ਅਪਰਾਧਸਿਆਸਤਖਬਰਾਂ

ਮੁੜ ਖੁੱਲ੍ਹੀ ਅਫਗਾਨਿਸਤਾਨ ਅਤੇ ਪਾਕਿ ਵਿਚਾਲੇ ਵਪਾਰਕ ਸਰਹੱਦ

ਪੇਸ਼ਾਵਰ-ਪਾਕਿਸਤਾਨ ਨੇ 6 ਸਤੰਬਰ ਨੂੰ ਦੋਵਾਂ ਦੇਸ਼ਾਂ ਦੇ ਸੁਰੱਖਿਆ ਕਰਮੀਆਂ ਵਿਚਾਲੇ ਗੋਲੀਬਾਰੀ ਤੋਂ ਬਾਅਦ ਅਫਗਾਨਿਸਤਾਨ ਨਾਲ ਲੱਗਦੀ ਤੋਰਖਮ ਸਰਹੱਦ ਨੂੰ ਬੰਦ ਕਰ ਦਿੱਤਾ ਸੀ। ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਇੱਕ ਅਹਿਮ ਸਰਹੱਦੀ ਲਾਂਘੇ ਨੂੰ ਦੋਵਾਂ ਦੇਸ਼ਾਂ ਦੀਆਂ ਸਰਹੱਦੀ ਫੌਜਾਂ ਵਿਚਾਲੇ ਝੜਪਾਂ ਕਾਰਨ ਬੰਦ ਕੀਤੇ ਜਾਣ ਦੇ ਨੌਂ ਦਿਨ ਬਾਅਦ ਸ਼ੁੱਕਰਵਾਰ ਨੂੰ ਫਿਰ ਤੋਂ ਖੋਲ੍ਹ ਦਿੱਤਾ ਗਿਆ। ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪਾਕਿਸਤਾਨ ਨੇ ਤਾਲਿਬਾਨ ਦੇ ਅਧਿਕਾਰੀਆਂ ‘ਤੇ ਆਲੇ-ਦੁਆਲੇ ਦੇ ਖੇਤਰ ‘ਚ ‘ਗੈਰ-ਕਾਨੂੰਨੀ ਢਾਂਚੇ’ ਬਣਾਉਣ ਦਾ ਦੋਸ਼ ਲਗਾਇਆ ਹੈ। ਪਾਕਿਸਤਾਨ ਸਰਕਾਰ ਦੇ ਅਧਿਕਾਰੀ ਨਾਸਿਰ ਖਾਨ ਨੇ ਦੱਸਿਆ ਕਿ ਸਰਹੱਦ ਨੂੰ ਸ਼ੁੱਕਰਵਾਰ ਸਵੇਰੇ ਮੁੜ ਖੋਲ੍ਹ ਦਿੱਤਾ ਗਿਆ।
ਅਫਗਾਨਿਸਤਾਨ ਵਿੱਚ ਪਾਕਿਸਤਾਨ ਦੇ ਰਾਜਦੂਤ ਉਬੈਦੁਰ ਰਹਿਮਾਨ ਨਿਜ਼ਾਮਨੀ ਨੇ ਇੱਕ ਦਿਨ ਪਹਿਲਾਂ ਕਾਬੁਲ ਵਿੱਚ ਤਾਲਿਬਾਨ ਪ੍ਰਸ਼ਾਸਨ ਦੇ ਵਿਦੇਸ਼ ਮੰਤਰੀ ਅਮੀਰ ਖਾਨ ਮੁਤਕੀ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਨੇ ਅਤਿਵਾਦੀ ਘਟਨਾਵਾਂ ਵਿੱਚ ਹਾਲ ਹੀ ਵਿੱਚ ਹੋਏ ਵਾਧੇ ਅਤੇ ਤੋਰਖਮ ਸਰਹੱਦ ’ਤੇ ਚਰਚਾ ਕੀਤੀ। ਪਾਕਿਸਤਾਨ ਆਪਣੇ ਗੁਆਂਢੀ ਦੇਸ਼ ‘ਤੇ ਅੱਤਵਾਦੀਆਂ ਨੂੰ ਪਨਾਹ ਦੇਣ ਅਤੇ ਉਨ੍ਹਾਂ ਨੂੰ ਹਮਲਿਆਂ ਲਈ ਆਪਣੀ ਜ਼ਮੀਨ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣ ਦਾ ਦੋਸ਼ ਲਾਉਂਦਾ ਰਿਹਾ ਹੈ। ਹਾਲਾਂਕਿ ਅਫਗਾਨਿਸਤਾਨ ਨੇ ਇਸ ਦੋਸ਼ ਨੂੰ ਖਾਰਜ ਕਰ ਦਿੱਤਾ ਹੈ।
ਤੋਰਖਮ ਵਿੱਚ ਅਫਗਾਨਿਸਤਾਨ ਦੇ ਕਮਿਸ਼ਨਰ ਇਸਮਤੁੱਲਾ ਯਾਕੂਬ ਨੇ ਦੱਸਿਆ ਕਿ ਫਸੇ ਟਰੱਕਾਂ ਤੋਂ ਇਲਾਵਾ ਪੈਦਲ ਯਾਤਰੀਆਂ ਨੇ ਵੀ ਸਰਹੱਦ ਪਾਰ ਕਰਨੀ ਸ਼ੁਰੂ ਕਰ ਦਿੱਤੀ ਹੈ। ਪਾਕਿਸਤਾਨ-ਅਫਗਾਨਿਸਤਾਨ ਸੰਯੁਕਤ ਚੈਂਬਰ ਆਫ ਕਾਮਰਸ ਦੇ ਪ੍ਰਤੀਨਿਧੀ ਜਿਓਲ ਹੱਕ ਸਰਹਾਦੀ ਨੇ ਇਸ ਕਦਮ ਦਾ ਸਵਾਗਤ ਕੀਤਾ ਹੈ। ਸਰਹਦੀ ਨੇ ਕਿਹਾ ਕਿ ‘‘ਸਰਹੱਦ ਮੁੜ ਖੁੱਲ੍ਹਣ ਨਾਲ ਦੋਵਾਂ ਮੁਲਕਾਂ ਦੇ ਵਪਾਰੀਆਂ ਦੀ ਨੌਂ ਦਿਨਾਂ ਤੋਂ ਚੱਲੀ ਆ ਰਹੀ ਪ੍ਰੇਸ਼ਾਨੀ ਖ਼ਤਮ ਹੋ ਗਈ ਹੈ।’’ ਉਨ੍ਹਾਂ ਕਿਹਾ ਕਿ ਜ਼ਲਦੀ ਖਰਾਬ ਹੋਣ ਵਾਲੇ ਮਾਲ ਕਾਰਨ ਵਪਾਰੀਆਂ ਨੂੰ ਕਾਫੀ ਨੁਕਸਾਨ ਹੋਇਆ ਹੈ।

Comment here