ਅੰਤਮ ਅਰਦਾਸ ਮੌਕੇ ਮੂਸੇਵਾਲਾ ਦੇ ਚਹੇਤੇ ਲੱਖਾਂ ਦੀ ਗਿਣਤੀ ਚ ਪੁੱਜੇ
ਮਾਨਸਾ- ਇੱਥੇ ਅੱਜ ਸਿਰਸਾ ਰੋਡ ’ਤੇ ਸਥਿਤ ਅਨਾਜ ਮੰਡੀ ’ਚ ਮੂਸੇਵਾਲਾ ਦਾ ਭੋਗ ਤੇ ਅੰਤਿਮ ਅਰਦਾਸ ਮੌਕੇ ਜਨ ਸੈਲਾਬ ਆ ਗਿਆ ਤੇ ਕਈ ਕਈ ਘੰਟੇ ਜਾਮ ਲੱਗਿਆ ਰਿਹਾ। ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਚਹੇਤੇ ਵੱਖ ਵੱਖ ਸੂਬਿਆਂ ਦੇ ਸ਼ਹਿਰਾਂ ਤੋਂ ਪਹੁੰਚੇ ਹੋਏ ਸਨ, ਕਈ ਪ੍ਰਸ਼ੰਸਕ ਪੈਦਲ, ਕੁੱਝ ਸਾਈਕਲ ਤੇ ਕੁੱਝ ਹੋਰਾਂ ਨੇ ਵਾਹਨਾਂ ’ਤੇ ਪਹੁੰਚ ਕੇ ਅਲਵਿਦਾ ਕਹੀ। ਦੁਪਹਿਰ ਬਾਅਦ ਵੀ ਵੱਡੀਆਂ ਵੱਡੀਆਂ ਕਤਾਰਾਂ ਲੱਗੀਆਂ ਰਹੀਆਂ। ਅੰਤਿਮ ਅਰਦਾਸ ਮੌਕੇ ਸਿੱਧੂ ਮੂਸੇਵਾਲਾ ਦੇ ਪਿਤਾ ਆਪਣੇ ਦਰਦਾਂ ਨੂੰ ਸੁਣਾਉਂਦੇ ਹੋਏ ਭਾਵੁਕ ਹੋ ਗਏ ਤੇ ਆਖ਼ਰੀ ਸਾਂਹ ਤਕ ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲਿਆਂ ਦਾ ਸਾਥ ਦੇਣ ਦਾ ਵਾਅਦਾ ਕੀਤਾ। ਭੋਗ ’ਤੇ ਪਹੁੰਚੇ ਲੋਕਾਂ ਨਾਲ ਗੱਲ ਸਾਂਝੀ ਕਰਦਿਆਂ ਸਿੱਧੂ ਦੇ ਨੇ ਕਿਹਾ, ”29 ਮਈ ਨੂੰ ਅਜਿਹਾ ਮਨਹੂਸ ਦਿਨ ਚੜ੍ਹਿਆ ਤੇ ਅਜਿਹਾ ਭਾਣਾ ਵਰਤ ਗਿਆ। ਤੁਹਾਡੇ ਪਿਆਰ ਨੇ ਤੁਹਾਡੇ ਵਲੋਂ ਵੀ ਹੰਝੂੰ ਵਹਾਏ ਗਏ, ਸਾਡਾ ਦੁੱਖ ਕੁੱਝ ਹੱਦ ਤਕ ਘੱਟ ਹੋਇਆ। ਇਹ ਘਾਟਾ ਪੂਰ੍ਹਾ ਨਹੀਂ ਕੀਤਾ ਜਾ ਸਕਦਾ। ਗੁਰੂ ਮਹਾਰਾਜ ਤੋਂ ਸੇਧ ਲੈ ਕੇ ਕੋਸ਼ਿਸ਼ ਕਰਾਂਗਾ ਅਗਲੀ ਜ਼ਿੰਦਗੀ ਨੂੰ ਸ਼ੁਰੂ ਕਰਾਂ। ਗੁਰੂ ਸਾਹਿਬ ਸ਼ਕਤੀਆਂ ਦੇ ਮਾਲਕ ਸਨ, ਉਹ ਤਾਂ ਝੱਲ ਗਏ ਪਰ ਮੈਂ ਇੰਨੇ ਜੋਗਾ ਨਹੀਂ ਪਰ ਮਹਾਰਾਜ ਫ਼ਿਰ ਵੀ ਤੁਹਾਡਾ ਹੁਕਮ ਮੇਰੇ ਸਿਰ ਮੱਥੇ ਹੈ। ਜ਼ਿੰਦਗੀ ਨੂੰ ਹਰ ਹਾਲਤ ‘ਚ ਚੱਲਦੀ ਰੱਖਾਂਗਾ। ਇਹ ਤੁਹਾਡੇ ਨਾਲ ਵਾਅਦਾ ਕਰਦਾ। ਸਿੱਧੂ ਇਕ ਸਿੱਧਾ-ਸਾਦਾ ਪਿੰਡ ਦਾ ਆਮ ਨੌਜਵਾਨ ਸੀ, ਜਿਵੇਂ ਜੱਟਾਂ ਦੇ ਪੁੱਤ ਹੁੰਦੇ ਹਨ, ਉਸੇ ਤਰ੍ਹਾਂ ਦਾ ਉਸ ਦਾ ਜੀਵਨ ਸੀ। ਨਰਸਰੀ ‘ਚ ਜਦੋਂ ਉਹ ਸਕੂਲ ਪੜ੍ਹਨ ਲੱਗਾ, ਉਦੋਂ ਸਾਡੇ ਪਿੰਡੋਂ ਸਕੂਲ ਨੂੰ ਬੱਸ ਵੀ ਨਹੀਂ ਜਾਂਦੀ ਸੀ। ਆਪਣੇ ਸਕੂਟਰ ‘ਤੇ ਉਸ ਨੂੰ ਛੱਡ ਕੇ ਆਉਂਦਾ । ਅੱਗੇ ਕਿਹਾ, ”ਉਸ ਨੇ ਸੈਕਿੰਡ ਕਲਾਸ ਤੋਂ ਸਾਈਕਲ ‘ਤੇ ਜਾਣਾ ਸ਼ੁਰੂ ਕੀਤਾ, ਬੱਚੇ ਨੇ 12ਵੀਂ ਤਕ ਸਾਈਕਲ ਚਲਾਇਆ। ਰੋਜ਼ 24 ਕਿਲੋਮੀਟਰ ਸਕੂਲ ਜਾਣਾ, ਫ਼ਿਰ 24 ਕਿਲੋਮੀਟਰ ਟਿਊਸ਼ਨ ਜਾਣਾ। ਸਿੱਧੂ ਮਿਹਨਤੀ ਸੀ ਤੇ ਪਹਿਲਾਂ ਅਮੀਰ ਨਹੀਂ ਸੀ। ਇਨ੍ਹਾਂ ਹਾਲਾਤਾਂ ‘ਚ ਬੱਚੇ ਨੂੰ ਇਥੋਂ ਤਕ ਲੈ ਆਏ। ਕਦੇ ਜੇਬ ਖਰਚਾ ਵੀ ਉਸ ਨੂੰ ਨਹੀਂ ਮਿਲਿਆ ਸੀ ਪਰ ਉਸ ਨੇ ਆਪਣੀ ਮਿਹਨਤ ਨਾਲ ਕਾਲਜ ਦੀ ਪੜ੍ਹਾਈ ਕੀਤੀ ਤੇ ਫ਼ਿਰ ਆਈਲੈਟਸ ਕਰਕੇ ਬਾਹਰ ਚਲਿਆ ਗਿਆ। ਆਪਣਾ ਜੇਬ ਖਰਚ ਲਈ ਇਕ ਅੱਧਾ ਗੀਤ ਵੇਚ ਕੇ ਸਮਾਂ ਟਪਾਇਆ। ਬੁਲੰਦੀਆਂ ਤਕ ਪਹੁੰਚਣ ਤਕ ਵੀ ਇਸ ਬੱਚੇ ਨੇ ਕਦੇ ਆਪਣੀ ਜੇਬ ‘ਚ ਪਰਸ ਨਹੀਂ ਰੱਖਿਆ। ਪੈਸੇ ਦੀ ਲੋੜ ਹੁੰਦੀ ਤਾਂ ਮੇਰੇ ਕੋਲੋਂ ਮੰਗਦਾ। ਜਿੰਨਾ ਪਿਆਰ ਤੇ ਨਿਮਰਤਾ ਸਾਡੇ ਹਿੱਸੇ ਆਈ ਹੈ, ਸ਼ਾਇਦ ਜ਼ਿਆਦਾ ਹੋਣ ਕਰਕੇ ਜਲਦੀ ਮੁਕ ਗਈ, ਮੈਂ ਇਹ ਮਹਿਸੂਸ ਕਰਦਾ ਹਾਂ। ਜਦੋਂ ਵੀ ਉਹ ਘਰੋਂ ਨਿਕਲਦਾ ਤਾਂ ਕਦੇ ਵੀ ਇਜਾਜ਼ਤ ਲਏ ਬਿਨ੍ਹਾਂ ਤੇ ਪੈਰੀਂ ਹੱਥ ਲਗਾਏ ਬਿਨ੍ਹਾਂ ਘਰੋਂ ਬਾਹਰ ਨਹੀਂ ਜਾਂਦਾ ਸੀ। ਅਖੀਰ ‘ਚ ਕਿਹਾ, ”ਮੈਂ ਹਮੇਸ਼ਾ ਪਰਛਾਵਾਂ ਬਣ ਕੇ ਨਾਲ ਰਿਹਾ ਬੱਚੇ ਦੇ ਤੇ ਆਖਿਰ ਵੇਲੇ ਮੈਂ ਵੀ ਖੁੰਝ ਗਿਆ। ਅੱਜ ਮੇਰਾ ਘਰ ਉੱਜੜਿਆ, ਕੱਲ੍ਹ ਕਿਸੇ ਹੋਰ ਦਾ ਨਾਂ ਉੱਜੜੇ, ਇਸ ਲਈ ਮੇਰੀ ਸਾਰਿਆਂ ਅੱਗੇ ਬੇਨਤੀ ਹੈ ਕਿ ਮੈਨੂੰ ਇਹ ਵੀ ਨਹੀਂ ਪਤਾ ਕਿ ਮੇਰੇ ਬੱਚੇ ਦਾ ਕਸੂਰ ਕੀ ਸੀ। ਉਹ ਕਈ ਵਾਰ ਮੇਰੇ ਗਲੇ ਲੱਗ ਰੋਇਆ ਕਿ ਹਰ ਇਕ ਚੀਜ਼ ਮੇਰੇ ਨਾਲ ਕਿਉਂ ਜੁੜ ਜਾਂਦੀ ਹੈ। ਮੈਂ ਆਪਣੇ ਤੇ ਉਸ ਦੀ ਮਾਂ ਦੇ ਸਿਰ ‘ਤੇ ਹੱਥ ਰਖਾ ਕੇ ਸਹੁੰ ਚੁਕਾਈ ਸੀ ਕਿ ਕੀ ਉਹ ਕਿਸੇ ਮਸਲੇ ‘ਚ ਸ਼ਾਮਲ ਤਾਂ ਨਹੀਂ ਹੈ ਪਰ ਉਸ ਨੇ ਕਿਹਾ ਕਿ ਉਹ ਕਿਸੇ ਵੀ ਚੀਜ਼ ‘ਚ ਸ਼ਾਮਲ ਨਹੀਂ ਹੈ। ਫ਼ਿਰ ਉਸ ਨੂੰ ਕਿਹਾ ਕਿ ਤੈਨੂੰ ਡਰਨ ਦੀ ਲੋੜ ਨਹੀਂ। ਜੇ ਉਹ ਗਲਤ ਹੁੰਦਾ ਤਾਂ ਬਿਨ੍ਹਾਂ ਸੁਰੱਖਿਆ ਤੋਂ ਬਾਹਰ ਨਾ ਜਾਂਦਾ। ਸੋਸ਼ਲ ਮੀਡੀਆ ਵਾਲੇ ਲੋਕਾਂ ਨੂੰ ਬੇਨਤੀ ਹੈ ਕਿ ਵੱਖ-ਵੱਖ ਖ਼ਬਰਾਂ ਨਾ ਬਣਾਇਓ, ਕਹਾਣੀਆਂ ਬਣਾ-ਬਣਾ ਕੇ ਸਟੋਰੀਆਂ ਨਾ ਪਾਇਓ। ਮੈਂ ਜਦੋਂ ਪੜ੍ਹਦਾ ਹਾਂ ਤਾਂ ਮੇਰਾ ਹਿਰਦਾ ਵਲੂੰਦਰਿਆਂ ਜਾਂਦਾ ਹੈ। ਉਹ ਕਦੇ ਵੀ ਕਿਸੇ ਦਾ ਨੁਕਸਾਨ ਨਹੀਂ ਕਰਨਾ ਚਾਹੁੰਦਾ ਸੀ ਪਰ ਉਸ ਦਾ ਹੋ ਗਿਆ। ਜੇ ਉਸ ਨੂੰ ਕਿਸੇ ਤੋਂ ਖ਼ਤਰਾ ਹੁੰਦਾ ਤਾਂ ਆਪਣੀ ਪ੍ਰਾਈਵੇਟ ਸੁਰੱਖਿਆ ਵੀ ਰੱਖ ਸਕਦਾ ਸੀ। ਸਿੱਧੂ ਨੂੰ ਰਾਜਨੀਤੀ ‘ਚ ਕੋਈ ਨਹੀਂ ਲੈ ਕੇ ਆਇਆ, ਚੋਣ ਲੜਨੀ ਉਸ ਦਾ ਆਪਣਾ ਫ਼ੈਸਲਾ ਸੀ। ਐਵੇਂ ਨਾ ਕਿਸੇ ਨੂੰ ਮਾੜਾ ਚੰਗਾ ਬੋਲਿਆ ਕਰੋ। ਪਹਾੜ ਜਿੰਨਾ ਦੁੱਖ ਹੈ ਕਹਿਣਾ ਸੌਖਾ ਹੈ, ਇਹ ਕਰ ਲਵਾਂਗੇ, ਉਹ ਕਰ ਲਵਾਂਗੇ ਪਰ ਜ਼ਿੰਦਗੀ ‘ਚ ਕੁੱਪ ਹਨੇਰਾ ਹੋਇਆ ਹੈ। ਹਰ ਇਨਸਾਨ ਦੀ ਜ਼ਿੰਦਗੀ ‘ਚ ਬਹੁਤ ਮਾੜਾ ਹੁੰਦਾ ਹੈ। ਮੈਂ ਬਦਕਿਸਮਤ ਬਾਪ ਹਾਂ ਕਿ ਮੈਂ ਬਚਪਨ ਵੀ ਮਾੜਾ ਦੇਖਿਆ ਤੇ ਬੁੜਾਪਾ ਵੀ ਮਾੜਾ ਦੇਖ ਰਿਹਾ ਹਾਂ। ਜੇ ਕਿਸੇ ਨੂੰ ਵੀ ਬੱਚੇ ਨੇ ਮਾੜਾ ਬੋਲਿਆ ਹੋਵੇ ਤਾਂ ਮੈਂ ਹੱਥ ਜੋੜ ਕੇ ਮੁਆਫ਼ੀ ਮੰਗਦਾ। ਸਿੱਧੂ ਗੀਤਾਂ ਰਾਹੀਂ ਤੁਹਾਡੇ ਕੰਨਾਂ ‘ਚ ਵੱਜਦਾ ਰਹੇਗਾ। ਹਰ ਆਖਰੀ ਸਾਹ ਤਕ ਸਿੱਧੂ ਨੂੰ ਤੁਹਾਡੇ ਨਾਲ ਜੋੜ ਕੇ ਰੱਖਾਂਗਾ।” ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਕਿਹਾ ਕਿ 29 ਮਈ ਨੂੰ ਲੱਗਦਾ ਸੀ ਕਿ ਮੇਰਾ ਸਭ ਕੁੱਝ ਖ਼ਤਮ ਹੋ ਗਿਆ ਪਰ ਤੁਹਾਡੇ ਪਿਆਰ ਨਾਲ ਮੈਨੂੰ ਲੱਗਿਆ ਸ਼ੁਭਦੀਪ ਅੱਜ ਵੀ ਮੇਰੇ ਨਾਲ ਹੈ। ਤੁਸੀਂ ਜਿਸ ਤਰ੍ਹਾਂ ਸ਼ੁਭਦੀਪ ਨੂੰ ਚਾਹਿਆ ਮੈਨੂੰ ਆਪਣੀ ਮਾਂ ਸਮਝਿਉ।ਪ੍ਰਦੂਸ਼ਣ ਵੱਧ ਰਿਹਾ ਹੈ ਅਤੇ ਅੱਜ ਸੁਨੇਹਾ ਦੇਣਾ ਚਾਹੁੰਦੀ ਹਾਂ ਕਿ ਇਕ ਇਕ ਰੁੱਖ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਜ਼ਰੂਰ ਲਗਾਉ, ਉਸ ਨੂੱ ਪਾਲੋ ਜਦੋਂ ਤੱਕ ਉਹ ਵੱਡਾ ਨਹੀਂ ਹੋ ਜਾਂਦਾ। ਇਸ ਦੌਰਾਨ ਕਈ ਸੰਸਥਾਵਾਂ ਵੱਲੋਂ ਖ਼ੂਨਦਾਨ ਕੈਂਪ ਲਗਾਏ ਹੋਏ ਸਨ, ਕਈਆਂ ਵੱਲੋਂ ਬੂਟੇ ਵੰਡੇ ਜਾ ਰਹੇ ਸਨ।
ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਵਿੱਚ ਵੱਡੀ ਗਿਣਤੀ ਲੋਕ ਪੱਗਾਂ ਬੰਨ੍ਹ ਕੇ ਪਹੁੰਚੇ ਹਨ। ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਦਸਤਾਰ ਸਜ਼ਾ ਕੇ ਸਿੱਧੂ ਮੂਸੇਵਾਲਾ ਦੇ ਭੋਗ ਵਿੱਚ ਪਹੁੰਚੇ। ਵੜਿੰਗ ਨੇ ਆਪਣੀਆਂ ਤਸਵੀਰਾਂ ਸ਼ੇਅਰ ਕਰਦਿਆਂ ਲਿਖਿਆ, ਅਲਵਿਦਾ ਮੇਰੇ ਭਰਾ! ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਭੋਗ ਤੇ ਅੰਤਮ ਅਰਦਾਸ ਸਮਾਗਮ ਵਿੱਚ ਦੁਨੀਆਂ ਲਈ ਉਹ ਇੱਕ ਮਹਾਨ ਗਾਇਕ ਸੀ, ਮੇਰੇ ਲਈ ਉਹ ਇੱਕ ਛੋਟੇ ਭਰਾ ਵਰਗਾ ਸੀ। ਹਮੇਸ਼ਾ ਮੇਰੇ ਵਿਚਾਰਾਂ ਤੇ ਯਾਦਾਂ ਵਿੱਚ ਰਹੇਗਾ ਤੇ ਉਸ ਦੇ ਮਾਪਿਆਂ ਲਈ, ਮੈਂ ਹਮੇਸ਼ਾ ਇੱਥੇ ਰਹਾਂਗਾ।
ਮੁੱਖ ਮੰਤਰੀ ਦਾ ਸ਼ੋਕ ਸੰਦੇਸ਼
ਪ੍ਰਸਿੱਧ ਗਾਇਕ ਸਵਰਗੀ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਨੌਜਵਾਨ ਗਾਇਕ ਦੇ ਤੁਰ ਜਾਣ ਨਾਲ ਪਰਿਵਾਰਕ ਮੈਂਬਰਾਂ ਅਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਗਹਿਰਾ ਸਦਮਾ ਪਹੁੰਚਿਆ ਅਤੇ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਸਿੱਧੂ ਮੂਸੇਵਾਲਾ ਨਮਿੱਤ ਭੋਗ ਅਤੇ ਅੰਤਿਮ ਅਰਦਾਸ ਮੌਕੇ ਮੁੱਖ ਮੰਤਰੀ ਦੀ ਤਰਫੋਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਪਰਿਵਾਰ ਨੂੰ ਸ਼ੋਕ ਸੰਦੇਸ਼ ਸੌਂਪਿਆ ਗਿਆ ਜਿਸ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਨੌਜਵਾਨ ਗਾਇਕ ਦੀ ਦਿਲ ਦਹਿਲਾਉਣ ਵਾਲੀ ਅਤੇ ਬੇਵਕਤੀ ਮੌਤ ਨੇ ਪਰਿਵਾਰ ਦੇ ਮੈਂਬਰਾਂ ਅਤੇ ਦੁਨੀਆ ਭਰ ਵਿਚ ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੁੱਖ ਦੀ ਇਸ ਘੜੀ ਵਿੱਚ ਪਰਿਵਾਰ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਸਮੁੱਚੀ ਸੂਬਾ ਸਰਕਾਰ ਸੰਗੀਤ ਜਗਤ ਦੇ ਹੀਰੇ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀ ਹੈ ਜਿਸ ਨੇ ਸੰਗੀਤ ਅਤੇ ਮੋਨਰੰਜਨ ਦੇ ਖੇਤਰ ਵਿਚ ਆਪਣੇ ਦਮ ਉਤੇ ਮੁਕਾਮ ਹਾਸਲ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਭਰ ਜਵਾਨੀ ਵਿਚ ਪੁੱਤ ਦਾ ਇਸ ਦੁਨੀਆ ਤੋਂ ਰੁਖਸਤ ਹੋ ਜਾਣਾ ਪਰਿਵਾਰ ਲਈ ਅਸਹਿ ਅਤੇ ਅਕਹਿ ਹੈ ਅਤੇ ਉਨ੍ਹਾਂ ਦੇ ਤੁਰ ਜਾਣ ਨਾਲ ਸੰਗੀਤ ਜਗਤ ਵਿਚ ਅਜਿਹਾ ਖਲਾਅ ਪੈਦਾ ਹੋ ਗਿਆ ਜਿਸ ਨੂੰ ਭਵਿੱਖ ਵਿਚ ਪੂਰਨਾ ਬਹੁਤ ਮੁਸ਼ਕਲ ਹੈ। ਮੁੱਖ ਮੰਤਰੀ ਨੇ ਕਿਹਾ, “ਸ਼ੁਭਦੀਪ ਸਿੰਘ ਸਿੱਧੂ ਨੇ ਪੰਜਾਬੀ ਗਾਇਕੀ ਦੀ ਹੀ ਨਹੀਂ ਸਗੋਂ ਆਪਣੇ ਪਿੰਡ ਮੂਸਾ ਦੀ ਮਿੱਟੀ ਦੀ ਖੁਸ਼ਬੋ ਨੂੰ ਹੱਦਾਂ-ਸਰਹੱਦਾਂ ਤੋਂ ਵੀ ਪਾਰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਇਆ। ਸਿੱਧੂ ਮੂਸੇਵਾਲਾ ਨੇ ਭਾਵੇਂ ਗਾਇਕ ਵਜੋਂ ਵਿਸ਼ਵ ਪੱਧਰ ’ਤੇ ਨਾਮਣਾ ਖੱਟਿਆ ਪਰ ਆਪਣੇ ਜੱਦੀ ਕਿੱਤੇ ਖੇਤੀ ਨਾਲ ਜੁੜੇ ਰਹਿਣ ਅਤੇ ਆਖਰੀ ਦਮ ਤੱਕ ਮਾਪਿਆਂ ਦਾ ਪਰਛਾਵਾਂ ਬਣੇ ਰਹਿਣ ਦੀ ਵਿਲੱਖਣ ਜੀਵਨ ਜਾਚ ਸਦਕਾ ਹਜ਼ਾਰਾਂ ਨੌਜਵਾਨਾਂ ਦੇ ਦਿਲਾਂ ਨੂੰ ਟੁੰਬਿਆ ਅਤੇ ਸੇਧ ਦਿੱਤੀ।” ਪਰਿਵਾਰਕ ਮੈਂਬਰਾਂ ਅਤੇ ਸਾਕ-ਸਬੰਧੀਆਂ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਅਕਾਲ ਪੁਰਖ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਦੇਣ ਅਤੇ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਅਰਦਾਸ ਕੀਤੀ। ਇਸ ਦੌਰਾਨ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਨਾਲ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, ਗੁਰਮੀਤ ਸਿੰਘ ਖੁੱਡੀਆਂ, ਬਲਕਾਰ ਸਿੱਧੂ ਅਤੇ ਨਰਿੰਦਰ ਕੌਰ ਭਰਾਜ ਨੇ ਵੀ ਮੁੱਖ ਮੰਤਰੀ ਦੀ ਤਰਫੋਂ ਪਰਿਵਾਰ ਨਾਲ ਦੁੱਖ ਵੰਡਾਇਆ।
