ਸਾਂਵਲ ਧਾਮੀ
ਪਤਲੀ ਦੇਹ, ਮਿੱਟੀ ਰੰਗੇ ਸਾਦਾ ਵਸਤਰ, ਛੋਟੀ ਜਿਹੀ ਢਿੱਲੀ ਪੱਗ ਤੇ ਵਿਰਲ਼ੀ ਖੁੱਲ੍ਹੀ ਦਾੜ੍ਹੀ। ਉਹ ਡਰਿਆ-ਡਰਿਆ ਜਿਹਾ ਤੁਰਿਆ ਜਾ ਰਿਹਾ ਸੀ। ਹੌਲੀ-ਹੌਲੀ। ਮੋਟੇ ਸ਼ੀਸ਼ਿਆਂ ਵਾਲੀਆਂ ਐਨਕਾਂ ਵਿਚੋਂ ਕਦੇ ਉਹ ਪੈਰਾਂ ਮੂਹਰੇ ਵੇਖ ਲੈਂਦਾ ਸੀ ਤੇ ਕਦੇ ਤੇਜ਼ ਲੰਘਦੇ ਵਾਹਨਾਂ ਨਾਲ ਭਰੀ ਸੜਕ ਵੱਲ।
ਮੈਂ ਥੋੜ੍ਹਾ ਅਗਾਂਹ ਕਰਕੇ ਸਕੂਟਰ ਰੋਕਿਆ ਤੇ ਉਹਦੇ ਰਾਹ ’ਚ ਖੜੋ ਗਿਆ। ਉਹ ਕੋਲ ਦੀ ਲੰਘਣ ਲੱਗਾ ਤਾਂ ਮੈਂ ਦੋਵੇਂ ਹੱਥ ਜੋੜਦਿਆਂ ਸਤਿ ਸ੍ਰੀ ਅਕਾਲ ਆਖੀ। ਉਹ ਰੁਕ ਗਿਆ ਤੇ ਮੈਨੂੰ ਪਛਾਣਨ ਦੀ ਕੋਸ਼ਿਸ਼ ਕਰਨ ਲੱਗਾ। ਉਹਦੀਆਂ ਬੁੱਢੀਆਂ ਅੱਖਾਂ ਛੇਤੀ ਹੰਭ ਗਈਆਂ।
“ਬਾਬਾ ਜੀ ਕਿੰਨੀ ਉਮਰ ਏ ਤੁਹਾਡੀ?” ਮੈਂ ਸਵਾਲ ਕੀਤਾ।
“ਉਮਰ…” ਉਹਨੇ ਇਕ ਪਲ ਲਈ ਸੋਚਿਆ।
“…ਰੌਲਿਆਂ ਵੇਲੇ ਮੈਂ ਪੰਦਰਾਂ-ਸੋਲਾਂ ਵਰ੍ਹਿਆਂ ਦਾ ਸੀ। ਅਗਾਂਹ ਤੂੰ ਆਪੇ ਹਿਸਾਬ ਲਗਾ ਲੈ।” ਇਹ ਆਖ ਉਹ ਫਿੱਕਾ ਜਿਹਾ ਹੱਸਿਆ।
“ਤੁਹਾਡਾ ਜਨਮ ਕਿੱਥੇ ਹੋਇਆ ਸੀ?” ਮੈਂ ਉੱਚੀ ਆਵਾਜ਼ ’ਚ ਪੁੱਛਿਆ।
ਮੇਰਾ ਸਵਾਲ ਸੁਣਦਿਆਂ ਉਹਦਾ ਚਿਹਰਾ ਚਾਣਚਕ ਖਿੜਿਆ ਤੇ ਫਿਰ ਉਦਾਸ ਹੋ ਗਿਆ।
“ਤੂੰ ਓਕਾੜਾ ਸੁਣਿਆ? ਮਿੰਟਗੁਮਰੀ ਸੁਣਿਆ? ਜਿਹਨੂੰ ਸਾਹੀਵਾਲ ਵੀ ਕਹਿੰਦੇ ਨੇ। ਮਲ੍ਹਿਆਂਵਾਲਾ ’ਟੇਸ਼ਣ ਸੀ ਉੱਥੇ। ਉੱਥੋਂ ਨੇੜੇ ਹੀ ਸਾਡਾ ਚੱਕ ਸੀ। ਚਾਰ ਏ.ਐੱਲ।” ਉਹਦੀ ਆਵਾਜ਼ ’ਚ ਵਿਗੋਚਾ ਅਤੇ ਲਹਿਜੇ ’ਚ ਬੱਚਿਆਂ ਵਾਲੀ ਮਾਸੂਮੀਅਤ ਸੀ।
ਮੈਂ ਉਹਨੂੰ ਦੱਸਿਆ ਕਿ ਮੈਂ ਉਸ ਨਾਲ ਬਾਰ ਦੀਆਂ ਗੱਲਾਂ ਕਰਨੀਆਂ ਚਾਹੁੰਦਾ। ਉਹ ਖ਼ੁਸ਼ ਹੋ ਗਿਆ ਤੇ ਬਿਨਾਂ ਕਿਸੇ ਝਿਜਕ ਦੇ ਮੇਰੇ ਸਕੂਟਰ ਦੇ ਪਿੱਛੇ ਬੈਠ ਗਿਆ। ਉੱਥੋਂ ਮੇਰਾ ਪਿੰਡ ਮਸਾਂ ਚਾਰ ਕਿਲੋਮੀਟਰ ਦੂਰ ਸੀ। ਮੈਂ ਉਹਨੂੰ ਆਪਣੇ ਘਰ ਲੈ ਆਇਆ। ਸ਼ਾਂਤ ਮਾਹੌਲ ’ਚ ਉਹਨੇ ਆਪਣੀ ਕਹਾਣੀ ਛੋਹ ਲਈ, “ਮੇਰਾ ਨਾਂ ਤਾਂ ਗੁਰਮੀਤ ਸਿੰਘ ਏ, ਪਰ ਸਾਰੇ ਗੀਤਾ ਗੀਤਾ ਹੀ ਕਹਿੰਦੇ ਰਹੇ ਨੇ। ਮੇਰੇ ਬਾਪੂ ਦਾ ਨਾਂ ਫੇਰਾ ਸਿੰਘ ਸੀ। ਉਹਨੂੰ ਵੀ ਫੇਰੂ ਫੇਰੂ ਕਹਿੰਦੇ ਹੁੰਦੇ ਸੀ।
ਅਸੀਂ ਰੋਜ਼ੀ-ਰੋਟੀ ਲਈ ਓਧਰ ਗਏ ਸਾਂ। ਸਾਡਾ ਜੱਦੀ ਪਿੰਡ ਟਾਂਡੇ ਕੋਲ ਬੈਂਚਾਂ ਏ। ਉਹ ਬਾਰ ਹਾਲੇ ਨਵੀਂ-ਨਵੀਂ ਵਸੀ ਸੀ। ਉੱਥੇ ਕੋਈ ਮਾਝੇ ਦਾ, ਕੋਈ ਮਾਲਵੇ ਦਾ ਤੇ ਕੋਈ ਦੁਆਬੇ ਦਾ ਸੀ। ਅਸੀਂ ਉੱਥੇ ਮਿੱਟੀ ਦੇ ਭਾਂਡੇ ਬਣਾਉਂਦੇ ਸਾਂ। ਸਾਡੇ ਕੋਲ ਇਕ ਘੋੜਾ ਹੁੰਦਾ ਸੀ। ਗੱਡਾ ਨਹੀਂ ਸੀ ਕੋਈ। ਲੋੜ ਵੇਲੇ ਅਸੀਂ ਜੱਟਾਂ ਕੋਲੋਂ ਗੱਡਾ ਮੰਗ ਲੈਂਦੇ। ਉਦੋਂ ਕੋਈ ਨਾਂਹ ਨਹੀਂ ਸੀ ਕਰਦਾ ਹੁੰਦਾ। ਸਾਡਾ ਕੰਮ ਹਰ ਘਰ ’ਚ ਭਾਂਡੇ ਦੇਣਾ ਹੁੰਦਾ ਸੀ। ਅਸੀਂ ਪੰਜ-ਪੰਜ ਹਜ਼ਾਰ ਘੜਾ ਪਕਾਉਂਦੇ ਹੁੰਦੇ ਸੀ, ਪਾਥੀਆਂ ਪਾ ਕੇ। ਚਾਰ ਘੜੇ ਤਾਂ ਰਸ ਨੂੰ ਲੱਗ ਜਾਂਦੇ ਸੀ। ਸਾਗ ਲਈ ਵੀ ਤੋੜੀ ਚਾਹੀਦੀ ਹੁੰਦੀ ਸੀ। ਵਾਢੀਆਂ ਵੇਲੇ ਪਾਣੀ ਲਈ ਇਕ-ਇਕ ਘੜਾ ਹਰ ਘਰ ਦੇਣਾ ਹੁੰਦਾ ਸੀ। ਹਰ ਘਰ ’ਚ ਚਾਟੀ ਵੀ ਚਾਹੀਦੀ ਹੁੰਦੀ ਸੀ, ਦੁੱਧ ਰਿੜਕਣ ਲਈ। ਜਦੋਂ ਕਿਤੇ ਭਾਂਡਾ ਟੁੱਟ ਜਾਣਾ, ਉਨ੍ਹਾਂ ਫਿਰ ਲੈ ਜਾਣਾ। ਧਮਾਰਕ ਵੀ ਸਾਨੂੰ ਬਣਾਉਣੇ ਪੈਂਦੇ ਸੀ।
ਵਾਢੀਆਂ ਨੂੰ ਅਸੀਂ ਖੇਤਾਂ ’ਚ ਜਾ ਕੇ ਘੜੇ ਦੇ ਕੇ ਆਉਣੇ ਤੇ ਹਰ ਘਰ ’ਚੋਂ ਕਣਕ ਦੀ ਭਰੀ-ਭਰੀ ਚੁੱਕ ਲਿਆਉਣੀ। ਸਾਡੀ ਡੇਢ-ਦੋ ਸੌ ਭਰੀ ਹੋ ਜਾਂਦੀ ਸੀ। ਉੱਥੇ ਇਕ ਆਦਮੀ ਕੰਮ ਕਰਦਾ ਸੀ ਤੇ ਸਾਰੇ ਰੱਜ ਕੇ ਰੋਟੀ ਖਾਂਦੇ ਸੀ। ਇਸ ਬਦਲੇ ਸਾਨੂੰ ਮਣ ਦਾਣੇ ਮਿਲਦੇ ਹੁੰਦੇ ਸੀ, ਛੇ ਮਹੀਨਿਆਂ ਦੇ ਬਾਅਦ। ਜੱਟਾਂ ਨੇ ਖਰਬੂਜ਼ੇ ਬੀਜਣੇ ਦੋ-ਦੋ, ਚਾਰ-ਚਾਰ ਕਨਾਲ। ਕੋਲੋਂ ਲੰਘਦਿਆਂ ਜੇ ਖਰਬੂਜ਼ੇ ਦੀ ਮਹਿਕ ਆ ਜਾਣੀ ਤਾਂ ਉੱਥੇ ਬਹਿ ਕੇ ਖਾ ਲੈਣਾ। ਕਿਸੇ ਨਾ ਰੋਕਣਾ। ਹਦਵਾਣੇ ਪੱਕਣੇ ਤਾਂ ਜ਼ਿਮੀਂਦਾਰਾਂ ਆਵਾਜ਼ਾਂ ਮਾਰ ਕੇ ਆਖਣਾ- ਹਦਵਾਣੇ ਲੈ ਆਇਓ ਬਈ। ਅਸੀਂ ਘੋੜੀ ’ਤੇ ਲੱਦ ਲਿਆਉਣੇ।
ਇਕ ਗੱਲ ਹੈ ਕਿ ਉੱਥੇ ਸਾਨੂੰ ਹਰੇਕ ਸ਼ੈਅ ਮਿਲ ਜਾਂਦੀ ਸੀ। ਵਿਆਹ ਹੋਣੇ ਅਸੀਂ ਚਾਰ-ਚਾਰ ਦਿਨ ਆਪਣੇ ਘਰ ਰੋਟੀ ਨਾ ਪਕਾਉਣੀ। ਪਿੰਡ ’ਚੋਂ ਇੰਨਾ ਦੁੱਧ ਇਕੱਠਾ ਹੋ ਜਾਣਾ ਕਿ ਹਲਵਾਈ ਨੇ ਖੋਆ ਮਾਰਦਿਆਂ ਥੱਕ ਜਾਣਾ।
ਵਿਆਹਾਂ ਨੂੰ ਸਾਡਾ ਵੀ ਲਾਗ ਬੰਨ੍ਹਿਆ ਹੁੰਦਾ ਸੀ। ਫ਼ਜ਼ਲਾ ਵਿਆਹ-ਸ਼ਾਦੀ ’ਤੇ ਸੁਨੇਹੇ ਦਿੰਦਾ ਹੁੰਦਾ ਸੀ। ਇੱਧਰ ਆ ਕੇ ਫੁੱਫੜ ਤੇ ਬਾਪੂ ਬਸੀ ਗੁਲਾਮ ਹੁਸੈਨ ਗਏ ਸੀ। ਉੱਥੋਂ ਉਹ ਘੋੜੇ ’ਤੇ ਲੱਦ ਕੇ ਚੱਕ, ਆਸਰੀਆਂ, ਠਸਮੇ ਤੇ ਕਨੇਰੇ ਲੈ ਕੇ ਆਏ ਸਨ। ਉਹ ਚੱਕ ਮੇਰੇ ਘਰ ਹੁਣ ਵੀ ਪਿਆ। ਉੱਤੇ ਮੁਸਲਮਾਨਾਂ ਦੇ ਨਾਂ ਉੱਕਰੇ ਹੋਏ ਨੇ। ਬਾਕੀ ਸਾਮਾਨ ਮੈਂ ਵੰਡ ਦਿੱਤਾ। ਮੈਂ ਆਹ ਕੋਈ ਤਿੰਨ ਕੁ ਸਾਲ ਪਹਿਲਾਂ ਭਾਂਡੇ ਬਣਾਉਣੇ ਛੱਡੇ ਨੇ। ਅਧਰੰਗ ਦਾ ਅਟੈਕ ਹੋ ਗਿਆ ਸੀ। ਹੁਣ ਭਲਾ ਉਹ ਸਾਮਾਨ ਮੈਂ ਕੀ ਕਰਨਾ? ਮੁੰਡੇ ਆਪੋ-ਆਪਣਾ ਕੰਮ ਕਰਦੇ ਨੇ।” ਉਹ ਖ਼ੁਸ਼ੀ-ਭਰੀ ਬੇਵਸੀ ’ਚ ਚੁੱਪ ਹੋ ਗਿਆ।
“ਉਸ ਚੱਕ ਦੀਆਂ ਕੁਝ ਹੋਰ ਗੱਲਾਂ ਸੁਣਾਓ?” ਮੈਂ ਗੱਲ ਨੂੰ ਮੁੜ ਤੋਂ ਨੀਲੀ ਬਾਰ ਵੱਲ ਮੋੜਦਿਆਂ ਪੁੱਛਿਆ।
“ਕਿਸੇ-ਕਿਸੇ ਜੱਟ ਨੇ ਸਾਡੇ ਕੋਲੋਂ ਦਾਰੂ ਕੱਢਣ ਵਾਲੇ ਵੱਡੇ-ਵਡੇ ਮੱਟ ਵੀ ਬਣਵਾਉਣੇ। ਉਨ੍ਹਾਂ ਮੱਟਾਂ ’ਚ ਤੀਹ-ਤੀਹ, ਚਾਲੀ-ਚਾਲੀ ਕਿਲੋ ਗੁੜ ਪੈ ਜਾਂਦਾ ਸੀ। ਉਹ ਆਪਣੇ ਮੁਰੱਬਿਆਂ ’ਚ ਦਾਰੂ ਕੱਢਦੇ। ਸਿਰਫ਼ ਪੀਣ ਜੋਗੀ। ਉਹ ਵੀ ਪਰਦੇ ਨਾਲ। ਓਧਰ ਵਾਹੀ-ਖੇਤੀ ਲਈ ਜ਼ਿਮੀਂਦਾਰ ਊਠ ਤੇ ਬੌਲ਼ਦ ਰੱਖਦੇ ਸਨ। ਦਸ-ਬਾਰ੍ਹਾਂ ਮੱਝਾਂ ਹਰੇਕ ਜੱਟ ਕੋਲ ਹੁੰਦੀਆਂ ਸਨ। ਉਹ ਉਨ੍ਹਾਂ ਨੂੰ ਸਵੇਰੇ ਮੁਰੱਬੇ ਨੂੰ ਲੈ ਜਾਂਦੇ ਤੇ ਸ਼ਾਮ ਨੂੰ ਘਰ ਲੈ ਆਉਂਦੇ। ਉਸ ਚੱਕ ਦੇ ਜ਼ਿਮੀਂਦਾਰ ਹੁਸੈਨਪੁਰ, ਬੈਂਚਾਂ, ਸਿੰਗੜੀਵਾਲਾ, ਪੱਤੜਾਂ, ਮੁੰਡੀਆਂ-ਸਰਹਾਲਾ, ਢੱਕੀ, ਪਾਲਦੀ ਤੇ ਪਿਆਲਾਂ ਤੋਂ ਗਏ ਹੋਏ ਸੀ।
