ਸਾਹਿਤਕ ਸੱਥ

ਮੈਂ ਨਾਨੀ ਨਹੀਂ!

ਜਿਸ ਦਿਨ ਦਾ ਉਹਦਾ ਤੱਤ-ਪੜੱਤਾ ਫ਼ੈਸਲਾ ਸੁਣਿਆ ਸੀ, “ਤੁਸੀਂ ਨਾ ਹੀ ਦਖਲ ਦਿਓ ਤਾਂ ਚੰਗਾ। ਮੈਂ ਨਹੀਂ ਜੇ ਤੁਹਾਡੀ ਕੋਈ ਗੱਲ ਸੁਣਨੀ। ਕੀ ਤੁਸੀਂ ਚਾਹੁੰਦੇ ਓ ਮੈਂ ਸੂਏਸਾਈਡ ਕਰ ਲਵਾਂ?…” ਉਸ ਨੇ ਦੰਦਾਂ ਹੇਠ ਜੀਭ ਲੈ ਲਈ ਸੀ। ਉਹ ਬਿਲਕੁਲ ਸ਼ਾਂਤ ਦਿਸਦੀ ਚੁੱਪ-ਚਾਪ ਆਪਣਾ ਰੋਜ਼ਨਾਮਚਾ ਸਿਰੇ ਚਾੜ੍ਹਦੀ ਹੈ। ਬਾਹਰੋਂ ਸਭ ਕੁਝ ਸਹੀ ਜਾਪਦਾ ਹੈ, ਪਰ ਅੰਦਰ ਹਰ ਪਲ ਇੱਕ ਅਜੀਬ ਜਿਹੇ ਸ਼ੋਰ ਦੀ ਮਨਹੂਸੀਅਤ ਠਾਹ ਠਾਹ ਵੱਜਦੀ ਅੰਦਰਲਾ ਭਰੀ ਰੱਖਦੀ ਹੈ। ਲੰਘ ਗਏ ਵਰ੍ਹਿਆਂ ਦਾ ਹਿਸਾਬ ਲਾਉਂਦਿਆਂ ਪੋਟੇ ਘਸ ਗਏ ਲੱਗਦੇ ਹਨ। ਛੇ ਸੱਤ ਦਹਾਕਿਆਂ ਦਾ ਪੈਂਡਾ ਪੈਰਾਂ ਅੱਗੇ ਵਿੱਛ ਘੂਰਦਾ ਲੱਗਦਾ ਹੈ। ਬੜਾ ਕੁਝ ਮਾੜਾ ਚੰਗਾ ਜੀਵਿਆ ਅੱਖਾਂ ਦੀਆਂ ਪੁਤਲੀਆਂ ਥਾਣੀਂ ਮੁੜ ਮੁੜ ਝਾਕਦਾ ਹੈ। ਸੋਫੇ ਦੇ ਕੋਨੇ ’ਤੇ ਬੈਠੀ ਦਾ ਉਹਦਾ ਸਿਰ ਢੋਅ ’ਤੇ ਟਿਕ ਗਿਆ। ਸ਼ਾਇਦ ਨੀਂਦਰ ਦੀ ਝਪਕੀ ਆ ਗਈ ਸੀ।

“ਉਦੋਂ ਪਿੰਡ ਦੇ ਸਕੂਲ ਵਿੱਚ ਟਾਟਾਂ ’ਤੇ ਬੈਠ ਸਲੇਟਾਂ ’ਤੇ ਸਲੇਟੀ ਨਾਲ ਲਿਖਣ ਦੀ ਉਮਰ ਸੀ। ਲੱਕੜ ਦੀ ਫੱਟੀ ਨੂੰ ਗਾਚਨੀ ਨਾਲ ਪੋਚ ਪੂਰਨੇ ਪਾ ਕੇ ਲਿਖਣ ਵਾਲੀ ਜਮਾਤ ਤੋਂ ਖਵਰੇ ਇੱਕ ਜਮਾਤ ਉੱਪਰ ਵਾਲੀ ਜਮਾਤ ਵਿੱਚ ਸੀ ਜਦੋਂ ਸਾਡੇ ਸਕੂਲ ਵਿੱਚ ਇੱਕ ਨਵੇਂ ਭੈਣ ਜੀ ਆਏ। ਉਹਦੇ ਗਲ਼ ਪਾਇਆ ਲਾਲ ਭੋਂਅ ਉੱਪਰ ਪੀਲੀਆਂ ਤੇ ਚਿੱਟੀਆਂ ਬਿੰਦੀਆਂ ਵਾਲਾ ਫਿੱਟ ਕਮੀਜ਼ ਮੈਨੂੰ ਅੱਜ ਵੀ ਜਿਉਂ ਦਾ ਤਿਉਂ ਯਾਦ ਏ। ਤੰਗ ਪਹੁੰਚਿਆਂ ਵਾਲੀ ਚਿੱਟੀ ਸਲਵਾਰ ਅਤੇ ਮੋਢਿਆਂ ’ਤੇ ਪਲਮਦਾ ਚਿੱਟਾ ਦੁਪੱਟਾ ਗੋਡਿਆਂ ਦੇ ਪਿਛਵਾੜੇ ਛੂੰਹਦਾ ਪੈਰੀਂ ਪਾਈਆਂ ਕਾਲੀਆਂ ਚੱਪਲਾਂ ਵਿੱਚੋਂ ਨਹੁੰਆਂ ’ਤੇ ਲੱਗੀ ਲਾਲ ਰੰਗ ਦੀ ਨਹੁੰ ਪਾਲਿਸ਼ ਦੀ ਚੁਗਲੀ ਕਰਦਾ ਜਾਪਦਾ ਸੀ। ਸਾਰੀਆਂ ਨਿੱਕੀਆਂ ਨਿੱਕੀਆਂ ਨਜ਼ਰਾਂ ਉੱਧਰ ਹੀ ਸਨ ਜਦੋਂ ਉਹ ਆਪਣਾ ਸਾਈਕਲ ਇੱਕ ਪਾਸੇ ਖੜ੍ਹਾ ਕਰਕੇ ਵੱਡੇ ਭਾਜੀ ਦੇ ਮੇਜ਼ ਕੋਲ ਕੁਰਸੀ ’ਤੇ ਆ ਬੈਠੀ ਸੀ। ਛੋਟੀਆਂ ਜਮਾਤਾਂ ਉਸ ਮੇਜ਼ ਦੇ ਉਦਾਲੇ ਪੁਦਾਲੇ ਹੀ ਲੱਗਦੀਆਂ ਸਨ। ਵੱਡੀ ਜਮਾਤ ਰਤਾ ਕੁ ਪਸਿੱਤੇ ਭੈਣ ਜੀ ਪੜ੍ਹਾ ਰਹੇ ਸਨ। ਵਰ੍ਹਿਆਂ ਤੋਂ ਦੋਵੇਂ ਪਤੀ-ਪਤਨੀ ਇਸੇ ਤਰ੍ਹਾਂ ਪਿੰਡ ਦਾ ਸਕੂਲ ਚਲਾ ਰਹੇ ਸਨ। ਹੁਣ ਇਕ ਹੋਰ ਸੋਹਣੀ ਜਿਹੀ ਭੈਣ ਜੀ ਆ ਗਈ ਸੀ। ਉਹ ਦੋ ਛੋਟੀਆਂ ਜਮਾਤਾਂ ਨੂੰ ਪੜ੍ਹਾਉਣ ਲੱਗ ਪਈ।

