ਕਰਨਾਲ – ਖੇਤੀ ਕਨੂੰਨਾਂ ਖਿਲਾਫ ਚੱਲ ਰਹੇ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਨਾਲੋਂ ਖੁਦ ਨੂੰ ਇੱਕ ਤਰਾਂ ਵੱਖ ਕਰ ਚੁੱਕੇ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਗੁਰਨਾਮ ਸਿੰਘ ਚੜੂਨੀ ਦੀ ਮੋਰਚੇ ਨਾਲ ਖੜਕੀ ਹੀ ਇਸ ਮੁੱਦੇ ਤੇ ਸੀ ਕਿ ਚੜੂਨੀ ਚਾਹੁੰਦੇ ਹਨ ਕਿ ਕਿਸਾਨ ਆਪਣੀ ਸਿਆਸੀ ਪਾਰਟੀ ਬਣਾਉਣ, ਖਾਸ ਕਰਕੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਨਿਤਰਨ ਅਤੇ ਸਰਕਾਰ ਬਣਾਉਣ, ਚੋਣ ਮਨਸ਼ੇ ਦੇ ਨਾਲ ਉਹ ਪੰਜਾਬ ਚ ਦੌਰੇ ਵੀ ਕਰਦੇ ਰਹੇ, ਲੁਧਿਆਣਾ ਵਿੱਚ ਦੇਸ਼ ਦੇ ਵਪਾਰੀਆਂ ਵਲੋਂ ਬਣਾਈ ਪਾਰਟੀ ਦੇ ਬਤੌਰ ਮੁੱਖ ਮੰਤਰੀ ਐਲਾਨੇ ਗਏ, ਪਰ ਇਸ ਮਗਰੋਂ ਇਕ ਵੀਡੀਉ ਜਾਰੀ ਕਰ ਕੇ ਚੜੂਨੀ ਨੇ ਯੂ ਟਰਨ ਲੈ ਲਿਆ, ਕਿਹਾ ਕਿ ਮੈਂ ਕਦ ਪੰਜਾਬ ਚ ਚੋਣ ਲੜਨ ਦੀ ਗੱਲ ਕੀਤੀ। ਉਹਨਾਂ ਕਿਹਾ ਕਿ ‘‘ਮੈਂ ਕੋਈ ਵੀ ਰਾਜਨੀਤਕ ਪਾਰਟੀ ਨਹੀਂ ਬਣਾਈ, ਨਾ ਹੀ ਮੈਂ ਪੰਜਾਬ ਦਾ ਮੁੱਖ ਮੰਤਰੀ ਦਾ ਚਿਹਰਾ ਹਾਂ, ਨਾ ਹੀ ਕਿਸੇ ਪਾਰਟੀ ਨੂੰ ਅਪਣਾ ਸਮਰਥਨ ਦਿਤਾ ਹੈ ਅਤੇ ਨਾ ਹੀ ਮੈਂ ਚੋਣ ਲੜਾਂਗਾ, ਮੈਂ ਸਿਰਫ਼ ਪੰਜਾਬ ਦੇ ਵਪਾਰੀਆਂ ਨੂੰ ਸਮਰਥਨ ਕਰਨ ਲਈ ਗਿਆ ਸੀ ਕਿਉਂਕਿ ਮੇਰਾ ਅੰਦਾਜ਼ਾ ਸੀ ਕੀ ਕਿਸਾਨਾਂ ਦੀ ਜੋ ਹਾਲਤ ਹੋ ਰਹੀ ਹੈ, ਇਸ ਦੀ ਜ਼ਿੰਮੇਵਾਰ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਹਨ, ਜਿਨ੍ਹਾਂ ਨੇ ਕਿਸਾਨਾਂ ਲਈ ਕੁੱਝ ਨਹੀਂ ਕੀਤਾ ਜਿਸ ਕਾਰਨ ਅੱਜ ਕਿਸਾਨ ਸੜਕਾਂ ਤੇ ਧੱਕੇ ਖਾ ਰਹੇ ਹਨ। ਚੜੂਨੀ ਨੇ ਕਿਹਾ,”ਅਸੀਂ ਪੰਜਾਬ ਦੀ ਰਵਾਇਤੀ ਪਾਰਟੀਆਂ ਤੋਂ ਪਿੱਛਾ ਛੁਡਾਉਣ ਲਈ ਵਪਾਰੀਆਂ ਨੇ ਸੰਮੇਲਨ ਵਿਚ ਹਿੱਸਾ ਲੈਣ ਗਿਆ ਸੀ ਅਤੇ ਇਹ ਰਵਾਇਤੀ ਪਾਰਟੀਆਂ ਤੋਂ ਪੰਜਾਬ ਦੇ ਲੋਕਾਂ ਨੂੰ ਪਿੱਛਾ ਛੁਡਾਉਣ ਲਈ ਕਿਹਾ ਹੈ।’’ ਉਨ੍ਹਾਂ ਕਿਹਾ,‘‘ਮੈਂ ਚਾਹੁੰਦਾ ਹਾਂ ਕਿ ਪੰਜਾਬ ਦੇ ਪੰਚਾਇਤੀ ਲੋਕ ਅੱਗੇ ਆਉਣ, ਨਵੇਂ ਚਿਹਰੇ ਰਾਜਨੀਤੀ ਵਿਚ ਆ ਚੰਗੇ ਕੰਮ ਕਰਨ, ਰਵਾਇਤੀ ਪਾਰਟੀਆਂ ਤੋਂ ਖਹਿੜਾ ਛੁਡਵਾਇਆ ਜਾਵੇ, ਮਿਸ਼ਨ ਪੰਜਾਬ ਨੂੰ ਸਫ਼ਲ ਬਣਾਉਣ ਲਈ ਕਿਸਾਨਾਂ ਦੇ ਹੱਕ ਦੀ ਗੱਲ ਕਰਨ ਵਾਲੇ ਨਵੇਂ ਚਿਹਰੇ ਪੰਚਾਇਤੀ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ।’’ ਪੰਜਾਬ ਦੇ ਚੰਗੇ ਲੋਕ ਅੱਗੇ ਆਉਣ ਅਤੇ ਪੰਜਾਬ ਵਾਸੀਆਂ ਨੂੰ ਅਪੀਲ ਕਰਾਂਗੇ ਕਿ ਚੰਗੇ ਲੋਕਾਂ ਦਾ ਸਮਰਥਨ ਕੀਤਾ ਜਾਵੇ ਜੋ ਕਿਸਾਨਾਂ ਦੇ ਹੱਕ ਦੀ ਗੱਲ ਕਰਨ, ਉਨ੍ਹਾਂ ਦਾ ਪੂਰਾ ਸਮਰਥਨ ਕੀਤਾ ਜਾਵੇ ਤਾਂ ਹੀ ਸਾਡੇ ਅੰਦੋਲਨ ਨੂੰ ਤਾਕਤ ਮਿਲੇਗੀ। ਉਨ੍ਹਾਂ ਕਿਹਾ,‘‘ਮੈਂ ਕਦੇ ਵੀ ਨਹੀਂ ਕਿਹਾ ਕਿ ਮੈਂ ਪਾਰਟੀ ਬਣਾਵਾਂਗਾ, ਮੈਂ ਮੁੱਖ ਮੰਤਰੀ ਦਾ ਚਿਹਰਾ ਹੋਵਾਂਗਾ ਅਤੇ ਨਾ ਹੀ ਮੈਂ ਕਦੇ ਪੰਜਾਬ ਤੋਂ ਚੋਣ ਲੜਾਂਗਾ। ਪੰਜਾਬ ਦੇ ਹੀ ਚੰਗੇ ਲੋਕ ਅੱਗੇ ਆਉਣ ਅਤੇ ਮਿਸ਼ਨ ਪੰਜਾਬ ਨੂੰ ਕਾਮਯਾਬ ਬਣਾਉਣ।’’ ਉਨ੍ਹਾਂ ਕਿਹਾ,‘‘ਮੈਨੂੰ ਜਾਣ-ਬੁੱਝ ਕੇ ਇਕ ਸਾਜ਼ਸ ਤਹਿਤ ਬਦਨਾਮ ਕਰਨ ਲਈ ਮੀਡੀਆ ਜ਼ਰੀਏ ਇਹ ਗੱਲਾਂ ਫੈਲਾਈਆਂ ਜਾ ਰਹੀਆਂ ਹਨ ਕੀ ਗੁਰਨਾਮ ਸਿੰਘ ਚੜੂਨੀ ਨੇ ਪਾਰਟੀ ਬਣਾ ਲਈ ਹੈ ਅਤੇ ਪੰਜਾਬ ਤੋਂ ਗੁਰਨਾਮ ਸਿੰਘ ਚੜੂਨੀ ਮੁੱਖ ਮੰਤਰੀ ਦਾ ਚਿਹਰਾ ਹੋਣਗੇ। ਇਹ ਕੋਰਾ ਝੂਠ ਹੈ। ਮੈਂ ਕਿਸਾਨੀ ਅੰਦੋਲਨ ਨਾਲ ਜੁੜਿਆ ਹੋਇਆ ਹਾਂ, ਕਿਸਾਨੀ ਅੰਦੋਲਨ ਨਾਲ ਜੁੜਿਆ ਰਹਾਗਾਂ ਅਤੇ ਪੰਜਾਬ ਤੋਂ ਕਿਸੇ ਤਰ੍ਹਾਂ ਦੀ ਕੋਈ ਚੋਣ ਨਹੀਂ ਲੜਾਂਗਾ।’’ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅੰਦੋਲਨ ਉਸੇ ਤਰ੍ਹਾਂ ਚਲਦਾ ਰਹੇਗਾ ਅਤੇ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਤਨ ਮਨ ਧਨ ਨਾਲ ਸਹਿਯੋਗ ਕੀਤਾ ਜਾਏ।
Comment here