ਸਿਆਸਤਖਬਰਾਂ

ਮੇਰੀਆਂ ਦਿੱਤੀਆਂ ਗੰਢਾਂ ਨੀਂ ਖੁੱਲਦੀਆਂ-ਚੰਨੀ

ਵਿਸ਼ੇਸ਼ ਰਿਪੋਰਟ- ਗੁਰਜਾਪ 

ਪੰਜਾਬ ਦੀ ਸਿਆਸਤ ਵਿੱਚ ਅੱਜ ਕੱਲ ਸਿਆਸੀ ਦੂਸ਼ਣਬਾਜ਼ੀ ਦਾ ਦੌਰ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਵਿਰੋਧੀ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਚ ਕੋਈ ਕਸਰ ਨਹੀਂ ਛੱਡ ਰਹੇ। ਅਰਵਿੰਦ ਕੇਜਰੀਵਾਲ ਵੱਲੋਂ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਨਕਲੀ ਕੇਜਰੀਵਾਲ ਕਹੇ ਜਾਣ ਅਤੇ ਸੁਖਬੀਰ ਬਾਦਲ ਵੱਲੋਂ ਚੰਨੀ-ਕੇਜਰੀਵਾਲ ਦੋਵਾਂ ਨੂੰ ਨਕਲੀ ਦੱਸਣ ਦੇ ਬਿਆਨ ‘ਤੇ ਪ੍ਰਤੀਕਿਰਿਆ ਦਿੰਦਿਆਂ ਚੰਨੀ ਨੇ ਕਟਾਖਸ਼ ਕਰਦਿਆਂ ਕਿਹਾ ਕਿ ਸ਼ਾਇਦ ਬਾਦਲ ਤੇ ਕੇਜਰੀਵਾਲ ਨਹੀਂ ਜਾਣਦੇ ਕਿ ਮੈਂ ਰੱਸੀਆਂ ਨਾਲ ਬਹੁਤ ਗੰਢਾਂ ਪਾਈਆਂ ਹਨ ਅਤੇ ਮੇਰੀ ਪਾਈ ਹੋਈ ਗੰਢ ਅੱਜ ਵੀ ਕਦੇ ਖੁੱਲ੍ਹਦੀ ਨਹੀਂ।’ ਮੈਂ ਉਹ ਕੰਮ ਕੀਤੇ, ਜਿਸ ਦਾ ਕੇਜਰੀਵਾਲ ਨੂੰ ਨਾਂ ਵੀ ਨਹੀਂ ਪਤਾ ਹੋਵੇਗਾ। ਮੈਂ ਆਪਣੇ ਪਿਤਾ ਦੀ ਟੈਂਟ ਦੀ ਦੁਕਾਨ ’ਤੇ ਕੰਮ ਕੀਤਾ ਹੈ। ਟੈਂਟ ਦਾ ਕੰਮ ਕਰਦੇ ਹੋਏ ਮੈਂ ਰੱਸੀਆਂ ਨਾਲ ਬਹੁਤ ਗੰਢਾਂ ਪਾਈਆਂ ਹਨ। ਮੇਰੀ ਪਾਈ ਹੋਈ ਗੰਢ ਅੱਜ ਵੀ ਕਦੇ ਖੁੱਲ੍ਹਦੀ ਨਹੀਂ। ਸ਼ਾਇਦ ਬਾਦਲ ਅਤੇ ਕੇਜਰੀਵਾਲ ਇਸ ਤੋਂ ਜਾਣੂ ਨਹੀਂ ਹਨ। ਅੱਜ ਮੇਰੇ ਕੰਮਾਂ ਦੀ ਬਦੌਲਤ ਹੀ ਕੇਜਰੀਵਾਲ ਦੀ ਧੜਕਣ ਵਧੀ ਹੋਈ ਹੈ। ਰਹੀ ਗੱਲ ਕੰਮ ਕਰਨ ਦੀ ਤਾਂ ਮੈਨੂੰ ਇਸ ਦਾ ਸਬੂਤ ਦੇਣ ਦੀ ਲੋੜ ਨਹੀਂ। ਮੁੱਖ ਮੰਤਰੀ ਨੇ ਦੱਸਿਆ ਕਿ ਜਦੋਂ ਉਹ ਪਹਿਲੀ ਵਾਰ ਐੱਮ. ਐੱਲ. ਏ. ਬਣੇ ਤਾਂ ਉਨ੍ਹਾਂ ਐੱਮ. ਏ. ਪਾਸ ਕੀਤੀ। ਜਦੋਂ ਉਹ ਦੂਜੀ ਵਾਰ ਐੱਮ. ਐੱਲ. ਏ. ਬਣੇ ਤਾਂ ਉਨ੍ਹਾਂ ਦੂਜੀ ਐੱਮ. ਏ. ਪੁਲੀਟੀਕਲ ਸਾਇੰਸ ਦੀ ਕੀਤੀ। ਅੱਜਕਲ ਉਹ ਪੀ. ਐੱਚ. ਡੀ. ਕਰ ਰਹੇ ਹਨ। ਉਨ੍ਹਾਂ ਮੁਤਾਬਕ ਇਸ ਦਸੰਬਰ ਵਿਚ ਉਨ੍ਹਾਂ ਆਪਣਾ ਥੀਸਿਜ਼ ਜਮ੍ਹਾ ਕਰਵਾਉਣਾ ਸੀ ਪਰ ਇਕ ਮਹੀਨੇ ਦੀ ਐਕਸਟੈਨਸ਼ਨ ਲੈ ਲਈ ਹੈ। ਚੋਣਾਂ ਪਿੱਛੋਂ ਉਹ ਆਪਣਾ ਥੀਸਿਜ਼ ਜਮ੍ਹਾ ਕਰਵਾਉਣਗੇ। ਉਨ੍ਹਾਂ ਆਪਣੀ ਪੀ. ਐੱਚ. ਡੀ. ਲਗਭਗ ਮੁਕੰਮਲ ਕਰ ਲਈ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਡਾ. ਅੰਬੇਡਕਰ ਦੀ ਸੋਚ ’ਤੇ ਕੰਮ ਕਰਦੇ ਹੋਏ ਉਹ ਸਿੱਖਿਆ ਨੂੰ ਹਾਸਲ ਕਰ ਰਹੇ ਹਨ। ਅੰਬੇਡਕਰ ਕਹਿੰਦੇ ਹੁੰਦੇ ਸਨ ਕਿ ਪੜ੍ਹੋ, ਜੁੜੋ ਅਤੇ ਸੰਘਰਸ਼ ਕਰੋ।  ਚੰਨੀ ਨੇ ਦੱਸਿਆ ਕਿ ਮੇਰੇ ਪਿਤਾ ਤੇ ਦਾਦਾ ਤਾਂ ਸਿਆਸਤ ਵਿਚ ਨਹੀਂ ਸਨ ਪਰ ਮੈਂ ਜਦੋਂ ਸਕੂਲ ਵਿਚ ਪੜ੍ਹਦਾ ਸੀ, ਉਸ ਸਮੇਂ ਸਕੂਲ ਵਿਚ ਪ੍ਰਧਾਨਗੀ ਦੀਆਂ ਚੋਣਾਂ ਹੁੰਦੀਆਂ ਸਨ। ਸਾਡੇ ਸਕੂਲ ਵਿਚ ਉਸ ਸਮੇਂ ਲਗਭਗ 1100 ਬੱਚੇ ਸਨ। ਮੈਨੂੰ ਮੇਰੇ ਦੋਸਤਾਂ ਨੇ ਪ੍ਰਧਾਨਗੀ ਦੀ ਚੋਣ ਵਿਚ ਉਤਾਰ ਦਿੱਤਾ। ਪ੍ਰਚਾਰ ਦੇ ਪਹਿਲੇ ਦਿਨ ਜਦੋਂ ਮੈਨੂੰ ਸਵੇਰੇ ਪ੍ਰਾਰਥਨਾ ਦੌਰਾਨ ਬੱਚਿਆਂ ਨੂੰ ਸੰਬੋਧਨ ਕਰਨਾ ਪਿਆ ਤਾਂ ਮੇਰੀਆਂ ਲੱਤਾਂ ਕੰਬਣ ਲੱਗ ਪਈਆਂ। ਜ਼ੁਬਾਨ ਥਿੜਕਣ ਲੱਗੀ। ਮੈਂ ਘਰ ਆ ਕੇ ਪਿਤਾ ਜੀ ਨੂੰ ਦੱਸਿਆ ਤਾਂ ਉਹ ਇਸ ਗੱਲ ਤੋਂ ਖੁਸ਼ ਹੋਏ ਕਿ ਮੈਂ ਚੋਣ ਲੜ ਰਿਹਾ ਹਾਂ ਪਰ ਨਾਲ ਹੀ ਉਨ੍ਹਾਂ ਮੈਨੂੰ ਸੁਝਾਅ ਦਿੱਤਾ ਕਿ ਤੂੰ ਖੇਤਾਂ ਵਿਚ ਜਾ ਕੇ ਬੋਲਣ ਦੀ ਪ੍ਰੈਕਟਿਸ ਕਰ। ਮੈਂ ਇੰਝ ਹੀ ਕੀਤਾ। ਕਣਕ ਦੇ ਖੇਤਾਂ ਵਿਚ ਜਾ ਕੇ ਭਾਸ਼ਣ ਕੀਤੇ ਅਤੇ ਆਪਣੇ ਸਕੂਲ ਵਿਚ ਮੁੱਦੇ ਦੱਸੇ। ਇਸ ਤਰ੍ਹਾਂ ਮੇਰਾ ਮਨੋਬਲ ਮਜ਼ਬੂਤ ਹੋਇਆ ਅਤੇ ਮੈਂ ਹਰ ਕਲਾਸ ਵਿਚ ਜਾ ਕੇ ਪ੍ਰਚਾਰ ਕੀਤਾ। ਮੈਨੂੰ ਯਾਦ ਹੈ ਕਿ ਉਸ ਸਮੇਂ ਨਵੇਂ-ਨਵੇਂ ਟੇਪ ਰਿਕਾਰਡਰ ਆਏ ਸਨ। ਉਨ੍ਹਾਂ ਵਿਚ ਮੈਂ ਮੁਹੰਮਦ ਸਦੀਕ ਦਾ ਗਾਣਾ ਰਿਕਾਰਡ ਕੀਤਾ ਅਤੇ ਨਾਲ ਆਪਣੀ ਸਪੀਚ ਲਾਈ। ਇਸ ਤਰ੍ਹਾਂ ਪ੍ਰਚਾਰ ਚੱਲਦਾ ਰਿਹਾ। ਮੈਨੂੰ ਭੰਗੜੇ ਦਾ ਵੀ ਸ਼ੌਕ ਸੀ। ਨਾਲ ਹੀ ਮੈਂ ਖਿਡਾਰੀ ਵੀ ਸੀ। ਐੱਨ. ਸੀ. ਸੀ. ਵਿਚ ਵੀ ਮੈਂ ਸ਼ਾਮਲ ਰਿਹਾ। ਇਸ ਕਾਰਨ ਮੈਨੂੰ ਸਭ ਵਿਦਿਆਰਥੀਆਂ ਨੇ ਆਪਣੀ ਹਮਾਇਤ ਦਿੱਤੀ ਅਤੇ ਮੈਨੂੰ 475 ਵੋਟਾਂ ਪਈਆਂ। ਇਸ ਤਰ੍ਹਾਂ ਮੇਰੇ ਸਿਆਸੀ ਕਰੀਅਰ ਦੀ ਸ਼ੁਰੂਆਤ ਸਕੂਲ ਤੋਂ ਹੀ ਹੋ ਗਈ। ਉਸ ਪਿੱਛੋਂ ਮੈਂ ਖਾਲਸਾ ਕਾਲਜ ਚਲਾ ਗਿਆ ਅਤੇ ਉਥੇ ਆਪਣੀ ਜਥੇਬੰਦੀ ਬਣਾ ਲਈ। ਉਸ ਸਮੇਂ ਐੱਨ. ਐੱਸ. ਯੂ. ਆਈ. ਅਤੇ ਏ. ਬੀ. ਵੀ. ਪੀ. ਸੰਗਠਨ ਹੁੰਦੇ ਸਨ। ਅਸੀਂ ਇੰਡੀਪੈਂਡੈਂਟ ਸਟੂਡੈਂਟ ਫੈੱਡਰੇਸ਼ਨ (ਆਈ. ਐੱਸ. ਐੱਫ.) ਬਣਾ ਲਈ। ਉਸ ਅਧੀਨ ਮੈਂ ਕਾਲਜ ਵਿਚ ਚੋਣ ਲੜੀ ਅਤੇ ਜਿੱਤ ਗਿਆ। ਫਿਰ ਪੰਜਾਬ ਵਿਚ ਅਜਿਹੇ ਹਾਲਾਤ ਆ ਗਏ ਕਿ ਕੋਈ ਵੀ ਚੋਣ ਨਹੀਂ ਹੋਈ। 