ਉਹਦੀ ਆਮਦ ਤਾਂ ਪਹਿਲੇ ਦਿਨ ਹੀ ਸਕੂਲ ਦੀ ਨਿੱਕੀ ਨਿੱਕੀ ਕੰਧ ਤੋਂ ਪਾਰ ਪਿੰਡ ਦੇ ਘਰ-ਘਰ ਤੱਕ ਜਾ ਪਹੁੰਚੀ ਸੀ। ਹਰ ਆਉਂਦਾ ਜਾਂਦਾ ਨਵੀਂ ਭੈਣ ਜੀ ਦਾ ਮੂੰਹ ਵੇਖਣ ਲਈ ਕੰਧ ਦੇ ਨੇੜਿਓਂ ਹੋ ਕੇ ਲੰਘਦਾ। ਫਿਰ ਛੇਤੀ ਹੀ ਕਈ ਪੁੱਛਾਂ ਸਿਰੀ ਕੱਢ ਖਲੋਤੀਆਂ। “ਕਿੱਥੋਂ ਆਉਂਦੀ ਆ? ਵਿਆਹੀ ਆ ਕਿ ਕੁਆਰੀ?” ਨਿੱਕਾ ਜਿਹਾ ਪਿੰਡ, ਹਰ ਘਰ ਦੇ ਇੱਕ ਦੋ ਨਿਆਣੇ ਸਕੂਲ ਵਿੱਚ ਪੜ੍ਹਦੇ ਸਨ। ਕੰਨੋਂ ਕੰਨੀਂ ਖ਼ਬਰ ਫੈਲ ਗਈ, “ਭਈ ਨਾਲਦੇ ਪਿੰਡ ਤੋਂ ਆਉਂਦੀ ਆ। ਵਿਆਹੀ ਹੋਈ ਆ, ਪਰ ਪੇਕੀਂ ਰਹਿੰਦੀ ਆ। ਕਹਿੰਦੇ ਆ ਮੁਕਲਾਵੇ ਗਈ ਮੁੜ ਸਹੁਰੇ ਨਹੀਂ ਗਈ। ਅਖੇ! ਘਰਵਾਲਾ ਨਸ਼ੇ ਕਰਦਾ। ਜ਼ਿੱਦ ਕਰੀ ਬੈਠੀ ਆ ਭਈ ਮੈਂ ਨਹੀਂ ਉਹਦੇ ਵੱਸਣਾ।” ਸਾਡੇ ਵਰਗਿਆਂ ਦਾ ਉਦੋਂ ਇਨ੍ਹਾਂ ਗੱਲਾਂ ਨਾਲ ਬਹੁਤਾ ਲੈਣਾ ਦੇਣਾ ਤਾਂ ਨਹੀਂ ਸੀ। ਉਂਜ ਵੱਡਿਆਂ ਮੂੰਹੋਂ ਸੁਣ ਜ਼ਰੂਰ ਲਈਦੀਆਂ ਸਨ। ਫਿਰ ਵੱਡੇ ਭਾਜੀ (ਸਕੂਲ ਦੇ ਮਾਸਟਰ ਜੀ ਨੂੰ ਅਸੀਂ ਭਾਜੀ ਅਤੇ ਅਧਿਆਪਕਾ ਨੂੰ ਭੈਣ ਜੀ ਕਹਿ ਸੰਬੋਧਨ ਕਰਦੇ ਸਾਂ) ਨਾਲ ਨਵੇਂ ਭੈਣ ਜੀ ਦੇ ਉੱਠਣ ਬਹਿਣ ਦੀਆਂ ਗੱਲਾਂ ਖੰਭਾਂ ਦੀਆਂ ਡਾਰਾਂ ਬਣ ਚੁਫ਼ੇਰੇ ਫੈਲਣ ਲੱਗੀਆਂ। ਸਕੂਲ ਵਿੱਚ ਨਾ ਕੋਈ ਓਹਲਾ ਨਾ ਲੁਕੋਂ ਸਭ ਕੁਝ ਖੁੱਲ੍ਹਮ-ਖੁੱਲ੍ਹਾ। ਫਿਰ ਪਤਾ ਨਹੀਂ ਕਿਉਂ ਲੋਕੀਂ ਚਟਖ਼ਾਰੇ ਲੈਣ ਲੱਗੇ। ਬਾਹਲੀ ਸਮਝ ਤਾਂ ਨਹੀਂ ਸੀ ਆਉਂਦੀ, ਪਰ ਜਿਉਂ ਹੀ ਇੱਕ ਜਮਾਤ ਪਾਸ ਕਰ ਅਗਲੀ ਜਮਾਤ ਵਿੱਚ ਗਏ ਤਾਂ ਬੇਸ਼ਰਮੀ ਤੇ ਬੇਹਯਾਈ ਵਾਲੇ ਜੁਮਲੇ ਆਮ ਹੀ ਕੰਧਾਂ ਟੱਪ ਸਕੂਲ ਦੇ ਵਿਹੜੇ ਵਿੱਚ ਪਸਰਨ ਲੱਗੇ।”

ਮੂੰਹ ’ਤੇ ਪੈਂਦੀ ਤਿੱਖੀ ਧੁੱਪ ਕਰਕੇ ਜਾਂ ਖਵਰੇ ਉਂਜ ਹੀ ਉਹਦੀ ਊਂਘ ਟੁੱਟ ਗਈ। ਉਸ ਨੇ ਅੱਖਾਂ ਖੋਲ੍ਹੀਆਂ। ਸੱਜੇ ਹੱਥ ਦੀਆਂ ਉਂਗਲਾਂ ਨਾਲ ਅੱਖਾਂ ਦੇ ਕੋਇਆਂ ਨੂੰ ਘੁੱਟਿਆ। ਲੱਤਾਂ ਨੂੰ ਰਤਾ ਕੁ ਅਕੜਾ ਕੇ ਰਵਾਂ ਕੀਤਾ। ਡਸਟਿੰਗ ਕਰਕੇ ਝਾੜੂ ਚੁੱਕਿਆ ਅਤੇ ਸਫ਼ਾਈ ਵੱਲ ਹੋ ਗਈ। ਬਾਹਰਲੀ ਚੁੱਪ ਜਿਉਂ ਦੀ ਤਿਉਂ ਸੀ, ਪਰ ਅੰਦਰਲੀ ਹਲਚਲ ਹੱਥਾਂ ਦੇ ਨਾਲ ਨਾਲ ਇੰਜ ਹਿਲੋਰੇ ਖਾ ਰਹੀ ਸੀ ਜਿਵੇਂ ਝੀਲ ਦਾ ਪਾਣੀ ਉੱਪਰ ਹੇਠਾਂ ਹੋ ਰਿਹਾ ਹੋਵੇ।

“ਕੱਲੀ ਕਾਰੀ ਜਨਾਨੀ ਨੂੰ ਕਿੱਥੇ ਜਿਉਣ ਦੇਂਦਾ ਜੱਗ? ਕੁਆਰੀ ਹੋਵੇ ਤਾਂ ਚਲੋ ਭਈ ਮਾਂ-ਪਿਓ ਦਾ ਹੱਥ ਸਿਰ ’ਤੇ ਹੁੰਦਾ। ਕੋਈ ਵੀ ਉੱਭਰ ਕੇ ਗੱਲ ਕਰਨੋਂ ਝਕਦਾ। ਜਦੋਂ ਚਾਰ ਲਾਵਾਂ ਲੈ ਲਵੇ ਤਾਂ ਫਿਰ ਅਗਲਾ ਘਰ ਉਹਦਾ ਸੁਰੱਖਿਆ ਕਵਚ ਬਣ ਜਾਂਦਾ। ਤੇ ਹੋਣਾ ਵੀ ਚਾਹੀਦਾ ਜੱਗ ਦੀ ਰੀਤ ਆ। ਕੋਈ ਕਿਵੇਂ ਤੋੜ ਸਕਦਾ? ਜੇ ਤੋੜੇ ਤਾਂ ਫਿਰ ਉਸ ਭੈਣ ਜੀ ਵਾਲਾ ਹਾਲ, ਜਣਾ ਖਣਾ ਜੋ ਮਰਜ਼ੀ ਕਹਿ ਜਾਵੇ, ਕੌਣ ਰੋਕ ਸਕਦਾ?

ਸਾਡੇ ਭੈਣਜੀ ਨਾਲ ਵੀ ਇੰਜ ਹੀ ਹੋਇਆ। ਗੱਲਾਂ ਪਿੰਡ ਦੀ ਪੰਚਾਇਤ ਤੋਂ ਮਹਿਕਮੇ ਤੱਕ ਪੁੱਜਦੀਆਂ ਹੋ ਗਈਆਂ। ਅਸੀਂ ਅਗਲੀ ਜਮਾਤ ਵਿੱਚ ਪਹੁੰਚੀਆਂ ਤਾਂ ਉਹ ਭੈਣ ਜੀ ਉੱਥੋਂ ਚਲੀ ਗਈ। ਉਹਦੀ ਥਾਂ ਛੋਟੇ ਭਾਜੀ ਆ ਗਏ। ਕਹਿੰਦੇ ਸੀ ਵੱਡੇ ਭਾਜੀ ਨੇ ਭੈਣ ਜੀ ਦੇ ਟੱਬਰ ਨਾਲ ਗੱਲ ਕਰਕੇ ਭੈਣ ਜੀ ਨੂੰ ਸਮਝਾ ਬੁਝਾ ਕੇ ਸਹੁਰੇ ਜਾਣ ਲਈ ਮਨਾ ਲਿਆ ਸੀ ਅਤੇ ਉਹਦੀ ਬਦਲੀ ਸਹੁਰੇ ਪਿੰਡ ਦੇ ਨੇੜਲੇ ਸਕੂਲ ਵਿੱਚ ਹੋ ਗਈ ਸੀ। ਗੱਲਾਂ ਭਾਵੇਂ ਹੋਰ ਵੀ ਬਥੇਰੀਆਂ ਖੰਭਾਂ ਦੀਆਂ ਡਾਰਾਂ ਬਣ ਉੱਡੀਆਂ, ਪਰ ਆਖਰ ਗੱਲ ਇੱਥੇ ਮੁੱਕਦੀ ਹੋ ਮਿੱਟੀ ਘੱਟੇ ਰਲ ਗਈ।

ਅਸੀਂ ਕੁੜੀਆਂ ਪਿੰਡ ਦੇ ਸਕੂਲ ਵਾਲੀ ਵੱਡੀ ਜਮਾਤ ਪਾਸ ਕਰਕੇ ਨਾਲਦੇ ਪਿੰਡ ਵਾਲੇ ਕੁੜੀਆਂ ਦੇ ਵੱਡੇ ਸਕੂਲ ਵਿੱਚ ਜਾ ਦਾਖਲ ਹੋਈਆਂ। ਇੱਕ ਦਿਨ ਸਕੂਲ ਕੋਲੋਂ ਭੈਣ ਜੀ ਨੂੰ ਸਾਈਕਲ ’ਤੇ ਜਾਂਦਾ ਵੇਖ ਕਈ ਜਣੀਆਂ ’ਕੱਠੀਆਂ ਬੋਲ ਪਈਆਂ, ‘ਇਹ ਤਾਂ ਆਪਣੇ ਭੈਣ ਜੀ ਆ।’ ਤੇ ਫਿਰ ਹੌਲੀ ਹੌਲੀ ਸੂਹ ਨਿਕਲ ਆਈ, ਭਈ ਭੈਣ ਜੀ ਦਾ ਘਰ ਸਕੂਲ ਦੇ ਰਾਹ ’ਤੇ ਆਉਂਦਾ। ਅਸੀਂ ਆਉਂਦੀਆਂ ਜਾਂਦੀਆਂ ਦਰਵਾਜ਼ੇ ਵਿੱਚੋਂ ਝਾਤੀਆਂ ਮਾਰਦੀਆਂ। ਨਿਆਣੀ ਮੱਤ, ਪਤਾ ਹੀ ਨਹੀਂ ਸੀ ਹੁੰਦਾ ਭਈ ਇੰਜ ਕਿਸੇ ਦੇ ਘਰ ਝਾਤੀਆਂ ਨਹੀਂ ਮਾਰੀਦੀਆਂ।” ਐਸ ਵੇਲੇ ਇਹ ਸੋਚ ਉਹਦੇ ਬੁੱਲ੍ਹਾਂ ’ਤੇ ਹਾਸਾ ਆ ਗਿਆ।

“ਨਿਆਣਪੁਣੇ ਵਿੱਚ ਸਭ ਕੁਝ ਜਾਇਜ਼ ਹੁੰਦਾ। ਨਾਲੇ ਉਨ੍ਹਾਂ ਵੇਲਿਆਂ ਵਿੱਚ ਕੋਈ ਇਨ੍ਹਾਂ ਗੱਲਾਂ ਨੂੰ ਬਹੁਤਾ ਨਹੀਂ ਸੀ ਗੌਲ਼ਦਾ। ਨਿਆਣੀ ਮੱਤ ਕਹਿ ਟਾਲ਼ ਦਿੱਤਾ ਜਾਂਦਾ। ਅੱਜ ਵਾਂਗ ਨਿੱਕੀ ਨਿੱਕੀ ਗੱਲ ’ਤੇ ਮਾਪੇ ਤੇ ਅਧਿਆਪਕ ਐਟੀਕੇਟਸ ਦਾ ਲੈਕਚਰ ਨਹੀਂ ਸੀ ਝਾੜਦੇ। ਸਾਨੂੰ ਕਈ ਵਾਰ ਮੰਜੇ ’ਤੇ ਲੰਮਾ ਪਿਆ ਉੱਚਾ ਲੰਮਾ ਬੰਦਾ ਦਿੱਸ ਪੈਂਦਾ, ‘ਇਹ ਭੈਣ ਜੀ ਦਾ ਘਰਵਾਲਾ ਜੇ’ ਕੋਈ ਜਣੀ ਮੂੰਹ ਬਣਾ ਕੇ ਤੇ ਅੱਖਾਂ ਨਚਾ ਕੇ ਰਾਜ਼ ਵਾਲੀ ਗੱਲ ਦੱਸਦੀ। ਸਕੂਲ ਦੀ ਪੜ੍ਹਾਈ ਮੁੱਕਦਿਆਂ ਤੱਕ ਸਭ ਕੁਝ ਸਪੱਸ਼ਟ ਹੋ ਗਿਆ ਸੀ, “ਭਈ ਉਹੋ ਹੀ ਭੈਣ ਜੀ ਦਾ ਪਤੀ ਸੀ। ਮੰਗਲ ਸਿੰਘ ਨਾਂ ਸੀ ਉਹਦਾ। ਪਿੰਡ ਦੇ ਚੰਗੇ ਸਰਦੇ ਪੁੱਜਦੇ ਸਰਦਾਰਾਂ ਦਾ ਕਾਕਾ। ਸ਼ਹਿਰ ਦੇ ਕਾਲਜ ਵਿੱਚ ਪੜ੍ਹਦਾ ਸੋਹਣਾ ਸੁਨੱਖਾ ਨੌਜੁਆਨ ਸੀ। ਫੁੱਟਬਾਲ ਨੂੰ ਕਿੱਕ ਮਾਰਦਾ ਤਾਂ ਕਾਲਜ ਦੀ ਛੱਤ ਤੋਂ ਹੋ ਮੁੜਦੀ। ਉਦੋਂ ਹੀ ਭੈਣਜੀ ਨਾਲ ਉਹਦਾ ਰਿਸ਼ਤਾ ਹੋਇਆ ਸੀ। ਉੱਥੇ ਹੀ ਪਤਾ ਨਹੀਂ ਕੀਹਦੀ ਬਹਿਣੀ ਬਹਿ ਗਿਆ। ਨਸ਼ਿਆਂ ਦੀ ਲਤ ਲੱਗ ਗਈ। ਪੜ੍ਹਾਈ ਛੁੱਟ ਗਈ। ਨਿਕੰਮਾ ਹੋ ਗਿਆ। ਨਸ਼ੇ ਗਲੋਂ ਨਹੀਂ ਲੱਥੇ। ਹੁਣ ਹੱਢੀਆਂ ਦੀ ਮੁੱਠ ਬਣਿਆ ਮੰਜੇ ’ਤੇ ਪਿਆ ਰਹਿੰਦਾ ਸੀ।” ਸੋਚਦੀ ਨੇ ਉਸ ਨੇ ਸਿਰ ਝਟਕਿਆ। ਮੈਂ ਐਵੇਂ ਬੇਗਾਨੇ ਵਹਿਣਾਂ ਵਿੱਚ ਵਹਿ ਗਈ। ਮੇਰਾ ਕੀ ਲੈਣਾ ਦੇਣਾ ਇਸ ਸਭ ਕਾਸੇ ਨਾਲ। ਵਰ੍ਹਿਆਂ ਦੇ ਵਰ੍ਹੇ ਲੰਘ ਗਏ ਕਦੇ ਚਿੱਤ ਚੇਤਾ ਵੀ ਨਹੀਂ ਸੀ। ਪਰ ਹੁਣ…, “ਕੀ ਕਰੇ ਬੰਦਾ ਜਦੋਂ ਪ੍ਰਦੇਸਾਂ ਵਿੱਚ ਕੋਈ ਆਪਣਿਆਂ ਨੂੰ ਲੱਭਦਾ ਤੁਹਾਡੇ ਤੱਕ ਪਹੁੰਚ ਜਾਵੇ ਤਾਂ ਤੁਸੀਂ ਝਟਕ ਕੇ ਮੂੰਹ ਤਾਂ ਨਹੀਂ ਨਾ ਮੋੜ ਸਕਦੇ। ਹੋ ਸਕਦਾ ਇਹ ਸਮੇਂ ਦੀ ਕੋਈ ਗੁੱਝੀ ਖੇਡ ਹੋਵੇ!”

