ਅਪਰਾਧਸਿਆਸਤਖਬਰਾਂ

ਮੇਰੇ ਬਿਆਨ ਨੂੰ ਲੈ ਕੇ ਗਲਤ ਪ੍ਰਚਾਰ ਕਰ ਰਹੀ ਹੈ ਸ਼੍ਰੋਮਣੀ ਕਮੇਟੀ—ਭਾਈ ਢੱਡਰੀਆਂ

ਚੰਡੀਗੜ੍ਹ-ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਸਿੰਘੂ ਬਾਰਡਰ ’ਤੇ ਲਖਵੀਰ ਸਿੰਘ ਦੇ ਕਤਲ ਤੋਂ ਬਾਅਦ ਉਨ੍ਹਾਂ ਬਿਆਨ ਜਾਰੀ ਕੀਤਾ ਸੀ ਕਿ ਸਿਰ ਤੋਂ ਮੋਨੇ ਸ਼ਰਧਾਲੂ ਗੁਰੂ ਘਰਾਂ ’ਚ ਬਣੇ ਦਰਬਾਰ ਸਾਹਿਬ ਵਿਚ ਤਾਂ ਹੀ ਜਾਣ ਜੇਕਰ ਉੱਥੇ ਵਿਅਕਤੀ ਹੋਣ ਜਾਂ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਣ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕੇਵਲ ਢੱਡਰੀਆਂ ਵਾਲਿਆਂ ਨੂੰ ਨਿਸ਼ਾਨਾ ਬਣਾਉਂਦਿਆਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸ ਗੱਲ ਨੂੰ ਸ੍ਰੀ ਹਰਿਮੰਦਰ ਸਾਹਿਬ ਨਾਲ ਜੋੜ ਦਿੱਤਾ ਜੋ ਕਿ ਬਿਲਕੁਲ ਨਿਰਅਧਾਰ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਵਿਚ ਤਾਂ ਹਮੇਸ਼ਾ ਭਾਰੀ ਗਿਣਤੀ ’ਚ ਸੰਗਤ ਰਹਿੰਦੀ ਹੈ ਅਤੇ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਏ ਹਨ, ਇਸ ਲਈ ਮੇਰੇ ਵਲੋਂ ਦਿੱਤੇ ਬਿਆਨ ਨੂੰ ਦਰਬਾਰ ਸਾਹਿਬ, ਅੰਮ੍ਰਿਤਸਰ ਨਾਲ ਜੋੜਨਾ ਬਿਲਕੁਲ ਨਿਰਅਧਾਰ ਹੈ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਹਰੇਕ ਗੁਰਦੁਆਰਾ ਸਾਹਿਬ ਵਿਚ ਲੰਗਰ ਹਾਲ ਤੇ ਸਰੋਵਰ ਵੀ ਹੁੰਦਾ ਹੈ ਪਰ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਹੁੰਦੇ ਹਨ, ਉਸ ਨੂੰ ਦਰਬਾਰ ਸਾਹਿਬ ਹੀ ਕਿਹਾ ਜਾਂਦਾ ਹੈ, ਇਸ ਲਈ ਉਨ੍ਹਾਂ ਹਰਿਮੰਦਰ ਸਾਹਿਬ ਬਾਰੇ ਨਹੀਂ ਬਲਕਿ ਹੋਰਨਾਂ ਗੁਰੂ ਘਰਾਂ ’ਚ ਬਣੇ ਦਰਬਾਰ ਸਾਹਿਬ ਦੀ ਗੱਲ ਕੀਤੀ ਸੀ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਸਿੰਘੂ ਬਾਰਡਰ ’ਤੇ ਕਤਲ ਕੀਤੇ ਲਖਵੀਰ ਸਿੰਘ ਨੂੰ ਬੇਅਦਬੀ ਦੇ ਨਾਮ ’ਤੇ ਕਤਲ ਕੀਤਾ ਗਿਆ ਅਤੇ ਜਦੋਂ ਹੁਣ ਨਿਹੰਗ ਸਿੰਘਾਂ ਦੇ ਮੁਖੀ ਬਾਬਾ ਅਮਨ ਸਿੰਘ ਦੀਆਂ ਤਸਵੀਰਾਂ ਭਾਜਪਾ ਦੇ ਕੇਂਦਰੀ ਮੰਤਰੀ ਨਾਲ ਵਾਇਰਲ ਹੋਈਆਂ ਉਸ ਤੋਂ ਬਾਅਦ ਉਹ ਖੁੱਲ੍ਹ ਕੇ ਸਪੱਸ਼ਟੀਕਰਨ ਦੇਣ ਦੀ ਬਜਾਏ ਮੀਡੀਆ ਨੂੰ ਗੋਲਮੋਲ ਜਵਾਬ ਦੇ ਰਿਹਾ ਹੈ।
ਉਪ ਮੁੱਖ ਮੰਤਰੀ ਵਲੋਂ ਸਿੰਘੂ ਬਾਰਡਰ ਕਤਲ ਮਾਮਲੇ ਦੀ ਜਾਂਚ ਕਰਵਾਉਣਾ ਚੰਗਾ ਉਪਰਾਲਾ
ਭਾਈ ਰਣਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਸਿੰਘੂ ਬਾਰਡਰ ’ਤੇ ਲਖਵੀਰ ਸਿੰਘ ਕਤਲ ਮਾਮਲੇ ਦੀ ਜਾਂਚ ਕਰਵਾਉਣਾ ਬਹੁਤ ਹੀ ਚੰਗਾ ਉਪਰਾਲਾ ਹੈ ਕਿਉਂਕਿ ਜੇਕਰ ਸਰਕਾਰ ਤੇ ਸੀਬੀਆਈ ਇਸ ਮਾਮਲੇ ਦੀ ਨਿਰਪੱਖਤਾ ਨਾਲ ਜਾਂਚ ਕਰੇ ਤਾਂ ਸੱਚਾਈ ਸਾਹਮਣੇ ਆ ਜਾਵੇਗੀ।
ਸਿੰਘੂ ਬਾਰਡਰ ਕਾਂਡ ਦੀ ਜਾਂਚ ਸੀਬੀਆਈ ਤੋਂ ਕਰਾਓ
ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਚੱਲ ਰਹੀ ਵੀਡੀਓ ਕਲਿੱਪ ’ਚ ਉਨ੍ਹਾਂ ਇਕ ਪਾਸੇ ਜਿਥੇ ਕੌਮ ਨੂੰ ਸਿਰ ਜੋੜ ਕੇ ਬੈਠ ਕੇ ਅੰਦਰੂਨੀ ਵਿਚਾਰਧਾਰਾਵਾਂ ਵਿਚਲੇ ਵਖਰੇਵੇਂ ਦੂਰ ਕਰਨ ਦੀ ਗੱਲ ਕੀਤੀ, ਉਥੇ ਹੀ ਕਾਵਾਂ ਰੌਲੀ ਪਾਉਣ ਵਾਲੇ ਧਾਰਮਿਕ ਅਖਵਾਉਂਦੇ ਲੀਡਰਾਂ ਨੂੰ ਸ਼ਬਦੀ ਲਾਹਨਤਾਂ ਪਾਈਆਂ ਹਨ ਕਿਉਂਕਿ ਗੁਰਬਾਣੀ ਅਨੁਸਾਰ ਸਾਨੂੰ ਸਾਰਿਆਂ ਨੂੰ ਕੌਮ ਪ੍ਰਤੀ ਜਵਾਬਦੇਹ ਹੋਣਾ ਪਵੇਗਾ। ਬੱਚਿਆਂ ਨੂੰ ਗੁਰਬਾਣੀ, ਸਿੱਖੀ ਤੇ ਸਮਾਜਿਕ ਸਰੋਕਾਰਾਂ ਦਾ ਗਿਆਨ ਵੀ ਤਾਂ ਹੀ ਦਿੱਤਾ ਜਾ ਸਕਦਾ ਹੈ, ਜੇਕਰ ਅਸੀਂ ਖੁਦ ਉਸ ’ਤੇ ਅਮਲ ਕਰਾਂਗੇ।
ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਜਾਰੀ ਹੋਈ ਨਵੀਂ ਵੀਡੀਓ ’ਚ ਸਾਫ ਤੌਰ ’ਤੇ ਆਖ ਦਿੱਤਾ ਗਿਆ ਹੈ ਕਿ ਜਿਹੜੇ ਨਿਹੰਗ ਸਿੰਘਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਢਿੰਡੋਰਾ ਪਿੱਟ ਕੇ ਵਿਅਕਤੀ ਨੂੰ ਮਾਰ ਦਿੱਤਾ, ਉਨ੍ਹਾਂ ਨੂੰ ਖੇਤੀ ਮੰਤਰੀ ਵੱਲੋਂ ਸਨਮਾਨਿਤ ਕੀਤੇ ਜਾਣ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਤੋਂ ਇਹ ਸਪੱਸ਼ਟ ਹੋ ਚੁੱਕਾ ਹੈ ਕਿ ਕਿਸਾਨੀ ਸੰਘਰਸ਼ ਨੂੰ ਢਾਹ ਲਗਾਉਣ ਲਈ ਇਹ ਕਾਂਡ ਕੀਤਾ ਹੈ। ਫਿਰ ਵੀ ਕਈ ਧਾਰਮਿਕ ਆਗੂ ਬੇਸਮਝੀ ਨਾਲ ਆਪੇ ਤੋਂ ਬਾਹਰ ਹੋ ਕੇ ਕੌਮ ਨੂੰ ਗੁੰਮਰਾਹ ਕਰਨ ਲੱਗੇ ਹੋਏ ਹਨ, ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਅੱਜ ਦੀ ਪੜ੍ਹੀ-ਲਿਖੀ ਪੀੜ੍ਹੀ ਹਰ ਗੱਲ ਦੀ ਤਹਿ ਤੱਕ ਜਾਂਦੀ ਹੈ। ਉਨ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਡਿਪਟੀ ਮੁੱਖ ਮੰਤਰੀ ਪਾਸੋਂ ਮੰਗ ਕੀਤੀ ਹੈ ਕਿ ਸਿੰਘੂ ਬਾਰਡਰ ’ਤੇ ਵਾਪਰੇ ਘਿਨਾਉਣੇ ਕਾਂਡ ਦੀ ਸੀ. ਬੀ. ਆਈ. ਜਾਂਚ ਕਰਵਾਈ ਜਾਵੇ ਤਾਂ ਸੱਚ ਸਾਹਮਣੇ ਆ ਜਾਵੇਗਾ।
ਉਨ੍ਹਾਂ ਕਿਹਾ ਕਿ ਕਾਂ ਮਾਰ ਕੇ ਟੰਗਣ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਨੂੰ 365 ਸਰੂਪ ਗੁੰਮ ਹੋਣ ਸਬੰਧੀ ਵੀ ਪੁੱਛਣ, ਪਤਾ ਲੱਗ ਜਾਵੇਗਾ ਕਿ ਕਾਂ ਮਾਰ ਕੇ ਕਿਵੇਂ ਟੰਗੀਦਾ ਹੈ? ਉਨ੍ਹਾਂ ਕਿਹਾ ਕਿ ਹੁਣ ਸਮਾਂ ਮੱਸੇ ਰੰਘੜ ਵਾਲਾ ਨਹੀਂ, ਲੋਕਤੰਤਰ ਦਾ ਜ਼ਮਾਨਾ ਹੈ। ਸਿੱਖ ਪਹਿਲਾਂ ਹੀ ਘੱਟ ਗਿਣਤੀ ਵਿਚ ਹਨ। ਹੁਣ ਕਿਸੇ ਵੀ ਨੂੰ ਵੀ ਵੱਢਣ-ਟੁੱਕਣ ਨਾਲ ਸਮੱਸਿਆ ਦਾ ਹੱਲ ਨਹੀਂ ਹੋਣਾ। ਬੇਅਦਬੀਆਂ ਦੀ ਜਾਂਚ ਹੋਣੀ ਚਾਹੀਦੀ ਹੈ ਪਰ ਤਰੀਕਾ ਇਹ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਕਿਸੇ ਵੀ ਆਗੂ ’ਤੇ ਨਿੱਜੀ ਦੂਸ਼ਣਬਾਜ਼ੀ ਨਹੀਂ ਕਰਨੀ ਚਾਹੀਦੀ, ਸਗੋਂ ਦਲੀਲ ਨਾਲ ਗੱਲ ਕਰਨ ਦਾ ਤਰੀਕਾ ਅਪਨਾਉਣਾ ਪਵੇਗਾ।

Comment here