ਮਾਨਸਾ-ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਕਈ ਗ੍ਰਿਫਤਾਰੀਆਂ ਹੋਈਆਂ ਹਨ। ਐੱਸ. ਟੀ. ਐੱਫ. ਤੇ ਦੇਹਰਾਦੂਨ ਪੁਲਸ ਨੇ ਪੰਜਾਬ ਪੁਲਸ ਦੀ ਮਦਦ ਲਈ ਜਾਂਚ ਸ਼ੁਰੂ ਕੀਤੀ ਸੀ। ਸ਼ੱਕ ਦੇ ਆਧਾਰ ’ਤੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ ਕਿ ਇਸੇ ਦੌਰਾਨ 2 ਵਾਹਨ ’ਚ ਸਵਾਰ 6 ਵਿਅਕਤੀਆਂ ਨੂੰ ਪੁਲਸ ਨੇ ਹਿਰਾਸਤ ’ਚ ਲੈ ਕੇ ਪੰਜਾਬ ਪੁਲਸ ਨੂੰ ਸੌਂਪ ਦਿੱਤਾ ਹੈ। ਇਹ ਵੀ ਦੱਸਿਆ ਗਿਆ ਹੈ ਕਿ ਸਿੱਧੂ ਮੂਸੇ ਵਾਲਾ ਦੇ ਕਤਲ ਸਮੇਂ ਵਰਤੀਆਂ ਕੋਰੋਲਾ, ਸਕਾਰਪੀਓ ਤੇ ਬਲੈਰੋ ਗੱਡੀਆਂ ਦੀਆਂ ਨੰਬਰ ਪਲੇਟਾਂ ਵੀ ਜਾਅਲੀ ਹਨ। ਫੜੇ ਗਏ 6 ਸ਼ੱਕੀਆਂ ਦਾ ਸਬੰਧ ਲਾਰੈਂਸ ਬਿਸ਼ਨੋਈ ਗੈਂਗ ਨਾਲ ਦੱਸਿਆ ਜਾ ਰਿਹਾ ਹੈ। ਉਕਤ ਸ਼ੱਕੀਆਂ ਦੀ ਘਟਨਾ ਵੇਲੇ ਦੀ ਲੋਕੇਸ਼ਨ ਵੀ ਟਰੈਕ ਕੀਤੀ ਜਾ ਰਹੀ ਹੈ। ਐੱਸ. ਆਈ. ਟੀ. ਵਲੋਂ ਪੁੱਛਗਿੱਛ ਦੌਰਾਨ ਵੱਡੇ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।
ਪੁਲਿਸ ਨੇ ਮੋਗਾ ਦੇ ਰਹਿਣ ਵਾਲੇ ਜਗਦੇਵ ਸਿੰਘ ਨੂੰ ਨਕੋਦਰ ਤੋਂ ਚੁੱਕਿਆ ਹੈ। ਦੱਸ ਦੇਈਏ ਕਿ ਇਸ ਮਾਮਲੇ ‘ਚ ਪਹਿਲਾਂ ਕਰੀਬ 6 ਲੋਕਾਂ ਨੂੰ ਹਿਰਾਸਤ ‘ਚ ਲਏ ਜਾਣ ਦੀ ਸੂਚਨਾ ਮਿਲੀ ਹੈ। ਦੂਜੇ ਪਾਸੇ ਪਿੰਡ ਜਵਾਹਰਕੇ ਵਿੱਚ ਪੁਲਿਸ ਅਤੇ ਫੋਰੈਂਸਿਕ ਟੀਮ ਨੇ ਸਿੱਧੂ ਮੂਸੇਵਾਲਾ ਦੀ ਗੱਡੀ ਦੀ ਜਾਂਚ ਕੀਤੀ ਹੈ। ਮੋਗਾ ਦੇ ਪਰਵਾਨਾ ਨਗਰ ਦਾ ਰਹਿਣ ਵਾਲਾ ਜਗਦੇਵ ਸਿੰਘ ਉਹੀ ਵਿਅਕਤੀ ਹੈ, ਜਿਸ ‘ਤੇ ਕੁਝ ਦਿਨ ਪਹਿਲਾਂ ਜੇਲ੍ਹ ‘ਚ ਬੰਦ ਇਕ ਗੈਂਗਸਟਰ ਨੂੰ ਮੋਬਾਇਲ ਸਿਮ ਦੇਣ ਦਾ ਮਾਮਲਾ ਦਰਜ ਹੋਇਆ ਸੀ। ਪਿੱਛੇ ਜਿਹੇ ਜਗਦੇਵ ਸਿੰਘ ਨੇ ਇਕ ਪਰਿਵਾਰ ‘ਤੇ ਹਮਲਾ ਕਰ ਦਿੱਤਾ ਸੀ ਪਰ ਪੁਲਿਸ ਨੇ ਜਗਦੇਵ ਸਿੰਘ ਦਾ ਨਾਂ ਹਟਾ ਕੇ ਉਸ ਦੇ ਹੋਰ ਸਾਥੀਆਂ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਥਾਣੇ ਤੋਂ ਜ਼ਮਾਨਤ ਦੇ ਦਿੱਤੀ ਸੀ।
