ਨਵਾਂ ਸ਼ਹਿਰ-ਆਮ ਆਦਮੀ ਪਾਰਟੀ (ਆਪ) ਦੇ ਆਗੂ ਭਗਵੰਤ ਮਾਨ ਨੇ 17ਵੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ ਹੈ। ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਆਮ ਆਦਮੀ ਪਾਰਟੀ (ਆਪ) ਦੇ ਸਮਰਥਕ ਆਜ਼ਾਦੀ ਘੁਲਾਟੀਆਂ ਨਾਲ ਸਬੰਧਤ ਰੰਗ ਦੀਆਂ ‘ਬਸੰਤੀ’ ਪੱਗਾਂ ਅਤੇ ਦੁਪੱਟੇ ਵਿੱਚ ਪੁੱਜੇ ਹੋਏ ਸਨ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਭਗਤ ਸਿੰਘ ਦੇ ਬੋਲਾਂ ਨੂੰ ਦੁਹਰਾਉਂਦਿਆਂ ਕਿਹਾ ਕਿ ਪਿਆਰ ਕਰਨਾ ਹਰੇਕ ਦਾ ਕੁਦਰਤੀ ਹੱਕ ਹੈ, ਕਿਉਂ ਨਾ ਇਸ ਵਾਰ ਦੇਸ਼ ਦੀ ਧਰਤੀ ਨੂੰ ਹੀ ਪ੍ਰੇਮੀ ਬਣਾਇਆ ਜਾਵੇ-
- ਭਗਵੰਤ ਮਾਨ ਨੇ ਕਿਹਾ ਕਿ ਮੈਂ ਸਹੁੰ ਚੁੱਕ ਸਮਾਗਮ ‘ਚ ਪੁੱਜੀਆਂ ਸਾਰੀਆਂ ਸੰਗਤਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ।
- ਮੇਰੇ ਖੱਬੇ ਪਾਸੇ ਦਿੱਲੀ ਸਰਕਾਰ ਦੀ ਕੈਬਨਿਟ ਹੈ ਅਤੇ ਸੱਜੇ ਪਾਸੇ ਤੁਹਾਡੇ ਦੁਆਰਾ ਚੁਣੇ ਆਮ ਆਦਮੀ ਪਾਰਟੀ ਦੇ 91 ਨਵੇਂ ਚੁਣੇ ਗਏ ਵਿਧਾਇਕ ਹਨ। ਆਓ ਅਸੀਂ ਸਾਰੇ ਉਨ੍ਹਾਂ ਦਾ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕਰਦੇ ਹਾਂ।
- “ਖਟਕੜ ਕਲਾਂ ਆਉਣ ਦੀ ਇੱਕ ਅਹਿਮ ਵਜ੍ਹਾ ਹੈ। ਇਸ ਤੋਂ ਪਹਿਲਾਂ ਸਹੁੰ ਚੁੱਕ ਸਮਾਗਮ ਕ੍ਰਿਕਟ ਸਟੇਡੀਅਮ ਅਤੇ ਰਾਜ ਭਵਨ ਵਿੱਚ ਹੋਇਆ ਸੀ,ਪਰ ਮੇਰੇ ਦਿਲ ਵਿੱਚ ਸ਼ਹੀਦ –ਏ-ਆਜਮ ਭਗਤ ਸਿੰਘ ਲਈ ਖਾਸ ਥਾਂ ਹੈ।
- ਸੂਬੇ ਦੀ ਸਰਕਾਰ ਸਾਡੀ ਨਹੀਂ ਲੋਕਾਂ ਲਈ ਹੈ। ਅਸੀਂ ਬੇਰੁਜ਼ਗਾਰੀ, ਖੇਤੀ ‘ਤੇ ਕੰਮ ਕਰਾਂਗੇ। ਮੈਂ ਪੰਜਾਬ ਦਾ ਮੁੱਖ ਮੰਤਰੀ ਹਾਂ ਅਤੇ ਉਨ੍ਹਾਂ ਲੋਕਾਂ ਦਾ ਵੀ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਪਾਈ।
