ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਮੂਸੇਵਾਲਾ ਕਤਲ ਕਾਂਡ ਦੇ ਸ਼ੂਟਰਾਂ ਕੋਲੋਂ ਜੇਲ੍ਹ ਚੋਂ ਮੋਬਾਇਲ ਬਰਾਮਦ 

ਤਰਨਤਾਰਨ- ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ਵਿਚ ਬੰਦ 6 ਸ਼ਾਰਪ ਸ਼ੂਟਰ ਕੋਲੋਂ ਮੋਬਾਇਲ ਬਰਾਮਦ ਹੋਏ ਹਨ। ਦਰਅਸਲ ਜੇਲ੍ਹ ਪ੍ਰਸ਼ਾਸਨ ਵਲੋਂ ਜੇਲ੍ਹ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ ਸੀ, ਇਸ ਦੌਰਾਨ ਗੈਂਗਸਟਰਾਂ ਤੋਂ ਦੋ ਮੋਬਾਇਲ ਫ਼ੋਨ ਅਤੇ ਦੋ ਸਿੰਮ ਬਰਾਮਦ ਹੋਏ ਹਨ। ਇਨ੍ਹਾਂ ਸ਼ੂਟਰਾਂ ਪਾਸੋਂ ਮੋਬਾਇਲ ਅਤੇ ਸਿੰਮ ਮਿਲਣ ਤੋਂ ਬਾਅਦ ਜੇਲ੍ਹ ਦੇ ਪ੍ਰਬੰਧਾਂ ’ਤੇ ਵੀ ਸਵਾਲੀਆ ਨਿਸ਼ਾਨ ਖੜ੍ਹਾ ਹੋ ਗਿਆ ਹੈ ਕਿ ਇਸ ਤਰ੍ਹਾਂ ਦੇ ਸ਼ੂਟਰਾਂ ਕੋਲ ਮੋਬਾਇਲ ਅਤੇ ਸਿੰਮ ਕਿਸ ਤਰ੍ਹਾਂ ਪਹੁੰਚ ਗਿਆ। ਫ਼ਿਲਹਾਲ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ 6 ਸ਼ੂਟਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਕਰਨੈਲ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਨੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਨੂੰ ਲਿਖਤੀ ਤੌਰ ’ਤੇ ਭੇਜਿਆ ਕਿ ਬੀਤੀ ਰਾਤ ਨੂੰ 9 ਵਜੇ ਦੇ ਕਰੀਬ ਵਾਰਡ ਨੰਬਰ 3 ਦੇ ਸੈੱਲ ਨੰਬਰ 9 ਦੀ ਤਲਾਸ਼ੀ ਲਈ ਗਈ ਤਾਂ ਚੈਕਿੰਗ ਦੌਰਾਨ ਇਸ ਸੈੱਲ ਵਿਚ ਬੰਦ ਸਿੱਧੂ ਮੂਸੇਵਾਲਾ ਕਤਲ ਕਾਂਡ ’ਵਿਚ ਨਾਮਜ਼ਦ ਸ਼ੂਟਰ ਦੀਪਕ ਹਰਿਆਣਾ, ਪ੍ਰਿਅਵਰਤ ਫੌਜੀ ਸੋਨੀਪਤ, ਕੁਲਦੀਪ  ਹਰਿਆਣਾ, ਅੰਕਿਤ ਲਾਟੀ ਉਰਫ਼ ਅੰਕਿਤ ਸਿਰਸਾ  ਸੋਨੀਪਤ, ਕੇਸ਼ਵ  ਬਠਿੰਡਾ, ਸਚਿਨ ਭਿਵਾਨੀ  ਹਰਿਆਣਾ ਪਾਸੋਂ ਮੋਬਾਇਲ ਫ਼ੋਨ ਬਰਾਮਦ ਹੋਏ ਹਨ। ਇਸ ਸੰਬੰਧ ਵਿਚ ਐੱਸ. ਐੱਸ. ਪੀ. ਰਣਜੀਤ ਸਿੰਘ  ਨੇ ਕਿਹਾ ਕਿ ਇਸ ਤਰ੍ਹਾਂ ਦੇ ਖ਼ਤਰਨਾਕ ਸ਼ੂਟਰਾਂ ਪਾਸੋਂ ਜੇਲ੍ਹ ਵਿਚ ਮੋਬਾਇਲ ਕਿਸ ਤਰ੍ਹਾਂ ਪਹੁੰਚੇ, ਇਸ ਦੀ ਉਚ ਪੱਧਰੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇਨ੍ਹਾਂ ਸ਼ੂਟਰਾਂ ਪਾਸੋਂ ਮਿਲੇ ਮੋਬਾਇਲਾਂ ਦੀ ਫੌਰਾਂਸਿਕ ਜਾਂਚ ਕਰਵਾਈ ਜਾਵੇਗੀ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਜੇਲ੍ਹ ਵਿਚ ਬੰਦ ਕਿਸੇ ਕੈਦੀ ਤੋਂ ਮੋਬਾਇਲ ਬਰਾਮਦ ਹੋਇਆ ਹੋਵੇ, ਪੰਜਾਬ ਦੀਆਂ ਵੱਖ ਵੱਖ ਜੇਲਾਂ ਵਿਚ ਪਾਬੰਦੀਸ਼ੁਦਾ ਸਮਾਨ ਮਿਲਣ ਦੀਆਂ ਘਟਨਾਵਾਂ ਆਮ ਸਾਹਮਣੇ ਆ ਰਹੀਆਂ ਹਨ। ਪਰ ਇਸ ਤਰ੍ਹਾਂ ਦੇ ਖ਼ਤਰਨਾਕ ਅਪਰਾਧੀਆਂ ਤੋਂ ਜੇਲ ਵਿਚ ਮੋਬਾਇਲ ਮਿਲਣਾ ਚਿੰਤਾ ਦਾ ਵਿਸ਼ਾ ਹੈ।

Comment here