ਉਹਨੂੰ ਉਹ ਦਿਨ ਚੇਤੇ ਆਇਆ ਜਦੋਂ ਉਹ ਆਪਣੇ ਪਰਿਵਾਰ ਸਮੇਤ ਮੌਲ ਵਿੱਚ ਜਾ ਰਹੇ ਸਨ ਤਾਂ ਅਚਾਨਕ ਕਿਸੇ ਨੂੰ ਵੇਖ ਉਹਨੂੰ ਝਾਉਲ਼ਾ ਜਿਹਾ ਪਿਆ। ਪਰ ਉਸ ਨੇ ਗੌਲਿਆ ਨਹੀਂ ਤੇ ਆਪਣੇ ਧਿਆਨ ਅੱਗੇ ਤੁਰੀ ਗਈ। ਥੋੜ੍ਹੀ ਦੂਰ ਹੀ ਗਏ ਸਨ ਕਿ ਇੱਕ ਅੱਧਖੜ੍ਹ ਜਿਹੀ ਔਰਤ ਇਹ ਕਹਿੰਦੀ ਅਗਲਵਾਂਢੀ ਹੋ ਮਿਲੀ, “ਮੈਡਮ ਜੀ, ਸਤਿ ਸ੍ਰੀ ਅਕਾਲ!” ਉਸ ਨੇ ਹੈਰਾਨ ਹੋ ਕੇ ਉਹਦੇ ਮੂੰਹ ਵੱਲ ਵੇਖਿਆ। “ਮੈਡਮ, ਮੈਂ ਕਿਰਨਜੀਤ! ਮੈਂ ਤੁਹਾਡੇ ਕੋਲ ਪੜ੍ਹਦੀ ਰਹੀ ਆਂ।” ਉਸ ਨੇ ਨੀਝ ਨਾਲ ਉਹਦੇ ਵੱਲ ਵੇਖ ਕੇ ਪਛਾਣਦੇ ਆਖਿਆ, “ਤੂੰ ਕਿਰਨ ਏਂ! ਮਹਿੰਦਰ ਭੈਣ ਜੀ ਦੀ ਬੇਟੀ! ਸੌਰੀ ਬੇਟੇ, ਮੈਂ ਤੈਨੂੰ ਪਛਾਣਿਆ ਈ ਨਹੀਂ।” “ਮੈਡਮ ਜੀ, ਸਾਲ ਵੀ ਤਾਂ ਕਿੰਨੇ ਹੋ ਗਏ!” ਕਿਰਨ ਨੇ ਕਿਹਾ ਤਾਂ ਉਸ ਨੇ ਉਹਦਾ ਸਿਰ ਪਲੋਸਿਆ ਸੀ। ਖੜ੍ਹੇ ਖੜ੍ਹੇ ਹਾਲ ਚਾਲ ਪੁੱਛਿਆ, ਫੋਨ ਨੰਬਰਾਂ ਦਾ ਅਦਾਨ ਪ੍ਰਦਾਨ ਕਰ ਮੁੜ ਮਿਲਣ ਦਾ ਵਾਅਦਾ ਕਰ ਦੋਵੇਂ ਧਿਰਾਂ ਰੁਖ਼ਸਤ ਹੋ ਗਈਆਂ ਸਨ।

“ਸੱਚੀਂ ਬੜੇ ਸਾਲ ਲੰਘ ਗਏ ਹਨ। ਤਿੰਨ ਕੁ ਦਹਾਕੇ ਪਹਿਲਾਂ ਦੀ ਗੱਲ ਹੈ, ਉਦੋਂ ਮੈਂ ਉਸੇ ਸਕੂਲ ਵਿੱਚ ਅਧਿਆਪਕ ਲੱਗ ਗਈ ਸੀ ਜਿੱਥੋਂ ਮੈਂ ਦਸਵੀਂ ਪਾਸ ਕੀਤੀ ਸੀ। ਉੱਥੇ ਨੌਵੀਂ ਜਮਾਤ ਵਿੱਚ ਆਪਣੀ ਬੇਟੀ ਕਿਰਨਜੀਤ ਨੂੰ ਦਾਖਲ ਕਰਵਾਉਣ ਆਏ ਭੈਣ ਜੀ ਮਹਿੰਦਰ ਵੀ ਇਸੇ ਤਰ੍ਹਾਂ ਹੈਰਾਨ ਹੋਏ ਸਨ ਜਦੋਂ ਉਨ੍ਹਾਂ ਨੇ ਮੈਨੂੰ ਨੌਵੀਂ ਜਮਾਤ ਦੇ ਇੰਚਾਰਜ ਵਜੋਂ ਕੁਰਸੀ ’ਤੇ ਬੈਠੇ ਦਾਖਲਾ ਕਰਦੇ ਵੇਖਿਆ ਸੀ। ‘ਤੂੰ ਐਨੀ ਵੱਡੀ ਹੋ ਗਈ। ਧੱਖ ਜਿਹੀ ਹੁੰਦੀ ਸੀ’ ਆਖ ਉਨ੍ਹਾਂ ਨੇ ਵੀ ਮੋਹ ਨਾਲ ਮੇਰਾ ਸਿਰ ਪਲੋਸਿਆ ਸੀ। ਬੜੇ ਅਧਿਕਾਰ ਨਾਲ ਆਪਣੀ ਧੀ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਮੈਨੂੰ ਸੌਂਪ ਉਹ ਸੁਰਖ਼ੁਰੂ ਜਿਹੇ ਲੱਗੇ ਸਨ।” ਕਾਰ ਵਿੱਚ ਬੈਠੀ ਉਹ ਫਿਰ ਅਤੀਤ ਦੀ ਟੁੱਟੀ ਲੜੀ ਨਾਲ ਜਾ ਜੁੜੀ, “ਰੱਬ ਦੇ ਰੰਗ ਨੇ! ਪਤਾ ਨਹੀਂ ਕੀਹਨੂੰ ਕਦੋਂ ਮਿਲਾ ਦੇਵੇ। ਖਵਰੇ ਇਹਦੇ ਵਿੱਚ ਵੀ ਉਹਦਾ ਕੋਈ ਪ੍ਰਯੋਜਨ ਛੁਪਿਆ ਹੁੰਦਾ ਹੋਊ,” ਸੋਚ ਉਸ ਦੇ ਹੱਥ ਰੱਬ ਦੇ ਸ਼ੁਕਰਾਨੇ ਵਿੱਚ ਜੁੜ ਗਏ ਸਨ।

“ਸਮਾਂ ਲੰਘਦਿਆਂ ਕਿਹੜਾ ਪਤਾ ਚੱਲਦਾ। ਸਾਲੋ ਸਾਲ ਲੰਘ ਜਾਂਦੇ ਨੇ ਤੇ ਲੱਗਦਾ ਜਿਵੇਂ ਕੱਲ੍ਹ ਦੀ ਗੱਲ ਹੋਵੇ। ਸਾਲ ਦੋ ਸਾਲ ਲੰਘ ਗਏ ਹੋਣੇ। ਮੈਨੂੰ ਤਾਂ ਕਿਰਨ ਦਾ ਚੇਤਾ ਵੀ ਭੁੱਲ ਭੁੱਲਾ ਗਿਆ ਸੀ ਕਿ ਇੱਕ ਦਿਨ ਮੇਰਾ ਫੋਨ ਵੱਜਿਆ, ‘ਮੈਡਮ ਜੀ, ਮੈਂ ਕਿਰਨ ਬੋਲਦੀ ਆਂ। ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਜੇ?’ ਉਹ ਇਕੋ ਸਾਹੇ ਬੋਲ ਗਈ। ਮੈਂ ਆਵਾਜ਼ ਤਾਂ ਨਾ ਪਛਾਣੀ, ਪਰ ਫੋਨ ’ਤੇ ਸੇਵ ਕੀਤਾ ਉਹਦਾ ਨਾਂ ਤੇ ਪਿੰਡ ਦਾ ਨਾਂ ਵੇਖ ਮੈਨੂੰ ਯਾਦ ਆ ਗਿਆ। ਮੈਂ ਵੀ ਆਪਣਿਆਂ ਵਾਂਗ ਹਾਲ ਹਵਾਲ ਪੁੱਛਿਆ। ‘ਆਂਟੀ ਜੀ, ਬੇਟੀ ਦਾ ਵਿਆਹ ਕਰਕੇ ਆਈ ਹਾਂ। ਮੈਂ ਤੁਹਾਡੇ ਨਾਲ ਖ਼ੁਸ਼ੀ ਸਾਂਝੀ ਕਰਨ ਆਉਣਾ। ਦੱਸੋ ਕਦੋਂ ਘਰ ਹੋਵੋਗੇ?’ ਉਸ ਨੇ ਖੁਸ਼ਖ਼ਬਰੀ ਸਾਂਝੀ ਕੀਤੀ। ਮੈਂ ਵੀ ਵਧਾਈ ਦਿੱਤੀ ਅਤੇ ਉਸ ਨਾਲ ਘਰ ਆਉਣ ਦਾ ਦਿਨ ਪੱਕਾ ਕਰ ਲਿਆ।”

