ਖੇਡ ਖਿਡਾਰੀ

ਮੁੱਕੇਬਾਜ਼ੀ ਇਕ ਪ੍ਰਾਚੀਨ ਅਤੇ ਮਹਾਨ ਖੇਡ

ਮੁੱਕੇਬਾਜ਼ੀ ਸੰਸਾਰ ਦੀਆਂ ਪ੍ਰਾਚੀਨ ਖੇਡਾਂ ਵਿਚੋਂ ਇਕ ਹੈ।  ਈਸਾ ਤੋਂ 400 ਸਾਲ ਪਹਿਲਾਂ ਚਿੱਤਰਾਂ ਤੋਂ ਪਤਾ ਲਗਦਾ ਹੈ ਕਿ ਮਿਸਰ ਦੇ ਸੈਨਿਕ ਮੁੱਕੇਬਾਜ਼ੀ ਵਿਚ ਨਿਪੁੰਨ ਸਨ ਤੇ ਇਨ੍ਹਾਂ ਕੋਲੋਂ ਹੀ ਯੂਨਾਨੀਆਂ ਨੇ ਮੁੱਕੇਬਾਜ਼ੀ ਦੀ ਕਲਾ ਸਿੱਖੀ। ਪ੍ਰਾਚੀਨ ਉਲੰਪਿਕ ਖੇਡਾਂ ਜੋ ਕਿ ਈਸਾ ਤੋਂ 776 ਸਾਲ ਪਹਿਲਾਂ ਸ਼ੁਰੂ ਹੋਈਆਂ ਸਨ ਉਨ੍ਹਾਂ ਖੇਡਾਂ ਵਿਚ ਵੀ ਮੁੱਕੇਬਾਜ਼ੀ ਸ਼ਾਮਿਲ ਸੀ। ਇਨ੍ਹਾਂ ਮਹਾਨ ਪ੍ਰਾਚੀਨ ਖੇਡਾਂ ਵਿਚ ਮੁੱਕੇਬਾਜ਼ੀ 668 ਬੀ.ਸੀ. ਵਿਚ ਆਈ। ਆਧੁਨਿਕ ਸਮੇਂ ਨਵੀਨਤਮ ਮੁੱਕੇਬਾਜ਼ੀ ਦੀ ਸ਼ੁਰੂਆਤ ਇੰਗਲੈਂਡ ਵਿਚ ਹੋਈ ਤੇ ਸ਼ੁਰੂਆਤੀ ਦਿਨਾਂ ਵਿਚ ਇਸ ਨੂੰ ‘ਫਿਸਟ ਫਾਇਟਿੰਗ’ ਕਿਹਾ ਜਾਂਦਾ ਸੀ। ਇੱਥੇ ਵਿਜੇਤਾਵਾ ਨੂੰ ਇਨਾਮ ਵਿਚ ਧਨ ਰਾਸ਼ੀ ਮਿਲਦੀ ਸੀ ਤੇ ਇੰਗਲੈਂਡ ਦੇ ‘ਜੇਮਸਫਿਗ’ ਮੁੱਕੇਬਾਜ਼ੀ ਦੇ ਪਹਿਲੇ ਵਿਜੇਤਾ ਮੰਨੇ ਜਾਂਦੇ ਹਨ। ਸਾਲ 1868 ਵਿਚ ‘ਕਵੀਂਸਬਰੀ’ ਦੇ ‘ਡਗਲਸ’ ਨੇ ਮੁੱਕੇਬਾਜ਼ੀ ਦੇ ਨਿਯਮ ਤਿਆਰ ਕੀਤੇ ਜਿਨ੍ਹਾਂ ਨੂੰ 1889 ਵਿਚ ਪੂਰੇ ਇੰਗਲੈਂਡ ਵਿਚ ਮਾਨਤਾ ਪ੍ਰਾਪਤ ਹੋਈ ਤੇ ਵਰਤਮਾਨ ਵਿਚ ਵੀ ਇਹੋ ਨਿਯਮ ਮੁੱਕੇਬਾਜ਼ੀ ਦਾ ਆਧਾਰ ਹਨ ਹਾਲਾਂਕਿ ਸਮੇਂ ਸਮੇਂ ਅਨੁਸਾਰ ਇਨ੍ਹਾਂ ਨਿਯਮਾਂ ਵਿਚ ਬਦਲਾਅ ਆਂਉਦੇ ਰਹੇ ਹਨ। ‘ਕਵੀਂਸਬਰੀ’ ਦੇ ਨਿਯਮਾਂ ਨੇ ਹੀ ਮੁੱਕੇਬਾਜ਼ੀ ਦੇ ਘਾਤਕ ਰੂਪ ਨੂੰ ਖ਼ਤਮ ਕਰਕੇ ਹੱਥਾਂ ਵਿਚ ਦਸਤਾਨੇ ਪਾਉਣ ਅਤੇ ਤਿੰਨ-ਤਿੰਨ ਮਿੰਟ ਦੇ ਰਾਊਂਡਾਂ ਵਿਚ ਲੜਨ ਦੀ ਪ੍ਰਣਾਲੀ ਵਿਕਸਿਤ ਕੀਤੀ। ਵਰਤਮਾਨ ਸਮੇਂ ਵਿਚ ਇਹ ਖੇਡ ਦੋ ਰੂਪਾਂ ਵਿਚ ਵਿਕਸਿਤ ਹੈ ਪਹਿਲੀ ਪੇਸ਼ੇਵਰ ਮੁੱਕੇਬਾਜ਼ੀ ਤੇ ਦੂਸਰੀ ਸ਼ੌਕੀਆ ਮੁੱਕੇਬਾਜ਼ੀ। ਪ੍ਰਾਚੀਨ ਤੇ ਆਧੁਨਿਕ ਮੁੱਕੇਬਾਜ਼ੀ ਵਿਚ ਬਹੁਤ ਅੰਤਰ ਹੈ ਉਸ ਸਮੇਂ ਅਜੋਕੇ ਸਮੇਂ ਵਾਂਗ ਰੱਖਿਆਤਮਕ ਚੀਜ਼ਾਂ ਨਹੀਂ ਪਾਈਆਂ ਜਾਂਦੀਆਂ ਸਨ। ਆਧੁਨਿਕ ਉਲੰਪਿਕ ਖੇਡਾਂ ਵਿਚ ਮੁੱਕੇਬਾਜ਼ੀ ਨੂੰ 1904 ਦੀਆਂ ਸੇਂਟਲੁਈਸ (ਅਮਰੀਕਾ) ਖੇਡਾਂ ਵਿਚ ਸ਼ਾਮਿਲ ਕੀਤਾ ਗਿਆ ਤੇ ਵਰਲਡ ਬਾਕਸਿੰਗ ਕਾਂਉਸਿਲ 1963 ਵਿਚ ਹੋਂਦ ਵਿਚ ਆਈ ਅਤੇ ਇਸ ਦਾ ਦਫ਼ਤਰ ਮੈਕਸੀਕੋ ਵਿਚ ਹੈ। ਦੁਨੀਆਂ ਦੇ ਪ੍ਰਸਿੱਧ ਮੁੱਕੇਬਾਜ਼ ਜੈਕ ਡੈਂਪਸੀ, ਮੁਹੰਮਦ ਅਲੀ, ਮਾਈਕ ਟਾਈਸਨ, ਰੌਕੀ ਮਾਰਸੀਆਨੋ ਆਦਿ ਰਹੇ ਹਨ ਜਿਨ੍ਹਾਂ ਨੇ ਆਪਣੇ ਮੁੱਕੇ ਨਾਲ ਸੰਸਾਰ ਨੂੰ ਫ਼ਤਹਿ ਕੀਤਾ ਸੀ।
ਭਾਰਤ ਵਿਚ ਵੀ ਇਸ ਸਮੇਂ ਮੁੱਕੇਬਾਜ਼ੀ ਸਿਖਰਾਂ ’ਤੇ ਹੈ ਵਿਜੇਂਦਰ ਸਿੰਘ ਨੇ ਜਦੋਂ 2008 ਦੀਆਂ ਬੀਜਿੰਗ ਉਲੰਪਿਕ ਖੇਡਾਂ ਵਿਚ ਤਾਂਬੇ ਦਾ ਤਗਮਾ ਜਿੱਤਿਆ ਸੀ ਉਸ ਤੋਂ ਬਾਅਦ ਭਾਰਤ ਵਿਚ ਮੁੱਕੇਬਾਜ਼ੀ ਦੇ ਖੇਤਰ ਵਿਚ ਕਾਫ਼ੀ ਤਰੱਕੀ ਹੋਈ ਤੇ ਵਿਸ਼ਵ ਪੱਧਰ ’ਤੇ ਭਾਰਤੀ ਸ਼ੇਰਨੀ ਐਮ.ਸੀ. ਮੈਰੀਕਾਮ ਨੇ ਦੁਨੀਆ ਭਰ ਦੀਆਂ ਮੁੱਕੇਬਾਜ਼ਾਂ ਨੂੰ ਧੂੜ ਚਟਾ ਕੇ ਵਿਸ਼ਵ ਫ਼ਤਹਿ ਕੀਤਾ। 2008 ਦੀਆਂ ਉਲੰਪਿਕ ਖੇਡਾਂ ਵਿਚ ਤਗਮਾ ਜਿੱਤਣ ਮਗਰੋਂ ਹਰ ਉਲੰਪਿਕ ਵਿਚ ਭਾਰਤ ਤਗਮਾ ਜਿੱਤਦਾ ਆ ਰਿਹਾ ਹੈ ਤੇ ਹੁਣ ਭਾਰਤ ਵਿਚ ਇਹ ਖੇਡ ਬੁਲੰਦੀਆਂ ਨੂੰ ਛੋਹ ਰਹੀ ਹੈ।
ਮਨਦੀਪ ਸਿੰਘ ਸੁਨਾਮ

Comment here