ਸਾਹਿਤਕ ਸੱਥ

ਮੈਂ ਸਮਾਂ ਹਾਂ….

ਮੈਂ ਸਮਾਂ ਹਾਂ
ਤੇ ਚਲਦਾ ਰਹਿੰਦਾ ਹਾਂ ।
ਨਾ ਕਦੇ ਰੁਕਿਆ
ਤੇ ਨਾ ਕਦੇ ਬਹਿੰਦਾ ਹਾਂ ।।
ਮੈਂ ਸਮਾਂ ਹਾਂ
ਤੇ ਚਲਣਾ ਮੇਰਾ ਗੁਣ ਹੈ ।
ਕਦੇ ਮੁੜਿਆ ਨੀ
ਮੇਰਾ ਅਵ ਗੁਣ ਹੈ ।।
ਮੈਂ ਸਮਾਂ ਹਾਂ
ਤੇ ਸਭ ਲਈ ਸਮਾਨ ਹਾਂ ।
ਕਿਸੇ ਲਈ ਜੀਵਨ ਹਾਂ
ਤੇ ਕਿਸੇ ਲਈ ਸ਼ਮਸ਼ਾਨ ਹਾਂ ।।
ਮੈਂ ਸਮਾਂ ਹਾਂ
ਤੇ ਮੇਰੀ ਇਕ ਚਾਲ ਹੈ ।
ਮੈਂ ਕਿਥੇ ਹਾਂ
ਸਭ ਨੂੰ ਇਹ ਭਾਲ ਹੈ ।।
ਮੈਂ ਸਮਾਂ ਹਾਂ
ਤੇ ਅਸੂਲਾਂ ਦਾ ਪਾਬੰਦ ਹਾਂ ।
ਕਦੇ ਧੁੱਪ ਹਾਂ
ਤੇ ਕਦੇ ਕੜੀ ਠੰਡ ਹਾਂ ।।
ਮੈਂ ਸਮਾਂ ਹਾਂ
ਤੇ ਮੇਰਾ ਕੋਈ ਰੂਪ ਨਾ ।
ਮੈਂ ਹਾਂ ਖੁਸ਼ੀ ਗ਼ਮ
ਮੈਂ ਹੀ ਮੌਤ ਝੂਠ ਨਾ ।।
ਮੈਂ ਸਮਾਂ ਹਾਂ
ਤੇ ਮੈਂ ਹੀ ਦਿਨ ਰਾਤ ਹਾਂ ।
ਮੈਂ ਹਾਂ ਪੱਤਝੜ
ਤੇ ਮੈਂ ਹੀ ਬਰਸਾਤ ਹਾਂ ।।
ਮੈਂ ਸਮਾਂ ਹਾਂ
ਤੇ ਵੰਡਿਆ ਹਾਂ ਦਿਨ ਰਾਤ ‘ਚ ।
ਚਾਰ ਮੌਸਮਾਂ ‘ਚ
ਰੁੱਤਾਂ ਦੀ ਸੌਗ਼ਾਤ ‘ਚ ।।
ਮੈਂ ਸਮਾਂ ਹਾਂ
ਜੋ ਘੜੀਆਂ ਵਿਚ ਚਲਦਾ ਹਾਂ ।
ਮੈਂ ਧੜਕਣ ਹਾਂ ਦਿਲਾਂ ਦੀ
ਤੇ ਸਾਹਾਂ ਵਿਚ ਚਲਦਾ ਹਾਂ ।।
ਮੈਂ ਸਮਾਂ ਹਾਂ
ਮਲਾਹ ਆਉਣ ਜਾਣ ਦਾ ।
ਮੈਨੂੰ ਮੁੜਦੇ ਨੂੰ
ਕੋਈ ਨਾ ਪਹਿਚਾਣ ਦਾ ।।
ਮੈਂ ਸਮਾਂ ਹਾਂ
ਤੇ ਮੇਰਾ ਕੋਈ ਅੰਤ ਨਾ ।
ਮੈਂ ਸਮਾਂ ਹਾਂ
ਕੋਈ ਸਾਧੂ ਸੰਤ ਨਾ ।।
ਮੈਂ ਸਮਾਂ ਹਾਂ
ਤੇ ਸਭ ਦੀਆਂ ਜਾਣਦਾ ।
ਮੈਂ ਆਦਿ ਹਾਂ
ਮੇਰੇ ਨਾ ਕੋਈ ਹਾਣ ਦਾ ।।
ਮੈਂ ਸਮਾਂ ਹਾਂ
ਮੈਂ ਹੀ ਰਹੀ ਜਾਵਾਂਗਾ ।
ਹੱਡ ਬੀਤੀ ਗੱਲ
ਕਿਸ ਨੂੰ ਸੁਣਾਵਾਂਗਾ ।।

ਸੁਰਜੀਤ ਸਿੰਘ

Comment here