ਚੰਡੀਗੜ੍ਹ-ਪੰਜਾਬ ਵਿਧਾਨ ਸਭਾ ਚੋਣਾਂ ਆਪਣੇ ਆਖਰੀ ਪੜਾਅ ’ਚ ਪਹੁੰਚ ਚੁੱਕੀਆਂ ਹਨ। ਇਸੇ ਦੌਰਾਨ ਹਰ ਕੋਈ ਆਪਣੇ ਵਿਚਾਰ ਪ੍ਰਗਟ ਕਰ ਰਿਹਾ ਹੈ, ਪਰ ਵੋਟਾਂ ਤੋਂ ਪਹਿਲਾਂ ਮਨੀਸ਼ ਤਿਵਾੜੀ ਨੇ ਇੱਕ ਤਿੱਖੀ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ, ”ਮੈਂ ਪਹਿਲਾਂ ਵੀ ਕਈ ਵਾਰ ਕਹਿ ਚੁੱਕਾ ਹਾਂ ਕਿ ਅਸੀਂ ਕਾਂਗਰਸ ਪਾਰਟੀ ‘ਚ ਕਿਰਾਏਦਾਰ ਨਹੀਂ, ਭਾਈਵਾਲ ਹਾਂ। ਹਾਂ, ਕੋਈ ਬਾਹਰ ਵੱਲ ਧੱਕਾ ਦੇਵੇਗਾ, ਇਹ ਹੋਰ ਗੱਲ ਹੈ। ਅਸੀਂ ਆਪਣੀ ਜ਼ਿੰਦਗੀ ਦੇ 40 ਸਾਲ ਪਾਰਟੀ ਨੂੰ ਦਿੱਤੇ ਹਨ, ਸਾਡੇ ਪਰਿਵਾਰ ਨੇ ਪਾਰਟੀ ਲਈ ਖੂਨ ਵਹਾਇਆ ਹੈ।” ਮਨੀਸ਼ ਤਿਵਾੜੀ ਪਹਿਲਾਂ ਵੀ ਕਾਫੀ ਵਾਰ ਪਾਰਟੀ ‘ਤੇ ਕਾਫੀ ਸਵਾਲ ਚੁੱਕੇ ਹਨ। ਪਿਛਲੇ ਦਿਨੀਂ ਉਨ੍ਹਾਂ ਕਿਹਾ ਸੀ ਕਿ ਪੰਜਾਬ ਵਿੱਚ ਵਿਕਾਸ 111 ਦਿਨਾਂ ਵਿੱਚ ਨਹੀਂ ਹੋਇਆ, ਸਗੋਂ ਪੂਰੇ ਪੰਜ ਸਾਲਾਂ ਵਿੱਚ ਹੋਇਆ ਹੈ। ਕਾਰਨ ਇਹ ਹੈ ਕਿ ਪੰਜਾਬ ਦੇ ਲੋਕਾਂ ਨੇ ਪੰਜ ਸਾਲਾਂ ਲਈ ਸਰਕਾਰ ਚੁਣੀ ਸੀ। ਇਸਤੋਂ ਇਲਾਵਾ ਉਨ੍ਹਾਂ ਨੇ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਲਈ ਤਿਆਰ ਕੀਤੀ ਸਟਾਰ ਪ੍ਰਚਾਰਕਾਂ ਦੀ ਸੂਚੀ ਬਾਰੇ ਕਿਹਾ ਕਿ ਇਸ ਸੂਚੀ ਵਿੱਚ ਕਈ ਅਜਿਹੇ ਚਿਹਰੇ ਹਨ, ਜਿਨ੍ਹਾਂ ਦੇ ਕਹਿਣ ’ਤੇ ਉਨ੍ਹਾਂ ਦੀ ਪਤਨੀ ਵੀ ਪਾਰਟੀ ਨੂੰ ਵੋਟ ਨਹੀਂ ਪਾਉਂਦੀ। ਕੈਪਟਨ ਅਮਰਿੰਦਰ ਸਿੰਘ ਦੇ ਸਵਾਲ ‘ਤੇ ਤਿਵਾੜੀ ਨੇ ਕਿਹਾ ਕਿ ਕੈਪਟਨ ਪਹਿਲਾਂ ਵੀ ਦੋਸਤ ਸਨ, ਅੱਜ ਵੀ ਹਨ ਅਤੇ ਅੱਗੇ ਵੀ ਰਹਿਣਗੇ। ਇਹ ਉਸਦਾ ਨਿੱਜੀ ਰਿਸ਼ਤਾ ਹੈ। ਇਹ ਗਲਤ ਹੈ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਆਫਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੀ ਤਰਫੋਂ ਸਰਹੱਦ ਪਾਰ ਤੋਂ ਆਉਣ ਵਾਲੇ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਨਾਲ ਸੁਰੱਖਿਆ ਏਜੰਸੀ ਦੀ ਸ਼ਮੂਲੀਅਤ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਇਹ ਬਹੁਤ ਗੰਭੀਰ ਦੋਸ਼ ਹੈ। ਜੇਕਰ ਉਨ੍ਹਾਂ ਕੋਲ ਕੋਈ ਸਬੂਤ ਹੈ ਤਾਂ ਉਹ ਦੇਸ਼ ਦੇ ਸਾਹਮਣੇ ਰੱਖਣ। ਭਾਜਪਾ ਵਿੱਚ ਸ਼ਾਮਿਲ ਹੋਣ ਦੇ ਸਵਾਲ ਤੇ ਉਨ੍ਹਾਂ ਕਿਹਾ ਕਿ ਉਹ ਕਾਂਗਰਸ ਪਾਰਟੀ ਨਹੀਂ ਛੱਡ ਰਹੇ ਪਰ ਜੇਕਰ ਕੋਈ ਉਨ੍ਹਾਂ ਨੂੰ ਧੱਕਾ ਦੇ ਕੇ ਬਾਹਰ ਕਰਦਾ ਹੈ ਤਾਂ ਗੱਲ ਹੋਰ ਹੋਵੇਗੀ।
Comment here