ਮਾਨਸਾ-ਸਿੱਧੂ ਮੂਸੇਵਾਲੇ ਦਾ ਅੱਜ ਅੰਤਿਮ ਸੰਸਕਾਰ ਪਿੰਡ ਮੂਸਾ ਵਿਖੇ ਕਰ ਦਿੱਤਾ ਗਿਆ ਹੈ। ਹਜ਼ਾਰਾਂ ਸੇਜ਼ਲ ਅੱਖਾਂ ਨਾਲ ਉਨ੍ਹਾਂ ਨੂੰ ਵਿਦਾਇਗੀ ਦਿੱਤੀ ਗਈ ਹੈ। ਉਹਨਾਂ ਨੂੰ ਚਾਹੁਣ ਵਾਲੇ ਬੀਤੀ ਅੱਧੀ ਰਾਤ ਤੋੰ ਹੀ ਪੰਜਾਬ, ਹਰਿਆਣਾ, ਰਾਜਸਥਾਨ ਤੋਂ ਵੱਡੀ ਗਿਣਤੀ ਵਿਚ ਪਿੰਡ ਚ ਪੁੱਜਣੇ ਸ਼ੁਰੂ ਹੋ ਗਏ ਸਨ। ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਪੁੱਤ ਦੇ ਸਿਰ ਉਤੇ ਆਖ਼ਰੀ ਵਾਰ ਜੂੜਾ ਕੀਤਾ ਤੇ ਪਿਤਾ ਬਲਕੌਰ ਸਿੰਘ ਨੇ ਆਪਣੇ ਪੁੱਤਰ ਦੇ ਸਿਰ ਉਤੇ ਉਨਾਬੀ ਰੰਗ ਦੀ ਪੱਗ ਸਜਾਈ। ਉਸ ਵੇਲੇ ਮਹੌਲ ਬੇਹੱਦ ਭਾਵੁਕ ਹੋ ਗਿਆ ਜਦ ਮੂਸੇਵਾਲਾ ਦੇ ਪਿਤਾ ਨੇ ਲੋਕਾਂ ਦੀ ਜੁੜੀ ਵੱਡੀ ਭੀੜ ਦਾ ਆਪਣੇ ਸਿਰ ਤੋਂ ਪੱਗ ਲਾਹ ਕੇ ਧੰਨਵਾਦ ਕੀਤਾ।
ਮੂਸੇਵਾਲਾ ਦੀ ਦੇਹ ਨੂੰ ਸਸਕਾਰ ਲਈ ਉਸ ਦੇ ਮਨਪਸੰਦ ਟਰੈਕਟਰ 5911 ਉਤੇ ਲਿਜਾਇਆ ਗਿਆ। ਸਸਕਾਰ ਪਿੰਡ ਮੂਸਾ ਦੀ ਸ਼ਮਸ਼ਾਨ ਭੂਮੀ ਵਿੱਚ ਕਰਨ ਦੀ ਥਾਂ, ਸਗੋਂ ਉਸ ਦੇ ਆਪਣੇ ਖੇਤਾਂ ਵਿਚ ਕੀਤਾ ਗਿਆ।
ਓਧਰ ਮੋਹਾਲੀ ਦੇ ਪਿੰਡ ਜੰਡਪੁਰ ‘ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਇਕ ਪ੍ਰਸ਼ੰਸਕ ਨੇ ਫਰਨੈਲ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਬੱਚੇ ਦੀ ਉਮਰ ਸਾਢੇ 17 ਸਾਲ ਹੈ, ਜਿਸ ਦੀ ਪਛਾਣ ਅਵਤਾਰ ਸਿੰਘ ਵਜੋਂ ਹੋਈ ਹੈ। ਬੱਚੇ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ, ਜਿਸ ਨੂੰ ਫੇਜ਼-6 ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਡਾਕਟਰ ਉਸ ਦਾ ਇਲਾਜ ਕਰ ਰਹੇ ਹਨ। ਅਵਤਾਰ ਸਿੰਘ ਨੇ 10ਵੀਂ ਜਮਾਤ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਸੀ, ਉਸਦੇ ਮਾਤਾ-ਪਿਤਾ ਦਿਹਾੜੀਦਾਰ ਵਜੋਂ ਕੰਮ ਕਰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਸਿੱਧੂ ਮੂਸੇਵਾਲਾ ਦਾ ਬਹੁਤ ਵੱਡਾ ਫੈਨ ਸੀ। ਉਹ ਅਕਸਰ ਉਸਦੇ ਆਪਣੇ ਗੀਤ ਸੁਣਦਾ ਸੀ ਅਤੇ ਉਸਦੇ ਨਾਮ ਵਾਲੀਆਂ ਟੀ-ਸ਼ਰਟਾਂ ਪਹਿਨਦਾ ਸੀ। ਮੂਸੇਵਾਲਾ ਦੀ ਮੌਤ ਤੋਂ ਬਾਅਦ ਅਵਤਾਰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੋ ਗਿਆ ਤੇ ਫਰਨੈਲ ਪੀ ਲਈ, ਜਦੋਂ ਅਵਤਾਰ ਨੇ ਆਤਮਹੱਤਿਆ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਸਿੱਧੂ ਮੂਸੇਵਾਲਾ ਦੀ ਟੀ-ਸ਼ਰਟ ਪਾਈ ਹੋਈ ਸੀ।
Comment here