ਪੰਜਾਬ ਦੇ ਅੰਮ੍ਰਿਤਸਰ ਤੋਂ ਵੱਡੀ ਖਬਰ ਹੈ। ਪੰਜਾਬ ਦੇ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਚੱਲ ਰਹੀ ਜਾਂਚ ਦੌਰਾਨ ਅਦਾਕਾਰ ਕਰਤਾਰ ਚੀਮਾ ਨੂੰ ਅੰਮ੍ਰਿਤਸਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਕਰਤਾਰ ਚੀਮਾ ’ਤੇ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ (ਐੱਨ. ਐੱਸ. ਯੂ. ਆਈ.) ਦੇ ਸੂਬਾ ਪ੍ਰਧਾਨ ਅਕਸ਼ੇ ਸ਼ਰਮਾ ਨੂੰ ਧਮਕੀਆਂ ਦੇਣ ਦਾ ਇਲਜ਼ਾਮ ਹੈ। ਦੱਸਿਆ ਜਾ ਰਿਹਾ ਹੈ ਕਿ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਕਰਤਾਰ ਚੀਮਾ ਵਲੋਂ ਅਕਸ਼ੇ ਸ਼ਰਮਾ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਇਹੀ ਨਹੀਂ ਕਰਤਾਰ ਚੀਮਾ ਵਲੋਂ ਅਕਸ਼ੇ ਸ਼ਰਮਾ ਨੂੰ ਗੋਲਡੀ ਬਰਾੜ ਵਲੋਂ ਵੀ ਧਮਕੀਆਂ ਦੇਣ ਦੀ ਗੱਲ ਸਾਹਮਣੇ ਆਈ ਹੈ। ਅਕਸ਼ੇ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੇ ਕਰਤਾਰ ਚੀਮਾ ਦੀ ਫ਼ਿਲਮ ’ਤੇ ਪੈਸੇ ਲਗਾਏ ਸਨ ਤੇ ਹੁਣ ਉਹ ਪੈਸੇ ਦੇਣ ਤੋਂ ਮਨ੍ਹਾ ਕਰ ਰਿਹਾ ਹੈ ਤੇ ਨਾਲ ਹੀ ਗੋਲਡੀ ਬਰਾੜ ਕੋਲੋਂ ਧਮਕੀਆਂ ਵੀ ਦਿਵਾ ਰਿਹਾ ਹੈ।ਚੀਮਾ ਦੀ ਗ੍ਰਿਫਤਾਰੀ ਪਿੱਛੇ ਧਮਕੀਆਂ ਦੇਣ ਅਤੇ ਫਿਰੌਤੀ ਮੰਗਣ ਦਾ ਮਾਮਲਾ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲਿਸ ਚੀਮਾ ਤੋਂ ਪੁੱਛਗਿੱਛ ਕਰ ਰਹੀ ਹੈ। ਐਨਐਸਯੂਆਈ ਦੇ ਪ੍ਰਧਾਨ ਅਕਸ਼ੇ ਸ਼ਰਮਾ ਨੇ ਦੋਸ਼ ਲਾਇਆ ਹੈ ਕਿ ਪੰਜਾਬੀ ਫਿਲਮ ਅਦਾਕਾਰ ਕਰਤਾਰ ਚੀਮਾ ਨੂੰ ਵਿਦੇਸ਼ ਬੈਠੇ ਗੈਂਗਸਟਰ ਗੋਲਡੀ ਬਰਾੜ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਅਕਸ਼ੇ ਨੇ ਦੋਸ਼ ਲਾਇਆ ਕਿ ਕਰਤਾਰ ਚੀਮਾ ਨੇ ਉਸ ਤੋਂ 25,00,000 ਰੁਪਏ ਲਏ ਸਨ। ਪੈਸੇ ਵਾਪਸ ਨਾ ਕਰਨ ‘ਤੇ ਹੁਣ ਕਰਤਾਰ ਚੀਮਾ ਨੂੰ ਉਸਦੇ ਨਜ਼ਦੀਕੀ ਗੋਲਡੀ ਬਰਾੜ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ। ਸੋਮਵਾਰ ਦੁਪਹਿਰ ਨੂੰ ਅਕਸ਼ੈ ਸ਼ਰਮਾ ਅਤੇ ਉਸ ਦੇ ਸਾਥੀਆਂ ਨੇ ਲਾਰੈਂਸ ਰੋਡ ਨੇੜੇ ਅਦਾਕਾਰ ਨੂੰ ਕਾਬੂ ਕਰ ਲਿਆ ਅਤੇ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ। ਹੁਣ ਦੋਵੇਂ ਧਿਰਾਂ ਇੱਕ ਦੂਜੇ ‘ਤੇ ਦੋਸ਼ ਲਗਾ ਰਹੀਆਂ ਹਨ। ਏਸੀਪੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ।ਮੂਸੇਵਾਲਾ ਦੇ ਕਤਲ ਤੋਂ ਬਾਅਦ ਮਾਹੌਲ ਤਣਾਅਪੂਰਨ ਬਣ ਗਿਆ ਹੈ। ਇਸ ਹਾਈ ਪ੍ਰੋਫਾਈਲ ਕਤਲ ਦੇ ਮਾਮਲੇ ਵਿਚ ਮਾਨਸਾ ਦੇ ਢਾਬੇ ਤੋਂ 7 ਸ਼ੱਕੀ ਨੌਜਵਾਨਾਂ ਦੀ ਸੀ. ਸੀ. ਟੀ. ਵੀ. ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਇਹ ਸ਼ੱਕੀ ਢਾਬੇ ’ਤੇ ਖਾਣਾ ਖਾ ਰਹੇ ਹਨ। ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ, ਇਨ੍ਹਾਂ ਸ਼ੱਕੀਆਂ ਵਲੋਂ ਹੀ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੰਜਾਮ ਦਿੱਤਾ ਗਿਆ ਹੈ। ਸੀ. ਸੀ. ਟੀ. ਵੀ. ਸਾਹਮਣੇ ਆਉਣ ਤੋਂ ਬਾਅਦ ਪੁਲਸ ਨੇ ਇਸ ਦੀ ਫੁਟੇਜ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਉਧਰ ਮੂਸੇਵਾਲਾ ਕਤਲਕਾਂਡ ’ਚ ਪਿਤਾ ਬਲਕੌਰ ਸਿੰਘ ਦੇ ਬਿਆਨਾਂ ’ਤੇ ਮਾਮਲਾ ਦਰਜ ਹੋਇਆ ਹੈ। ਪਿਤਾ ਸਾਹਮਣੇ ਮੂਸੇਵਾਲਾ ਦਾ ਕਤਲ ਹੋਇਆ ਹੈ। ਪੂਰੀ ਤਿਆਰੀ ਵਿਚ ਬੈਠੇ ਹਮਲਾਵਰਾਂ ਨੇ ਪਹਿਲਾਂ ਸਿੱਧੂ ਦੀ ਜੀਪ ਨੂੰ ਰੋਕਿਆ ਅਤੇ ਫਿਰ ਅੰਨ੍ਹਵੇਹਾ ਫਾਇਰਿੰਗ ਸ਼ੁਰੂ ਕਰ ਦਿੱਤੀ। ਪਿਤਾ ਨੇ ਕਿਹਾ ਕਿ ਸਿੱਧੂ ਨੂੰ ਗੈਂਗਸਟਰਾਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਪਿਤਾ ਬਲਕੌਰ ਸਿੰਘ ਨੇ ਕਿਹਾ ਹੈ ਕਿ ਕਈ ਗੈਂਗਸਟਰ ਉਨ੍ਹਾਂ ਦੇ ਪੁੱਤਰ ਨੂੰ ਫਿਰੌਤੀ ਲਈ ਫ਼ੋਨ ’ਤੇ ਧਮਕੀਆਂ ਦਿੰਦੇ ਸਨ। ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਨੇ ਉਸ ਨੂੰ ਕਈ ਵਾਰ ਧਮਕੀਆਂ ਭੇਜੀਆਂ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਿੱਧੂ ਮੂਸੇਵਾਲਾ ਦਾ ਕਤਲ ਤੋਂ ਬਾਅਦ ਕਾਤਲ ਰਾਜਸਥਾਨ ਵੱਲ ਭੱਜ ਸਨ। ਦੱਸਿਆ ਜਾ ਰਿਹਾ ਹੈ ਕਿ ਕਾਤਲਾਂ ਦੀ ਗਿਣਤੀ 8 ਤੋਂ 10 ਸੀ। ਇਹ ਵੀ ਪਤਾ ਲੱਗਾ ਹੈ ਸਿੱਧੂ ਮੂਸੇਵਾਲਾ ਦਾ ਕਤਲ ਦੀ ਸੁਪਾਰੀ ਅਬੋਹਰ ਦੇ ਇਕ ਗੈਂਗਸਟਰ ਵਲੋਂ ਦਿੱਤੀ ਗਈ ਸੀ, ਜੋ ਕਿ ਲਾਰੈਂਸ ਬਿਸ਼ਨੋਈ ਦਾ ਰਿਸ਼ਤੇਦਾਰ ਹੈ। ਇਸ ਤੋਂ ਬਾਅਦ ਕਈ ਦਿਨ ਤੱਕ ਸਿੱਧੂ ਦੀ ਰੇਕੀ ਕੀਤੀ ਗਈ ਸੀ। ਇਹ ਸਾਰੀ ਸਾਜ਼ਿਸ਼ ਤਿਹਾੜ ਜੇਲ ਵਿਚ ਬੰਦ ਲਾਰੈਂਸ ਬਿਸ਼ਨੋਈ ਨੇ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨਾਲ ਮਿਲ ਕੇ ਰਚੀ ਸੀ। ਇਹ ਵੀ ਪਤਾ ਲੱਗਾ ਹੈ ਕਿ ਜਿਹੜੀਆਂ ਗੱਡੀਆਂ ਕਾਤਲਾਂ ਨੇ ਵਰਤੀਆਂ ਸਨ, ਉਨ੍ਹਾਂ ’ਤੇ ਜਾਅਲੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਸਨ, ਜਿਨ੍ਹਾਂ ਨੂੰ ਪੁਲਸ ਨੇ ਬੀਤੇ ਦਿਨੀਂ ਬਰਾਮਦ ਕਰ ਲਿਆ ਹੈ।
Comment here