ਸਿਆਸਤਖਬਰਾਂ

ਮੁੱਖ ਮੰਤਰੀ ਚੰਨੀ ਨੇ ਖਟਕੜ ਕਲਾਂ ਵਿਖੇ ਭਗਤ ਸਿੰਘ ਨੂੰ ਦਿੱਤੀ ਸ਼ਰਧਾਂਜਲੀ

ਖਟਕੜ ਕਲਾਂ-ਸ਼ਹੀਦ ਭਗਤ ਸਿੰਘ ਜੀ ਦੀ 114ਵੀਂ ਵਰ੍ਹੇਗੰਢ ਮੌਕੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਉਨ੍ਹਾਂ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਪਹੁੰਚੇ। ਮੁੱਖ ਮੰਤਰੀ ਚੰਨੀ ਨੇ ਪਿੰਡ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਦੇ ਘਰ ਪਹੁੰਚ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਚਰਨਜੀਤ ਸਿੰਘ ਚੰਨੀ ਵਲੋਂ ਸ਼ਹੀਦਾਂ ਦੇ ਸਮਾਰਕ ’ਤੇ ਸਿਜਦਾ ਕੀਤਾ ਗਿਆ ਅਤੇ ਫੁੱਲ ਮਾਲਾਵਾਂ ਭੇਟ ਕੀਤੀਆਂ ਗਈਆਂ। ਇਸ ਮੌਕੇ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਜੀ ਹਮੇਸ਼ਾ ਮੇਰੇ ਆਦਰਸ਼ ਰਹੇ ਹਨ। ਉਨ੍ਹਾਂ ਦੀ ਵਿਚਾਰਧਾਰਾ ਨੂੰ ਧਿਆਨ ਵਿੱਚ ਰੱਖਦੇ ਹੋਏ ਮੈਂ, ਪੰਜਾਬ ਅਤੇ ਪੰਜਾਬ ਵਾਸੀਆਂ ਪ੍ਰਤੀ ਆਪਣਾ ਹਰ ਫਰਜ਼ ਨਿਭਾਵਾਂਗਾ।
ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਜੀ ਹਰ ਭਾਰਤੀ ਦੀ ਰੂਹ ਵਿੱਚ ਵੱਸਦੇ ਹਨ, ਸਾਡੀ ਆਜ਼ਾਦੀ ਉਨ੍ਹਾਂ ਦੀ ਹੀ ਦੇਣ ਹੈ। ਨੌਜਵਾਨ ਉਮਰ ਵਿੱਚ ਦੇਸ਼ ਅਤੇ ਆਪਣੇ ਲੋਕਾਂ ਲਈ ਸੋਚਣਾ, ਉਨ੍ਹਾਂ ਦੀ ਆਜ਼ਾਦੀ ਲਈ ਆਪਣੀ ਜਾਨ ਤੱਕ ਕੁਰਬਾਨ ਕਰ ਦੇਣਾ, ਇਹ ਹਿੰਮਤ ਅਤੇ ਜਜ਼ਬਾ ਕਿਸੇ ਵਿਰਲੇ ਵਿੱਚ ਹੀ ਹੁੰਦਾ ਹੈ। ਅੱਜ ਸ਼ਹੀਦ-ਏ-ਆਜ਼ਾਮ ਭਗਤ ਸਿੰਘ ਜੀ ਦੇ ਜਨਮਦਿਨ ਮੌਕੇ ਮੈਂ ਸਾਰਿਆਂ ਨੂੰ ਇਹੀ ਕਹਾਂਗਾ ਕਿ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਭਗਤ ਸਿੰਘ ਹੁਰਾਂ ਦੀ ਸੋਚ ‘ਤੇ ਪਹਿਰਾ ਦਈਏ ਅਤੇ ਉਨ੍ਹਾਂ ਦੀ ਹੋਂਦ ਨੂੰ ਅਮਰ ਰੱਖੀਏ।
ਦੱਸ ਦੇਈਏ ਕਿ ਚੰਨੀ ਸ਼ਹੀਦ ਦੇ ਜੱਦੀ ਪਿੰਡ ਖਟਕੜ ਕਲਾਂ (ਸ਼ਹੀਦ ਭਗਤ ਸਿੰਘ ਨਗਰ) ਸਥਿਤ ਸ. ਭਗਤ ਸਿੰਘ ਯਾਦਗਾਰ ਤੇ ਅਜਾਇਬ ਘਰ ਵਿਖੇ ਪੁੱਜੇ। ਮੁੱਖ ਮੰਤਰੀ ਨੇ ਖਟਕੜ ਕਲਾਂ ਵਿਖੇ ਸ. ਭਗਤ ਸਿੰਘ ਯਾਦਗਾਰ ਤੇ ਅਜਾਇਬ ਘਰ ਸਥਿਤ ਆਡੀਟੋਰੀਅਮ ਵਿਖੇ ਸਮਾਗਮ ਵਿੱਚ ਸ਼ਿਰਕਤ ਕਰਨ ਤੋਂ ਪਹਿਲਾ ਮਹਾਨ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ ਦੇ ਬੁੱਤ ਅਤੇ ਉਨ੍ਹਾਂ ਦੇ ਪਿਤਾ ਸ. ਕ੍ਰਿਸ਼ਨ ਸਿੰਘ ਦੀ ਸਮਾਰਕ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ।

ਸੰਤੋਖ ਚੌਧਰੀ ਨੇ ਜਨਮ ਦਿਨ ਨੂੰ ਕਿਹਾ ਸ਼ਹੀਦੀ ਦਿਹਾੜਾ

ਭਗਤ ਸਿੰਘ ਜੀ ਦੀ 28 ਸਤੰਬਰ ਨੂੰ ਮਨਾਈ ਜਾ ਰਹੀ ਜਯੰਤੀ ’ਤੇ ਕਈ ਦਿੱਗਜਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।ਪਰ ਅੱਜ ਜਲੰਧਰ ਦੇ ਸੰਤੋਖ ਸਿੰਘ ਚੌਧਰੀ ਅੱਜ ਸ਼ਹੀਦ ਏ-ਆਜਮ ਭਗਤ ਸਿੰਘ ਦੀ 114ਵੀਂ ਜਯੰਤੀ ’ਤੇ ਸ਼ਰਧਾਂਜਲੀ ਦੇਣ ਪਹੁੰਚੇ।ਸੰਤੋਖ ਸਿੰਘ ਚੌਧਰੀ ਇਹ ਭੁੱਲ ਗਏ ਕਿ ਉਹ ਜਯੰਤੀ ਸਮਾਰੋਹ ’ਚ ਆਏ ਹਨ ਅਤੇ ਵੱਡੀ ਗਲਤੀ ਕਰ ਬੈਠੇ। ਉਨ੍ਹਾਂ ਨੇ ਭਗਤ ਸਿੰਘ ਜੀ ਦੀ ਜਯੰਤੀ ਨੂੰ ਸ਼ਹੀਦੀ ਦਿਵਸ ਕਹਿ ਦਿੱਤਾ।

Comment here