਿਕਲਦਾ ਹੈ, ਉਹ ਉਸ ਦੇ ਫੰਡ ਕੱਟ ਦੇਣਗੇ। ਇਸ ਲਈ ਮੈਂ ਸਾਰਿਆਂ ਨੂੰ ਕਿਹਾ ਹੈ ਕਿ ਹੁਣ ਚੁੱਪ-ਚਾਪ ਬੈਠ ਜਾਓ, ਚੋਣ ਜ਼ਾਬਤਾ ਲਾਗੂ ਹੋਣ ਦਿਓ, ਫਿਰ ਤੁਸੀਂ ਸ਼ਾਮਲ ਹੋਵੋ। ਇਸ ਲਈ ਅਸੀਂ ਚੋਣ ਜ਼ਾਬਤੇ ਦੀ ਉਡੀਕ ਕਰ ਰਹੇ ਹਾਂ। ਭਾਜਪਾ ਵੱਲੋਂ 117 ਸੀਟਾਂ ‘ਤੇ ਚੋਣ ਲੜਨ ਦੀ ਗੱਲ ਕਰਦਿਆਂ ਕੈਪਟਨ ਨੇ ਕਿਹਾ ਕਿ ਉਸ ਸਮੇਂ ਮੈਂ ਕਾਂਗਰਸ ਨਹੀਂ ਛੱਡੀ ਸੀ। ਕੈਪਟਨ ਅਮਰਿੰਦਰ ਨੇ ਕਿਹਾ ਕਿ ਅਸੀਂ ਸਾਰੀਆਂ ਸੀਟਾਂ ‘ਤੇ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਚੋਣ ਲੜਾਂਗੇ। ਭਾਵੇਂ ਭਾਜਪਾ ਨਾਲ ਗੱਠਜੋੜ ਕਰਕੇ ਜਾਂ ਸ਼੍ਰੋਮਣੀ ਅਕਾਲੀ ਦਲ (ਯੂਨਾਈਟਿਡ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨਾਲ। ਕੈਪਟਨ ਦੀ ਸਰਗਰਮੀ ਨੇ ਕਾਂਗਰਸ ਲਈ ਮੁਸ਼ਕਲ ਪੈਦਾ ਕਰ ਦਿੱਤੀ ਹੋਈ ਹੈ।
Comment here