ਤੇ ਸੱਚੀਂ ਉਸ ਦਿਨ ਕਿਰਨ ਆਪਣੀ ਸੱਜ-ਵਿਆਹੀ ਧੀ ਨੂੰ ਨਾਲ ਲੈ ਹੱਥ ਵਿੱਚ ਮਠਿਆਈ ਦਾ ਡੱਬਾ ਫੜੀ ਸਾਡੇ ਘਰ ਦੇ ਦਰਵਾਜ਼ੇ ’ਤੇ ਖੜ੍ਹੀ ਸੀ। ਸਾਰਾ ਟੱਬਰ ਉਨ੍ਹਾਂ ਨੂੰ ਮਿਲ ਕੇ ਬੜਾ ਖ਼ੁਸ਼ ਹੋਇਆ। ਅਸੀਂ ਬੀਤੇ ਦੀਆਂ ਕਿੰਨੀਆਂ ਗੱਲਾਂ ਕੀਤੀਆਂ। ਕਿਰਨ ਦੀ ਮੰਮੀ ਜਣੀ ਕਿ ਮੇਰੇ ਭੈਣ ਜੀ ਨੂੰ ਵੀ ਯਾਦ ਕੀਤਾ। ਕਿਰਨ ਦੀ ਬੇਟੀ ਬੜੀ ਰੀਝ ਨਾਲ ਸਾਡੀਆਂ ਗੱਲਾਂ ਸੁਣਦੀ ਵਿੱਚ ਵਿੱਚ ਆਪਣੀ ਗੁਜ਼ਰ ਚੁੱਕੀ ਨਾਨੀ ਦਾ ਲਾਡ ਪਿਆਰ ਚੇਤੇ ਕਰਦੀ ਰਹੀ। ਇੰਜ ਕਿਰਨ ਹੁਰਾਂ ਦਾ ਸਾਡੇ ਵੱਲ ਆਉਣਾ ਜਾਣਾ ਤੇ ਫੋਨ ’ਤੇ ਗੱਲਾਂਬਾਤਾਂ ਦਾ ਸਿਲਸਲਾ ਸ਼ੁਰੂ ਹੋ ਗਿਆ। ਹੁਣ ਕਿਰਨ ਮੈਨੂੰ ‘ਮੈਡਮ’ ਨਹੀਂ ਆਂਟੀ ਕਹਿਣ ਲੱਗ ਪਈ ਸੀ। ਉਹ ਕਹਿੰਦੀ, ‘ਤੁਸੀਂ ਮੇਰੀ ਮਾਂ ਦੇ ਥਾਂ ਹੋ। ਉਹਦੇ ਬੱਚੇ ਮੈਨੂੰ ਗ੍ਰੈਂਡ ਮਾਂ ਕਹਿਕੇ ਬੁਲਾਉਣ ਲੱਗ ਪਏ।’ ਫਿਰ ਉਹਦੀ ਬੇਟੀ ਦੇ ਘਰ ਬੇਟੇ ਦੇ ਜਨਮ ਦੀ ਖ਼ੁਸ਼ੀ ਸਾਂਝੀ ਹੋਈ। ਅਸੀਂ ਵੀ ਆਪਣੇ ਪਰਿਵਾਰ ਦੀਆਂ ਖ਼ੁਸ਼ੀਆਂ ਕਿਰਨ ਦੇ ਪਰਿਵਾਰ ਨਾਲ ਸਾਂਝੀਆਂ ਕਰ ਲੈਂਦੇ। ਇੰਜ ਦੋਵਾਂ ਪਰਿਵਾਰਾਂ ਦਾ ਚੰਗਾ ਨੇੜ ਹੋ ਗਿਆ।

ਸਿਆਣੇ ਕਹਿੰਦੇ ਹਨ, “ਪ੍ਰਦੇਸ ਵਿੱਚ ਕੋਈ ਆਪਣਾ ਜਾਣਦਾ ਪਛਾਣਦਾ ਮਿਲ ਜਾਵੇ ਤਾਂ ਇਹਦੇ ਵਰਗੀ ਕੋਈ ਰੀਸ ਨਹੀਂ ਹੁੰਦੀ। ਬੰਦਾ ਪੁਰਾਣੇ ਵੇਲਿਆਂ ਨੂੰ ਯਾਦ ਕਰ ਤਰੋਤਾਜ਼ਾ ਤਾਂ ਹੁੰਦਾ ਹੀ ਹੈ, ਮਨ ਦਾ ਕੋਨਾ ਫਰੋਲਣ ਲਈ ਧਿਰ ਵੀ ਮਿਲ ਜਾਂਦੀ ਹੈ, ਜਿਹਦੇ ਮੋਢੇ ’ਤੇ ਸਿਰ ਰੱਖ ਮਨ ਦਾ ਭਾਰ ਹੌਲਾ ਕਰ ਕੇ ਸਕੂਨ ਮਿਲ ਜਾਂਦਾ।”

ਇਹ ਗੱਲ ਵੀ ਇੰਨ੍ਹ ਬਿੰਨ੍ਹ ਸੱਚ ਹੋ ਗਈ ਜਦੋਂ ਇੱਕ ਦਿਨ ਕਿਰਨ ਦੀ ਰੁਆਂਸੀ ਜਿਹੀ ਆਵਾਜ਼ ਸੁਣੀ, “ਆਂਟੀ ਮੈਂ ਤੁਹਾਨੂੰ ਮਿਲਣਾ ਚਾਹੁੰਦੀ ਆਂ। ਕਦੋਂ ਕੁ ਵਿਹਲ ਕੱਢ ਸਕਦੇ ਓ?” ਉਸ ਦੀ ਆਵਾਜ਼ ਅੰਦਰਲਾ ਤਰਲਾ ਕੁਝ ਹੋਰ ਹੀ ਬਿਆਨਦਾ ਲੱਗਿਆ। “ਕੀ ਗੱਲ ਬੇਟੇ, ਸੁੱਖ ਤਾਂ ਹੈ!… ਕੱਲ੍ਹ ਹੀ ਆ ਜਾਓ ਬੇਟਾ, ਮੈਂ ਤਾਂ ਘਰ ਹੀ ਹੁੰਦੀ ਆਂ।” ਉਸ ਨੇ ਅਗਲੇ ਦਿਨ ਆਉਣ ਦਾ ਆਖ ਫੋਨ ਰੱਖ ਦਿੱਤਾ। ਮੇਰੇ ਅੰਦਰ ਖੁਰਦੁਲੂ ਜਿਹਾ ਛਿੜ ਪਿਆ, “ਸੁੱਖ ਹੋਵੇ! ਮੈਨੂੰ ਕਿਰਨ ਡਾਹਢੀ ਉਦਾਸ ਲੱਗੀ ਆ।”

ਅਗਲੇ ਦਿਨ ਕਿਰਨ ਆਈ। ਉਸ ਨੇ ਜੋ ਗੱਲ ਸਾਂਝੀ ਕੀਤੀ ਸੁਣ ਮੇਰੇ ਵੀ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਲੱਗੀ। “ਅਖੇ, ਕੁੜੀ ਕਹਿੰਦੀ ਆ ਮੈਂ ਨਹੀਂ ਸਹੁਰੀਂ ਰਹਿਣਾ।”

“ਕਿਰਨ ਬੇਟੇ, ਹੋਇਆ ਕੀ? ਮੈਨੂੰ ਸਾਰੀ ਗੱਲ ਦੱਸ ਇਹ ਧਮਾਕਾ ਇਕਦਮ ਕਿਵੇਂ ਹੋ ਗਿਆ?

“ਆਂਟੀ ਜੀ, ਇਕਦਮ ਤਾਂ ਨਹੀਂ ਹੋਇਆ। ਮਾੜੀ ਮੋਟੀ ਠਹਿਕਰਬਾਜ਼ੀ ਹੁੰਦੀ ਰਹਿੰਦੀ ਸੀ ਜਿਹੋ ਜਿਹੀ ਆਮ ਘਰਾਂ ਵਿੱਚ ਹੁੰਦੀ ਆ। ਬੇਟੀ ਨੇ ਕੁਝ ਕਹਿਣਾ ਤਾਂ ਮੈਂ ਇਹ ਕਹਿ ਸਮਝਾਉਣਾ, ‘ਬੇਟੇ, ਹੌਲੀ ਹੌਲੀ ਸਭ ਠੀਕ ਹੋ ਜਾਊ। ਇਹਨੂੰ ਹੀ ਤਾਂ ਅਡਜਸਟਮੈਂਟ ਕਹਿੰਦੇ ਆ। ਸਮਾਂ ਪਾ ਕੇ ਆਪੇ ਸਭ ਠੀਕ ਹੋਜੂ।’

“ਚੰਗਾ ਕਰਦੀ ਰਹੀ ਤੂੰ। ਮਾਵਾਂ ਦਾ ਧੀਆਂ ਨੂੰ ਇਹੋ ਹੀ ਸਮਝਾਉਣਾ ਹੁੰਦਾ। ਹੋਰ ਆਪਾਂ ਬਲਦੀ ’ਤੇ ਤੇਲ ਥੋੜ੍ਹੀ ਪਾਉਣਾ ਹੁੰਦਾ।” ਮੈਂ ਪ੍ਰੋੜ੍ਹਤਾ ਕੀਤੀ।

“ਕੁਝ ਵੀ ਠੀਕ ਨਹੀਂ ਨਾ ਹੋਇਆ ਆਂਟੀ ਜੀ! ਤਾਂ ਹੀ ਤਾਂ ਤੁਹਾਡੇ ਕੋਲ ਆਈ ਆਂ ਭਈ ਤੁਸੀਂ ਸਮਝਾਓ। ਤੁਸੀਂ ਤਾਂ ਇੱਥੋਂ ਦੇ ਹਾਲਾਤ ਤੋਂ ਚੰਗੀ ਤਰ੍ਹਾਂ ਜਾਣੂ ਹੋ। ਹੋ ਸਕਦਾ ਤੁਹਾਡਾ ਮਸ਼ਵਰਾ ਈ ਕਾਟ ਕਰਜੇ।” ਅੱਖਾਂ ਪੂੰਝਦੀ ਕਿਰਨ ਨੇ ਜਾਚਨਾ ਕੀਤੀ।

“ਠੀਕ ਏ ਕਿਰਨ, ਮਿਲ ਕੇ ਗੱਲ ਕਰ ਲੈਨੇ ਆਂ ਬੇਟੀ ਨਾਲ। ਤੁਸੀਂ ਮਾਵਾਂ ਧੀਆਂ ਆ ਜਿਓ ਕਿਸੇ ਦਿਨ!” ਮੈਂ ਸਲਾਹ ਦਿੱਤੀ।

“ਆਂਟੀ ਜੀ, ਪਲੀਜ਼ ਤੁਸੀਂ ਆ ਜਾਓ ਤਾਂ ਬਿਹਤਰ ਹੋਊ। ਘਰ ਬੈਠ ਕੇ ਗੱਲ ਹੋ ਜੇ ਤਾਂ ਚੰਗਾ ਆ,” ਕਿਰਨ ਨੇ ਮੀਟੀ ਮੁੱਠੇ ਮਸਲਾ ਸੁਲਝਾਉਣ ਖਾਤਰ ਸੁਝਾਅ ਦਿੱਤਾ।

“ਠੀਕ ਏ।” ਹਾਮੀ ਭਰ ਅਸੀਂ ਮਿਲਣ ਦਾ ਦਿਨ ਤੈਅ ਕਰ ਲਿਆ।

ਤੇ ਫਿਰ ਉਹ ਦਿਨ…

“ਮੈਂ ਤੇ ਕਿਰਨ ਉਹਦੇ ਲਿਵਿੰਗ ਰੂਮ ਵਿੱਚ ਸੋਫ਼ੇ ’ਤੇ ਬੈਠੀਆਂ ਸਾਂ ਅਤੇ ਹਰਲੀਨ ਸਾਹਮਣੇ ਵਾਲੇ ਕਾਊਚ ’ਤੇ ਮੂੰਹ ਫੁਲਾਈ ਬੈਠੀ ਸੀ। ਮੈਂ ਹਰਲੀਨ ਨੂੰ ਮੁਖਾਤਬ ਹੋਈ, “ਹਰਲੀਨ ਬੇਟੇ, ਕੀ ਗੱਲ ਮੇਰੀ ਧੀ ਗ੍ਰੈਂਡ ਮਾਂ ਨਾਲ ਨਾਰਾਜ਼ ਏ?”

“ਗ੍ਰੈਂਡ ਮਾਂ, ਤੁਹਾਡੇ ਨਾਲ ਤਾਂ ਕਿਹੜੀ ਗੱਲੋਂ ਨਾਰਾਜ਼ ਹੋਣਾ! ਬਸ ਆਹ ਮੰਮੀ…।” ਬਾਕੀ ਗੱਲ ਜਿਵੇਂ ਉਹਦੇ ਸੰਘ ਵਿੱਚ ਅੜ ਗਈ ਹੋਵੇ।

“ਮੰਮੀ ਨੇ ਕੀ ਆਖਿਆ ਮੇਰੀ ਰਾਣੋ ਨੂੰ!” ਮੈਂ ਉਹਦਾ ਸਿਰ ਪਲੋਸਦੀ ਉਹਦੇ ਕੋਲ ਆ ਬੈਠੀ।

“ਵੇਖੋ ਨਾਨੀ, ਮੰਮੀ ਹੁਰੀਂ ਸਾਨੂੰ ਏਥੇ ਲੈ ਕੇ ਆਏ। ਸਾਨੂੰ ਪੜ੍ਹਾਇਆ ਲਿਖਾਇਆ। ਅਸੀਂ ਇਸ ਮੁਲਕ ਵਿੱਚ ਇੱਥੋਂ ਦਾ ਰਹਿਣਾ ਸਹਿਣਾ ਸਿੱਖਿਆ। ਪਰ ਕਦੇ ਇਨ੍ਹਾਂ ਦਾ ਕਿਹਾ ਨਹੀਂ ਮੋੜਿਆ। ਇਨ੍ਹਾਂ ਨੇ ਕਿਹਾ ਪੰਜਾਬ ਜਾ ਕੇ ਵਿਆਹ ਕਰਾਉਣਾ। ਮੈਂ ਹੁਕਮ ਸਿਰ ਮੱਥੇ ਮੰਨਿਆ। ਵਿਆਹ ਕਰਵਾ ਘਰ ਵਸਾਇਆ। ਬੱਚੇ ਪੈਦਾ ਕੀਤੇ। ਨੌਕਰੀ ਕਰਦੀ ਆਂ। ਬੱਚੇ ਸੰਭਾਲਦੀ ਆਂ। ਘਰ ਸਾਂਭਦੀ ਆਂ…।” ਕਹਿੰਦੀ ਉਹ ਫਿਸ ਪਈ।

“ਬੇਟੇ, ਇਹੋ ਤਾਂ ਗ੍ਰਹਿਸਤੀ ਏ। ਹਰ ਕੋਈ ਕਰਦਾ। ਦੁਨੀਆਂਦਾਰੀ ਆ ਇਹ। ਤਾਂ ਹੀ ਤਾਂ ਦੁਨੀਆਂ ਚੱਲਦੀ ਆ।” ਮੈਂ ਦਲੀਲ ਦਿੱਤੀ।

“ਤਾਂ ਹੀ ਤਾਂ ਹੁਣ ਤੱਕ ਕਰਦੀ ਰਹੀ ਆਂ। ਪਰ ਹੁਣ ਮੇਰੇ ਤੋਂ ਨਿੱਤ ਦਾ ਕਲੇਸ਼ ਨਹੀਂ ਸਹਿ ਹੁੰਦਾ। ਟੋਕਾ-ਟਾਕੀ, ਸੜੀਆਂ ਥੋਥੀਆਂ ਰੀਤਾਂ-ਰਵਾਇਤਾਂ, ਬਾਬੇ ਆਦਮ ਵੇਲੇ ਦੀਆਂ ਪਰੰਪਰਾਵਾਂ। ਇਹ ਸਭ ਨਹੀਂ ਬਰਦਾਸ਼ਤ ਹੁੰਦਾ ਹੁਣ ਮੇਰੇ ਤੋਂ।”

“ਕੌਣ ਕਰਦਾ ਇਹ ਸਭ ਕੁਝ ਤੇਰੇ ਨਾਲ?”

“ਘਰਦੇ ਈ ਕਰਦੇ ਆ, ਹੋਰ ਕੌਣ? ਅੱਗ ਲਾ ਕੇ ਡੱਬੂ ਕੰਧ ’ਤੇ। ਆਪ ਤਾਂ ਉਹਦੇ ਮਾਂ-ਪਿਓ ਦੁੱਧ ਧੋਤੇ ਬਣ ਪਾਸੇ ਹੋ ਜਾਂਦੇ ਆ ਤੇ ਸਾਡੇ ਦੋਵਾਂ ਦਰਮਿਆਨ ਝਗੜੇ ਤੋਂ ਲੜਾਈ, ਤੇ ਲੜਾਈ ਤੋਂ ਹੁਣ ਤਾਂ ਮਹਾਂਯੁੱਧ ਹੋਣ ਲੱਗ ਪਿਆ। ਮੈਂ ਨਹੀਂ ਰਹਿ ਸਕਦੀ ਇਹੋ ਜਿਹੇ ਅੱਧੇ ਅਧੂਰੇ ਬੰਦੇ ਨਾਲ ਜਿਹੜਾ ਬਿਨਾਂ ਪੇਂਦੇ ਦੇ ਲੋਟੇ ਵਾਂਗ ਕਦੇ ਇੱਧਰ ਤੇ ਕਦੇ ਉੱਧਰ ਲੁੜ੍ਹਕਦਾ ਰਹੇ! ਜਿਹੜਾ ਹਰ ਵੇਲੇ ਮਾਂ…ਮਾਂ ਕਰਦਾ ਰਹੇ ਜੁਆਕਾਂ ਵਾਂਗ। ਜਿਵੇਂ ਉਹਦੇ ’ਕੱਲੇ ਦੇ ਮਾਂ-ਪਿਓ ਆ, ਹੋਰਾਂ ਦੇ ਤਾਂ ਜਿਵੇਂ ਹੁੰਦੇ ਈ ਨਹੀਂ। ਬਾਹਲਾ ਸਰਵਣ ਪੁੱਤ ਬਣ ਬਣ ਬਹੂ।” ਉਹ ਭਰੀ ਪੀਤੀ ਬੈਠੀ ਸੀ।

“ਗੱਲ ਸੁਣ ਧੀਏ! ਮਾਂ-ਪਿਓ ਵੀ ਤਾਂ ਨਹੀਂ ਛੱਡੇ ਜਾਂਦੇ ਨਾ।”