ਸਾਡੇ ਚੱਕ ’ਚ ਚੌਥੀ ਤਕ ਦਾ ਸਕੂਲ ਸੀ। ਅਗਾਂਹ ਫਿਰ ਮਲ੍ਹਿਆਂਵਾਲੇ ਦੇ ਵੱਡੇ ਸਕੂਲ ’ਚ ਪੜ੍ਹਨ ਜਾਣਾ ਪੈਂਦਾ ਸੀ। ਮੈਂ ਤਾਂ ਇਕ ਦਿਨ ਵੀ ਸਕੂਲ ਨਹੀਂ ਗਿਆ। ਓਦਾਂ ਪੜ੍ਹਾਕੂਆਂ ਨਾਲ ਕੱਬਡੀ ਖੇਡਦਾ ਰਿਹਾ। ਤੇਲੀਆਂ ਦਾ ਗੌਂਸ, ਹਮੀਦਾ, ਮਹਿੰਗਾ ਤੇ ਗਾਮਾ ਮੇਰੇ ਹਾਣੀ ਸਨ। ਫ਼ਜ਼ਲਾ ਮਰਾਸੀ ਕੱਪੜੇ ਵੀ ਸਿਉਂਦਾ ਹੁੰਦਾ ਸੀ ਤੇ ਨਿਉਂਦੇ ਵੀ ਦਿੰਦਾ ਹੁੰਦਾ ਸੀ।
ਜ਼ਿਮੀਂਦਾਰਾਂ ਨੇ ਗੁਰਦੁਆਰੇ ’ਚ ਇਕ ਘੜੀ ਰੱਖੀ ਹੋਈ ਸੀ। ਭਾਈ ਨੇ ਸਮੇਂ ਦਾ ਸਾਰਾ ਹਿਸਾਬ-ਕਿਤਾਬ ਲਿਖਿਆ ਹੁੰਦਾ ਸੀ। ਉਹੀ ਜ਼ਿਮੀਂਦਾਰਾਂ ਨੂੰ ਪਾਣੀ ਦੀ ਵਾਰੀ ਦੱਸਦਾ ਹੁੰਦਾ ਸੀ। ਜੇਕਰ ਕੋਈ ਆਪਣੀ ਵਾਰੀ ਤੋਂ ਪਹਿਲਾਂ ਪਾਣੀ ਵੱਢ ਲੈਂਦਾਂ ਤਾਂ ਉਹਨੂੰ ਜੁਰਮਾਨਾ ਹੁੰਦਾ ਸੀ। ਸੱਤ ਤੇ ਅੱਠ ਚੱਕ ’ਚ ਜਾਂਗਲੀ ਰਹਿੰਦੇ ਸਨ। ਬੜੇ ਉੱਚੇ-ਲੰਮੇ ਜਵਾਨ। ਉਹ ਆਪਣੇ ਕੋਲ ਸੰਮਾਂ ਵਾਲੀ ਡਾਂਗ ਰੱਖਦੇ; ਸਿਰ ਨਾਲੋਂ ਹੱਥ ਭਰ ਉੱਚੀ। ਉਹ ਗੋਲੀ ਤੋਂ ਬਹੁਤ ਡਰਦੇ ਹੁੰਦੇ ਸੀ।” ਉਹ ਮਾਣ ’ਚ ਬੋਲੀ ਗਿਆ।
“ਸੰਤਾਲੀ ’ਚ ਕੀ ਹੋਇਆ ਸੀ?” ਮੈਂ ਅਸਲ ਮਕਸਦ ਵੱਲ ਪਰਤਿਆ।
“ਸਾਡੇ ਪਿੰਡ ਦੇ…” ਉਹਨੇ ਬੋਲਣਾ ਸ਼ੁਰੂ ਕੀਤਾ।
“…ਮਾਸਟਰ ਚੂੰਨੀ ਲਾਲ ਦਾ ਜਵਾਈ ਫ਼ੌਜ ’ਚ ਸੀ। ਇਕ ਦੁਪਹਿਰ ਉਹ ਆਇਆ। ਉਹਨੇ ਦੱਸਿਆ ਕਿ ਪਾਕਿਸਤਾਨ ਬਣ ਗਿਆ ਏ। ਗਹਿਣਾ-ਗੱਟਾ ਤੇ ਆਟਾ-ਦਾਣਾ ਚੁੱਕ ਕੇ ਪੰਜ ਚੱਕ ’ਚ ਇਕੱਠੇ ਹੋ ਜਾਓ। ਸਾਰਿਆਂ ਨੇ ਗੱਡੇ ਜੋੜ ਲਏ ਤੇ ਰੋਂਦਿਆਂ ਪਿੰਡ ਛੱਡ ਦਿੱਤਾ। ਸਾਨੂੰ ਤਾਂ ਮੱਝਾਂ ਨੂੰ ਕਿੱਲਿਆਂ ਤੋਂ ਖੋਲ੍ਹਣ ਦਾ ਵੀ ਵਕਤ ਨਹੀਂ ਸੀ ਮਿਲਿਆ।
ਬਾਕੀ ਮੁਸਲਮਾਨ ਤਾਂ ਘਰਾਂ ’ਚੋਂ ਨਾ ਨਿਕਲੇ, ਪਰ ਫ਼ਜ਼ਲਾ ਜ਼ਰੂਰ ਮਿਲਣ ਆਇਆ ਸੀ। ਉਹ ਬਹੁਤ ਰੋਇਆ ਸੀ ਕਿ ਮੇਰੇ ਸਰਦਾਰ ਤੁਰ ਚੱਲੇ ਨੇ।
ਆਪਣੇ ਚੱਕ ਨੂੰ ਛੱਡ ਕੇ ਅਸੀਂ ਪੰਜ ਚੱਕ ਚਲੇ ਗਏ ਸਾਂ। ਇਕ-ਦੋ ਦਿਨਾਂ ’ਚ ਉੱਥੇ ਕਈ ਚੱਕ ਇਕੱਠੇ ਹੋ ਗਏ। ਕੈਂਪ ਲੱਗ ਗਿਆ। ਉੱਥੇ ਅਸੀਂ ਪੰਜ ਦਿਨ ਰਹੇ। ਬਾਈ ਅਗਸਤ ਨੂੰ ਅਸੀਂ ਉੱਥੋਂ ਤੁਰ ਪਏ। ਓਕਾੜੇ ਕੱਪੜਾ ਮਿਲ ਦੇ ਕੋਲ ਦੀ ਨਹਿਰ ਟੱਪੀ ਤਾਂ ਕੋਲੋਂ ਲੰਘਦੀ ਰੇਲ ਗੱਡੀ ’ਚੋਂ ਗੋਲੀਆਂ ਚੱਲਣ ਲੱਗੀਆਂ। ਉੱਥੇ ਅਸੀਂ ਕੋਈ ਅੱਠ ਘੰਟੇ ਜ਼ਮੀਨ ’ਤੇ ਲੰਮੇ ਪਏ ਰਹੇ। ਕੈਂਪ ਅਤੇ ਮਿਲਟਰੀ ਵਾਲਿਆਂ ਨੇ ਜਿੰਦਰੇ ਭੰਨ ਕੇ ਹਿੰਦੂਆਂ-ਸਿੱਖਾਂ ਦੀਆਂ ਕਈ ਸੌ ਕੁੜੀਆਂ ਉੱਥੋਂ ਕੱਢੀਆਂ ਸਨ। ਉਹ ਵਿਚਾਰੀਆਂ ਰੋਂਦੀਆਂ ਪਈਆਂ ਸਨ।
ਸਾਨੂੰ ਦਿਪਾਲਪੁਰ ਤੋਂ ਬਹੁਤ ਖ਼ਤਰਾ ਸੀ। ਉਹ ਮੁਸਲਮਾਨਾਂ ਦਾ ਗੜ੍ਹ ਸੀ। ਅਗਾਂਹ ਸੁਲੇਮਾਨ ਕੀ ਹੈੱਡ ਟੱਪ ਕੇ ਅਸੀਂ ਫਾਜ਼ਿਲਕਾ ਪਹੁੰਚ ਗਏ। ਉਹ ਸਾਰੀ ਸੜਕ ਲਾਸ਼ਾਂ ਨਾਲ ਭਰੀ ਪਈ ਸੀ। ਦੱਸਦੇ ਸਨ ਕਿ ਦਸੂਹਾ-ਮੁਕੇਰੀਆਂ ਵਾਲਾ ਕਾਫ਼ਲਾ ਉੱਥੇ ਵੱਢਿਆ ਗਿਆ ਸੀ। ਉਨ੍ਹਾਂ ਲਾਸ਼ਾਂ ਪਾਸੇ ਕਰਵਾ ਕੇ ਸਾਡੇ ਕਾਫ਼ਲੇ ਦੇ ਲੰਘਣ ਜੋਗੀ ਜਗ੍ਹਾ ਬਣਵਾਈ ਸੀ। ਤੁਰਦੇ-ਤੁਰਦੇ ਅਸੀਂ ਮੁਕਤਸਰ ਪਹੁੰਚ ਗਏ। ਇੱਥੋਂ ਸਾਰੇ ਆਪੋ-ਆਪਣੇ ਪਿੰਡਾਂ ਵੱਲ ਤੁਰ ਪਏ। ਅਸੀਂ ਆਪਣੀ ਭੂਆ ਕੋਲ ਫਤਿਹਗੜ੍ਹ ਨਿਆੜੇ ਆ ਗਏ। ਉਨ੍ਹਾਂ ਸਾਨੂੰ ਪੰਜ-ਸੱਤ ਕੁ ਦਿਨ ਰੱਖਿਆ ਤੇ ਫਿਰ ਪਿੱਪਲਾਂਵਾਲੇ ਇਕ ਖਾਲੀ ਘਰ ’ਚ ਵਾੜ ਦਿੱਤਾ। ਇਹ ਨਿੱਕਾ ਜਿਹਾ ਘਰ ਪੁਰ ਹੀਰਾ ਪਿੰਡ ਨੂੰ ਜਾਂਦੀ ਰਾਹ ’ਤੇ ਸੀ। ਮੇਨ ਸੜਕ ਤੋਂ ਥੋੜ੍ਹੀ ਦੂਰ। ਉਹ ਖੀਵੀ ਗੁੱਜਰੀ ਦਾ ਘਰ ਸੀ। ਸਾਡੇ ਆਇਆਂ ਤੋਂ ਕੋਈ ਅੱਠ-ਦਸ ਦਿਨਾਂ ਬਾਅਦ ਉਹ ਆਪਣਾ ਘਰ ਵੇਖਣ ਵੀ ਆਈ ਸੀ।” ਬਾਬਾ ਇਹ ਸਾਰਾ ਕਿੱਸਾ ਉਦਾਸ ਮੁਸਕਾਨ ਨਾਲ ਸੁਣਾ ਰਿਹਾ ਸੀ।
“ਉਹ ਕਿਵੇਂ?” ਮੈਂ ਵਿਚੋਂ ਟੋਕਦਿਆਂ ਹੈਰਾਨੀ ’ਚ ਪੁੱਛਿਆ।
“ਦਰਅਸਲ…” ਉਹਨੇ ਗੱਲ ਮੁੜ ਤੋਂ ਸ਼ੁਰੂ ਕੀਤੀ।
“…ਉਨ੍ਹਾਂ ਨੂੰ ਕੁਝ ਦਿਨ ਤਾਂ ਪਿੰਡ ਵਾਲਿਆਂ ਰੋਕੀ ਰੱਖਿਆ ਸੀ। ਕਈ ਦਿਨ ਉਹ ਕਮਾਲਪੁਰ ਵਾਲੇ ਕੈਂਪ ’ਚ ਰਹੇ ਸਨ। ਉੱਥੋਂ ਉਨ੍ਹਾਂ ਦਾ ਕਾਫ਼ਲਾ ਨਸਰਾਲੇ ਵਾਲੇ ਕੈਂਪ ਲਈ ਤੁਰਿਆ ਸੀ। ਉਨ੍ਹਾਂ ਨੂੰ ਇਸੀ ਸੜਕ ਤੋਂ ਲੰਘਣਾ ਪੈਣਾ ਸੀ। ਜਦੋਂ ਉਹ ਔਰਤ ਆਪਣੇ ਪਿੰਡ ਵਿਚੋਂ ਲੰਘਣ ਲੱਗੀ ਤਾਂ ਉਸ ਕੋਲੋਂ ਰਿਹਾ ਨਾ ਗਿਆ। ਉਹ ਕਾਫ਼ਲੇ ’ਚੋਂ ਨਿਕਲ ਕੇ ਆਪਣੇ ਘਰ ਵਾਲੇ ਰਾਹ ਪੈ ਗਈ। ਕੁਝ ਕਦਮਾਂ ਦੀ ਦੂਰੀ ’ਤੇ ਉਹਦਾ ਘਰ ਸੀ। ਉਹ ਆਪਣੇ ਘਰ ਦੇ ਬੂਹੇ ਮੂਹਰੇ ਅਜਨਬੀਆਂ ਵਾਂਗ ਖੜੋ ਗਈ। ਖਸਤਾ ਹਾਲ ਕੱਪੜੇ, ਖਿੱਲਰੇ ਵਾਲ ਤੇ ਚਿਹਰੇ ’ਤੇ ਜੰਮੀ ਧੂੜ ਨੂੰ ਵੇਖ ਕੇ ਅਸੀਂ ਸਮਝਿਆ ਕਿ ਕੋਈ ਮੰਗਤੀ ਰੋਟੀ ਮੰਗਣ ਆਈ ਏ।
ਉਦੋਂ ਤਾਂ ਅਸੀਂ ਆਪ ਭੁੱਖੇ ਮਰਦੇ ਪਏ ਸਾਂ, ਉਸ ਮੰਗਤੀ ਨੂੰ ਭਲਾ ਕੀ ਦੇਣਾ ਸੀ। ਉਸ ਔਰਤ ਨੂੰ ਸਮਝਾਉਣ ਲਈ ਮੈਂ ਉਹਦੇ ਕੋਲ ਪਹੁੰਚਿਆ ਤਾਂ ਉਹ ਹੰਝੂਆਂ ਭਰੇ ਗਲੇ ’ਚੋਂ ਬੋਲੀ- ਆਹ ਮੇਰਾ ਘਰ ਆ।
ਉਹਦੀ ਗੱਲ ਸੁਣ ਕੇ ਮੈਨੂੰ ਗੁੱਸਾ ਆ ਗਿਆ।
ਮੈਂ ਕਿਹਾ-ਤੇਰਾ ਘਰ ਹੁਣ ਇੱਥੇ ਨਹੀਂ, ਪਾਕਿਸਤਾਨ ਵਿਚ ਏ।
ਮੇਰੀ ਗੱਲ ਸੁਣਕੇ ਉਹ ਰੋ ਪਈ। ਲੀਰਾਂ ਹੋਈ ਚੁੰਨੀ ਨਾਲ ਅੱਖਾਂ ਪੂੰਝਦਿਆਂ ਕਹਿਣ ਲੱਗੀ-ਇਕ ਵਾਰ ਦਲੀਜ਼ ਲੰਘ ਕੇ ਅੰਦਰ ਆ ਜਾਵਾਂ? ਮੈਂ ਆਖ਼ਰੀ ਵਾਰ ਆਪਣਾ ਘਰ ਵੇਖਣਾ ਚਾਹੁੰਦੀ ਆਂ।
ਉਹ ਅੰਦਰ ਆ ਗਈ ਤੇ ਵਿਹੜੇ ’ਚ ਸ਼ੁਦੈਣਾ ਵਾਂਗ ਘੁੰਮਣ ਲੱਗ ਪਈ। ਬਾਪੂ ਨੇ ਉਹਨੂੰ ਦਬਕਿਆ ਤਾਂ ਉਹ ਧਾਹਾਂ ਮਾਰਦੀ ਬਾਹਰ ਵੱਲ ਤੁਰ ਪਈ ਸੀ। ਦਲੀਜ਼ ਟੱਪਣ ਲੱਗੀ ਮੂੰਹ ਘੁਮਾ ਕੇ ਬੋਲੀ ਸੀ- ਮੇਰੇ ਘਰ ਦਾ ਖ਼ਿਆਲ ਰੱਖਿਓ। ਇਹ ਆਖ ਉਹ ਧਾਹਾਂ ਮਾਰਦੀ ਮੁੜ ਕਾਫ਼ਲੇ ’ਚ ਜਾ ਰਲੀ ਸੀ!” ਗੱਲ ਮੁਕਾਉਂਦਿਆਂ ਬਾਬਾ ਗੁਰਮੀਤ ਸਿੰਘ ਦਾ ਗੱਚ ਭਰ ਆਇਆ।
Comment here