1992 ਵਿਚ ਐੱਮ. ਸੀ. ਦੀ ਚੋਣ ਹੋਈ ਅਤੇ ਮੈਂ ਜਿੱਤ ਦਰਜ ਕੀਤੀ। ਉਸ ਸਮੇਂ ਮੈਨੂੰ ਲੋਕ ਵਧੇਰੇ ਨਹੀਂ ਜਾਣਦੇ ਸਨ ਪਰ ਆਪਣੇ ਪਿਤਾ ਜੀ ਦੀ ਪਛਾਣ ਕਾਰਨ ਮੈਂ ਚੋਣ ਜਿੱਤ ਗਿਆ। ਮੇਰੇ ਪਿਤਾ ਜੀ ਟੈਂਟ ਦਾ ਕੰਮ ਕਰਦੇ ਸਨ ਅਤੇ ਉਹ ਉਸ ਸਮੇਂ ਵੀ ਕੁੜੀਆਂ ਦੇ ਵਿਆਹ ’ਤੇ ਬਹੁਤ ਘੱਟ ਪੈਸੇ ਲਿਆ ਕਰਦੇ ਸਨ। ਇਸ ਕਾਰਨ ਉਨ੍ਹਾਂ ਦੇ ਚੰਗੇ ਸੁਭਾਅ ਦੀ ਬਦੌਲਤ ਲੋਕ ਉਨ੍ਹਾਂ ਨੂੰ ਪਸੰਦ ਕਰਦੇ ਸਨ। ਪਹਿਲੀ ਵਾਰ ਐੱਮ. ਸੀ. ਦੀ ਚੋਣ ਜਿੱਤਣ ਪਿੱਛੋਂ ਹੀ ਮੈਂ ਪ੍ਰਧਾਨਗੀ ਦਾ ਉਮੀਦਵਾਰ ਬਣ ਗਿਆ। ਉਸ ਸਮੇਂ ਦੇ ਵਿਧਾਇਕਾਂ ਨੇ ਮੈਨੂੰ ਪ੍ਰਧਾਨ ਨਹੀਂ ਬਣਨ ਦਿੱਤਾ ਪਰ 3 ਸਾਲ ਬਾਅਦ ਪੁਰਾਣੇ ਪ੍ਰਧਾਨ ਨੂੰ ਉਤਾਰ ਕੇ ਮੈਂ ਖੁਦ ਪ੍ਰਧਾਨ ਬਣ ਗਿਆ। ਇਸ ਤਰ੍ਹਾਂ ਮੈਂ 3 ਵਾਰ ਐੱਮ. ਸੀ. ਅਤੇ 2 ਵਾਰ ਪ੍ਰਧਾਨ ਬਣਿਆ। ਉਸ ਪਿੱਛੋਂ ਮੈਂ ਕਾਂਗਰਸ ਪਾਰਟੀ ਕੋੋਲੋਂ ਟਿਕਟ ਮੰਗੀ ਪਰ ਟਿਕਟ ਨਾ ਮਿਲਣ ’ਤੇ ਮੈਂ ਆਜ਼ਾਦ ਚੋਣ ਲੜੀ ਅਤੇ ਜਿੱਤ ਗਿਆ। ਮੈਨੂੰ ਯਾਦ ਹੈ ਕਿ ਮੇਰਾ ਚੋਣ ਨਿਸ਼ਾਨ ਜਹਾਜ਼ ਸੀ ਅਤੇ ਮੈਂ ਲੋਕਾਂ ਨੂੰ ਕਿਹਾ ਕਰਦਾ ਸੀ ਕਿ ਯਾਰ, ਮੇਰਾ ਵੀ ਜਹਾਜ਼ ਚੜ੍ਹਾ ਦਿਓ। ਲੋਕਾਂ ਨੇ ਅਜਿਹਾ ਸਾਥ ਦਿੱਤਾ ਕਿ ਅੱਜ ਖੁਦ ਜਹਾਜ਼ਾਂ ਵਿਚ ਘੁੰਮ ਰਿਹਾ ਹਾਂ। ਇਹ ਮੇਰੇ ਪਰਿਵਾਰ ਦੀ ਮਿਹਨਤ ਦਾ ਹੀ ਨਤੀਜਾ ਹੈ।

Comment here