ਰਿਚਾ ਚੱਢਾ ਨੇ ਮੂਸੇਵਾਲਾ ਦੀ ਮੌਤ ‘ਤੇ ਚੁੱਕੇ ਸਵਾਲ
ਫਿਲਮ ਅਭਿਨੇਤਰੀ ਰਿਚਾ ਚੱਢਾ ਨੇ ਟਵੀਟ ਕੀਤਾ, ‘ਮਾਨਸਾ ਤੋਂ ਆਉਣ ਵਾਲੀ ਹਰ ਤਸਵੀਰ ਮੇਰੇ ਦਿਲ ਦੇ ਹਜ਼ਾਰ ਟੁਕੜੇ ਕਰ ਦਿੰਦੀ ਹੈ। ਹਾਲਾਂਕਿ , ਇਹ ਦਰਦ ਸਿਰਫ਼ ਪੰਜਾਬੀ ਹੀ ਸਮਝ ਸਕਦੇ ਹਨ ਕਿ ਇੱਕ ਅਜਿਹੇ ਨੌਜਵਾਨ ਨੂੰ ਖੋ ਦੇਣ ਦਾ ਦੁੱਖ ਕੀ ਹੁੰਦਾ ਹੈ , ਜੋ ਕੌਮ ਪ੍ਰਤੀ ਐਨਾ ਸਮਰਪਿਤ ਸੀ। ਉਸਨੇ ਕਈ ਹੋਰਾਂ ਨੂੰ ਸੁਪਨੇ ਦੇਖਣ ਦੀ ਹਿੰਮਤ ਦਿੱਤੀ। ਰਿਚਾ ਨੇ ਕਿਹਾ ਕਿ ਮਰਹੂਮ ਗਾਇਕ ਨਾਲ ਭੇਦਭਾਵ ਕਿਉਂ ? ਉਸਨੇ ਟਵੀਟ ਕੀਤਾ, “ਮੂਸੇਵਾਲੇ ਨੂੰ 2 ਗਾਰਡ ਤੇ ਲਾਰੈਂਸ ਬਿਸ਼ਨੋਈ ਨੂੰ 10 ਸੁਰੱਖਿਆ ਗਾਰਡ। ਨਾਲੇ ਬਾਡੀਗਾਰਡਸ ਤੇ ਨਾਲੇ ਦਿੱਲੀ ਪੁਲਿਸ ਦੀ ਸਭ ਤੋਂ ਖਤਰਨਾਕ ਬੁਲੇਟ ਪਰੂਫ ਗੱਡੀ । ਅਭਿਨੇਤਰੀ ਨੇ ਟਵੀਟ ਨੂੰ ਦਿਲ ਦਹਿਲਾ ਦੇਣ ਵਾਲੇ ਇਮੋਜੀ ਨਾਲ ਜੋੜਿਆ ਅਤੇ #JusticeforSidhuMooseWala ਵੀ ਸ਼ੇਅਰ ਕੀਤਾ। ਰਿਚਾ ਨੇ ਵੀ ਸਿੰਗਰ ਦੀ ਮੌਤ ‘ਤੇ ਦੁੱਖ ਜ਼ਾਹਰ ਕੀਤਾ। ਜਿਸ ਦਿਨ ਉਸ ਦਾ ਕਤਲ ਹੋਇਆ ਸੀ, ਉਸ ਨੇ ਲਿਖਿਆ, ” ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਕੋਈ ਵੀ ਸ਼ਬਦ ਕਾਫੀ ਨਹੀਂ ਹੋਵੇਗਾ, ਉਸ ਦੀ ਮਾਂ ਬਾਰੇ ਸੋਚ ਕੇ … ਦੁਨੀਆ ਦਾ। “ਸਭ ਤੋਂ ਵੱਡਾ ਦਰਦ ਬੱਚੇ ਨੂੰ ਗੁਆਉਣਾ ਹੈ। ਜੱਟ ਦਾ ਮੁਕਾਬਲਾ ਦਸ ਮੈਨੂ ਕਿਥੇ ਹੈ ? 28!
Comment here