“ਗ੍ਰੈਂਡ ਮਾਂ, ਮੈਂ ਵੀ ਤਾਂ ਛੱਡ ਕੇ ਗਈ ਆਂ ਨਾ। ਗੱਲ ਸੁਣੋ, ਜੀਹਦੇ ਨਾਲ ਬਾਬੇ ਮੂਹਰੇ ਲਾਵਾਂ ਲਈਆਂ ਉਹਦਾ ਵੀ ਤਾਂ ਕੋਈ ਹੱਕ ਹੈ ਕਿ ਨਹੀਂ! ਤੇ ਜਿਹੜੇ ਆਪਣੇ ਜੰਮੇ ਆ ਉਨ੍ਹਾਂ ਨੂੰ ਵੀ ਪਿਓ ਚਾਹੀਦਾ ਕਿ ਨਹੀਂ। ਨਾਲੇ ਗ੍ਰੈਂਡ ਮਾਂ, ਮੈਂ ਕਦੋਂ ਕਹਿੰਦੀ ਆਂ ਮਾਂ-ਪਿਓ ਛੱਡਣ ਨੂੰ। ਉਹ ਹੀ ਕਹਿੰਦਾ, ‘ਭਈ ਮੈਂ ਤੈਨੂੰ ਛੱਡ ਸਕਦਾਂ ਮਾਂ-ਪਿਓ ਨੂੰ ਨਹੀਂ।’

“ਹੈਂ! ਉਹਨੇ ਇਹ ਗੱਲ ਆਖੀ! ਭਲਾ ਮਾਂ-ਪਿਓ ਵੀ ਕੋਈ ਛੱਡਣ ਵਾਲੀ ਚੀਜ਼ ਆ। ਮਾਪੇ ਤਾਂ ਮਾਪੇ ਈ ਰਹਿਣੇ ਆ ਜਿੱਥੇ ਮਰਜ਼ੀ ਰਹਿਣ। ਹਾਂ… ਜਿਹੜਾ ਰਿਸ਼ਤਾ ਆਪ ਵਣਜਿਆ ਨਿਭਾਅ ਤਾਂ ਉਹਦੇ ਨਾਲ ਕਰਨਾ।” ਮੇਰੇ ਮੂੰਹੋਂ ਸਹਿਜੇ ਹੀ ਨਿਕਲ ਗਿਆ।

“ਗ੍ਰੈਂਡ ਮਾਂ, ਇਹੋ ਗੱਲ ਤਾਂ ਮੈਂ ਕਹਿਨੀ ਆਂ। ਬੰਦਾ ਆਪਣੇ ਪੈਰਾਂ ਸਿਰ ਤਾਂ ਖੜ੍ਹਾ ਹੋਵੇ ਨਾ! ਜੇ ਸਾਡਾ ਦੋਵਾਂ ਦਾ ਰਿਸ਼ਤਾ ਹੀ ਸੁਖਾਵਾਂ ਨਹੀਂ ਹੋਵੇਗਾ ਤਾਂ ਫਿਰ ਤੀਸਰੇ ਕਿਵੇਂ ਸ਼ਾਮਲ ਹੋ ਸਕਣਗੇ? ਗ੍ਰੈਂਡ ਮਾਂ, ਮੈਂ ਆਪਣੇ ਮਨ ਦੀ ਗੱਲ ਕਹਿਣ ਲੱਗੀ ਆਂ, ਚਾਹੇ ਇਹਨੂੰ ਮੇਰੀ ਗੁਸਤਾਖ਼ੀ ਸਮਝਿਓ। ਮੈਂ ਲਾਵਾਂ ਤਾਂ ਜ਼ਰੂਰ ਪਿੱਛੇ ਲੱਗ ਕੇ ਲਈਆਂ ਭਈ ਇਹ ਸਾਡੀ ਧਾਰਮਿਕ ਪਰੰਪਰਾ ਆ। ਉਂਜ ਮੈਂ ਪਿੱਛੇ ਲੱਗ ਕੇ ਨਹੀਂ ਬਰਾਬਰ ਚੱਲਣ ਦੀ ਹਾਮੀ ਆਂ। ਤੇ ਇੰਜ ਹੀ ਚੱਲਣਾ ਜੇ।” ਉਸ ਨੇ ਜਿਵੇਂ ਧਮਕੀ ਦਿੱਤੀ।

“ਤੇ ਤੈਨੂੰ ਰੋਕਦਾ ਕੌਣ ਆ?”

“ਤੁਸੀਂ ਸਾਰੇ ਰੋਕਦੇ ਓ, ਹੋਰ ਕੋਈ ਬਾਹਰੋਂ ਰੋਕਦਾ। ਮੇਰੇ ਸਵੈਮਾਣ ਨੂੰ ਮੇਰੀ ਆਕੜ, ਹੰਕਾਰ, ਹਿਮਾਕਤ ਤੇ ਹੋਰ ਪਤਾ ਨਹੀਂ ਕੀ ਕੀ ਆਖਿਆ ਜਾਂਦਾ। ਉਂਜ ’ਤੇ ਪੜ੍ਹਾ ਲਿਖਾ ਕੇ ਨੌਕਰੀਆਂ ਕਰਾ ਕੇ ਮੁੰਡਿਆਂ ਬਰਾਬਰ ਕਰਨ ਦਾ ਦਾਅਵਾ ਕਰਦੇ ਓ। ਅਖੇ, ਮੁੰਡੇ ਕੁੜੀਆਂ ਵਿੱਚ ਕੋਈ ਫ਼ਰਕ ਨਹੀਂ। ਤੇ ਜਿਉਂ ਹੀ ਚਾਰ ਫੇਰੇ ਹੋ ਗਏ ਫਿਰ ਕੁੜੀ ਸਿਰਫ਼ ਨੂੰਹ ਬਣ ਕੇ ਰਹਿ ਜਾਂਦੀ ਆ। ਇਹਦੇ ਆਹ ਫ਼ਰਜ਼ ਆ, ਆਹ ਕਰਨਾ, ਆਹ ਨਹੀਂ ਕਰਨਾ, ਆਹ ਬੋਲਣਾ, ਆਹ ਨਹੀਂ ਬੋਲਣਾ…ਇਹ ਲਿਸਟ ਦਿਨ ਬ-ਦਿਨ ਲੰਮੀ ਹੁੰਦੀ ਜਾਂਦੀ ਆ। ਬਹੁਤ ਹੋ ਗਿਆ ਹੁਣ ਹੋਰ ਨਹੀਂ ਜੇ ਹੋਣਾ ਮੇਰੇ ਤੋਂ।…ਗ੍ਰੈਂਡ ਮਾਂ, ਜੇ ਉਸੇ ਘਰ ਵਿੱਚ ਧੀਆਂ ਲਈ ਹੋਰ ਤੇ ਨੂੰਹਾਂ ਲਈ ਕੁਝ ਹੋਰ ਨਿਯਮ ਹੋਣ ਤਾਂ ਭਲਾਂ ਕੋਈ ਕਿਵੇਂ ਤੇ ਕਿੰਨੀ ਦੇਰ ਅਡਜਸਟ ਕਰ ਸਕਦਾ। ਇਹ ਗਲ਼ੀਆਂ ਸੜੀਆਂ ਰਵਾਇਤਾਂ ਨਹੀਂ ਜੇ ਚੱਲਣੀਆਂ ਹੁਣ। ਜਿੱਥੇ ਰਹਿੰਦੇ ਆਂ ਉੱਥੋਂ ਦੇ ਢੰਗ ਤਰੀਕਿਆਂ ਨਾਲ ਹੀ ਸਾਹ ਸੌਖਾ ਹੋਣਾ।” ਹਰਲੀਨ ਦਾ ਮੂੰਹ ਲਾਲ ਸੁਰਖ਼ ਹੋ ਰਿਹਾ ਸੀ।