- ਭਗਤ ਸਿੰਘ ਨੇ ਕਿਹਾ ਸੀ ਕਿ ਪਿਆਰ ਕਰਨਾ ਸਭ ਦਾ ਹੱਕ ਹੈ। ਆਪਣੀ ਮਾਤ ਭੂਮੀ ਨੂੰ ਪਿਆਰ ਕਰੋ, ਉਸ ਮਿੱਟੀ ਨੂੰ ਪਿਆਰ ਕਰੋ ਜਿਸ ਨੇ ਤੁਹਾਨੂੰ ਜਨਮ ਦਿੱਤਾ ਹੈ।”
- ਤੁਸੀਂ ਸਾਰਿਆ ਨੇ ਦੇਖਿਆ ਹੋਵੇਗਾ ਕਿ ਕਿਵੇਂ ਵੱਖ-ਵੱਖ ਦੇਸ਼ਾਂ ਤੋਂ ਲੋਕ ਦਿੱਲੀ ਦੇ ਮੁਹੱਲਾ ਕਲੀਨਿਕਾਂ ਅਤੇ ਸਰਕਾਰੀ ਸਕੂਲਾਂ ਨੂੰ ਦੇਖਣ ਲਈ ਦਿੱਲੀ ਆਉਂਦੇ ਹਨ। ਅਸੀਂ ਪੰਜਾਬ ਨੂੰ ਇਸੇ ਤਰ੍ਹਾਂ ਬਦਲਾਂਗੇ।
- ਮੈਂ ਅਰਵਿੰਦ ਕੇਜਰੀਵਾਲ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਬਣਾਈ ਅਤੇ ਇਸਨੂੰ ਪੰਜਾਬ ਵਿੱਚ ਸੱਤਾ ਵਿੱਚ ਲਿਆਂਦਾ।
- ਪੰਜਾਬ ਦੇ ਇਤਿਹਾਸ ਦਾ ਇੱਕ ਸੁਨਹਿਰੀ ਅਧਿਆਏ ਸ਼ੁਰੂ ਹੋ ਗਿਆ ਹੈ ਅਤੇ ਇਸ ਇਤਿਹਾਸ ਨੂੰ ਸਕੂਲਾਂ ਵਿੱਚ ਪੜ੍ਹਾਇਆ ਜਾਵੇਗਾ। ਅਸੀਂ ਸ਼ਹੀਦਾਂ, ਆਜ਼ਾਦੀ ਘੁਲਾਟੀਆਂ ਅਤੇ ਬਜ਼ੁਰਗਾਂ ਤੋਂ ਅਸ਼ੀਰਵਾਦ ਲੈਂਦੇ ਹਾਂ ਅਤੇ ਪੰਜਾਬ ਦੇ ਲੋਕਾਂ ਦੇ ਸਮਰਥਨ ਲਈ ਧੰਨਵਾਦ ਕਰਦੇ ਹਾਂ।
- ਭਗਤ ਸਿੰਘ ਦੇ ਪਿੰਡ ਜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨਾ ਅਤੇ ਪੰਜਾਬ ਦੇ ਲੋਕਾਂ ਲਈ ਕੰਮ ਕਰਨਾ ਮੇਰਾ ਇੱਕ ਬਹੁਤ ਵੱਡਾ ਸੁਪਨਾ ਸੀ। ਸੱਚੇ ਸ਼ਾਸਕ ਸਿਰਫ ਉਹ ਹੁੰਦੇ ਹਨ ਜੋ ਲੋਕਾਂ ਦੇ ਦਿਲਾਂ ‘ਤੇ ਰਾਜ ਕਰਦੇ ਹਨ।”
- ਅਸੀਂ ਹੌਲੀ-ਹੌਲੀ ਕੰਮ ਸ਼ੁਰੂ ਕਰਾਂਗੇ। ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਸੋਸ਼ਲ ਮੀਡੀਆ’ਤੇ ਬਹਿਸ ਜਾਂ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਨਹੀਂ ਕਰਨੀ ਕਿਉਂਕਿ ਲੋਕਾਂ ਨੂੰ ਇਹ ਮਹਿਸੂਸ ਕਰਨਾ ਚਾਹੀਦਾ ਹੈ ਕਿ ਇੱਕ ਪਰਿਪੱਕ ਸਰਕਾਰ ਸੱਤਾ ਵਿੱਚ ਹੈ।”
Comment here