“ਅਸੀਂ ਵੀ ਨੌਕਰੀ ਕਰਕੇ ਆਉਂਦੀਆਂ ਥੱਕੀਆਂ ਟੁੱਟੀਆਂ। ਜੇ ਕੋਈ ਚਾਹ ਦਾ ਕੱਪ ਦੇ ਦੇਵੇ ਤਾਂ ਉਹ ਨੌਕਰ ਨਹੀਂ ਬਣ ਜਾਂਦਾ। ਸਰੀਰ ਮੁੱਲ ਨਹੀਂ ਲਿਆ ਹੋਇਆ, ਜੇ ਥੱਕੇ ਟੁੱਟਿਆਂ ਦੋ ਘੜੀਆਂ ਆਰਾਮ ਕਰ ਲਿਆ ਤਾਂ ਬੰਦਾ ਐਸ਼ਪ੍ਰਸਤ ਨਹੀਂ ਹੋ ਜਾਂਦਾ। ਗ੍ਰੈਂਡ ਮਾਂ, ਪੇਕਿਆਂ-ਸਹੁਰਿਆਂ ਦੀਆਂ ਸਲਾਵਤਾਂ ਸੁਣ ਸੁਣ ਮੇਰਾ ਅੰਦਰਲਾ ਨੱਕੋ ਨੱਕ ਭਰਿਆ ਪਿਆ। ਸਾਹ ਨਹੀਂ ਆਉਂਦਾ ਹੁਣ ਮੈਨੂੰ! ਹੁਣ ਤੁਸੀਂ ਨਾ ਹੀ ਦਖਲ ਦਿਓ ਤਾਂ ਚੰਗਾ। ਮੈਂ ਨਹੀਂ ਜੇ ਤੁਹਾਡੀ ਗੱਲ ਸੁਣਨੀ। ਕੀ ਤੁਸੀਂ ਚਾਹੁੰਦੇ ਓ ਮੈਂ ਸੂਏਸਾਈਡ ਕਰ ਲਵਾਂ?” ਹਰਲੀਨ ਬੋਲ ਰਹੀ ਸੀ ਤੇ ਮੈਂ ਉਹਦੇ ਤਪੇ ਮੂੰਹ ਵੱਲ ਦੇਖਦੀ ਮੂਲੋਂ ਵੱਖਰੇ ਸੱਭਿਆਚਾਰ ਵਿੱਚ ਰਹਿੰਦੀ ਇਸ ਜਨਰੇਸ਼ਨ ਦੇ ਪਿਸਦੇ ਵਜੂਦ ਨੂੰ ਹਾਲੋ ਬੇਹਾਲ ਹੁੰਦਾ ਵੇਖ ਦੰਦਾਂ ਹੇਠ ਜੀਭ ਲਈ ਬੈਠੀ ਸੋਚ ਰਹੀ ਸੀ। ‘ਭਲਾ, ਇਹ ਸਾਡੇ ਪਾਲਣ-ਪੋਸ਼ਣ ਵਿੱਚ ਰਹਿ ਗਈ ਕਮੀ ਪੇਸ਼ੀ ਦਾ ਨਤੀਜਾ ਜਾਂ ਇਹ ਉਸ ਸਹਿਜਮਤੀ ਤਬਦੀਲੀ ਦਾ ਨਤੀਜਾ ਹੈ ਜੋ ਇੱਕ ਪੀੜ੍ਹੀ ਤੋਂ ਦੂਜੀ ਤੇ ਫਿਰ ਅਗਲੀਆਂ ਪੀੜ੍ਹੀਆਂ ਵਿੱਚ ਆਪਣੀ ਚਾਲੇ ਤੁਰੀ ਜਾਂਦੀ ਹੈ ਤੇ ਜਾਂ ਫਿਰ ਇਹ ਜਗ੍ਹਾ ਬਦਲੀ ਦਾ ਪ੍ਰਭਾਵ ਹੈ, ਬਦਲੇ ਸੱਭਿਆਚਾਰ ਦਾ ਅਸਰ ਹੈ। ਜੋ ਵੀ ਹੈ ਸਾਨੂੰ ਸੋਚਣਾ ਪੈਣਾ ਵਿਚਾਰਨਾ ਪੈਣਾ ਤੇ ਮੰਨਣਾ ਵੀ ਪੈਣਾ ਹੈ। ਸਮੇਂ ਦੇ ਵੇਗ ਨੂੰ ਠੱਲ੍ਹਣਾ ਅਸੰਭਵ ਹੈ।’ ਮੇਰੇ ਅੰਦਰ ਵਿਚਾਰਾਂ ਦੀ ਜਦੋਜਹਿਦ ਚੱਲ ਰਹੀ ਸੀ ਜਦੋਂ ਹਰਲੀਨ ਦੇ ਬੋਲ ਮੇਰੇ ਕੰਨੀਂ ਪਏ।

“ਮੰਮੀ ਜੀ, ਮੈਂ ਤੁਹਾਡੇ ਮੂੰਹੋਂ ਆਪਣੀ ਨਾਨੀ ਦੇ ਦੁੱਖਾਂ ਤਕਲੀਫ਼ਾਂ ਦੇ ਬਹੁਤ ਕਿੱਸੇ ਸੁਣੇ ਆ। ਉਨ੍ਹਾਂ ਨੇ ਹਾਉਕਿਆਂ ਨਾਲ ਜ਼ਿੰਦਗੀ ਕੱਟੀ ਸੀ। ਉਹ ਘੁੱਟ ਘੁੱਟ ਕੇ ਜਿਉਂਦੇ ਰਹੇ। ਉਨ੍ਹਾਂ ਨੇ ਤੁਹਾਨੂੰ ਦੋਵਾਂ ਭੈਣਾਂ ਨੂੰ ’ਕੱਲਿਆਂ ਪਾਲ਼ਿਆ। ਉਨ੍ਹਾਂ ਨੇ ਇੱਕ ਨਸ਼ਈ ਨਾਲ ਜ਼ਿੰਦਗੀ ਕੱਟੀ ਭਈ ਧੀਆਂ ਦੇ ਸਿਰ ’ਤੇ ਪਿਓ ਦਾ ਹੱਥ ਤਾਂ ਹੈ। ਮੰਮੀ ਜੀ! ਮੇਰੀ ਬੇਨਤੀ ਏ ਮੈਂ ਨਾਨੀ ਨਹੀਂ ਜੇ ਬਣ ਸਕਦੀ। ਕਿਉਂਕਿ ਮੈਂ ਨਾਨੀ ਨਹੀਂ ਹਾਂ, ਮੈਂ ਹਰਲੀਨ ਆਂ ਉਨ੍ਹਾਂ ਦੀ ਦੋਹਤੀ, ਉਨ੍ਹਾਂ ਦੀ ਤੀਜੀ ਜਨਰੇਸ਼ਨ। ਮੈਂ ਸ਼ਾਂਤੀ ਨਾਲ ਜੀਅ ਭਰਕੇ ਜਿਉਣਾ ਚਾਹੁੰਦੀ ਆਂ, ਇੰਜ ਘੁੱਟ ਘੁੱਟ ਕੇ ਨਹੀਂ। ਜੇ ਮੇਰੇ ਨਾਲ ਦਾ ਮੇਰੇ ਹਾਣ ਦਾ ਨਹੀਂ ਬਣਨਾ ਚਾਹੁੰਦਾ ਤਾਂ ਮੈਨੂੰ ਵੀ ਪੈਰ ਮੇਚ ਕੇ ਚੱਲਣ ਦੀ ਮਜਬੂਰੀ ਨਹੀਂ ਜੇ। ਜੀ ਕਰਦਾ ਤਾਂ ਸਾਥ ਦਿਓ ਨਹੀਂ ਤਾਂ ਨਾ ਦਿਓ।” ਆਖ ਹਰਲੀਨ ਉੱਠ ਖੜ੍ਹੀ ਅਤੇ ਗੱਡੀ ਦੀਆਂ ਚਾਬੀਆਂ ਚੁੱਕ ਕੇ ਤੇਜ਼ੀ ਨਾਲ ਗੇਟੋਂ ਬਾਹਰ ਚਲੇ ਗਈ।

ਅਸੀਂ ਗੇਟ ਖੁੱਲ੍ਹਦਾ ਤੇ ਬੰਦ ਹੁੰਦਾ ਵੇਖਦੀਆਂ ਕਿੰਨਾ ਚਿਰ ਅਵਾਕ ਬੈਠੀਆਂ ਰਹੀਆਂ। ਆਖਰ ਅੰਦਰਲੇ ਘੋਲ ਨੂੰ ਠੱਲ੍ਹ ਮੈਂ ਡੁਸਕਦੀ ਕਿਰਨਜੀਤ ਕੋਲ ਜਾ ਉਹਦਾ ਸਿਰ ਪਲੋਸਿਆ, “ਸਬਰ ਕਰ! ਕੋਈ ਜੱਗੋਂ ਤੇਰਵੀਂ ਨਹੀਂ ਹੋਣ ਲੱਗੀ। ਜੇ ਇਹ ਇੰਜ ਈ ਹੋਣਾ ਤਾਂ ਹੋ ਕੇ ਰਹਿਣਾ। ਹੁਣ ਇਹ ਸਭ ਕੁਝ ਬਹੁਤਾ ਚਿਰ ਨੱਪ ਘੁੱਟ ਕੇ ਨਹੀਂ ਰੱਖਿਆ ਜਾਣਾ। ਬਥੇਰਾ ਜਰ ਲਿਆ ਔਰਤ ਜਾਤ ਨੇ!” ਮੈਂ ਫੋਨ ’ਤੇ ਬੇਟੇ ਨੂੰ ਮੈਨੂੰ ਵਾਪਸ ਲੈ ਕੇ ਜਾਣ ਦਾ ਸੁਨੇਹਾ ਦਿੱਤਾ ਅਤੇ ਫੋਨ ਬੰਦ ਕਰਕੇ ਪਰਸ ਵਿੱਚ ਰੱਖ ਲਿਆ।

ਗੁਰਚਰਨ ਕੌਰ ਥਿੰਦ

Comment here